Tuesday, November 11, 2025

ਗਧੇ ਦਾ ਡਰ

ਲੇਖਕ : ਸੁਖਮੰਦਰ ਸਿੰਘ ਬਰਾੜ
ਸੰਪਰਕ : 1-604-751-1113

ਜਿਉਂ ਹੀ ਜੈਬੂ ਪਰਜਾਪਤ ਸੱਥ ਕੋਲ ਦੀ ਆਪਣੇ ਗਧਿਆਂ ‘ਤੇ ਲੱਦੀਆਂ ਇੱਟਾਂ ਲੈ ਕੇ ਸੱਥ ਕੋਲ ਦੀ ਲੰਘਿਆ ਤਾਂ ਬਾਬੇ ਪੂਰਨ ਸਿਉਂ ਨੇ ਨਾਲ ਬੈਠੇ ਬੰਤ ਮਿਸਤਰੀ ਨੂੰ ਜੈਬੂ ਵੱਲ ਇਸ਼ਾਰਾ ਕਰਕੇ ਪੁੱਛਿਆ, ”ਮਿਸਤਰੀਆ! ਆਹ ਦਿਆਲੇ ਪਰਜਾਪਤ ਦਾ ਮੁੰਡਾ ਬਈ ਜਿਹੜਾ ਗਧਿਆਂ ‘ਤੇ ਇੱਟਾਂ ਲਈ ਜਾਂਦਾ ਕੁ ਕੋਈ ਹੋਰ ਐ, ਮਾਰੀ ਖਾਂ ਨਿਗ੍ਹਾ?”
ਬਾਬੇ ਦੀ ਗੱਲ ‘ਤੇ ਨਾਥੇ ਅਮਲੀ ਨੇ ਛੱਡਿਆ ਫਿਰ ਤੀਰ, ”ਕਿਉਂ ਤੂੰ ਖੋਹਣੇ ਐਂ ਗਧੇ?”
ਬਾਬਾ ਕਹਿੰਦਾ, ”ਮੈਂ ਤਾਂ ਸਰਸਰੀ ਪੁੱਛਿਆ ਬਈ ਅੱਗੇ ਤਾਂ ਕਦੇ ਏਧਰ ਗਧਿਆਂ ਆਲਾ ਕੋਈ ਆਇਆ ਨ੍ਹੀ। ਨਾਲੇ ਆਪਣੇ ਪਿੰਡ ‘ਚ ਤਾਂ ਦਿਆਲੇ ਪਰਜਾਪਤ ਕੇ ਈ ਗਧੇ ਐ ਜਾਂ ਜੈਨੂੰ ਘਮਿਆਰ ਵੀ ਦੋ ਕੁ ਬਛੇਰੀਆਂ ਜੀਆਂ ਰੱਖੀ ਬੈਠਾ।”
ਸੀਤਾ ਮਰਾਸੀ ਬਾਬੇ ਦੀ ਗੱਲ ਸੁਣ ਕੇ ਬਾਬੇ ਨੂੰ ਕਹਿੰਦਾ, ”ਰੇਖ ‘ਚ ਬੜੀ ਮੇਖ ਮਾਰੀ ਬਾਬਾ, ਤੈਨੂੰ ਕਿਮੇਂ ਪਤਾ ਲੱਗ ਗਿਆ ਬਈ ਤਾਏ ਬੰਤ ਮਿਸਤਰੀ ਦਾ ਮੁੰਡਾ ਈ ਓੱਥੇ ਘਰ ਪਾਉਂਦਾ ਜਿੱਥੇ ਇਹ ਇੱਟਾਂ ਜਾਂਦੀਆਂ।”
ਮਾਹਲਾ ਨੰਬਰਦਾਰ ਕਹਿੰਦਾ, ”ਮੈਂ ਨ੍ਹੀ ਸਮਝਿਆ ਯਾਰ ਸੋਡੀ ਗੱਲ। ਪੂਰਨ ਸਿਉਂ ਨੇ ਤਾਂ ਇਉਂ ਈਂ ਪੁੱਛਿਆ ਬਈ ਆਹ ਜਿਹੜਾ ਭਾਈ ਇੱਟਾਂ ਲਈ ਜਾਂਦਾ, ਇਹ ਦਿਆਲੇ ਪਰਜਾਪਤ ਦਾ ਮੁੰਡਾ। ਇਹਦੇ ‘ਚ ਰੇਖ ‘ਚ ਮੇਖ ਆਲੀ ਕੀ ਗੱਲ ਐ ਬਈ?”

ਨਾਥਾ ਅਮਲੀ ਕਹਿੰਦਾ, ”ਨੰਬਰਦਾਰਾ, ਨੰਬਰਦਾਰਾ! ਤੈਨੂੰ ਮੈਂ ਸਮਝਾਉਣੈ। ਰੇਖ ‘ਚ ਮੇਖ ਆਲੀ ਗੱਲ ਇਉਂ ਐਂ। ਇਹ ਜਿਹੜੇ ਗਧੇ ਇੱਟਾਂ ਲਈ ਜਾਂਦੇ ਐ, ਇਹ ਤਾਂ ਹਰੇਕ ਨੂੰ ਈਂ ਪਤਾ ਬਈ ਕਿਸੇ ਨਾ ਕਿਸੇ ਦੇ ਕੋਈ ਕੰਧ ਕੋਠਾ ਪੈਂਦਾ ਈ ਹੋਊ, ਉਹਦੇ ਇੱਟਾਂ ਜਾਂਦੀਆਂ ਹੋਣਗੀਆਂ। ਬਾਬੇ ਪੂਰਨ ਸਿਉਂ ਦੀ ਜਿਹੜੀ ਰੇਖ ‘ਚ ਮੇਖ ਆਲੀ ਗੱਲ ਐ, ਬਾਬੇ ਨੇ ਬੰਤ ਮਿਸਤਰੀ ਨੂੰ ਤਾਂ ਪੁੱਛਿਆ ਬਈ ਮਿਸਤਰੀਆ ਕਿਤੇ ਤੇਰਾ ਮੁੰਡਾ ਤਾਂ ਨ੍ਹੀ ਕਿਸੇ ਦਾ ਘਰ ਪਾਉਂਦਾ ਜਿੱਥੇ ਇੱਟਾਂ ਜਾਂਦੀਆਂ? ਨਾਲੇ ਜਿਹੜੇ ਮਰਜੀ ਮਿਸਤਰੀ ਨੂੰ ਪੁੱਛ ਲੋ ਬਈ ਕੀਹਨੂੰ ਇੱਟਾਂ ਚਾਹੀਦੀਆਂ, ਕੀਹਨੂੰ ਰੇਤੇ ਬੱਜਰੀ ਦੀ ਲੋੜ ਐ। ਆਹ ਗੱਲ ਐ। ਤੁਸੀ ਪਤੰਦਰੋ ਊਈਂ ਗਾਜਰਾਂ ‘ਚ ਗਧਾ ਵਾੜ ਦਿੰਨੇ ਐਂ। ਲੈ ਹੁਣ ਕਰ ਲੋ ਜਿਹੜੀ ਗੱਲ ਕਰਨੀ ਐਂ ਗਾਹਾਂ।” ਨਾਥੇ ਅਮਲੀ ਦੀ ਗੱਲ ਸੁਣ ਕੇ ਬਾਬਾ ਪੂਰਨ ਸਿਉਂ ਕਹਿੰਦਾ, ”ਮੈਂ ਤਾਂ ਅਮਲੀਆ ਊਈਂ ਸਵੈਹਕੀ ਗੱਲ ਕੀਤੀ ਸੀ ਬਈ ਆਹ ਜਿਹੜਾ ਮੁੰਡਾ ਇੱਟਾਂ ਲਈ ਜਾਂਦਾ ਇਹ ਦਿਆਲੇ ਪਰਜਾਪਤ ਦਾ ਮੁੰਡਾ? ਤੁਸੀਂ ਕਿਧਰੇ ਰੇਖ ‘ਚ ਮੇਖ ਮਾਰ ‘ਤੀ, ਕਿਧਰੇ ਮਿਸਤਰੀ ਨੂੰ ਵਿੱਚੇ ਵਲ੍ਹੇਟ ਲਿਆ। ਗੱਲ ਦਾ ਕਚੂੰਬਰ ਕੱਢ ਦਿੰਨੇ ਐ ਪਤੰਦਰੋ।”
ਸੀਤੇ ਮਰਾਸੀ ਨੇ ਵੀ ਬਾਬੇ ਨੂੰ ਗੋਲ ਟਿੱਚਰ ‘ਚ ਪੁੱਛਿਆ, ”ਦਿਆਲੇ ਪਰਜਾਪਤ ਦੇ ਮੁੰਡੇ ਬਾਰੇ ਤਾਂ ਬਾਬਾ ਤੂੰ ਇਉਂ ਪੁੱਛਿਆ ਜਿਮੇਂ ਕਿਤੇ ਮੁੰਡੇ ਨੂੰ ਸਾਕ ਕਰਾਉਣਾ ਹੁੰਦਾ।” ਨਾਥਾ ਅਮਲੀ ਮਰਾਸੀ ਦੀ ਗੱਲ ਸੁਣ ਕੇ ਹੱਸ ਕੇ ਕਹਿੰਦਾ, ”ਪਹਿਲਾ ਸੁਰਮਾਂ ਪਾਇਆ ਈ ਨ੍ਹੀ ਨਿੱਕਲਿਆ ਹਜੇ ਬਾਬੇ ਤੋਂ। ਹੁਣ ਨ੍ਹੀ ਪੰਗਾ ਲੈਂਦਾ ਇਹੇ।”
ਬਾਬਾ ਪੂਰਨ ਸਿਉਂ ਕਹਿੰਦਾ, ”ਪਹਿਲਾ ਸੁਰਮਾਂ ਕਿਹੜਾ ਨਾਥਾ ਸਿਆਂ। ਵੇਖੀਂ ਪਤੰਦਰਾ ਕਿਤੇ ਹੋਰ ਈ ਨਾ ਕੋਈ ਨਮਾਂ ਚੰਦ ਚਾੜ੍ਹ ਦੀਂ।”
ਨਾਥਾ ਅਮਲੀ ਬਾਬੇ ਨੂੰ ਕਹਿੰਦਾ, ”ਚੱਲ ਛੱਡੋ ਯਾਰ ਬਾਬਾ ਇਹ ਗੱਲ। ਹੁਣ ਤੂੰ ਇਉਂ ਦੱਸ ਬਈ ਤੂੰ ਕਾਹਤੋਂ ਪੁੱਛਿਆ ਸੀ ਬਈ ਇਹ ਦਿਆਲੇ ਪਰਜਾਪਤ ਦਾ ਮੁੰਡਾ। ਇਹ ਗੱਲ ਦੱਸ ਤੂੰ। ਸੱਚੀ, ਸੱਚੀ ਦੱਸੀਂ ਐਮੇਂ ਨਾ ਭੋਰਾ ਖਾਧੀ ਦਾ ਮੇਰਾ ਅਮਲ ‘ਤਾਰ ਦੀਂ।”
ਬਾਬਾ ਕਹਿੰਦਾ, ”ਮੈਂ ਤਾਂ ਇਉਂ ਪੁੱਛਣਾ ਚਾਹੁੰਦਾ ਸੀ ਬਈ ਇਹ ਇੱਟਾਂ ਕੀਹਦੇ ਜਾਂਦੀਆਂ? ਮਿਸਤਰੀ ਨੂੰ ਇਉਂ ਪੁੱਛ ਲਿਆ ਬਈ ਇਹ ਮੇਰੇ ਕੋਲ ਬੈਠਾ। ਨਾਲੇ ਮਿਸਤਰੀਆਂ ਨੂੰ ਤਾਂ ਪਤਾ ਈ ਹੁੰਦਾ ਬਈ ਜਦੋਂ ਪਿੰਡ ‘ਚ ਇੱਟ ਵੱਟਾ ਆਉਂਦਾ ਤਾਂ ਕੀਹਦੇ ਘਰੇ ਆਉਂਦਾ। ਤੁਸੀਂ ਪੁੱਠਾ ਈ ਗਾਉਣ ਛੇੜ ਕੇ ਬਹਿ ਗੇ। ਅਕੇ ਲੈ ਤੂੰ ਕੀ ਬਾਬਾ ਸਾਕ ਕਰਾਉਣੈ। ਆਹ ਤਲੰਗਾ ਜਾ ਨਾਥਾ ਬੋਲਦਾ, ਅਕੇ ਬਾਬੇ ਦੇ ਤਾਂ ਅੱਖਾਂ ‘ਚੋਂ ਪਹਿਲਾ ਈ ਸੁਰਮਾਂ ਨ੍ਹੀ ਨਿੱਕਲਿਆ ਹਜੇ। ਇਹਨੂੰ ਪੁੱਛਣ ਆਲਾ ਹੋਵੇ ਬਈ ਤੂੰ ਪੰਜ ਰੱਤੀਆਂ ਦਾ ਸੁਰਮਾਂ ਪਾ ਕੇ ਗਿਆ ਸੀ ਬਾਬੇ ਦੇ?”
ਦਸੌਂਧੇ ਬੁੜ੍ਹੇ ਦਾ ਮੁੰਡਾ ਫੰਘਾ ਜਿਹੜਾ ਮੱਤ ਦਾ ਤਾਂ ਭਾਮੇਂ ਸਿੱਧਾ ਈ ਐ, ਪਰ ਕਦੇ ਕਦੇ ਗੱਲ ਬੜੀ ਚੱਕ ਕੇ ਕਰਦਾ। ਬਾਬੇ ਆਲਾ ਰੌਲਾ ਸੁਣ ਕੇ ਫੰਘੇ ਨੇ ਬਾਬੇ ਦੇ ਸੁਰਮੇਂ ਆਲੀ ਰਾਮ ਕਹਾਣੀ ਛੇੜ ਲੀ। ਫੰਘਾ ਕਹਿੰਦਾ,
ઠ ઠ ”ਜਿਹੜੀ ਗੱਲ ਨਾਥਾ ਅਮਲੀ ਕਰਦਾ ਬਾਬੇ ਦੇ ਸੁਰਮੇਂ ਆਲੀ, ਅਮਲੀ ਨੇ ਤਾਂ ਇਉਂ ਕਿਹਾ ਬਈ ਬਾਬਾ ਗਧਿਆਂ ਬਾਰੇ ਤਾਂ ਇਉਂ ਪੁੱਛਦਾ ਬਈ ਕਿਤੇ ਉਹੀ ਗਧਾ ਤਾਂ ਨ੍ਹੀ ਇਨ੍ਹਾਂ ‘ਚ ਜਿਹੜੇ ਨੇ ਬਾਬੇ ਦੀ ਬਾਂਹ ਵੰਗਣੇ ਪਾਈ ਸੀ। ਹੋਰ ਬਾਬੇ ਨੇ ਕਿਹੜਾ ਗਧੇ ਖਰੀਦਣੇ ਐਂ।”
ਫੰਘੇ ਦੀ ਗੱਲ ਸੁਣ ਕੇ ਬੁੱਘਰ ਦਖਾਣ ਬਾਬੇ ਪੂਰਨ ਸਿਉਂ ਨੂੰ ਕਹਿੰਦਾ, ”ਗੱਲ ਤੂੰ ਤਾਊ ਗਧਿਆਂ ਦੀ ਕਾਹਦੀ ਛੇੜ ਲੀ, ਹੁਣ ਫਰੋਲਣ ਗੇ ਤੇਰੇ ਅਗਲੇ ਪਿਛਲੇ ਪੋਤੜੇ।”
ਬੰਤ ਮਿਸਤਰੀ ਫੰਘੇ ਨੂੰ ਕਹਿੰਦਾ, ”ਫੰਘਿਆ ਕੀ ਗੱਲ ਐ ਜਿਹੜੀ ਤੂੰ ਕਰਦੈਂ ਓਏ, ਦੱਸ ਮੱਲਾ ਕਿਮੇਂ ਐਂ।”
ਫੰਘਾ ਕਹਿੰਦਾ, ”ਨਾਥੇ ਨੂੰ ਵੀ ਪਤਾ ਈ ਐ। ਗੱਲ ਤਾਂ ਇਹਦੇ ਈ ਦਾਦੇ ਨੇ ਸਣਾਈ ਸੀ।”
ਸੀਤਾ ਮਰਾਸੀ ਅਮਲੀ ਨੂੰ ਕਹਿੰਦਾ, ”ਕਿਮੇਂ ਸੀ ਅਮਲੀਆ ਬਾਬੇ ਦੀ ਗੱਲ ਓਏ?”
ઠਅਮਲੀ ਕਹਿੰਦਾ, ”ਦੱਸ ਤਾਂ ਮੈਂ ਦਿੰਨਾਂ, ਬਾਬੇ ਤੋਂ ਕੁਹਾਦਿਉ ਪਹਿਲਾਂ।”
ਬਾਬਾ ਪੂਰਨ ਸਿਉਂ ਹੱਸ ਕੇ ਕਹਿੰਦਾ, ”ਕੋਈ ਨ੍ਹੀ ਦੱਸਦੇ। ਤੁਸੀਂ ਖੁਸ਼ ਹੋਣੇ ਚਾਹੀਦੇ ਐਂ।”
ਨਾਥਾ ਅਮਲੀ ਗੱਲ ਸੁਣਾਉਣ ਨੂੰ ਪੈਰਾਂ ਭਾਰ ਹੋ ਗਿਆ ਫਿਰ। ਕਹਿੰਦਾ, ”ਗੱਲ ਤਾਂ ਇਉਂ ਸੀ। ਹੁਣ ਤਾਂ ਜੈਨੂੰ ਘਮਿਆਰ ਕੋਲੇ ਐਮੇਂ ਦੋ ਕੁ ਖੱਚਰਾਂ ਜੀਆਂ ਈ ਐਂ। ਪਹਿਲਾਂ ਇਹਦੇ ਪਿਓ ਕੋਲੇ ਕਹਿੰਦੇ ਠਾਰਾਂ ਵੀਹ ਗਧੇ ਹੁੰਦੇ ਸੀ। ਬਾਬਾ ਉਨ੍ਹਾਂ ਦਿਨਾਂ ‘ਚ ਪਚੈਤ ਦਾ ਬਿੰਬਰ ਸੀ ਜਦੋਂ ਦੀ ਮੈਂ ਗੱਲ ਦੱਸਦੈਂ। ਗੱਲ ਤਾਂ ਮੇਰੇ ਦਾਦੇ ਨੇ ਦੱਸੀ ਸੀ। ਜੈਨੂੰ ਦੇ ਪਿਓ ਦਾ ਨਾਂ ਸੰਤੋਖੀ ਐ। ਹੁਣ ਤਾਂ ਵਚਾਰਾ ਫੌਤ ਹੋ ਗਿਆ। ਪਿੰਡ ਆਲੇ ਉਹਨੂੰ ਸੰਤੋਖੀ ਘਮਿਆਰ ਕਹਿੰਦੇ ਹੁੰਦੇ ਸੀ। ਸਰੀਫ ਕਿਸਮ ਦਾ ਬੰਦਾ ਸੀ। ਸੀ ਗਰੀਬ। ਘਰ ਦਾ ਡੰਗ ਜਾ ਆਈ ਚਲਾਈਓ ਈ ਸੀ। ਸੰਤੋਖੀ ਦਾ ਕਹਿੰਦੇ ਕੇਰਾਂ ਗਧਾ ਗੁਆਚ ਗਿਆ। ਸੰਤੋਖੀ ਗਧੇ ਦੀ ਰਪੋਟ ਲਖਾਉਣ ਠਾਣੇ ਜਾਵੜਿਆ। ਠਾਣੇ ਜਾ ਕੇ ਸੰਤੋਖੀ ਨੇ ਹੌਲਦਾਰ ਨੂੰ ਦੱਸਿਆ ਬਈ ਮੇਰਾ ਗਧਾ ਗੁਆਚ ਗਿਆ ਜਾਂ ਕਿਸੇ ਨੇ ਚੋਰੀ ਕਰ ਲਿਆ, ਜੇ ਕਿਤੇ ਕੋਈ ਡੰਗਰ ਪਸੂਆਂ ਦਾ ਚੋਰ ਫੜ੍ਹਿਆ ਗਿਆ ਤਾਂ ਮੇਰੇ ਗਧੇ ਬਾਰੇ ਪੁੱਛ ਲਿਉ। ਕਹਿੰਦੇ ਜਦੋਂ ਹੌਲਦਾਰ ਰਪੋਟ ਲਿਖਣ ਲੱਗਿਆ ਤਾਂ ਸੰਤੋਖੀ ਨੂੰ ਗਧੇ ਬਾਰੇ ਪੁੱਛਣ ਲੱਗ ਗਿਆ ਬਈ ਤੇਰਾ ਗਧਾ ਕਿਹੋ ਜਾ ਸੀ। ਹੌਲਦਾਰ ਨੇ ਪੁੱਛਿਆ ‘ਪੂਛ ਲੰਮੀ ਐਂ ਕੁ ਛੋਟੀ ਐ’? ਅਕੇ ਸੰਤੋਖੀ ਕਹਿੰਦਾ ‘ਪੂਛ ਤਾਂ ਮੁੰਨੀ ਵੀ ਐ ਜੀ’। ਹੌਲਦਾਰ ਨੇ ਪੁੱਛਿਆ ਸਿੰਗ ਕਿੱਡੇ ਕਿੱਡੇ ਕੁ ਐ’? ਸੰਤੋਖੀ ਕਹਿੰਦਾ ‘ਸਿੰਗ ਵੀ ਹੁੰਦੇ ਐ ਕਦੇ ਗਧਿਆਂ ਦੇ’। ਹੌਲਦਾਰ ਨੇ ਫੇਰ ਪੁੱਛਿਆ ‘ਅੱਛਿਆ ਇਉਂ ਦੱਸ ਬਈ ਉਹਦਾ ਰੰਗ ਕਿਹੋ ਜਾ’? ਸੰਤੋਖੀ ਕਹਿੰਦਾ ‘ਘਸਮੈਲਾ ਜਾ ਸਮਾਨੀ ਐਂ ਜੀ’। ਉਮਰ ਕਿੰਨੀ ਐਂ ਤੇ ਓਹਦੇ ਪਿਓ ਦਾ ਕੀ ਨਾਂ ਮਾਂ ਦਾ ਕੀ ਨਾਂਅ ‘? ਸੰਤੋਖੀ ਕਹਿੰਦਾ ‘ਮਾਂ ਪਿਓ ਦਾ ਤਾਂ ਨ੍ਹੀ ਪਤਾ ਪਰ ਉਮਰ ‘ਚ ਸੋਡਾ ਹਾਣੀ ਹੋਊ’। ਹੌਲਦਾਰ ਕਹਿੰਦਾ ‘ਪਹਿਲਾਂ ਤਾਂ ਫੇਰ ਗਧੇ ਦੇ ਮਾਂ ਪਿਓ ਦਾ ਨਾਂਅ ਭਾਲੀਏ। ਉਨ੍ਹਾਂ ਦੀ ਦੁੜਮੜੀ ਲਾਈਏ ਫੇਰ ਉਹ ਦੱਸਣਗੇ ਕਿ ਕਿੱਥੇ ਕਿੱਥੇ ਕੀਹਦੇ ਕੀਹਦੇ ਕੋਲੇ ਜਾਂਦਾ ਹੁੰਦਾ ਸੀ’। ਹੌਲਦਾਰ ਨੇ ਫੇਰ ਪੁੱਛ ਲਿਆ ‘ਗਧੇ ਨੂੰ ਸੁਣਦਾ ਉੱਚੀ ਐ ਕੁ ਘੱਟ ਸੁਣਦਾ’। ਸੰਤੋਖੀ ਕਹਿੰਦਾ ‘ਸੁਣਦਾ ਤਾਂ ਬਹੁਤ ਐ ਉਹਨੂੰ, ਪਰ ਜਦੋਂ ਹਿਣਕਦਾ ਉਦੋਂ ਅੱਧੇ ਪਿੰਡ ਦੇ ਕੰਨਾਂ ਦੇ ਕੀੜੇ ਕੱਢ ਦਿੰਦਾ’। ਹੌਲਦਾਰ ਨੇ ਫੇਰ ਪੁੱਛਿਆ ‘ਹਿਣਕਦਾ ਕਿੰਨੇ ਵਜੇ ਐ’? ਸੰਤੋਖੀ ਕਹਿੰਦਾ ‘ਅੱਧੀ ਕੁ ਰਾਤ ਨੂੰ ਹਿਣਕਦਾ ਹੁੰਦਾ’। ਹੌਲਦਾਰ ਗੁਸੇ ‘ਚ ਆ ਕੇ ਸੰਤੋਖੀ ਨੂੰ ਕਹਿੰਦਾ ‘ਭੱਜ ਜਾ ਓਏ ਏਥੋਂ, ਸਾਲਾ ਗਧੇ ਦਾ ਲੱਗਦਾ। ਗਧਾ ਕੁ ਕੋਚਰੀ ਐ ਉਹੋ। ਗਧੇ ਤਾਂ ਦਪਹਿਰੇ ਬਾਰਾਂ ਵਜੇ ਹਿਣਕਦੇ ਹੁੰਦੇ ਐ, ਰਾਤ ਨੂੰ ਤਾਂ ਕੋਚਰੀ ਬੋਲਦੀ ਹੁੰਦੀ ਐ’। ਸੰਤੋਖੀ ਹੌਲਦਾਰ ਨੂੰ ਕਹਿੰਦਾ ‘ਜੇ ਤੁਸੀ ਮੇਰਾ ਗਧਾ ਭਾਲ ਦਿਉਂ ਤਾਂ ਮੈਂ ਸੋਨੂੰ ਵੀਹ ਰਪੀਏ ਦੇ ਦੂੰ ਚਾਹ ਪਾਣੀ ਨੂੰ’। ਹੌਲਦਾਰ ਨੇ ਕੀ ਕੀਤਾ, ਦੂਜੇ ਪਿੰਡੋਂ ਰੂੜੀਆਂ ‘ਚ ਤੁਰਿਆ ਫਿਰਦਾ ਇਹ ਸੁੱਕਿਆ ਜਾ ਗਧਾ ਮੰਗਾਅ ਲਿਆ ਵੀਹ ਰਪੀਆਂ ਦੇ ਲਾਲਚ ‘ਚ। ਹੌਲਦਾਰ ਨੇ ਆਵਦੇ ਕੁਆਟਰ ਦੇ ਨਾਲ ਵੇਹਲੇ ਪਏ ਕੁਆਟਰ ‘ਚ ਗਧਾ ਤਿੰਨ ਚਾਰ ਦਿਨ ਭੁੱਖਾ ਤਿਹਾਇਆ ਤਾੜੀ ਰੱਖਿਆ। ਗਧਾ ਤਾਂ ਭੁੱਖ ਦਾ ਮਾਰਿਆ ਸੁੱਕ ਕੇ ਤਾਂਬਾ ਬਣ ਗਿਆ। ਉਹਦੀ ਤਾਂ ਸਿਆਣ ਈ ਨਾ ਆਵੇ ਬਈ ਇਹੇ ਗਧਾ ਕੁ ਬੱਕਰੀ ਐ। ਹੌਲਦਾਰ ਨੇ ਚਾਰਾਂ ਕੁ ਦਿਨਾਂ ਪਿੱਛੋਂ ਸੰਤੋਖੀ ਨੂੰ ਸਨੇਹਾ ਭੇਜ ‘ਤਾ ਬਈ ਤੇਰਾ ਗਧਾ ਥਿਆ ਗਿਆ, ਤੂੰ ਵੀਹ ਰਪੀਏ ਲੈ ਕੇ ਠਾਣੇ ਆ ਜਾ। ਸੰਤੋਖੀ ਕਿਤੇ ਇਹਨੂੰ ਬਾਬੇ ਪੂਰਨ ਸਿਉਂ ਨੂੰ ਨਾਲ ਲੈ ਗਿਆ ਬਈ ਗਧਾ ਪਛਾਣ ਕੇ ਲਿਆਈਏ। ਬਾਬਾ ਤੇ ਸੰਤੋਖੀ ਠਾਣੇ ਜਾ ਕੇ ਹੌਲਦਾਰ ਨੂੰ ਮਿਲੇ ਤਾਂ ਹੌਲਦਾਰ ਨੇ ਗਧਾ ਵਖਾ ‘ਤਾ ਬਈ ਔਹ ਕੁਆਟਰ ‘ਚ ਖੜ੍ਹਾ। ਬਾਬਾ ਸੰਤੋਖੀ ਨੂੰ ਕਹਿੰਦਾ ‘ਸੰਤੋਖ! ਤੂੰ ਵੇਖ ਜਾ ਕੇ ਬਈ ਗਧਾ ਤੇਰਾ ਈ ਐ ਕੁ ਕਿਸੇ ਹੋਰ ਦਾ’? ਸੰਤੋਖੀ ਗਧੇ ਨੂੰ ਵੇਖ ਕੇ ਕਹਿੰਦਾ ‘ਇਹ ਤਾਂ ਸੁੱਕ ਕੇ ਇਉਂ ਹੋਇਆ ਜਿਮੇਂ ਸੁੱਥੂ ਨਚੋੜ ਕੇ ਤਣੀ ‘ਤੇ ਸੁੱਕਣਾ ਪਾਇਆ ਹੁੰਦਾ। ਮੇਰੇ ਆਲਾ ਗਧਾ ਤਾਂ ਪੂਰਾ ਮੱਲਿਆ ਵਿਆ ਸੀ’। ਹੌਲਦਾਰ ਕਹਿੰਦਾ ‘ਚਾਰਾਂ ਪੰਜਾਂ ਦਿਨਾਂ ਦਾ ਤਾਂ ਭੁੱਖਾ ਇਹੇ। ਸੁੱਕਣਾ ਈਂ ਐਂ ਹੋਰ ਕੀ ਹੋਣਾ ਸੀ’। ਅਕੇ ਸੰਤੋਖੀ ਬਾਬੇ ਨੂੰ ਕਹਿੰਦਾ ‘ਤੂੰ ਸਿਆਣ ਖਾਂ ਬਿੰਬਰਾ’।”
ਸੰਤੋਖੀ ਨੇ ਬਾਬੇ ਨੂੰ ਬਿੰਬਰ ਤਾਂ ਕਰਕੇ ਕਿਹਾ ਸੀ ਕਿਉਂਕਿ ਬਾਬਾ ਉਦੋਂ ਪੰਚਾਇਤ ਮੈਂਬਰ ਹੁੰਦਾ ਸੀ।
ਅਮਲੀ ਕਹਿੰਦਾ, ”ਸੰਤੋਖੀ ਬਾਬੇ ਪੂਰਨ ਸਿਉਂ ਨੂੰ ਕਹਿੰਦਾ, ‘ਤੂੰ ਵੇਖ ਕੇ ਦੱਸ ਬਾਬਾ ਕਿਮੇਂ ਕਰੀਏ। ਲੈ ਚੱਲੀਏ ਕੁ ਨਾ, ਪਰ ਗਧਾ ਆਪਣਾ ਨ੍ਹੀ’। ਅਕੇ ਜਦੋਂ ਬਾਬਾ ਗਧੇ ਦੇ ਪਿਛਲੇ ਪਾਸੇ ਨੇੜੇ ਹੋ ਕੇ ਵੇਖਣ ਲੱਗਿਆ ਤਾਂ ਭੁੱਖ ਨਾਲ ਕੋਕੜਾਂ ਹੋਏ ਗਧੇ ਨੇ ਦੋਮੇਂ ਪਿਛਲੀਆਂ ਲੱਤਾਂ ਜੋੜ ਕੇ ਬਾਬੇ ਦੀ ਹਿੱਕ ‘ਚ ਠੋਕ ਕੇ ਬਾਬੇ ਨੂੰ ਕੁਆਟਰ ਦੇ ਤਖਤਿਆਂ ‘ਚ ਮਾਰਿਆ। ਬਾਬੇ ਨੂੰ ਡਿੱਗਿਆ ਵੇਖ ਕੇ ਸੰਤੋਖੀ ਹੌਲਦਾਰ ਨੂੰ ਕਹਿੰਦਾ ‘ਮੇਰਾ ਗਧਾ ਤਾਂ ਟੀਟਣੇ ਮਾਰਦਾ ਈ ਨ੍ਹੀ ਸੀ’। ਹੌਲਦਾਰ ਕਹਿੰਦਾ ‘ਐਥੇ ਪੰਜ ਦਿਨ ਪੁਲਸ ‘ਚ ਰਹਿ ਕੇ ਲੋਕਾਂ ਨੂੰ ਕੁੱਟਣ ਸਿੱਖ ਗਿਆ। ਹੋਰ ਕੋਈ ਗੱਲ ਨ੍ਹੀ, ਪਰ ਗਧਾ ਤੇਰਾ ਈ ਐ। ਤੂੰ ਹੁਣ ਕੁੱਟ ਤੋਂ ਡਰਦਾ ਭਾਮੇਂ ਨਾ ਮੰਨ। ਆਹ ਜਾਹ ਜਾਂਦੀ ਕਰ ਦੇਣੀ ਸੀ ਬਾਬੇ ਆਲੀ ਉਦੋਂ। ਹੁਣ ਬਾਬਾ ਤਾਂ ਕਰਕੇ ਪੁੱਛਦਾ ਬਈ ਕਿਤੇ ਉਦੋਂ ਆਲਾ ਗਧਾ ਤਾਂ ਨ੍ਹੀ ਜਿਹੜਾ ਫੇਰ ਨਾ ਕਿਤੇ ਉਦੋਂ ਆਲਾ ਚੰਦ ਚਾੜ੍ਹਦੇ ਕਿਸੇ ਦਾ।” ਬਾਬਾ ਪੂਰਨ ਸਿਉਂ ਹੱਸ ਕੇ ਬੋਲਿਆ, ”ਕੋਈ ਗੱਲ ਰਹਿ ਨਾ ਜਾਏ ਅਮਲੀਆ ਦੱਸਣ ਵੱਲੋਂ।”
ਸੀਤਾ ਮਰਾਸੀ ਕਹਿੰਦਾ, ”ਫਿਕਰ ਕਿਉਂ ਕਰਦੈਂ ਬਾਬਾ, ਪੂਰੀਆਂ ਕੁੰਡੀਆਂ ਮੇਲ ਕੇ ਤੋਰਾਂਗੇ ਤੈਨੂੰ ਘਰ ਨੂੰ। ਸੁਣੀ ਚੱਲ ਤੂੰ।”
ਬਾਬਾ ਕਹਿੰਦਾ, ”ਚੱਲੋ ਓਏ ਉੱਠੋ। ਹੁਣ ਤਾਂ ਸੂਰਜ ਵੀ ਘਰ ਨੂੰ ਉਠ ਗਿਆ। ਚੱਲੋ ਘਰ ਨੂੰ ਚੱਲੀਏ। ਇਹ ਅਮਲੀ ਤੇ ਸੀਤਾ ਅਗਲੇ ਦੇ ਕੁੱਜੇ ਬਠਲੇ ਈ ਫਰੋਲਣ ਆਉਂਦੇ ਐ ਸੱਥ ‘ਚ, ਚੱਲੋ ਚੱਲੀਏ।”
ਬਾਬੇ ਦੇ ਕਹਿਣ ‘ਤੇ ਸਾਰੀ ਸੱਥ ਵਾਲੇ ਉੱਠ ਕੇ ਗਧੇ ਦੀਆਂ ਗੱਲਾਂ ਕਰਦੇ ਆਪੋ ਆਪਣੇ ਘਰਾਂ ਨੂੰ ਤੁਰ ਪਏ।

 

Share post:

Popular