ਸਰੀ, (ਦਿਵਰੂਪ ਕੌਰ): ਵੈਨਕੂਵਰ ਦੇ ਚਾਈਨਾਟਾਊਨ ਵਿਚ ਸਥਿਤ ਅੱਗ-ਪ੍ਰਭਾਵਿਤ ਕੀਫਰ ਰੂਮਜ਼ ਸਿੰਗਲ-ਰੂਮ ਆਕਿਊਪੈਂਸੀ (ਐਸ.ਆਰ.ਓ.) ਯੂਨਿਟਾਂ ਦੀ ਮੁਰੰਮਤ ਅਤੇ ਮੁੜ ਤਿਆਰ ਕਰਨ ਦੀ ਪ੍ਰਕਿਰਿਆ ਜਿੱਥੇ 2025 ਦੀ ਬਸੰਤ ਤੱਕ ਪੂਰੀ ਹੋਣ ਦੀ ਉਮੀਦ ਸੀ, ਉਥੇ ਹੁਣ ਇਹ ਕੰਮ ਵੱਡੀ ਦੇਰੀ ਦਾ ਸਕਿਾਰ ਹੋ ਗਿਆ ਹੈ। ਬੀ.ਸੀ. ਹਾਊਸਿੰਗ ਨੇ ਹਾਉਸਿੰਗ ਅਤੇ ਮਿਊਂਸਪਲ ਅਫੇਅਰਜ਼ ਮੰਤਰਾਲੇ ਰਾਹੀਂ ਪੁਸ਼ਟੀ ਕੀਤੀ ਕਿ ਪ੍ਰੋਜੈਕਟ ਹੁਣ 2026 ਵਿੱਚ ਹੀ ਤਾਮੀਰ ਅਤੇ ਅਬੇਟਮੈਂਟ ਸ਼ੁਰੂ ਕਰੇਗਾ।
ਬੀ.ਸੀ. ਹਾਊਸਿੰਗ ਨੇ ਇੱਕ ਈਮੇਲ ਵਿੱਚ ਦਰਸਾਇਆ ਕਿ ਹਰ ਵਿਕਾਸ ਪ੍ਰੌਜੈਕਟ ਨੂੰ ਮਿਊਂਸਪਲ ਮਨਜ਼ੂਰੀਆਂ, ਸਾਈਟ ਦੀ ਤਕਨੀਕੀ ਹਾਲਤ ਅਤੇ ਵਧਦੇ ਖਰਚਿਆਂ ਵਰਗੇ ਅਣਅੰਦੇਖੇ ਕਾਰਨ ਪ੍ਰਭਾਵਿਤ ਕਰ ਸਕਦੇ ਹਨ। ਸੰਸਥਾ ਨੇ ਦੱਸਿਆ ਕਿ ਉਹ ਇਸ ਵੇਲੇ ਵੈਨਕੂਵਰ ਸਿਟੀ ਨਾਲ ਡਿਜ਼ਾਈਨ, ਮਨਜ਼ੂਰੀ ਅਤੇ ਪਰਮਿਟ ਪ੍ਰਕਿਰਿਆ ‘ਤੇ ਕੰਮ ਕਰ ਰਹੀ ਹੈ।
61 ਸਾਲਾਂ ਦੀ ਐਵਲਿਨ ਬ੍ਰਿਲ ਜੋ ਇਸ ਸਮੇਂ ਬੇਘਰ ਹੈ ਨੇ ਗਲੋਬਲ ਨਿਊਜ਼ ਨਾਲ ਗੱਲਬਾਤ ਦੌਰਾਨ ਕਿਹਾ ਕਿ ਕੀਫਰ ਰੂਮਜ਼ ਇਮਾਰਤ ‘ਤੇ ਕੋਈ ਕੰਮ ਸ਼ੁਰੂ ਹੋਇਆ ਨਹੀਂ ਦਿਸਦਾ। ਉਸਦਾ ਕਹਿਣਾ ਹੈ ਕਿ ਉਹ ਇੱਕ ਸਾਲ ਤੋਂ ਵੱਧ ਸਮੇਂ ਤੋਂ ਸ਼ੈਲਟਰ ਵਿੱਚ ਰਹਿ ਰਹੀ ਹੈ ਅਤੇ ਬੀ.ਸੀ. ਹਾਊਸਿੰਗ ਦੀ ਵੇਟਿੰਗ ਲਿਸਟ ‘ਤੇ ਹੈ। ਬ੍ਰਿਲ ਨੇ ਨਿਰਾਸ਼ਾ ਜਾਹਿਰ ਕਰਦਿਆਂ ਕਿਹਾ, ”ਇਹਨਾਂ ਨੇ ਸਾਰੇ ਕੰਮ ਨੂੰ ਬਹੁਤ ਖਿੱਚ ਦਿੱਤਾ ਹੈ।”
ਡਾਊਨਟਾਊਨ ਈਸਟਸਾਈਡ ਦੇ ਸਾਬਕਾ ਰਹਿਸ਼ੀ ਜੈਸੀ ਐਂਡਰਸਨ ਨੇ ਵੀ ਸਖ਼ਤ ਨਾਰਾਜ਼ਗੀ ਜਾਹਿਰ ਕੀਤੀ। ਉਸਨੇ ਕਿਹਾ ਕਿ ਇਲਾਕੇ ਵਿੱਚ ਸੜਕਾਂ ‘ਤੇ ਰਹਿ ਰਹੇ ਕਈ ਲੋਕ ਗੰਭੀਰ ਬਿਮਾਰੀਆਂ ਨਾਲ ਜੂਝ ਰਹੇ ਹਨ ਅਤੇ ਕੀਫਰ ਰੂਮਜ਼ ਵਰਗੇ ਸਸਤੇ ਰਹਿਣ-ਯੋਗ ਕਮਰਿਆਂ ਦੀ ਕਮੀ ਨੇ ਉਹਨਾਂ ਦੇ ਜੀਵਨ ਨੂੰ ਖਤਰੇ ਵਿੱਚ ਪਾ ਦਿੱਤਾ ਹੈ।
ਕੀਫਰ ਰੂਮਜ਼ (ਐਡਰੈੱਸ: 222 ਕੀਫਰ ਸਟਰੀਟ) ਨੂੰ ਪ੍ਰਾਂਤ ਨੇ ਅਕਤੂਬਰ 2023 ਵਿੱਚ ਖਰੀਦਿਆ ਸੀ। ਇਹ 48 ਯੂਨਿਟਾਂ ਵਾਲੀ ਐਸ.ਆਰ.ਓ. ਇਮਾਰਤ ਸਤੰਬਰ 2022 ਵਿੱਚ ਉਸ ਸਮੇਂ ਖਾਲੀ ਹੋ ਗਈ ਜਦੋਂ ਭੂ-ਤਲ ‘ਤੇ ਸਥਿਤ ਗੇਨ ਵਾਹ ਰੈਸਟੋਰੈਂਟ ਦੀ ਰਸੋਈ ਵਿੱਚ ਅੱਗ ਲੱਗ ਗਈ ਸੀ। ਲਗਭਗ 40 ਕਿਰਾਏਦਾਰ ਉਸ ਦਿਨ ਬੇਘਰ ਹੋ ਗਏ ਸਨ।
ਪ੍ਰਾਂਤ ਨੇ ਇਮਾਰਤ ਦੀ ਖਰੀਦ ਕੀਮਤ ਜ਼ਾਹਿਰ ਨਹੀਂ ਕੀਤੀ, ਪਰ ਕਿਹਾ ਕਿ ਬਿਲਡਿੰਗ ਬੀ.ਸੀ.: ਅਫੋਰਡੇਬਲ ਰੈਂਟਲ ਹਾਊਸਿੰਗ ਫੰਡ ਰਾਹੀਂ ਲਗਭਗ 12 ਮਿਲੀਅਨ ਡਾਲਰ ਖਰੀਦ ਅਤੇ ਰੀਨੋਵੇਸ਼ਨ ਲਈ ਮੁਹੱਈਆ ਕਰਵਾਏ ਗਏ। ਇਸ ਵਿੱਚ ਖਿੜਕੀਆਂ ਬਦਲਣ, ਇਲੈਕਟ੍ਰਿਕਲ ਅਤੇ ਫਾਇਰ ਸਿਸਟਮ ਅੱਪਗ੍ਰੇਡ ਸ਼ਾਮਲ ਸਨ।
ਪਰ ਖਰੀਦ ਤੋਂ ਬਾਅਦ ਬੀ.ਸੀ. ਹਾਊਸਿੰਗ ਨੂੰ ਇਮਾਰਤ ਅੰਦਰ ਅਣਅੰਦੇਖੇ ਵੱਡੇ ਨੁਕਸਾਨ ਮਿਲੇ ਜਿਵੇਂ ਪਾਣੀ ਸਪਲਾਈ, ਇਲੈਕਟ੍ਰਿਕਲ ਅਤੇ ਹੋਰ ਸਿਸਟਮਾਂ ਦੀ ਗੰਭੀਰ ਮੁਰੰਮਤ। ਇਸ ਕਾਰਨ ਰੀਨੋਵੇਸ਼ਨ ਦੀ ਟਾਈਮਲਾਈਨ ਹੋਰ ਲੰਬੀ ਹੋ ਗਈ।ਬੀ.ਸੀ. ਹਾਊਸਿੰਗ ਦੇ ਇੱਕ ਹੋਰ ਬਿਲਡਿੰਗ ਰਹਿਸ਼ੀ ਰਿਚਰਡ ਸਟੇਨਿਅਰ ਨੇ ਕਿਹਾ ਕਿ ਪ੍ਰਾਂਤੀ ਅਤੇ ਫੈਡਰਲ ਸਰਕਾਰਾਂ ਨੂੰ ਮਾਨਸਿਕ ਸਿਹਤ ਹਸਪਤਾਲ ਮੁੜ ਸ਼ੁਰੂ ਕਰਨ ਚਾਹੀਦੇ ਹਨ, ਤਾਂ ਜੋ ਸੰਕਟਗ੍ਰਸਤ ਲੋਕਾਂ ਨੂੰ ਆਮ ਰਹਿਸ਼ੀ ਅਬਾਦੀ ਨਾਲ ਨਾ ਮਿਲਾਇਆ ਜਾਵੇ। ਡਾਊਨਟਾਊਨ ਈਸਟਸਾਈਡ ਕਮਿਊਨਟੀ ਲੈਂਡ ਟਰਸਟ, ਜੋ ਇਸ ਇਮਾਰਤ ਨੂੰ ਚਲਾਏਗਾ, ਨੇ ਪੁਸ਼ਟੀ ਕੀਤੀ ਕਿ ਇਮਾਰਤ ਨੂੰ ਪੂਰੀ ਤਰ੍ਹਾਂ ਖਾਲੀ ਕਰਕੇ ਮੁੜ ਤਿਆਰ ਕੀਤਾ ਜਾ ਰਿਹਾ ਹੈ, ਪਰ ਟਾਈਮਲਾਈਨ ਬਾਰੇ ਜਾਣਕਾਰੀ ਦੇਣ ਤੋਂ ਇਨਕਾਰ ਕੀਤਾ। ਬੀ.ਸੀ. ਹਾਊਸਿੰਗ ਨੇ ਕਿਹਾ ਕਿ ਜਿਵੇਂ ਹੀ ਹੋਰ ਜਾਣਕਾਰੀ ਉਪਲਬਧ ਹੋਵੇਗੀ, ਜਨਤਕ ਤੌਰ ‘ਤੇ ਸਾਂਝੀ ਕੀਤੀ ਜਾਵੇਗੀ। ਜੈਸੀ ਐਂਡਰਸਨ ਨੇ ਅੰਤ ਵਿੱਚ ਕਿਹਾ, ”ਘਰਾਂ ਦੀ ਉਡੀਕ ਕਰਦਿਆਂ ਲੋਕ ਮਰ ਜਾਣਗੇ। ਇਹ ਜਗ੍ਹਾ ਜਿੰਨੀ ਜਲਦੀ ਹੋ ਸਕੇ ਬਸਾਉਣ ਯੋਗ ਬਣਾਉ।” This report was written by Divroop Kaur as part of the Local Journalism Initiative.

