ਆਪਾਂ ਵੀਂ ਉਸ ਨੂੰ ਅਜ਼ਮਾਅ ਕੇ ਵੇਖਾਂਗੇ।
ਪਾਣੀ ਵਿੱਚ ਪਤਾਸੇ ਪਾ ਕੇ ਵੇਖਾਂਗੇ।
ਕਿਹੜਾ ਸੱਪ ਉਸ ਨੇ ਥੈਲੇ ‘ਚੋਂ ਕਢਣਾ ਹੈ?
ਉਸ ਦੇ ਦਰ ਦੇ ਉਤੇ ਜਾ ਕੇ ਵੇਖਾਂਗੇ।
ਹੋਰਾਂ ਦੇ ਆਖਣ ਤੇ ਆਖੇ ਲੱਗਿਆ ਨਈਂ,
ਅਪਣੇ ਦਿਲ ਨੂੰ ਖੁਦ ਸਮਝਾ ਕੇ ਵੇਖਾਂਗੇ।
ਵੇਖ ਲਏ ਨੇ ਬਹੁਤ ਪੁਰਾਣੇਂ ਸਾਜ਼ ਅਸਾਂ,
ਨਵਿਆਂ ਸਾਜ਼ਾਂ ਉਤੇ ਗਾ ਕੇ ਵੇਖਾਂਗੇ।
ਕੋਸੀ-ਕੋਸੀ ਧੁਪ ਦਾ ਚੁੰਮਣ ਕੀ ਹੁੰਦਾ?
ਤੜਕੇ ਸ਼ਬਨਮ ਨੂੰ ਤੜਪਾ ਕੇ ਵੇਖਾਂਗੇ।
ਵਰਮੀ ਦੇ ਵਿਚ ਸੱਪ ਵਲੇਵੇ ਖਾਂਦੇ ਨੇ,
ਜ਼ੁਲਫ਼ਾਂ ਵਿਚ ਉਂਗਲਾਂ ਉਲਝਾ ਕੇ ਵੇਖਾਂਗੇ।
ਕਹਿੰਦੇ ਸੱਚ ਨੂੰ ਝੂਠ ਤਬਾਹ ਕਰ ਦਿੰਦਾ ਹੈ,
ਅਮ੍ਰਿਤ ਦੇ ਵਿਚ ਜ਼ਹਿਰ ਮਿਲਾ ਕੇ ਵੇਖਾਂਗੇ।
ਸੱਚ ਦੇ ਵਿਚ ਤਬਦੀਲੀ ਕੋਈ ਹੁੰਦੀ ਨਈਂ,
ਗੁਲਦਸਤਾ ਔੜਾਂ ਵਿੱਚ ਸਜਾ ਕੇ ਵੇਖਾਂਗੇ।
ਸੱਪਾਂ ਨਾਲ ਯਾਰਾਨੇ ਪਾਉਣੇਂ ਸੌਖੇ ਨਈਂ,
ਦੁਸ਼ਮਣ ਦੇ ਨਾਲ ਹੱਥ ਮਿਲਾ ਕੇ ਵੇਖਾਂਗੇ।
ਪੱਥਰ ਦਿਲ ਦੇ ਵਿੱਚ ਕ੍ਰਾਂਤੀ ਆਉਂਦੀ ਨਈਂ,
ਉਸ ਨੂੰ ਉਂਗਲਾ ਉਪਰ ਨਚਾ ਕੇ ਵੇਖਾਂਗੇ।
ਲੋਹੇ ਨੂੰ ਵੀ ਸੋਨੇ ਵਰਗਾ ਕਰ ਦਿੰਦੇ,
ਸ਼ਹਿਰ ਤਿਰੇ ਵਿਚ ਫੇਰਾ ਪਾ ਕੇ ਵੇਖਾਂਗੇ।
ਸੁਣਿਆਂ ਰਾਤਾਂ ਨੂੰ ਵੀਂ ਸੂਰਜ ਚੜ੍ਹਦਾ ਹੈ,
ਬਾਲਮ ਤੇਰੀ ਗ਼ਜ਼ਲ ਸੁਣਾ ਕੇ ਵੇਖਾਂਗੇ।
ਲੇਖਕ : ਬਲਵਿੰਦਰ ਬਾਲਮ ਗੁਰਦਾਸਪੁਰ
ਸੰਪਰਕ : 98156-25409

