Wednesday, April 15, 2026

ਜੀਵਨ ਜਿਊਣ ਲਈ 6 ਸੁਨਹਿਰੀ ਨੁਕਤੇ

 

ਇਸ ਦੁਨੀਆ ਵਿਚ ਕੌਣ ਹੈ ਜੋ ਲੰਮੀ ਉਮਰ ਤੱਕ ਨਹੀਂ ਜਿਊਣਾ ਚਾਹੁੰਦਾ? ਜੀ ਹਾਂ, ਇਸ ਤਰ੍ਹਾਂ ਦਾ ਕੋਈ ਵੀ ਨਹੀਂ ਹੈ। ਜੋ ਲੋਕ ਕਿਸੇ ਵਜ੍ਹਾ ਕਰਕੇ ਜੀਵਨ ਤੋਂ ਅੱਕੇ ਹੋਏ ਹੁੰਦੇ ਹਨ ਅਤੇ ਖ਼ੁਦਕੁਸ਼ੀ ਕਰ ਲੈਂਦੇ ਹਨ ਜਾਂ ਕਿਸੇ ਢੰਗ ਨਾਲ ਆਪਣੇ ਜੀਵਨ ਨੂੰ ਖ਼ਤਮ ਕਰ ਲੈਂਦੇ ਹਨ, ਉਨ੍ਹਾਂ ਨੂੰ ਵੀ ਜੇਕਰ ਜੀਵਨ ਨੂੰ ਖ਼ਤਮ ਕਰਨ ਸਮੇਂ ਦੋ ਚਾਰ ਪਲਾਂ ਦੀ ਵੀ ਮੋਹਲਤ ਮਿਲ ਜਾਵੇ ਅਤੇ ਉਸ ਸਮੇਂ ਉਹ ਆਪਣੇ ਆਪ ਨੂੰ ਖ਼ਤਮ ਨਾ ਕਰ ਸਕਣ ਤਾਂ ਫਿਰ ਇਸ ਤਰ੍ਹਾਂ ਦੇ ਲੋਕ ਸ਼ਾਇਦ ਹੀ ਕਦੀ ਦੁਬਾਰਾ ਮਰਨ ਦੀ ਸੋਚਣ। …ਅਤੇ ਸੋਚਣ ਵੀ ਕਿਉਂ? ਆਖ਼ਿਰ ਜਦੋਂ ਕੋਈ ਵਿਅਕਤੀ ਜਨਮ ਲੈਂਦਾ ਹੈ ਤਾਂ ਉਸ ਦਾ ਜਨਮ ਹੁੰਦਾ ਹੀ ਜਿਊਣ ਲਈ ਹੈ। ਇਹੀ ਵਜ੍ਹਾ ਹੈ ਕਿ ਹਜ਼ਾਰਾਂ ਸਾਲਾਂ ਤੋਂ ਇਨਸਾਨ ਇਸ ਤਰ੍ਹਾਂ ਦੀਆਂ ਤਰਕੀਬਾਂ ਲੱਭਦਾ ਰਿਹਾ ਹੈ, ਜਿਨ੍ਹਾਂ ਨਾਲ ਕਿ ਉਹ ਜ਼ਿਆਦਾ ਤੋਂ ਜ਼ਿਆਦਾ ਸਮੇਂ ਤੱਕ ਜੀਅ ਸਕੇ। ਹਾਲਾਂਕਿ ਹਾਲੇ ਤੱਕ ਇਸ ਤਰ੍ਹਾਂ ਦਾ ਕੋਈ ਠੋਸ ਫਾਰਮੂਲਾ ਤਾਂ ਨਹੀਂ ਮਿਲਿਆ, ਜੋ ਸੌ ਫ਼ੀਸਦੀ ਤੁਹਾਡੀ ਉਮਰ ਵਧਾ ਦੇਵੇ, ਪਰ ਪੂਰੀ ਦੁਨੀਆ ਦੇ ਸਿਹਤ ਮਾਹਰ ਇਸ ਤਰ੍ਹਾਂ ਦੇ ਕਈ ਫਾਰਮੂਲੇ ਸਮਝਾਉਂਦੇ ਹਨ, ਜਿਨ੍ਹਾਂ ‘ਤੇ ਅਮਲ ਕਰ ਕੇ ਅਸੀਂ ਆਮ ਲੋਕਾਂ ਦੇ ਮੁਕਾਬਲੇ ਜ਼ਿਆਦਾ ਸਮੇਂ ਤੱਕ ਜੀਅ ਸਕਦੇ ਹਾਂ। ਆਓ, ਜਾਣੀਏ ਦੁਨੀਆ ਦੀਆਂ ਵੱਖ-ਵੱਖ ਸੰਸਥਾਵਾਂ ਦੇ ਮਾਹਰਾਂ ਵਲੋਂ ਲੱਭੇ ਗਏ ਇਸ ਤਰ੍ਹਾਂ ਦੇ 6 ਨੁਕਤੇ ਜੋ ਜ਼ਿਆਦਾ ਜਿਊਣ ਦੇ ਸੁਨਹਿਰੀ ਨੁਕਤੇ ਹਨ।
ਜ਼ਰੂਰਤ ਤੋਂ ਜ਼ਿਆਦਾ ਸੌਣ ਤੋਂ ਬਚੋ
ਭਾਵੇਂ ਸੌਣ ਨੂੰ ਸਿਹਤ ਦੇ ਮਾਮਲੇ ਵਿਚ ‘ਸੋਨਾ’ ਜਾਂ ‘ਗੋਲਡ’ ਤੋਂ ਵੀ ਜ਼ਿਆਦਾ ਮੁੱਲਵਾਨ ਸਮਝਿਆ ਜਾਂਦਾ ਹੈ, ਪਰ ਅਧਿਐਨਾਂ ਤੋਂ ਇਹ ਗੱਲ ਸਾਫ਼ ਹੋਈ ਹੈ ਕਿ ਸਰੀਰਕ ਜ਼ਰੂਰਤ ਤੋਂ ਜ਼ਿਆਦਾ ਸੌਣਾ ਸਾਡੀ ਉਮਰ ਘੱਟ ਕਰ ਦਿੰਦਾ ਹੈ। ਅਧਿਐਨ ਅਨੁਸਾਰ ਜੋ ਲੋਕ ਦਿਨ ਵਿਚ ਅੱਠ ਘੰਟੇ ਤੋਂ ਜ਼ਿਆਾਦ ਸੌਂਦੇ ਹਨ, ਉਨ੍ਹਾਂ ਵਿਚ ਮੌਤ ਦਰ ਉਨ੍ਹਾਂ ਲੋਕਾਂ ਤੋਂ ਜ਼ਿਆਦਾ ਪਾਈ ਜਾਂਦੀ ਹੈ, ਜੋ ਇਸ ਤੋਂ ਘੱਟ ਸੌਂਦੇ ਹਨ।
ਤਨ ਅਤੇ ਮਨ ਦੋਵਾਂ ਨੂੰ ਕਰੋ ਖ਼ੂਬ ਪਿਆਰ
ਜ਼ਿਆਦਾ ਜਿਊਣ ਲਈ ਸਾਨੂੰ ਦਿਮਾਗ਼ੀ ਤੌਰ ‘ਤੇ ਸ਼ਾਂਤ ਰਹਿਣ ਦੀ ਜ਼ਰੂਰਤ ਹੁੰਦੀ ਹੈ। ਸਵਾਲ ਹੈ ਕਿ ਸਭ ਤੋਂ ਜ਼ਿਆਦਾ ਸ਼ਾਂਤੀ ਕਿਸ ਤਰ੍ਹਾਂ ਮਿਲਦੀ ਹੈ? ਇਸ ਦਾ ਜਵਾਬ ਦੌਲਤ ਨਹੀਂ ਹੈ, ਸ਼ੋਹਰਤ ਵੀ ਨਹੀਂ ਹੈ। ਇਸ ਦਾ ਜਵਾਬ ਹੈ ਮਿੱਠੇ ਰਿਸ਼ਤੇ। ਜਿੰਨਾ ਜ਼ਿਆਦਾ ਮਿੱਠੇ ਰਿਸ਼ਤੇ ਓਨਾ ਹੀ ਸ਼ਾਂਤ ਮਹਿਸੂਸ ਕਰੋਗੇ, ਓਨਾ ਹੀ ਘੱਟ ਤਣਾਅਗ੍ਰਸਤ ਹੋਵੋਗੇ। ਇਸ ਲਈ ਸਿਹਤ ਮਾਹਰ ਕਹਿੰਦੇ ਹਨ ਕਿ ਲੰਮੇ ਸਮੇਂ ਤੱਕ ਜਿਊਣਾ ਹੈ ਅਤੇ ਸਿਹਤਮੰਦ ਰਹਿਣਾ ਹੈ ਤਾਂ ਸਿਰਫ਼ ਜੀਵਨ ਵਿਚ ਲੰਮੇ ਸਮੇਂ ਤੱਕ ਮਿੱਠੇ ਰਿਸ਼ਤੇ ਬਣਾਓ।
ਸਾਕਾਰਾਤਮਿਕ ਸੋਚ
ਭਲਾ ਕੌਣ ਇਸ ਤਰ੍ਹਾਂ ਦਾ ਹੈ ਦੁਨੀਆ ਵਿਚ ਜਿਸ ਦੀਆਂ ਸਾਰੀਆਂ ਇੱਛਾਵਾਂ ਪੂਰੀਆਂ ਹੋ ਗਈਆਂ ਹੋਣ। ਇਸ ਲਈ ਮਨੋਵਿਗਿਆਨਕ ਹੀ ਨਹੀਂ ਹੁਣ ਸਰੀਰ ਵਿਗਿਆਨੀ ਵੀ ਇਸ ਗੱਲ ਨਾਲ ਸਹਿਮਤ ਹਨ ਕਿ ਜੀਵਨ ਪ੍ਰਤੀ ਆਸਵੰਦ ਲੋਕ ਉਨ੍ਹਾਂ ਲੋਕਾਂ ਦੇ ਮੁਕਾਬਲੇ ਜ਼ਿਆਦਾ ਜਿਊਂਦੇ ਹਨ, ਜੋ ਨਕਾਰਾਤਮਕਤਾ ਨਾਲ ਭਰੇ ਹੁੰਦੇ ਹਨ। ਜੀਵਨ ਪ੍ਰਤੀ ਜਿੰਨਾ ਸਾਕਾਰਾਤਮਿਕ ਦ੍ਰਿਸ਼ਟੀਕੋਣ ਹੋਵੇਗਾ, ਰੋਜ਼ਮਰ੍ਹਾ ਦੀ ਜ਼ਿੰਦਗੀ ਵਿਚ ਓਨਾ ਹੀ ਘੱਟ ਤਣਾਅ ਹੋਵੇਗਾ। ਸਿਰਫ਼ ਤਣਾਅ ਹੀ ਘੱਟ ਨਹੀਂ ਹੋਵੇਗਾ ਸਗੋਂ ਆਸਵੰਦ ਲੋਕ ਮੁਸੀਬਤ ਸਮੇਂ ਵੀ ਚੰਗੇ ਢੰਗ ਨਾਲ ਨਿਕਲਣਾ ਜਾਣਦੇ ਹਨ, ਇਸ ਲਈ ਉਹ ਜ਼ਿਆਦਾ ਸਮੇਂ ਤੱਕ ਜਿਊਂਦੇ ਹਨ।
ਪੈਸਾ ਬਹੁਤ ਕੁਝ ਹੈ
ਤੁਸੀਂ ਇਹ ਜੁਮਲਾ ਤਾਂ ਜ਼ਰੂਰ ਸੁਣਿਆ ਹੋਵੇਗਾ ਕਿ ਪੈਸਾ ਭਾਵੇਂ ਖੁਦਾ ਨਹੀਂ ਹੈ ਪਰ ਖੁਦਾ ਤੋਂ ਘੱਟ ਵੀ ਨਹੀਂ ਹੈ। ਯਕੀਨ ਮੰਨੋ ਇਹ ਗੱਲ ਬਿਲਕੁਲ ਸਹੀ ਹੈ। ਪੈਸਾ ਨਾ ਹੋਣ ‘ਤੇ ਤੁਹਾਡੀ ਕਿੰਨੀ ਵੀ ਚੰਗੀ ਸੋਚ ਕਿਉਂ ਨਾ ਹੋਵੇ, ਸਭ ਬੇਕਾਰ ਹੈ। ਪੈਸਾ ਨਾ ਹੋਵੇ ਤਾਂ ਚੰਗੇ ਤੋਂ ਚੰਗੇ ਸਿਹਤਮੰਦ ਵਿਅਕਤੀ ਦੀ ਸਿਹਤ ਵੀ ਵਿਗੜ ਜਾਂਦੀ ਹੈ। ਇਸ ਲਈ ਲੰਮੇ ਸਮੇਂ ਤੱਕ ਜਿਊਣ ਅਤੇ ਖ਼ੁਸ਼ ਰਹਿਣ ਲਈ ਪੈਸਾ ਕਮਾਓ। ਪੈਸਾ ਹੋਵੇਗਾ ਤਾਂ ਜ਼ਿਆਦਾ ਵੀ ਜਿਊਗੇ ਅਤੇ ਸਿਹਤਮੰਦ ਵੀ ਰਹੋਗੇ।
ਧੀਰਜ ਰੱਖੋ

ਇਕ ਅਧਿਐਨ ਅਨੁਸਾਰ ਜਿਨ੍ਹਾਂ ਵਿਅਕਤੀਆਂ ਵਿਚ ਤਣਾਅ ਪ੍ਰਤੀਕਿਰਿਆ ਦੇ ਤੌਰ ‘ਤੇ ਗੁੱਸੇ ਦਾ ਪੱਧਰ ਜ਼ਿਆਦਾ ਹੁੰਦਾ ਹੈ, ਉਨ੍ਹਾਂ ਨੂੰ ਸਮੇਂ ਤੋਂ ਪਹਿਲਾਂ ਦਿਲ ਦੀਆਂ ਬਿਮਾਰੀਆਂ ਦਾ ਖ਼ਤਰਾ ਤਿੰਨ ਗੁਣਾ ਜ਼ਿਆਦਾ ਹੁੰਦਾ ਹੈ, ਉਨ੍ਹਾਂ ਲੋਕਾਂ ਦੇ ਮੁਕਾਬਲੇ ਜੋ ਗੁੱਸਾ ਨਹੀਂ ਕਰਦੇ। ਇਸ ਲਈ ਗੁੱਸਾ ਕਰਨ ਤੋਂ ਬਚੋ ਤੇ ਸ਼ਾਂਤ ਰਹੋ।
ਜਾਨਵਰਾਂ ਨਾਲ ਪਿਆਰ ਕਰੋ
ਇਹ ਗੱਲ ਵੀ ਅਨੇਕਾਂ ਖੋਜ ਅਧਿਐਨਾਂ ਤੋਂ ਸਾਬਤ ਹੋ ਚੁੱਕੀ ਹੈ ਕਿ ਜੋ ਲੋਕ ਕੁੱਤਾ ਜਾਂ ਬਿੱਲੀ ਪਾਲਦੇ ਹਨ, ਉਹ ਲੋਕ ਉਨ੍ਹਾਂ ਲੋਕਾਂ ਦੇ ਮੁਕਾਬਲੇ ਦੋ ਗੁਣਾ ਜ਼ਿਆਦਾ ਖ਼ੁਸ਼ ਰਹਿੰਦੇ ਹਨ, ਜੋ ਕੋਈ ਜਾਨਵਰ ਨਹੀਂ ਪਾਲਦੇ। ਵੱਖ-ਵੱਖ ਖੋਜਾਂ ਤੋਂ ਇਹ ਵੀ ਸਾਹਮਣੇ ਆਇਆ ਹੈ ਕਿ ਜੋ ਲੋਕ ਲਗਾਤਾਰ ਕਿਸੇ ਕੁੱਤੇ ਜਾਂ ਬਿੱਲੀ ਨੂੰ ਪਿਆਰ ਕਰਦੇ ਹਨ, ਉਹ ਨਾ ਸਿਰਫ਼ ਖ਼ੁਸ਼ ਰਹਿੰਦੇ ਹਨ ਸਗੋਂ ਜਿਊਂਦੇ ਵੀ ਜ਼ਿਆਦਾ ਹਨ। ਕਿਉਂਕਿ ਉਨ੍ਹਾਂ ਦੇ ਦਿਲ ਦੇ ਦੌਰੇ ਦਾ ਖ਼ਤਰਾ ਸਧਾਰਨ ਦੇ ਮੁਕਾਬਲੇ ਦੋ ਤੋਂ ਢਾਈ ਗੁਣਾ ਘਟ ਹੁੰਦਾ ਹੈ। ਇਸ ਤਰ੍ਹਾਂ ਅਸੀਂ ਦੇਖੀਏ ਤਾਂ ਭਾਵੇਂ ਹਾਲੇ ਇਨਸਾਨ ਦੇ ਕੋਲ ਅਮਰ ਹੋਣ ਜਾਂ ਜ਼ਿਆਦਾ ਜਿਊਣ ਦਾ ਕੋਈ ਠੋਸ ਨੁਸਖਾ ਨਾ ਹੋਵੇ, ਪਰ ਜੇਕਰ ਅਸੀਂ ਚਾਹੀਏ ਤਾਂ ਆਪਣੇ ਪੂਰੇ ਜੀਵਨ ਦੀ ਬਦੌਲਤ ਆਪਣੀ ਉਮਰ ਵਧਾ ਸਕਦੇ ਹਾਂ। ਲੱਖਾਂ ਨਹੀਂ ਕਰੋੜਾਂ ਲੋਕਾਂ ਨੇ ਇਸ ਤਰ੍ਹਾਂ ਕੀਤਾ ਹੈ, ਕਰ ਰਹੇ ਹਨ ਅਤੇ ਉਦੋਂ ਤੱਕ ਕਰਨਗੇ ਜਦੋਂ ਤੱਕ ਕਿ ਅਮਰ ਹੋਣ ਦਾ ਕੋਈ ਜਾਂਚਿਆ ਪਰਖਿਆ ਫਾਰਮੂਲਾ ਨਹੀਂ ਮਿਲ ਜਾਂਦਾ।

Popular