ਸਰੀ, (ਦਿਵਰੂਪ ਕੌਰ): ਬ੍ਰਿਟਿਸ਼ ਕੋਲੰਬੀਆ ਦੀ ਹਾਊਸਿੰਗ ਮੰਤਰੀ ਕ੍ਰਿਸਟੀਨ ਬੋਇਲ ਨੇ ਇਸ ਹਫ਼ਤੇ ਵਰਨਨ ਸ਼ਹਿਰ ਦਾ ਵਿਸ਼ੇਸ਼ ਦੌਰਾ ਕੀਤਾ, ਜਿੱਥੇ ਉਨ੍ਹਾਂ ਨੇ ਸੂਬਾਈ ਰਿਹਾਇਸ਼ੀ ਰਣਨੀਤੀ ਦੀ ਸਫ਼ਲਤਾ ਦਾ ਜਾਇਜ਼ਾ ਲਿਆ । ਮੰਤਰੀ ਬੋਇਲ ਨੇ ਵਰਨਨ-ਲੰਬੀ ਦੀ ਵਿਧਾਇਕਾ ਹਰਵਿੰਦਰ ਸੰਧੂ ਨਾਲ ਮਿਲ ਕੇ ਸ਼ੂਬਰਟ ਸੈਂਟਰ ਵਿਖੇ ਸਥਾਨਕ ਨਿਵਾਸੀਆਂ ਅਤੇ ਮੇਅਰ ਵਿਕਟਰ ਕਮਿੰਗ ਨਾਲ ਮੁਲਾਕਾਤ ਕੀਤੀ । ਇਸ ਮੌਕੇ ਉਨ੍ਹਾਂ ਕਿਹਾ ਕਿ ਵਰਨਨ ਵਿੱਚ ਨਵੇਂ ਮਕਾਨਾਂ ਦੀ ਉਸਾਰੀ ਤੇਜ਼ੀ ਨਾਲ ਹੋ ਰਹੀ ਹੈ, ਜੋ ਕਿ ਸੂਬਾ ਸਰਕਾਰ ਦੀਆਂ ਨੀਤੀਆਂ ਦਾ ਇੱਕ ਸਕਾਰਾਤਮਕ ਨਤੀਜਾ ਹੈ।
ਵਰਨਨ ਸ਼ਹਿਰ ਨੇ ਰਿਹਾਇਸ਼ੀ ਟੀਚਿਆਂ ਨੂੰ ਪੂਰਾ ਕਰਨ ਵਿੱਚ ਸ਼ਾਨਦਾਰ ਪ੍ਰਗਤੀ ਦਿਖਾਈ ਹੈ । ਸਿਟੀ ਕੌਂਸਲ ਦੀ ਮੀਟਿੰਗ ਦੌਰਾਨ ਪੇਸ਼ ਕੀਤੀ ਗਈ ਰਿਪੋਰਟ ਅਨੁਸਾਰ, ਪਿਛਲੇ ਛੇ ਮਹੀਨਿਆਂ ਵਿੱਚ ਸ਼ਹਿਰ ਨੇ 258 ਨਵੇਂ ਰਿਹਾਇਸ਼ੀ ਯੂਨਿਟ ਤਿਆਰ ਕੀਤੇ ਹਨ । ਇਹ ਅੰਕੜਾ ਪਹਿਲੇ ਸਾਲ ਲਈ ਮਿੱਥੇ ਗਏ ਟੀਚੇ ਦਾ 93 ਫੀਸਦੀ ਬਣਦਾ ਹੈ, ਜੋ ਕਿ ਉਮੀਦ ਤੋਂ ਕਿਤੇ ਜ਼ਿਆਦਾ ਹੈ । ਮੇਅਰ ਕਮਿੰਗ ਨੇ ਦੱਸਿਆ ਕਿ ਸ਼ਹਿਰ ਵਿੱਚ ‘ਇਨਫਿਲ ਹਾਊਸਿੰਗ’ ਨੀਤੀ ਬਹੁਤ ਕਾਰਗਰ ਸਾਬਤ ਹੋ ਰਹੀ ਹੈ, ਜਿਸ ਤਹਿਤ ਪੁਰਾਣੇ ਛੋਟੇ ਘਰਾਂ ਦੀ ਥਾਂ ਇੱਕੋ ਪਲਾਟ ‘ਤੇ ਤਿੰਨ ਜਾਂ ਚਾਰ ਨਵੇਂ ਯੂਨਿਟ ਬਣਾਏ ਜਾ ਰਹੇ ਹਨ।
ਮੰਤਰੀ ਬੋਇਲ ਨੇ ਚਾਰ ਤੋਂ ਛੇ ਯੂਨਿਟ ਪ੍ਰਤੀ ਪਲਾਟ ਵਾਲੀ ਪਹਿਲਕਦਮੀ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇਹ ਮੌਜੂਦਾ ਬੁਨਿਆਦੀ ਢਾਂਚੇ ਦੀ ਵਰਤੋਂ ਕਰਦਿਆਂ ਕਿਫਾਇਤੀ ਘਰ ਮੁਹੱਈਆ ਕਰਵਾਉਣ ਦਾ ਸਭ ਤੋਂ ਵਧੀਆ ਤਰੀਕਾ ਹੈ। ਹਾਲਾਂਕਿ, ਸ਼ਹਿਰ ਵਿੱਚ ਕੁਝ ਵਿਵਾਦਪੂਰਨ ਪ੍ਰੋਜੈਕਟਾਂ, ਜਿਵੇਂ ਕਿ ‘580 ਕਾਮੋਨੇਜ’ ਵਿਕਾਸ ਦਾ ਲੋਕਾਂ ਵੱਲੋਂ ਵਿਰੋਧ ਵੀ ਕੀਤਾ ਜਾ ਰਿਹਾ ਹੈ । ਮੰਤਰੀ ਬੋਇਲ ਅਤੇ ਵਿਧਾਇਕਾ ਸੰਧੂ ਨੇ ਸਪੱਸ਼ਟ ਕੀਤਾ ਕਿ ਅਜਿਹੇ ਸਥਾਨਕ ਫੈਸਲਿਆਂ ਵਿੱਚ ਸੂਬਾ ਸਰਕਾਰ ਦਖ਼ਲ ਨਹੀਂ ਦੇਵੇਗੀ ਅਤੇ ਉਹ ਨਗਰ ਨਿਗਮ ਦੀ ਅਗਵਾਈ ਅਤੇ ਫੈਸਲਿਆਂ ਦਾ ਪੂਰਾ ਸਤਿਕਾਰ ਕਰਦੇ ਹਨ। This report was written by Divroop Kaur as part of the Local Journalism Initiative.

