6.4 ਬਿਲੀਅਨ ਡਾਲਰ ਦਾ ਖਰਚਾ ਕੈਨੇਡਾ ਨੇ ਚੁੱਕਿਆ, ਪਰ ਮਿਸ਼ੀਗਨ ਵੀ ਹੈ ਬਰਾਬਰ ਦਾ ਮਾਲਕ
ਸਰੀ, (ਦਿਵਰੂਪ ਕੌਰ): ਕੈਨੇਡਾ ਦੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨਾਲ ਹੋਈ ਇੱਕ “ਸਕਾਰਾਤਮਕ ਗੱਲਬਾਤ” ਦੌਰਾਨ ਗੋਰਡੀ ਹਾਵ ਇੰਟਰਨੈਸ਼ਨਲ ਬ੍ਰਿਜ ਬਾਰੇ ਸਥਿਤੀ ਸਪੱਸ਼ਟ ਕੀਤੀ ਹੈ।
ਮੰਗਲਵਾਰ ਨੂੰ ਕੈਬਨਿਟ ਮੀਟਿੰਗ ਤੋਂ ਪਹਿਲਾਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਾਰਨੀ ਨੇ ਦੱਸਿਆ ਕਿ ਉਨ੍ਹਾਂ ਨੇ ਟਰੰਪ ਨੂੰ ਸਮਝਾਇਆ ਹੈ ਕਿ ਭਾਵੇਂ ਕੈਨੇਡਾ ਨੇ ਇਸ ਪੁਲ ਦੇ ਨਿਰਮਾਣ ਲਈ $6.4 ਬਿਲੀਅਨ (ਲਗਭਗ 640 ਕਰੋੜ ਡਾਲਰ) ਦਾ ਸਾਰਾ ਖਰਚਾ ਅਦਾ ਕੀਤਾ ਹੈ, ਪਰ ਇਸਦੀ ਮਾਲਕੀ ਮਿਸ਼ੀਗਨ ਰਾਜ (Michigan State) ਅਤੇ ਕੈਨੇਡਾ ਸਰਕਾਰ ਵਿਚਕਾਰ ਸਾਂਝੀ ਹੈ। ਇਹ ਸਪੱਸ਼ਟੀਕਰਨ ਟਰੰਪ ਦੇ ਉਸ ਬਿਆਨ ਤੋਂ ਬਾਅਦ ਆਇਆ ਹੈ ਜਿਸ ਵਿੱਚ ਉਨ੍ਹਾਂ ਨੇ ਧਮਕੀ ਦਿੱਤੀ ਸੀ ਕਿ ਜਦੋਂ ਤੱਕ ਅਮਰੀਕਾ ਨੂੰ ਇਸ ਪੁਲ ਦਾ ਅੱਧਾ ਹਿੱਸਾ ਨਹੀਂ ਮਿਲਦਾ ਅਤੇ “ਮੁਆਵਜ਼ਾ” ਨਹੀਂ ਦਿੱਤਾ ਜਾਂਦਾ, ਉਹ ਇਸ ਮਹੱਤਵਪੂਰਨ ਵਪਾਰਕ ਮਾਰਗ ਨੂੰ ਖੁੱਲ੍ਹਣ ਨਹੀਂ ਦੇਣਗੇ।
ਟਰੰਪ ਨੇ ਆਪਣੇ ਸੋਸ਼ਲ ਮੀਡੀਆ ਪਲੇਟਫਾਰਮ ‘ਟਰੂਥ ਸੋਸ਼ਲ’ (Truth Social) ‘ਤੇ ਇੱਕ ਲੰਬੀ ਪੋਸਟ ਵਿੱਚ ਦਾਅਵਾ ਕੀਤਾ ਸੀ ਕਿ ਇਸ ਪੁਲ ਦੇ ਨਿਰਮਾਣ ਵਿੱਚ ਅਮਰੀਕੀ ਸਟੀਲ ਦੀ ਵਰਤੋਂ ਨਹੀਂ ਕੀਤੀ ਗਈ। ਹਾਲਾਂਕਿ, ਪ੍ਰਧਾਨ ਮੰਤਰੀ ਕਾਰਨੀ ਨੇ ਇਸ ਦਾਅਵੇ ਨੂੰ ਸਿਰੇ ਤੋਂ ਨਕਾਰਦਿਆਂ ਕਿਹਾ ਕਿ ਇਸ ਪੁਲ ਨੂੰ ਬਣਾਉਣ ਵਿੱਚ ਨਾ ਸਿਰਫ਼ ਅਮਰੀਕੀ ਸਟੀਲ ਵਰਤਿਆ ਗਿਆ ਹੈ, ਬਲਕਿ ਅਮਰੀਕੀ ਕਾਮਿਆਂ ਨੇ ਵੀ ਇਸ ਵਿੱਚ ਵੱਡਾ ਯੋਗਦਾਨ ਪਾਇਆ ਹੈ। ਕਾਰਨੀ ਨੇ ਇਸਨੂੰ ਦੋਵਾਂ ਦੇਸ਼ਾਂ ਵਿਚਕਾਰ ਸਹਿਯੋਗ ਦੀ ਇੱਕ ਸ਼ਾਨਦਾਰ ਮਿਸਾਲ ਦੱਸਿਆ। ਵ੍ਹਾਈਟ ਹਾਊਸ ਦੀ ਪ੍ਰੈੱਸ ਸਕੱਤਰ ਕੈਰੋਲੀਨ ਲੀਵਿਟ ਨੇ ਟਰੰਪ ਦੇ ਪੱਖ ਦਾ ਬਚਾਅ ਕਰਦਿਆਂ ਕਿਹਾ ਕਿ ਰਾਸ਼ਟਰਪਤੀ “ਅਮਰੀਕਾ ਪਹਿਲਾਂ” (America First) ਦੀ ਨੀਤੀ ਤਹਿਤ ਚਾਹੁੰਦੇ ਹਨ ਕਿ ਇਸ ਸੰਪਤੀ ਦਾ ਘੱਟੋ-ਘੱਟ ਅੱਧਾ ਹਿੱਸਾ ਅਮਰੀਕਾ ਕੋਲ ਹੋਵੇ।
ਓਨਟਾਰੀਓ ਦੇ ਪ੍ਰੀਮੀਅਰ ਡੱਗ ਫੋਰਡ ਨੇ ਵੀ ਇਸ ਮੁੱਦੇ ‘ਤੇ ਸਖ਼ਤ ਰੁਖ ਅਪਣਾਇਆ ਹੈ। ਉਨ੍ਹਾਂ ਨੇ ਅਮਰੀਕੀ ਨਿਊਜ਼ ਨੈੱਟਵਰਕਾਂ ‘ਤੇ ਪੇਸ਼ ਹੋ ਕੇ ਕਿਹਾ ਕਿ ਉਹ ਪੂਰੀ ਤਰ੍ਹਾਂ ਭਰੋਸੇਮੰਦ ਹਨ ਕਿ ਇਹ ਪੁਲ ਜਲਦੀ ਹੀ ਖੁੱਲ੍ਹੇਗਾ। ਫੋਰਡ ਨੇ ਯਾਦ ਦਿਵਾਇਆ ਕਿ 2017 ਵਿੱਚ ਖੁਦ ਟਰੰਪ ਨੇ ਹੀ ਇਸ ਪ੍ਰੋਜੈਕਟ ਨੂੰ ਤੇਜ਼ੀ ਨਾਲ ਪੂਰਾ ਕਰਨ ਦੀ ਹਦਾਇਤ ਦਿੱਤੀ ਸੀ। ਉਨ੍ਹਾਂ ਕਿਹਾ, “ਇਹ ਸਭ ਸਿਆਸਤ ਹੈ, ਇਸ ਵਿੱਚ ਕੋਈ ਤੱਥ ਨਹੀਂ ਹਨ। ਜੇਕਰ ਰਾਸ਼ਟਰਪਤੀ ਕੋਲ ਸਹੀ ਜਾਣਕਾਰੀ ਨਹੀਂ ਹੈ, ਤਾਂ ਮੈਂ ਖੁਦ ਉਨ੍ਹਾਂ ਨੂੰ ਤੱਥ ਦੇਣ ਲਈ ਤਿਆਰ ਹਾਂ।” ਮਿਸ਼ੀਗਨ ਦੀ ਗਵਰਨਰ ਗ੍ਰੇਚਨ ਵਿਟਮਰ ਨੇ ਵੀ ਪੁਲ ਦਾ ਸਮਰਥਨ ਕਰਦਿਆਂ ਕਿਹਾ ਕਿ ਇਹ ਦੋਵਾਂ ਪਾਸਿਆਂ ਦੇ ਮਜ਼ਦੂਰਾਂ ਅਤੇ ਆਟੋ ਇੰਡਸਟਰੀ ਲਈ ਬੇਹੱਦ ਫਾਇਦੇਮੰਦ ਹੈ।
ਵਿੰਡਸਰ-ਡੈਟਰਾਇਟ ਬ੍ਰਿਜ ਅਥਾਰਟੀ (WDBA) ਮੁਤਾਬਕ, ਪੁਲ ਦਾ ਮੁੱਖ ਨਿਰਮਾਣ ਕਾਰਜ ਲਗਭਗ 99% ਪੂਰਾ ਹੋ ਚੁੱਕਾ ਹੈ ਅਤੇ ਇਸ ਸਮੇਂ ਟੈਸਟਿੰਗ ਚੱਲ ਰਹੀ ਹੈ। ਇਹ ਪੁਲ 2026 ਦੇ ਸ਼ੁਰੂ ਵਿੱਚ ਆਵਾਜਾਈ ਲਈ ਖੁੱਲ੍ਹਣ ਦੀ ਉਮੀਦ ਹੈ। ਵਿੰਡਸਰ ਦੇ ਮੇਅਰ ਡਰਿਊ ਡਿਲਕਨਜ਼ ਨੇ ਟਰੰਪ ਦੀ ਧਮਕੀ ਨੂੰ “ਪਾਗਲਪਨ” ਕਰਾਰ ਦਿੱਤਾ ਹੈ। ਉਦਯੋਗ ਮੰਤਰੀ ਮੇਲਾਨੀ ਜੋਲੀ ਨੇ ਵੀ ਕਿਹਾ ਕਿ ਕੈਨੇਡਾ ਟਰੰਪ ਦੀਆਂ ਚਿੰਤਾਵਾਂ ਨੂੰ ਗੰਭੀਰਤਾ ਨਾਲ ਲੈ ਰਿਹਾ ਹੈ ਅਤੇ ਉਨ੍ਹਾਂ ਨੂੰ ਉਮੀਦ ਹੈ ਕਿ ਗੱਲਬਾਤ ਰਾਹੀਂ ਇਸਦਾ ਹੱਲ ਕੱਢ ਲਿਆ ਜਾਵੇਗਾ। ਕੈਨੇਡੀਅਨ ਚੈਂਬਰ ਆਫ਼ ਕਾਮਰਸ ਨੇ ਚੇਤਾਵਨੀ ਦਿੱਤੀ ਹੈ ਕਿ ਵਪਾਰਕ ਰਸਤਿਆਂ ਨੂੰ ਰੋਕਣਾ ਖੁਦ ਲਈ ਹੀ ਨੁਕਸਾਨਦੇਹ ਸਾਬਤ ਹੋਵੇਗਾ। This report was written by Divroop Kaur as part of the Local Journalism Initiative.

