Wednesday, April 15, 2026

ਗੋਫੰਡਮੀ ਰਿਪੋਰਟ 2025: ਵਿਕਟੋਰੀਆ ਸਭ ਤੋਂ ਦਾਨੀ ਸ਼ਹਿਰ, ਬੀ.ਸੀ. ਦੇ 4 ਸ਼ਹਿਰ ਟੌਪ-5 ਵਿੱਚ

ਸਰੀ, (ਦਿਵਰੂਪ ਕੌਰ): ਮਹਿੰਗਾਈ, ਮੰਦੀ ਅਤੇ ਮੁਸ਼ਕਲਾਂ ਦੇ ਬਾਵਜੂਦ ਕੈਨੇਡੀਅਨਾਂ ਨੇ ਦੂਜਿਆਂ ਦੀ ਮਦਦ ਕਰਨ ਵਿੱਚ ਦਿਲ ਖੋਲ੍ਹ ਕੇ ਹਿੱਸਾ ਪਾਇਆ ਹੈ। ਗੋਫੰਡਮੀ ਕੈਨੇਡਾ ਨੇ 2025 ਦੀ ਸਭ ਤੋਂ ਦਾਨੀ ਭਾਈਚਾਰਿਆਂ ਰਿਪੋਰਟ ਜਾਰੀ ਕੀਤੀ ਹੈ ਜਿਸ ਵਿੱਚ ਪ੍ਰਤੀ ਵਿਅਕਤੀ ਦਾਨ ਦੇ ਹਿਸਾਬ ਨਾਲ ਵਿਕਟੋਰੀਆ ਨੰਬਰ 1 ਤੇ ਰਿਹਾ, ਜਦਕਿ ਬੀਸੀ ਦੇ ਚਾਰ ਸ਼ਹਿਰ ਟੌਪ-5 ਵਿੱਚ ਹਨ। ਵੈਨਕੂਵਰ ਤੀਜੇ ਸਥਾਨ ਤੇ ਰਿਹਾ।
ਰਿਪੋਰਟ ਅਨੁਸਾਰ ਵਿਕਟੋਰੀਆ ਨੇ ਪ੍ਰਤੀ ਵਿਅਕਤੀ ਸਭ ਤੋਂ ਵੱਧ ਦਾਨ ਕੀਤਾ। ਨੌਰਥ ਵੈਨਕੂਵਰ ਦੂਜੇ, ਵੈਨਕੂਵਰ ਤੀਜੇ, ਸੇਂਟ ਜੌਹਨਜ਼ (ਨਿਊਫਾਊਂਡਲੈਂਡ) ਚੌਥੇ ਤੇ ਨਿਊ ਵੈਸਟਮਿੰਸਟਰ ਪੰਜਵੇਂ ਸਥਾਨ ਤੇ ਰਿਹਾ। ਬੀ.ਸੀ. ਦੇ ਹੋਰ ਸ਼ਹਿਰਾਂ ਵਿੱਚ ਕਾਮਲੂਪਸ ਛੇਵੇਂ, ਪੋਰਟ ਕੋਕਵਿਟਲਾਮ ਨੌਵੇਂ, ਕੇਲੋਨਾ ਦਸਵੇਂ ਤੇ ਨੈਨਾਈਮੋ ਬਾਰ੍ਹਵੇਂ ਸਥਾਨ ਤੇ ਰਹੇ।
ਗੋਫੰਡਮੀ ਦੇ ਸੀਈਓ ਟਿਮ ਕੈਡੋਗਨ ਨੇ ਬਿਆਨ ਵਿੱਚ ਕਿਹਾ, “ਹਰ ਦਾਨ ਪਿੱਛੇ ਇੱਕ ਇੱਕ ਮਨੁੱਖੀ ਕਹਾਣੀ ਹੈ। ਅਸੀਂ ਵੇਖਿਆ ਹੈ ਕਿ ਇੱਕ ਇਲਾਕੇ ਵਾਲੇ ਆਪਣੇ ਪਿਆਰੇ ਬੱਚਿਆਂ ਦੀ ਕਿਤਾਬਾਂ ਦੀ ਦੁਕਾਨ ਬਚਾਉਣ ਲਈ ਇਕੱਠੇ ਹੋ ਜਾਂਦੇ ਹਨ ਜਾਂ ਇੱਕ ਫਾਰਮ ਤੇ ਜਾਨਵਰਾਂ ਨੂੰ ਬਚਾਉਣ ਲਈ ਕਮਿਊਨਿਟੀ ਇਕੱਠੀ ਹੋ ਜਾਂਦੀ ਹੈ। ਇਸ ਸਾਲ ਦੀਆਂ ਟੌਪ ਕਮਿਊਨਿਟੀਆਂ ਸਾਡੇ ਵਿੱਚੋਂ ਸਭ ਤੋਂ ਵਧੀਆ ਨੂੰ ਦਰਸਾਉਂਦੀਆਂ ਹਨ – ਜਦੋਂ ਲੋੜ ਵਧਦੀ ਹੈ ਤਾਂ ਕੈਨੇਡੀਅਨ ਤੁਰੰਤ ਤੇ ਜ਼ੋਰਦਾਰ ਜਵਾਬ ਦਿੰਦੇ ਹਨ।”
ਵੈਨਕੂਵਰ ਵਿੱਚ 2025 ਵਿੱਚ 51,100 ਤੋਂ ਵੱਧ ਦਾਨੀ ਸਨ। 6 ਲੱਖ 62 ਹਜ਼ਾਰ ਤੋਂ ਵੱਧ ਆਬਾਦੀ ਵਿੱਚ ਇਹ ਪ੍ਰਤੀ ਵਿਅਕਤੀ ਡੋਨਰ ਰੇਟ 7.73 ਫੀਸਦੀ ਬਣਦੀ ਹੈ। ਗੋਫੰਡਮੀ ਨੇ ਕਿਹਾ, “ਆਰਥਿਕ ਤਣਾਅ, ਵੱਡੀਆਂ ਜਲਵਾਯੂ ਆਫ਼ਤਾਂ ਤੇ ਅੰਤਰਰਾਸ਼ਟਰੀ ਅਸ਼ਾਂਤੀ ਦੇ ਬਾਵਜੂਦ ਵੈਨਕੂਵਰ ਨੇ ਬਹੁਤ ਵਧੀਆ ਤਰ੍ਹਾਂ ਮਦਦ ਕੀਤੀ।”
ਵੈਨਕੂਵਰ ਤੇ ਬੀ.ਸੀ. ਵਿੱਚ ਸਾਲ ਭਰ ਕਈ ਕਾਰਨਾਂ ਲਈ ਗੋਫੰਡਮੀ ਕੈਂਪੇਨ ਚੱਲੀਆਂ। ਇੱਕ 10 ਸਾਲਾ ਨੌਰਥ ਵੈਨਕੂਵਰ ਬੱਚੇ ਦੀ ਬੋਟ ਹਾਦਸੇ ਵਿੱਚ ਮੌਤ ਤੇ ਪਰਿਵਾਰ ਦੀ ਮਦਦ, ਇੱਕ ਅੰਤਰਰਾਸ਼ਟਰੀ ਵਿਦਿਆਰਥੀ ਨੂੰ ਰੇਅਰ ਕੈਂਸਰ ਦੀ ਬਿਮਾਰੀ ਵਿੱਚ ਮਦਦ ਤੇ ਲਾਪੂ-ਲਾਪੂ ਡੇਅ ਤ੍ਰਾਸਦੀ ਤੋਂ ਬਾਅਦ ਵੀ ਕਈ ਕੈਂਪੇਨ ਚੱਲੀਆਂ।
ਬੀ.ਸੀ. ਦੇ ਹੋਰ ਸ਼ਹਿਰਾਂ ਨੇ ਵੀ ਬਹੁਤ ਦਾਨ ਕੀਤਾ। ਵਿਕਟੋਰੀਆ ਨੇ ਪ੍ਰਤੀ ਵਿਅਕਤੀ ਸਭ ਤੋਂ ਵੱਧ ਦਾਨ ਕੀਤਾ ਜਦਕਿ ਨੌਰਥ ਵੈਨਕੂਵਰ ਤੇ ਨਿਊ ਵੈਸਟਮਿੰਸਟਰ ਨੇ ਵੀ ਟੌਪ-5 ਵਿੱਚ ਜਗ੍ਹਾ ਬਣਾਈ। ਕੈਨੇਡਾ ਵਿੱਚ ਸਿਰਫ਼ ਸੇਂਟ ਜੌਹਨਜ਼ (ਨਿਊਫਾਊਂਡਲੈਂਡ) ਹੀ ਬੀ.ਸੀ. ਤੋਂ ਬਾਹਰ ਦਾ ਸ਼ਹਿਰ ਹੈ ਜੋ ਟੌਪ-5 ਵਿੱਚ ਆਇਆ।
ਇਹ ਰਿਪੋਰਟ ਦਰਸਾਉਂਦੀ ਹੈ ਕਿ ਜਦੋਂ ਲੋੜ ਵਧਦੀ ਹੈ ਤਾਂ ਕਮਿਊਨਿਟੀਆਂ ਇਕੱਠੀਆਂ ਹੋ ਕੇ ਏਕਤਾ ਦੀ ਮਿਸਾਲਿ ਕਾਇਮ ਕਰਦੀਆਂ ਹਨ। ਵੈਨਕੂਵਰ ਤੇ ਬੀ.ਸੀ. ਦੇ ਸ਼ਹਿਰਾਂ ਨੇ ਇਸ ਸਾਲ ਫਿਰ ਤੋਂ ਸਾਬਤ ਕੀਤਾ ਕਿ ਉਹ ਦੇਸ਼ ਦੀਆਂ ਸਭ ਤੋਂ ਦਇਆਵਾਨ ਭਾਈਚਾਰਿਆਂ ‘ਚ ਸ਼ੁਮਾਰ ਹੈ। ਇਸ ਸਬੰਧੀ ਪੂਰੀ ਰਿਪੋਰਟ ਗੋਫੰਡਮੀ ਦੀ ਵੈੱਬਸਾਈਟ ਤੇ ਉਪਲਬਧ ਹੈ। This report was written by Divroop Kaur as part of the Local Journalism Initiative.

Popular