Wednesday, March 11, 2026

ਜਬਰਨ ਵਸੂਲੀ ਦੇ ਸੰਕਟ ਵਿਚਾਲੇ ਸਰੀ ਪੁਲਿਸ 1 ਅਪ੍ਰੈਲ ਤੋਂ ਸੰਭਾਲੇਗੀ ਕਲੋਵਰਡੇਲ ਦਾ ਚਾਰਜ


ਚੀਫ ਲਿਪਿੰਸਕੀ ਨੇ ਮੰਗੀ ਸੀ 4 ਮਹੀਨਿਆਂ ਦੀ ਮੋਹਲਤ, ਸੂਬਾ ਸਰਕਾਰ ਨੇ ਠੁਕਰਾਈ ਮੰਗ


ਸਰੀ, (ਦਿਵਰੂਪ ਕੌਰ): ਸਰੀ ਪੁਲਿਸ ਸਰਵਿਸ (SPS – ਐਸ.ਪੀ.ਐਸ.) ਅਧਿਕਾਰਤ ਤੌਰ ‘ਤੇ ਆਪਣੇ ਅਧਿਕਾਰ ਖੇਤਰ ਦਾ ਵਿਸਥਾਰ ਕਰਨ ਜਾ ਰਹੀ ਹੈ ਅਤੇ ਹੁਣ ਕਲੋਵਰਡੇਲ ਇਲਾਕਾ ਵੀ ਇਸਦੀ ਨਿਗਰਾਨੀ ਹੇਠ ਆਵੇਗਾ। ਐਸ.ਪੀ.ਐਸ. ਵੱਲੋਂ ਇਸ ਇਲਾਕੇ ਨੂੰ “ਡਿਸਟ੍ਰਿਕਟ 4” (District 4) ਦਾ ਨਾਮ ਦਿੱਤਾ ਗਿਆ ਹੈ ਅਤੇ ਉਹ 1 ਅਪ੍ਰੈਲ ਤੋਂ ਇੱਥੋਂ ਦਾ ਅਧਿਕਾਰਤ ਕੰਟਰੋਲ ਆਪਣੇ ਹੱਥਾਂ ਵਿੱਚ ਲੈ ਲੈਣਗੇ। ਉਦੋਂ ਤੱਕ ਕਲੋਵਰਡੇਲ ਦੀ ਸੁਰੱਖਿਆ ਦੀ ਜ਼ਿੰਮੇਵਾਰੀ ਆਰ.ਸੀ.ਐਮ.ਪੀ. ਦੀ ਪ੍ਰੋਵਿੰਸ਼ੀਅਲ ਯੂਨਿਟ ਕੋਲ ਹੀ ਰਹੇਗੀ। ਐਸ.ਪੀ.ਐਸ. ਦੇ ਮੁਖੀ ਨੌਰਮ ਲਿਪਿੰਸਕੀ ਨੇ 18 ਫਰਵਰੀ ਨੂੰ ਪੁਲਿਸ ਤਬਾਦਲੇ ਦੇ ਇਸ ਅਗਲੇ ਪੜਾਅ ਬਾਰੇ ਇੱਕ ਵਿਸਥਾਰਤ ਬਿਆਨ ਜਾਰੀ ਕੀਤਾ ਹੈ। ਹਾਲਾਂਕਿ, ਉਨ੍ਹਾਂ ਨੇ ਸਪੱਸ਼ਟ ਕੀਤਾ ਕਿ ਉਹ ਇਸ ਮੁੱਦੇ ‘ਤੇ ਫਿਲਹਾਲ ਕੋਈ ਹੋਰ ਟਿੱਪਣੀ ਨਹੀਂ ਕਰਨਗੇ ਕਿਉਂਕਿ ਟ੍ਰਾਂਜਿਸ਼ਨ ਨੂੰ ਲੈ ਕੇ ਉੱਚ-ਪੱਧਰੀ ਅਧਿਕਾਰੀਆਂ ਨਾਲ ਚਰਚਾ ਅਜੇ ਵੀ ਜਾਰੀ ਹੈ।
ਆਪਣੇ ਬਿਆਨ ਵਿੱਚ ਚੀਫ ਲਿਪਿੰਸਕੀ ਨੇ ਦੱਸਿਆ ਕਿ ਜਦੋਂ ਤੋਂ ਨਵੰਬਰ 2024 ਵਿੱਚ ਐਸ.ਪੀ.ਐਸ. ਸਰੀ ਦੀ ਅਧਿਕਾਰਤ ਪੁਲਿਸ ਬਣੀ ਹੈ, ਉਨ੍ਹਾਂ ਨੇ “ਲਗਾਤਾਰ ਅਤੇ ਜ਼ਿੰਮੇਵਾਰੀ ਨਾਲ” ਪੂਰੇ ਸ਼ਹਿਰ ਵਿੱਚ ਆਪਣੇ ਕੰਮਕਾਜ ਦਾ ਵਿਸਥਾਰ ਕੀਤਾ ਹੈ। ਪਰ ਉਨ੍ਹਾਂ ਨੇ ਇਹ ਵੀ ਸਵੀਕਾਰ ਕੀਤਾ ਕਿ ਉਹ ਇੰਨੀ ਜਲਦੀ ਕਲੋਵਰਡੇਲ ਦਾ ਕੰਟਰੋਲ ਆਪਣੇ ਹੱਥਾਂ ਵਿੱਚ ਨਹੀਂ ਲੈਣਾ ਚਾਹੁੰਦੇ ਸਨ। ਲਿਪਿੰਸਕੀ ਨੇ ਪਿਛਲੇ ਪੜਾਵਾਂ ਦਾ ਜ਼ਿਕਰ ਕਰਦਿਆਂ ਕਿਹਾ, “ਅਸੀਂ ਆਪਣੀ ਸ਼ੁਰੂਆਤ ਵ੍ਹੈਲੀ/ਸਿਟੀ ਸੈਂਟਰ ਅਤੇ ਨਿਊਟਨ ਤੋਂ ਕੀਤੀ ਸੀ, ਅਤੇ 2025 ਵਿੱਚ ਸਾਊਥ ਸਰੀ ਵਿੱਚ ਪੁਲਿਸਿੰਗ ਦੀਆਂ ਜ਼ਿੰਮੇਵਾਰੀਆਂ ਨੂੰ ਸਫਲਤਾਪੂਰਵਕ ਆਪਣੇ ਹੱਥਾਂ ਵਿੱਚ ਲਿਆ ਸੀ।” ਉਨ੍ਹਾਂ ਦੱਸਿਆ ਕਿ ਪੜਾਅਵਾਰ ਤਬਦੀਲੀ ਯੋਜਨਾ ਦੇ ਹਿੱਸੇ ਵਜੋਂ ਆਰ.ਸੀ.ਐਮ.ਪੀ. ਦੀ ਸਰੀ ਪ੍ਰੋਵਿੰਸ਼ੀਅਲ ਆਪ੍ਰੇਸ਼ਨਸ ਸਪੋਰਟ ਯੂਨਿਟ ਅਜੇ ਵੀ ਗਿਲਡਫੋਰਡ ਅਤੇ ਕਲੋਵਰਡੇਲ ਵਿੱਚ ਸੇਵਾਵਾਂ ਨਿਭਾ ਰਹੀ ਹੈ। ਉਨ੍ਹਾਂ ਦੱਸਿਆ ਕਿ ਅਸਲ ਯੋਜਨਾ ਮੁਤਾਬਕ ਐਸ.ਪੀ.ਐਸ. ਨੇ ਅਪ੍ਰੈਲ 2026 ਵਿੱਚ ਕਲੋਵਰਡੇਲ ਦੇ ਦੱਖਣੀ ਹਿੱਸੇ ਅਤੇ ਜੁਲਾਈ 2026 ਵਿੱਚ ਉੱਤਰੀ ਹਿੱਸੇ ਦਾ ਕੰਟਰੋਲ ਲੈਣਾ ਸੀ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਫਰਵਰੀ 2025 ਵਿੱਚ ਲਿਪਿੰਸਕੀ ਨੇ ਇੱਕ ਸਥਾਨਕ ਅਖਬਾਰ ਨੂੰ ਦੱਸਿਆ ਸੀ ਕਿ ਐਸ.ਪੀ.ਐਸ. 2025 ਦੇ ਅੰਤ ਜਾਂ 2026 ਦੀ ਸ਼ੁਰੂਆਤ ਤੱਕ ਕਲੋਵਰਡੇਲ ਵਿੱਚ ਪੂਰੀ ਤਰ੍ਹਾਂ ਤਾਇਨਾਤ ਹੋ ਜਾਵੇਗੀ।
ਪਰ ਪਿਛਲੇ ਛੇ ਮਹੀਨਿਆਂ ਦੌਰਾਨ ਸ਼ਹਿਰ ਦੇ ਹਾਲਾਤ ਬਦਲ ਗਏ ਹਨ। ਲਿਪਿੰਸਕੀ ਨੇ ਦੱਸਿਆ ਕਿ ਸ਼ਹਿਰ ਵਿੱਚ ਆਏ “ਬੇਮਿਸਾਲ ਜਬਰਨ ਵਸੂਲੀ ਸੰਕਟ” (Unprecedented extortion crisis) ਕਾਰਨ ਉਨ੍ਹਾਂ ਦੀਆਂ ਯੋਜਨਾਵਾਂ ਪ੍ਰਭਾਵਿਤ ਹੋਈਆਂ ਹਨ। ਉਨ੍ਹਾਂ ਸਮਝਾਇਆ ਕਿ ਇਸ ਗੰਭੀਰ ਮੁੱਦੇ ਨਾਲ ਨਜਿੱਠਣਾ ਬਹੁਤ ਗੁੰਝਲਦਾਰ ਹੈ ਅਤੇ ਇਸ ਲਈ ਐਸ.ਪੀ.ਐਸ. ਨੂੰ ਆਪਣੇ 40 ਤੋਂ ਵੱਧ ਪੁਲਿਸ ਅਧਿਕਾਰੀਆਂ ਨੂੰ ਵਿਸ਼ੇਸ਼ ਜਾਂਚ ਟੀਮਾਂ (Specialized investigation teams) ਵਿੱਚ ਤਾਇਨਾਤ ਕਰਨਾ ਪਿਆ ਹੈ। ਅਧਿਕਾਰੀਆਂ ਦੀ ਇਸ ਅਚਾਨਕ ਤਾਇਨਾਤੀ ਨੇ ਪੁਲਿਸ ਤਬਾਦਲੇ ਦੀ ਪ੍ਰਕਿਰਿਆ ਨੂੰ ਪ੍ਰਭਾਵਿਤ ਕੀਤਾ ਹੈ, ਕਿਉਂਕਿ ਕਲੋਵਰਡੇਲ ਦੀ ਸੁਰੱਖਿਆ ਲਈ ਨਵੀਂ ਨਫ਼ਰੀ ਦੀ ਲੋੜ ਹੈ।
ਅੰਕੜੇ ਪੇਸ਼ ਕਰਦਿਆਂ ਮੁਖੀ ਨੇ ਦੱਸਿਆ, “ਕੁੱਲ ਮਿਲਾ ਕੇ, ਐਸ.ਪੀ.ਐਸ. ਨੂੰ ਕਲੋਵਰਡੇਲ ਵਿੱਚ ਪੁਲਿਸ ਸੇਵਾਵਾਂ ਦੇਣ ਲਈ ਲਗਭਗ 70 ਪੁਲਿਸ ਅਧਿਕਾਰੀਆਂ ਦੀ ਲੋੜ ਹੈ।” ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਟ੍ਰਾਂਜਿਸ਼ਨ ਦਾ ਹਰ ਪੜਾਅ ਸੰਚਾਲਨ ਡੇਟਾ ਅਤੇ ਨਵੇਂ ਰੰਗਰੂਟਾਂ ਤੇ ਤਜਰਬੇਕਾਰ ਅਧਿਕਾਰੀਆਂ ਦੀ ਭਰਤੀ ਦੇ ਅਨੁਮਾਨਾਂ ‘ਤੇ ਅਧਾਰਿਤ ਹੁੰਦਾ ਹੈ, ਤਾਂ ਜੋ ਪਹਿਲੇ ਦਿਨ ਤੋਂ ਹੀ ਲੋਕਾਂ ਦੀਆਂ ਉਮੀਦਾਂ ‘ਤੇ ਖਰਾ ਉਤਰਿਆ ਜਾ ਸਕੇ। ਜਬਰਨ ਵਸੂਲੀ ਦੇ ਮੌਜੂਦਾ ਸੰਕਟ ਨੂੰ ਦੇਖਦਿਆਂ, ਐਸ.ਪੀ.ਐਸ. ਨੇ ਸੂਬਾ ਸਰਕਾਰ ਨੂੰ ਬੇਨਤੀ ਕੀਤੀ ਸੀ ਕਿ ਕਲੋਵਰਡੇਲ ਦੀ ਟ੍ਰਾਂਜਿਸ਼ਨ ਲਈ ਨਵੀਂ ਸਮਾਂ-ਸੀਮਾ (Revised timeline) ਤੈਅ ਕੀਤੀ ਜਾਵੇ। ਇਸ ਨਾਲ ਪੁਲਿਸ ਨੂੰ ਸ਼ਹਿਰ ਵਿੱਚ ਜਬਰਨ ਵਸੂਲੀ ਦੇ ਮਾਮਲਿਆਂ ਨਾਲ ਨਜਿੱਠਣ ਲਈ ਪੂਰਾ ਸਮਾਂ ਅਤੇ ਢੁਕਵੀਂ ਨਫ਼ਰੀ ਮਿਲ ਸਕਦੀ ਸੀ। ਲਿਪਿੰਸਕੀ ਨੇ ਖੁਲਾਸਾ ਕੀਤਾ ਕਿ ਉਨ੍ਹਾਂ ਦਾ ਪ੍ਰਸਤਾਵ ਕਲੋਵਰਡੇਲ ਟ੍ਰਾਂਜਿਸ਼ਨ ਨੂੰ ਲਗਭਗ ਚਾਰ ਮਹੀਨਿਆਂ ਲਈ ਟਾਲਣ ਦਾ ਸੀ। ਇਹ ਪ੍ਰਸਤਾਵ ਬੀ.ਸੀ. ਸਰਕਾਰ ਨੂੰ ਵੱਖ-ਵੱਖ ਮੀਟਿੰਗਾਂ, ਵਿਸਥਾਰਤ ਬ੍ਰੀਫਿੰਗਾਂ ਅਤੇ ਰਸਮੀ ਪੱਤਰ ਵਿਹਾਰ ਰਾਹੀਂ ਪੇਸ਼ ਕੀਤਾ ਗਿਆ ਸੀ। ਪਰ ਸੂਬਾ ਸਰਕਾਰ ਨੇ ਇਸ ਪ੍ਰਸਤਾਵ ਨੂੰ ਮਨਜ਼ੂਰ ਨਹੀਂ ਕੀਤਾ। ਲਿਪਿੰਸਕੀ ਨੇ ਦੱਸਿਆ, “ਮੈਨੂੰ ਪੁਲਿਸਿੰਗ ਅਤੇ ਲਾਅ ਇਨਫੋਰਸਮੈਂਟ ਸਰਵਿਸਿਜ਼ ਦੇ ਡਾਇਰੈਕਟਰ ਦੁਆਰਾ ਸੂਚਿਤ ਕੀਤਾ ਗਿਆ ਹੈ ਕਿ ਐਸ.ਪੀ.ਐਸ. ਨੂੰ 1 ਅਪ੍ਰੈਲ ਨੂੰ ਪੂਰੇ ਕਲੋਵਰਡੇਲ ਦੀ ਜ਼ਿੰਮੇਵਾਰੀ ਸੰਭਾਲਣ ਦੇ ਨਿਰਦੇਸ਼ ਦਿੱਤੇ ਗਏ ਹਨ।” ਇਸ ਫੈਸਲੇ ਤੋਂ ਸਪੱਸ਼ਟ ਹੈ ਕਿ ਸੂਬਾ ਸਰਕਾਰ ਪੁਲਿਸ ਤਬਾਦਲੇ ਦੀ ਪ੍ਰਕਿਰਿਆ ਵਿੱਚ ਕੋਈ ਹੋਰ ਦੇਰੀ ਬਰਦਾਸ਼ਤ ਕਰਨ ਦੇ ਮੂਡ ਵਿੱਚ ਨਹੀਂ ਹੈ।
ਆਪਣੀ ਅਗਲੀ ਰਣਨੀਤੀ ਬਾਰੇ ਬੋਲਦਿਆਂ ਲਿਪਿੰਸਕੀ ਨੇ ਕਿਹਾ ਕਿ ਉਨ੍ਹਾਂ ਦੀ ਮੁੱਢਲੀ ਜ਼ਿੰਮੇਵਾਰੀ ਇਹ ਯਕੀਨੀ ਬਣਾਉਣਾ ਹੈ ਕਿ ਉਨ੍ਹਾਂ ਕੋਲ ਸ਼ਹਿਰ ਦੀਆਂ ਪੁਲਿਸਿੰਗ ਜ਼ਰੂਰਤਾਂ ਨੂੰ ਪੂਰਾ ਕਰਨ ਲਈ ਲੋੜੀਂਦੇ ਅਧਿਕਾਰੀ ਹੋਣ, ਤਾਂ ਜੋ ਜਨਤਕ ਸੁਰੱਖਿਆ ਨੂੰ ਬਰਕਰਾਰ ਰੱਖਿਆ ਜਾ ਸਕੇ ਅਤੇ ਜਬਰਨ ਵਸੂਲੀ ਦੇ ਸੰਕਟ ਦਾ ਮੂੰਹ-ਤੋੜ ਜਵਾਬ ਦਿੱਤਾ ਜਾ ਸਕੇ। ਉਨ੍ਹਾਂ ਨੇ ਭਰੋਸਾ ਦਿਵਾਇਆ ਕਿ ਇਸ ਮੁੱਦੇ ‘ਤੇ ਸੂਬਾ ਸਰਕਾਰ, ਸਰੀ ਪੁਲਿਸ ਬੋਰਡ, ਪੁਲਿਸ ਯੂਨੀਅਨਾਂ ਅਤੇ ਕਾਨੂੰਨੀ ਸਲਾਹਕਾਰਾਂ ਨਾਲ ਉਨ੍ਹਾਂ ਦੀ ਗੱਲਬਾਤ ਲਗਾਤਾਰ ਜਾਰੀ ਹੈ। ਲਿਪਿੰਸਕੀ ਨੇ ਕਿਹਾ ਕਿ ਜਿਵੇਂ ਹੀ ਇਹ ਚਰਚਾਵਾਂ ਖਤਮ ਹੋਣਗੀਆਂ, ਉਹ ਜਨਤਾ ਨੂੰ ਅਪਡੇਟ ਦੇਣਗੇ। This report was written by Divroop Kaur as part of the Local Journalism Initiative.

Share post:

Popular