Tuesday, November 11, 2025

ਚਲਾਕ ਸ਼ਰਾਬੀ 

ਲੇਖਕ : ਸੁਖਮੰਦਰ ਸਿੰਘ ਬਰਾੜ
ਸੰਪਰਕ : 1-604-751-1113

ਜਿਉਂ ਹੀ ਮਾਹਲਾ ਨੰਬਰਦਾਰ ਸੱਥ ‘ਚ ਆਇਆ ਤਾਂ ਮੁਖਤਿਆਰੇ ਮੈਂਬਰ ਨੇ ਨੰਬਰਦਾਰ ਨੂੰ ਪੁੱਛਿਆ, ”ਕਿਉਂ ਨੰਬਰਦਾਰਾ! ਸੋਡੇ ਗੁਆਢੀ ਝੂਠੇ ਸ਼ਰਾਬੀਆਂ ਦੇ ਘਰੇ ਆਂਢ ਗੁਆਂਢ ਦੀਆਂ ਬੁੜ੍ਹੀਆਂ ‘ਕੱਠ ਜਾ ਕਾਹਦਾ ਕਰੀ ਖੜ੍ਹੀਆਂ ਸੀ। ਕਿਤੇ ਗੇਲਾ ਫੇਰ ਤਾਂ ਨ੍ਹੀ ਦਾਰੂ ਪੀ ਕੇ ਡਿੱਗ ਡੁੱਗ ਪਿਆ?”
ਮੈਂਬਰ ਦੀ ਗੱਲ ਸੁਣ ਕੇ ਬਾਬੇ ਪਾਖਰ ਸਿਉਂ ਨੇ ਮੈਂਬਰ ਨੂੰ ਮੁਸ਼ਕਣੀਆਂ ਹੱਸ ਕੇ ਪੁੱਛਿਆ, ”ਕਿਉਂ ਬਿੰਬਰਾ! ਸੱਚੇ ਸ਼ਰਾਬੀ ਵੀ ਹੁੰਦੇ ਐ ਕੋਈ। ਤੂੰ ਕਹੀ ਜਾਨੈਂ ਝੂਠੇ ਸ਼ਰਾਬੀਆਂ ਦੇ ਘਰੇ ‘ਕੱਠ ਕਾਹਦਾ ਹੋਇਆ ਪਿਆ?”
ਜੋਰੀ ਕਾਣੇ ਕਿਆਂ ਨੂੰ ਪਿੰਡ ‘ਚ ਝੂਠੇ ਸ਼ਰਾਬੀਆਂ ਦੇ ਕਰਕੇ ਜਾਣਦੇ ਸੀ ਕਿਉਂਕਿ ਟੱਬਰ ‘ਚ ਚਾਰ ਭਰਾ ਸਨ ਤੇ ਚਾਰੇ ਹੀ ਸਿਰੇ ਦੇ ਸ਼ਰਾਬੀ ਤੇ ਝੂਠ ਮਾਰਨ ‘ਚ ਸਾਰੇ ਪਿੰਡ ਤੋਂ ਵਾਧੂ। ਜਿਸ ਕਰਕੇ ਪਿੰਡ ਦੇ ਲੋਕ ਉਨ੍ਹਾਂ ਦੇ ਲਾਣੇ ਨੂੰ ਝੂਠੇ ਸ਼ਰਾਬੀ ਕਰਕੇ ਪੁਕਾਰਦੇ ਸਨ। ਸਾਰਿਆਂ ਤੋਂ ਵੱਡਾ ਭਰਾ ਗੇਲਾ ਸਭ ਤੋਂ ਵੱਧ ਸ਼ਰਾਬ ਪੀਂਦਾ ਸੀ ਤੇ ਅਣ ਤੋਲਿਆ ਝੂਠ ਮਾਰ ਕੇ ਤਿੱਤਰ ਹੋ ਜਾਂਦਾ।
ਝੂਠੇ ਸ਼ਰਾਬੀਆਂ ਦੇ ਘਰੇ ਇਕੱਠ ਦੀ ਗੱਲ ਸੁਣ ਕੇ ਮਾਹਲਾ ਨੰਬਰਦਾਰ ਕਹਿੰਦਾ, ”ਗੇਲਾ ਸ਼ਰਾਬ ਸ਼ਰੂਬ ਪੀ ਕੇ ਫੇਰ ਡਿੱਗ ਡੁੱਗ ਪਿਆ ਹੋਣੈ। ਲੱਤ ਬਾਂਹ ਤੜਾ ਕੇ ਬਹਿ ਗਿਆ ਹੋਣੈ, ਹੋਰ ਗਾਹਾਂ ‘ਕੱਠ ਨੂੰ ਕਿਹੜਾ ਮੁੰਡੇ ਦੀ ਰੋਪਣਾ ਪੈਂਦੀ ਹੋਣੀ ਐ ਘਰੇ। ਬੁੜ੍ਹੀਆਂ ਤਾਂ ਆਢ ਗੁਆਂਢ ‘ਚ ਮਾੜਾ ਜਾ ਕਿਸੇ ਦੇ ਕੰਡਾ ਵੀ ਵੱਜ ਜੇ ਨਾਹ, ਠੂਹ ਅਗਲੇ ਦੇ ਘਰੇ ਇਉਂ ‘ਕੱਠੀਆਂ ਹੋ ਜਾਂਦੀਐ ਜਿਮੇਂ ਵਾਸੜੀਆ ਪੂਜਣ ਗਈਆਂ ਕਰੀਰਾਂ ਦੇ ਦੁਆਲੇ ਝੁੰਮਟ ਮਾਰੀ ਖੜ੍ਹੀਆਂ ਹੁੰਦੀਐਂ। ਹੋਊ ਸ਼ਰਾਬੀਆਂ ਦੇ ਵੀ ਇਹੋ ਜੀਓ ਈ ਕੋਈ ਗੱਲ। ਬਹੁਤੀ ਸ਼ਰਾਬ ਪੀਤੀ ‘ਚ ਚਾਰਾਂ ਪੰਜਾਂ ‘ਚੋਂ ਕਿਸੇ ਨਾ ਕਿਸੇ ਦੀ ਡਿੱਗ ਢਹਿ ਕੇ ਕੋਈ ਚੂਲ਼ ਚਾਲ ਵਿੰਗੀ ਹੋ ਗੀ ਹੋਊ। ਬੁੜ੍ਹੀ ਪ੍ਰਸਿੰਨੋਂ ਮੱਖਣ ਵੈਦ ਨੂੰ ਸੱਦ ਲਿਆਈ ਹੋਣੀ ਐਂ। ਆਹ ਹੋਰ ਬਿੰਦ ਝੱਟ ਨੂੰ ਪਤਾ ਲੱਗ ਜੂ ਜਦੋਂ ਨਾਥਾ ਅਮਲੀ ਸੱਥ ‘ਚ ਆ ਗਿਆ।”
ਬੁੱਘਰ ਦਖਾਣ ਕਹਿੰਦਾ, ”ਨਾਥਾ ਅਮਲੀ ਕੀ ਵੈਦ ਐ ਕੁ ਚੌਕੀਂਦਾਰ ਐ ਬਈ ਉਹਨੂੰ ਪਤੈ। ਅਮਲੀ ਬੰਦਾ ਓਹੋ। ਉਹ ਕਿਤੇ ਲੋਕਾਂ ਦੇ ਵੱਜੀਆਂ ਸੱਟਾਂ ਫੇਟਾਂ ਦਾ ਲੇਖਾ ਜੋਖਾ ਰੱਖਦੈ ਬਈ ਉਹਨੂੰ ਪਤੈ। ਸ਼ਰਾਬੀਆਂ ਦਾ ਘਰ ਕਿੱਥੇ ਐ, ਅਮਲੀ ਦਾ ਘਰ ਕਿੱਧਰ ਐ।”
ਪ੍ਰਤਾਪਾ ਭਾਊ ਕਹਿੰਦਾ, ”ਤੈਨੂੰ ਕੀ ਪਤਾ ਮਿਸਤਰੀਆ ਅਮਲੀ ਬਾਰੇ ਓਏ। ਭੋਰਾ ਕੰਡਾ ਕੁ ਖਾਧਾ ਹੋਵੇ ਸਹੀ, ਫੇਰ ਤਾਂ ਐਥੇ ਬੈਠਾ ਵੀ ਦਿੱਲੀ ‘ਚ ਪੈਂਦੀਆਂ ਵੋਟਾਂ ਇਉਂ ਗਿਣਦੂ ਜਿਮੇਂ ਸਲ੍ਹੀਣਾ ਵਪਾਰੀ ਨਾਰਾ ਬਲਦ ਵੇਚ ਕੇ ਰੋਕੜੀ ਗਿਣਦਾ ਹੁੰਦੈ। ਜੇ ਖਾਧੀ ਹੋਵੇ ਤਾਂ। ਜੇ ਇੱਕ ਦੋ ਡੰਗ ਸ਼ਤਰਦਾਰਾ ਨਾ ਮਿਲੇ ਤਾਂ ਮੂੰਹ ਇਉਂ ਹੋ ਜਾਂਦੈ ਜਿਮੇਂ ਭੁੱਖੀ ਬਾਂਦਰੀ ਭੱਠੀ ਆਲੇ ਕੋਲਿਆਂ ਦੀ ਬੋਰੀ ‘ਚ ਸਿਰ ਦੇਈ ਬੈਠੀ ਹੁੰਦੀ ਐ।”
ਬਾਬਾ ਪਾਖਰ ਸਿਉਂ ਕਹਿੰਦਾ, ”ਗੱਲ ਤਾਂ ਭਾਊ ਤੇਰੀ ਸਵਾ ਸੇਰ ਦੀ ਐ। ਜੇ ਨਾ ਖਾਧੀ ਹੋਵੇ ਤਾਂ ਅਮਲੀ ਦਾ ਮੂੰਹ ਵੇਖਣ ਆਲਾ ਈ ਹੁੰਦਾ ਜਿਮੇਂ ਜੱਤਲ ਕੁੱਤੇ ਦੀ ਮੀਂਹ ‘ਚ ਭਿੱਜੀ ਪੂਛ ਪਿਚਕ ਗੀ ਹੁੰਦੀ ਐ। ਨਸ਼ੇ ਟੁੱਟਿਆਂ ‘ਚ ਫੇਰ ਬੋਲੂ ਵੀ ਇਉਂ ਜਿਮੇਂ ਰੱਸੇ ਨਾਲ ਗਲ ਘੁੱਟੇ ਤੋਂ ਮਰੀਕਣ ਵੱਛੀ ਰੰਭਦੀ ਹੁੰਦੀ ਐ।”
ਸੁਰਜਨ ਬੁੜ੍ਹਾ ਸੱਥ ‘ਚ ਬੈਠਿਆਂ ਦੀਆਂ ਅਮਲੀ ਬਾਰੇ ਉੱਘ ਦੀਆਂ ਪਤਾਲ ਸੁਣ ਕੇ ਬਜ਼ੁਰਗ ਅਵਸਥਾ ‘ਚੋਂ ਮੱਧਮ ਜਿਹੀ ਆਵਾਜ਼ ‘ਚ ਬੋਲਿਆ, ”ਓਏ ਕੋਈ ਹੋਰ ਗੱਲ ਵੀ ਕਰ ਲੋ, ਅੱਜ ਨਾਥੇ ਅਮਲੀ ਨੂੰ ਈ ਇਉਂ ਲੱਗੇ ਪਏ ਐਂ ਜਿਮੇਂ ਕੀੜੀਆਂ ਮਰੂੰਡੇ ਦੇ ਭੋਰ ਚੂਰ ਨੂੰ ਲੱਗੀਆਂ ਪਈਆਂ ਹੁੰਦੀਐਂ। ਜੇ ਕਿਤੇ ਅਮਲੀ ਹੁਣ ਸੱਥ ‘ਚ ਆ ਗਿਆ ਫੇਰ ਸੋਡੀ ਸਾਰਿਆਂ ਦੀ ਜੀਭ ਤਾਲੂਏ ਨਾਲ ਲੱਗ ਜਾਣੀ ਐਂ। ਹੁਣ ਉਹਦੀ ਪਿੱਠ ਪਿੱਛੇ ਇਉਂ ਬੋਲਦੇ ਐ ਜਿਮੇਂ ਸੱਪ ਨੂੰ ਵੇਖ ਕੇ ਗਟਾਰ੍ਹਾਂ ਰੌਲਾ ਪਾਉਂਦੀਆਂ ਹੁੰਦੀਐਂ। ਆਹ ਜਿਹੜੀ ਮਖਤਿਆਰੇ ਬਿੰਬਰ ਨੇ ਗੱਲ ਪੁੱਛੀ ਸੀ ਬਈ ਝੂਠੇ ਸ਼ਰਾਬੀਆਂ ਦੇ ‘ਕੱਠ ਕਾਹਦਾ ਸੀ, ਉਹ ਗੱਲ ਧੂੜ ਚੀ ਰੋਲ ‘ਤੀ। ਨਾ ਈਂ ਤੁਸੀਂ ਇਹ ਦੱਸਿਆ ਬਈ ਜੋਰੀ ਕਾਣੇ ਕਿਆਂ ਨੂੰ ਝੂਠੇ ਸ਼ਰਾਬੀ ਕਿਉਂ ਕਹਿੰਦੇ ਐ। ਖੋਤੀ ਰੇਹੜੀ ਹੋਰ ਈ ਪਾਸੇ ਭਜਾਈ ਫਿਰਦੇ ਐਂ।”
ਸੀਤਾ ਮਰਾਸੀ ਸੁਰਜਨ ਬੁੜ੍ਹੇ ਨੂੰ ਟਿੱਚਰ ‘ਚ ਕਹਿੰਦਾ, ”ਬੁੜ੍ਹਿਆ ਇਹ ਗੱਲ ਤਾਂ ਤੂੰ ਵੀ ਦੱਸ ਈ ਸਕਦੈਂ ਬਈ ਜੋਰੀ ਕਾਣੇ ਕਿਆਂ ਨੂੰ ਝੂਠੇ ਸ਼ਰਾਬੀ ਕਾਹਤੋਂ ਕਹਿੰਦੇ ਐ। ਤੁਸੀਂ ਤਾਂ ਸਾਰੇ ਹੁਣ ਆਪਣੇ ਆਪ ਨੂੰ ਸਿਆਣੇ ਸਮਝਦੇ ਐਂ, ਮੈਨੂੰ ਤੇ ਅਮਲੀ ਨੂੰ ਪੁੱਠੀਆਂ ਸਿੱਧੀਆਂ ਗੱਲਾਂ ਪੁਛਣ ਨੂੰ ਮੂਹਰੇ ਕਰ ਦਿੰਨੇਂ ਐ। ਕੋਈ ਨ੍ਹੀ! ਜਦੋਂ ਆ ਗਿਆ ਸਾਰੇ ਘਾਟੇ ਵਾਧੇ ਪੂਰੇ ਕਰ ਦੂ ਨਾਥਾ।”
ਬਾਬਾ ਪਾਖਰ ਸਿਉਂ ਸੀਤੇ ਮਰਾਸੀ ਨੂੰ ਕਹਿੰਦਾ, ”ਪਤਾ ਤਾਂ ਸੀਤਾ ਸਿਆਂ ਤੈਨੂੰ ਵੀ ਐ ਬਈ ਜੋਰੀ ਕਾਣੇ ਕੇ ਝੂਠੇ ਸ਼ਰਾਬੀ ਕਿਉਂ ਵਜਦੇ ਐ। ਹੁਣ ਤਾਂ ਤੂੰ ਨਾਥੇ ਦੀਉ ਈ ਸ਼ਹਿ ਭਾਲਦੈਂ। ਚੱਲ ਕੋਈ ਨ੍ਹੀ, ਜਦੋਂ ਨਾਥਾ ਸਿਉਂ ਆ ਗਿਆ ਉਦੋਂ ਦੱਸ ਦੀਂ।”
ਏਨੇ ਚਿਰ ਨੂੰ ਜਦੋਂ ਬਖਸੀਸੇ ਕੇ ਘੋਗੀ ਨੂੰ ਨਾਥਾ ਅਮਲੀ ਸੱਥ ਵੱਲ ਨੂੰ ਤੁਰਿਆ ਆਉਂਦਾ ਦਿਸਿਆ ਤਾਂ ਘੋਗੀ ਬਾਬੇ ਪਾਖਰ ਨੂੰ ਕਹਿੰਦਾ, ”ਹੋਅ ਆਉਂਦਾ ਬਾਬਾ ਬਰੀ ਦਾ ਤਿਓਰ ਨਾਥਾ ਅਮਲੀ।”
ਘੋਗੀ ਦੀ ਗੱਲ ਸੁਣ ਕੇ ਨਾਥੇ ਅਮਲੀ ਨੂੰ ਵੇਖ ਕੇ ਸਾਰੀ ਸੱਥ ਨੂੰ ਇਉਂ ਖੁਸ਼ੀ ਚੜ੍ਹ ਗਈ ਜਿਮੇਂ ਜੰਨ ਚੜ੍ਹਣ ਵੇਲੇ ਜਾਨੀ ਚਾਂਭੜਾਂ ਮਾਰਦੇ ਹੁੰਦੇ ਐ।
ਸੱਥ ‘ਚੋਂ ਉੱਠ ਕੇ ਘਰ ਨੂੰ ਜਾਣ ਲੱਗਿਆ ਜੰਗੀਰੇ ਖੋਜੀ ਦਾ ਮੁੰਡਾ ਜੱਲ੍ਹਾ ਕਹਿੰਦਾ, ”ਹੋ ਜੋ ਤਿਆਰ ਹੁਣ ਸਾਰੇ। ਆਉਂਦਾ ਈ ਸਭ ਨੂੰ ਇਉਂ ਸੂਤ ਕਰ ਦੂ ਜਿਮੇਂ ਨਾਮ੍ਹਾ ਬਾਗੀ ਸਾਰੇ ਪਿੰਡ ਦੀਆਂ ਗਊਆਂ ਨੂੰ ਵਗਲ ਕੇ ਖੜ੍ਹ ਜਾਂਦਾ ਹੁੰਦੈ।”
ਜਿਉਂ ਹੀ ਨਾਥਾ ਅਮਲੀ ਸੱਥ ਵਾਲੇ ਥੜ੍ਹੇ ‘ਤੇ ਪਹੁੰਚਿਆ ਤਾਂ ਬਾਬੇ ਪਾਖਰ ਸਿਉਂ ਨੇ ਨਾਥੇ ਅਮਲੀ ਨੂੰ ਪੁੱਛਿਆ, ”ਕਿਉਂ ਬਈ ਨਾਥਾ ਸਿਆਂ! ਤੂੰ ਇਉਂ ਦੱਸ ਬਈ ਝੂਠੇ ਸ਼ਰਾਬੀਆਂ ਦੇ ਘਰੇ ਅੱਜ ਕਾਹਦਾ ‘ਕੱਠ ਹੋਇਆ ਵਿਆ ਸੀ। ਨਾਲੇ ਇੱਕ ਗੱਲ ਹੋਰ ਐ, ਇਹ ਜੋਰੀ ਕਾਣੇ ਕਿਆਂ ਨੂੰ ਝੂਠੇ ਸ਼ਰਾਬੀ ਕਾਹਤੋਂ ਕਹਿੰਦੇ ਐ। ਕੋਈ ਸੱਚੇ ਸ਼ਰਾਬੀ ਵੀ ਹੁੰਦੇ ਐ ਕੁ ਨਹੀਂ?”
ਨਾਥਾ ਅਮਲੀ ਬਾਬੇ ਪਾਖਰ ਸਿਉਂ ਦਾ ਸੁਆਲ ਸੁਣ ਕੇ ਬਾਬੇ ਨੂੰ ਕਹਿੰਦਾ, ”ਗੱਲ ਇਉਂ ਐਂ ਬਾਬਾ, ਬਈ ਜੋਰੀ ਕਾਣੇ ਕਿਆਂ ਨੂੰ ਝੂਠੇ ਸ਼ਰਾਬੀਆਂ ਦਾ ਲਾਣਾ ਇਸ ਕਰਕੇ ਕਹਿੰਦੇ ਐ, ਇੱਕ ਤਾਂ ਉਹ ਸਾਰੇ ਭਰਾ ਸ਼ਰਾਬ ਬਹੁਤ ਪੀਂਦੇ ਐ। ਦੂਜੀ ਗੱਲ ਝੂਠਪੁਣੇ ਆਲੀ ਐ, ਉਹ ਸ਼ਰਾਬ ਪੀ ਕੇ ਐਹੋ ਜਾ ਝੂਠ ਮਾਰਨਗੇ, ਜੀਹਦੀ ਤਹਿ ਦਿੱਲੀ ਤੋਂ ਵੀ ਗਾਹਾਂ ਜਾ ਕੇ ਖੁੱਲ੍ਹਦੀ ਐ। ਉਦੋਂ ਅਗਲੇ ਭੁੱਲ ਭਲਾ ਜਾਂਦੇ ਐ ਝੂਠ ਨੂੰ। ਤਾਹੀਂ ਇਨ੍ਹਾਂ ਨੂੰ ਝੂਠੇ ਸ਼ਰਾਬੀ ਕਹਿੰਦੇ ਐ।”
ਸੁਰਜਨ ਬੁੜ੍ਹਾ ਅਮਲੀ ਨੂੰ ਕਹਿੰਦਾ, ”ਮੈਂ ਤਾਂ ਸੁਣਿਆਂ ਨਾਥਾ ਸਿਆਂ ਬਈ ਇਨ੍ਹਾਂ ਦੇ ਵੱਡੇ ਬੁੜ੍ਹਿਆ ਤੋਂ ਕੋਈ ਅੱਲ ਪੈਂਦੀ ਐ ਇਨ੍ਹਾਂ ਨੂੰ।”
ਨਾਥਾ ਅਮਲੀ ਕਹਿੰਦਾ, ”ਕਾਹਨੂੰ ਬੁੜ੍ਹਿਆ ਕੋਈ ਐਹੋ ਜੀ ਗੱਲ ਐ। ਇਹ ਤਾਂ ਆਪਣੇ ਪਿੰਡ ਆਲਿਆਂ ਨੇ ਹੁਣ ਧਰਿਆਂ ਝੂਠੇ ਸ਼ਰਾਬੀ ਨਾਂਅ। ਝੂਠੇ ਸ਼ਰਾਬੀ ਇਨ੍ਹਾਂ ਦਾ ਨਾਂਅ ਕਿੱਦੇਂ ਤੋਂ ਪੈਣ ਲੱਗਿਐ, ਉਹ ਵੀ ਸੁਣ ਲੋ। ਆਹ ਜਿਹੜਾ ਇੰਨ੍ਹਾਂ ਦਾ ਗੇਲਾ ਸਾਰਿਆਂ ਤੋਂ ਵੱਡਾ, ਇੱਕ ਦਿਨ ਅੱਧੀ ਰਾਤ ਨੂੰ ਜਦੋਂ ਉਹਦਾ ਨਸ਼ਾ ਟੁੱਟਿਆ ਤਾਂ ਤੋੜ ਲੱਗ ਗੀ। ਸ਼ਰਾਬ ਘਰੇ ਹੈ ਨਾ। ਘੈਂਟਾ ਅੱਧਾ ਘੈਂਟਾ ਤਾਂ ਐਧਰ ਓਧਰ ਭੱਜਿਆ ਸ਼ਰਾਬ ਨੂੰ। ਅੱਧੀ ਤਾਂ ਰਾਤ ਹੋਈ ਪਈ ਸੀ ਉੱਤੋਂ। ਓਸ ਵੇਲੇ ਤਾਂ ਠੇਕੇ ਵੀ ਬੰਦ ਹੋ ਜਾਂਦੇ ਐ। ਜਦੋਂ ਕੋਈ ਵੀ ਚਾਰਾ ਨਾ ਚੱਲਿਆ ਤਾਂ ਸ਼ਰਾਬ ਦੇ ਠੇਕੇ ‘ਤੇ ਟੈਲੀਫੋਨ ਕਰ ‘ਤਾ। ਠੇਕੇ ‘ਤੇ ਆਪਣੇ ਪਿੰਡ ਆਲੇ ਮੱਖਣ ਜੌੜੀ ਦਾ ਮੁੰਡਾ ਨਾਚਾ ਕਰਿੰਦੇ ਦਾ ਕੰਮ ਕਰਦਾ। ਗੇਲੇ ਨੇ ਸੋਚਿਆ ਬਈ ਅੱਧੀ ਰਾਤ ਨੂੰ ਤਾਂ ਠੇਕਾ ਖੋਲ੍ਹਣਾ ਨ੍ਹੀ, ਕੋਈ ਸਕੀਮ ਲਾਈਏ ਬਈ ਜਿਹੜਾ ਠੇਕਾ ਖੁੱਲ੍ਹ ਜੇ। ਗੇਲਾ ਠੇਕੇ ‘ਤੇ ਟੈਲੀਫੋਨ ਕਰਕੇ ਕਹਿੰਦਾ ‘ਮੈਂ ਬੋਤਲ ਲੈਣੀ ਐ ਠੇਕਾ ਖੋਹਲੋ’। ਆਪਣੇ ਪਿੰਡ ਆਲਾ ਨਾਚਾ ਕਹਿੰਦਾ ‘ਕੱਲ੍ਹ ਨੂੰ ਗਿਆਰਾਂ ਵਜੇ ਖੋਲ੍ਹਾਂਗੇ ਠੇਕਾ। ਅੱਧੇ ਘੰਟੇ ਪਿੱਛੋਂ ਗੇਲੇ ਨੇ ਫੇਰ ਟੈਲੀਫੋਨ ਕਰ ‘ਤਾ। ਕਹਿੰਦਾ ‘ਠੇਕਾ ਖੋਹਲੋ ਯਾਰ ਮੇਰਾ ਸਾਹ ઠਘੁੱਟੀ ਜਾਂਦੈ’। ਨਾਚਾ ਕਰਿੰਦਾ ਕਹਿੰਦਾ ‘ਤੈਨੂੰ ਕਿਹਾ ਕੱਲ੍ਹ ਨੂੰ ਗਿਆਰਾਂ ਵਜੇ ਆ ਜੀਂ’। ਗੇਲਾ ਤੀਜੀ ਵਾਰ ਟੈਲੀਫੋਨ ਕਰਕੇ ਕਹਿੰਦਾ ‘ਓ ਖੋਹਲ ਲਾ ਯਾਰ ਠੇਕਾ ਮੈਂ ਮਰਦਾਂ’। ਨਾਚਾ ਨੇ ਪੁਛਿਆ ‘ਤੂੰ ਬੋਲਦਾ ਕਿੱਥੋਂ ਐਂ’? ਗੇਲਾ ਕਹਿੰਦਾ ‘ਮੈਂ ਠੇਕੇ ਦੇ ਅੰਦਰੋਂ ਈਂ ਬੋਲਦਾਂ’। ਨਾਚੇ ਦੇ ਬਣ ਗੀ ਭਾਅ ਦੀ ਬਈ ਅੰਦਰ ਕਿਮੇਂ ਰਹਿ ਗਿਆ ਬੰਦਾ। ਉਹ ਸਿਰ ਤੋੜ ਠੇਕੇ ਨੂੰ ਭੱਜਿਆ। ਜਦੋਂ ਨਾਚੇ ਨੇ ਜਾ ਕੇ ਠੇਕੇ ਦਾ ਵਾਰ ਖੋਲ੍ਹਕੇ ਠੇਕੇ ‘ਚ ‘ਵਾਜ ਮਾਰੀ ‘ਕਿਹੜਾਾਂ ਓਏ ਬਾਹਰ ਨਿੱਕਲ’। ਤਾਂ ਪਿੱਛੋਂ ਆ ਕੇ ਗੇਲਾ ਨਾਚੇ ਦੇ ਮੋਢੇ ‘ਤੇ ਹੱਥ ਮਾਰ ਕੇ ਕਹਿੰਦਾ ‘ਠੇਕਾ ਤਾਂ ਹੁਣ ਖੋਹਲ ਈ ਲਿਆ ਨਸੂੜ੍ਹਿਆ, ਆਹ ਚੱਕ ਪੈਸੇ ਹੁਣ ਬੋਤਲ ਵੀ ਦੇ ਈ ਦੇ’। ਜਦੋਂ ਨਾਚੇ ਨੇ ਗੇਲੇ ਨੂੰ ਵੇਖਿਆ ਤਾਂ ਨਾਚਾ ਗੇਲੇ ਮਗਰ ਡਾਂਗ ਲੈ ਕੇ ਪੈ ਗਿਆ। ਆਹ ਗੱਲ ਤੋਂ ਇਨ੍ਹਾਂ ਦਾ ਨਾਂਅ ਝੂਠੇ ਸ਼ਰਾਬੀ ਪਿਆ।”
ਏਨੇ ਚਿਰ ਨੂੰ ਗੇਲਾ ਲੋਕਾਂ ਨੂੰ ਉੱਚੀ ਉੱਚੀ ਗਾਲਾਂ ਕੱਢਦਾ ਸ਼ਰਾਬੀ ਹੋਇਆ ਸੱਥ ਵੱਲ ਨੂੰ ਤੁਰਿਆ ਆਵੇ। ਸੀਤਾ ਮਰਾਸੀ ਕਹਿੰਦਾ, ”ਹੋ ਆਉਂਦਾ ਵੱਡੀਆਂ ਉਮਰਾਂ ਆਲਾ।”
ਬਾਬਾ ਪਾਖਰ ਸਿਉਂ ਸ਼ਰਾਬੀ ਹੋਏ ਗੇਲੇ ਨੂੰ ਵੇਖ ਕੇ ਸੱਥ ਵਾਲਿਆਂ ਨੂੰ ਕਹਿੰਦਾ, ”ਚੱਲੋ ਓਏ ਘਰ ਨੂੰ ਚੱਲੀਏ, ਐਮੇਂ ਲੜਾਂਗੇ ਸ਼ਰਾਬੀ ਨਾਲ।”
ਬਾਬੇ ਦਾ ਕਹਿਣਾ ਮੰਨ ਕੇ ਸਾਰੀ ਸੱਥ ਗੇਲੇ ਦੇ ਸੱਥ ‘ਚ ਪਹੁੰਚਣ ਤੋਂ ਪਹਿਲਾਂ ਹੀ ਸੱਥ ਖਾਲੀ ਕਰਕੇ ਆਪੋ ਆਪਣੇ ਘਰਾਂ ਨੂੰ ਤੁਰ ਗਈ। ઠ

Share post:

Popular