Wednesday, March 11, 2026

ਜੌਨ ਰਸਟਡ ਨੇ ਲੀਡਰਸ਼ਿਪ ਦੀ ਦੌੜ ਤੋਂ ਪਿੱਛੇ ਹਟਣ ਦਾ ਕੀਤਾ ਐਲਾਨ

ਕੰਜ਼ਰਵੇਟਿਵ ਪਾਰਟੀ ਦੀ ਕਮਾਨ ਮੁੜ ਸੰਭਾਲਣ ਤੋਂ ਜੌਨ ਰਸਟਡ ਦੀ ਨਾਂਹ, 30 ਮਈ ਨੂੰ 115,000 ਡਾਲਰ ਦੀ ਫੀਸ ਨਾਲ ਚੁਣਿਆ ਜਾਵੇਗਾ ਨਵਾਂ ਆਗੂ

ਸਰੀ, (ਦਿਵਰੂਪ ਕੌਰ): ਬ੍ਰਿਟਿਸ਼ ਕੋਲੰਬੀਆ (ਬੀ.ਸੀ.) ਦੀ ਸਿਆਸਤ ਵਿੱਚ ਉਸ ਸਮੇਂ ਇੱਕ ਅਹਿਮ ਮੋੜ ਆਇਆ ਜਦੋਂ ਨਿਚੈਕੋ ਲੇਕਸ (Nechako Lakes) ਤੋਂ ਵਿਧਾਇਕ (MLA) ਅਤੇ ਬੀ.ਸੀ. ਕੰਜ਼ਰਵੇਟਿਵ ਪਾਰਟੀ ਦੇ ਸਾਬਕਾ ਨੇਤਾ ਜੌਨ ਰਸਟਡ (John Rustad) ਨੇ ਸਪੱਸ਼ਟ ਕਰ ਦਿੱਤਾ ਕਿ ਉਹ ਪਾਰਟੀ ਲੀਡਰਸ਼ਿਪ ਲਈ ਮੁੜ ਚੋਣ ਨਹੀਂ ਲੜਨਗੇ। ਐਤਵਾਰ, 15 ਫਰਵਰੀ ਨੂੰ ਸੋਸ਼ਲ ਮੀਡੀਆ ਪਲੇਟਫਾਰਮ ਫੇਸਬੁੱਕ ‘ਤੇ ਪਾਈ ਗਈ ਇੱਕ ਵਿਸਥਾਰਤ ਪੋਸਟ ਵਿੱਚ ਉਨ੍ਹਾਂ ਨੇ ਆਪਣੇ ਇਸ ਫੈਸਲੇ ਦਾ ਐਲਾਨ ਕੀਤਾ। ਰਸਟਡ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਇਹ ਫੈਸਲਾ ਬਹੁਤ ਡੂੰਘੇ ਸੋਚ-ਵਿਚਾਰ ਤੋਂ ਬਾਅਦ ਲਿਆ ਹੈ ਤਾਂ ਜੋ ਪਾਰਟੀ ਅੰਦਰ ਕਿਸੇ ਵੀ ਤਰ੍ਹਾਂ ਦੀ ਧੜੇਬੰਦੀ ਨੂੰ ਰੋਕਿਆ ਜਾ ਸਕੇ ਅਤੇ ਪਾਰਟੀ ਆਉਣ ਵਾਲੀਆਂ ਚੋਣਾਂ ਵਿੱਚ ਸੂਬੇ ਦੀ ਸੱਤਾਧਾਰੀ ਐਨ.ਡੀ.ਪੀ. (NDP) ਸਰਕਾਰ ਦਾ ਡਟ ਕੇ ਮੁਕਾਬਲਾ ਕਰ ਸਕੇ।
ਆਪਣੀ ਫੇਸਬੁੱਕ ਪੋਸਟ ਵਿੱਚ ਆਪਣਾ ਪੱਖ ਰੱਖਦਿਆਂ ਰਸਟਡ ਨੇ ਲਿਖਿਆ ਕਿ ਉਨ੍ਹਾਂ ਦਾ ਇਹ ਫੈਸਲਾ ਇਸ ਮੌਜੂਦਾ ਸਮੇਂ ਦੀ ਅਹਿਮੀਅਤ ਨੂੰ ਘੱਟ ਕਰਕੇ ਨਹੀਂ ਦੇਖਦਾ, ਸਗੋਂ ਇਹ ਮੌਜੂਦਾ ਹਾਲਾਤਾਂ ਦੀ ਨਜ਼ਾਕਤ ਨੂੰ ਸਮਝਦੇ ਹੋਏ ਹੀ ਲਿਆ ਗਿਆ ਹੈ। ਉਨ੍ਹਾਂ ਲਿਖਿਆ ਕਿ ਬ੍ਰਿਟਿਸ਼ ਕੋਲੰਬੀਆ ਨੂੰ ਅੱਜ ਇੱਕ ਅਜਿਹੀ ਕੰਜ਼ਰਵੇਟਿਵ ਪਾਰਟੀ ਦੀ ਲੋੜ ਹੈ ਜੋ ਪੂਰੀ ਤਰ੍ਹਾਂ ਇਕਜੁੱਟ ਹੋਵੇ, ਆਪਣੇ ਟੀਚੇ ‘ਤੇ ਕੇਂਦਰਿਤ ਹੋਵੇ ਅਤੇ ਸਰਕਾਰ ਬਣਾਉਣ ਲਈ ਤਿਆਰ ਹੋਵੇ। ਉਨ੍ਹਾਂ ਸਪੱਸ਼ਟ ਕੀਤਾ ਕਿ ਉਹ ਆਪਣੀ ਪਾਰਟੀ ਅਤੇ ਅੰਤ ਵਿੱਚ ਇਸ ਸੂਬੇ ਲਈ ਸਭ ਤੋਂ ਵਧੀਆ ਕੰਮ ਇਹੀ ਕਰ ਸਕਦੇ ਹਨ ਕਿ ਉਹ ਅਗਲੇ ਨੇਤਾ ਦਾ ਸਮਰਥਨ ਕਰਨ। ਉਹ ਇਹ ਯਕੀਨੀ ਬਣਾਉਣਾ ਚਾਹੁੰਦੇ ਹਨ ਕਿ ਕੰਜ਼ਰਵੇਟਿਵ ਪਾਰਟੀ ਇਸ ਚੋਣ ਪ੍ਰਕਿਰਿਆ ਵਿੱਚੋਂ ਵੰਡੀ ਹੋਈ ਨਹੀਂ, ਸਗੋਂ ਹੋਰ ਵੀ ਮਜ਼ਬੂਤ ਹੋ ਕੇ ਬਾਹਰ ਆਵੇ। ਜ਼ਿਕਰਯੋਗ ਹੈ ਕਿ ਜੌਨ ਰਸਟਡ ਨੇ ਦਸੰਬਰ 2025 ਵਿੱਚ ਪਾਰਟੀ ਲੀਡਰਸ਼ਿਪ ਤੋਂ ਅਸਤੀਫਾ ਦੇ ਦਿੱਤਾ ਸੀ। ਉਨ੍ਹਾਂ ਦਾ ਅਸਤੀਫਾ ਇੱਕ ਬਹੁਤ ਹੀ ਉਥਲ-ਪੁਥਲ ਵਾਲੇ ਪਤਝੜ ਸੈਸ਼ਨ (Fall session) ਤੋਂ ਬਾਅਦ ਆਇਆ ਸੀ, ਜਿਸ ਦੌਰਾਨ ਪਾਰਟੀ ਦੇ ਬੋਰਡ ਅਤੇ ਕਾਕਸ ਨੇ ਉਨ੍ਹਾਂ ਨੂੰ ਅਹੁਦੇ ਤੋਂ ਹਟਾਉਣ ਲਈ ਵੋਟਿੰਗ ਕੀਤੀ ਸੀ। ਉਨ੍ਹਾਂ ਦੀ ਲੀਡਰਸ਼ਿਪ ਦੇ ਦੌਰਾਨ ਪਾਰਟੀ ਅੰਦਰ ਕਾਫੀ ਖਿੱਚੋਤਾਣ ਦੇਖਣ ਨੂੰ ਮਿਲੀ ਸੀ, ਜਿਸਦੇ ਨਤੀਜੇ ਵਜੋਂ ਪੰਜ ਵਿਧਾਇਕਾਂ (MLAs) ਨੂੰ ਜਾਂ ਤਾਂ ਕੰਜ਼ਰਵੇਟਿਵ ਕਾਕਸ ਵਿੱਚੋਂ ਕੱਢ ਦਿੱਤਾ ਗਿਆ ਸੀ ਜਾਂ ਫਿਰ ਉਨ੍ਹਾਂ ਨੇ ਖੁਦ ਅਸਤੀਫਾ ਦੇ ਦਿੱਤਾ ਸੀ। ਇਸ ਪਿਛੋਕੜ ਦੇ ਬਾਵਜੂਦ, ਰਸਟਡ ਨੇ ਹਾਲ ਹੀ ਵਿੱਚ ਲੀਡਰਸ਼ਿਪ ਚੋਣ ਲੜਨ ਲਈ ਨਾਮਜ਼ਦਗੀ ਪੱਤਰ ਪ੍ਰਾਪਤ ਕੀਤੇ ਸਨ। ਉਨ੍ਹਾਂ ਨੇ ਦੱਸਿਆ ਸੀ ਕਿ ਉਨ੍ਹਾਂ ਦੀ ਪਤਨੀ ਸਮੇਤ ਬਹੁਤ ਸਾਰੇ ਸਮਰਥਕ ਉਨ੍ਹਾਂ ਨੂੰ ਇੱਕ ਵਾਰ ਫਿਰ ਲੀਡਰਸ਼ਿਪ ਦੀ ਦੌੜ ਵਿੱਚ ਸ਼ਾਮਲ ਹੋਣ ਲਈ ਜ਼ੋਰ ਪਾ ਰਹੇ ਸਨ, ਜਿਸ ਕਾਰਨ ਉਨ੍ਹਾਂ ਨੇ ਇਸ ਬਾਰੇ ਗੰਭੀਰਤਾ ਨਾਲ ਵਿਚਾਰ ਕੀਤਾ ਸੀ।
ਆਪਣਾ ਮਨ ਬਦਲਣ ਅਤੇ ਚੋਣ ਨਾ ਲੜਨ ਦੇ ਫੈਸਲੇ ਤੋਂ ਪਹਿਲਾਂ, ਰਸਟਡ ਨੇ ਆਪਣੀ ਸੰਭਾਵਿਤ ਚੋਣ ਮੁਹਿੰਮ ਨੂੰ ਆਰਥਿਕ ਮੁੱਦਿਆਂ ‘ਤੇ ਕੇਂਦਰਿਤ ਕਰਨ ਦੀ ਯੋਜਨਾ ਬਣਾਈ ਸੀ। ਉਨ੍ਹਾਂ ਦਾ ਮੁੱਖ ਧਿਆਨ ਸੂਬੇ ਵਿੱਚ ਚੱਲ ਰਹੇ ਮਹਿੰਗਾਈ ਦੇ ਸੰਕਟ ਅਤੇ ਜੰਗਲਾਤ ਸਨਅਤ ਦੇ ਪਤਨ ਵੱਲ ਸੀ, ਜੋ ਕਿ ਬੀ.ਸੀ. ਦੀ ਆਰਥਿਕਤਾ ਦਾ ਇੱਕ ਅਹਿਮ ਥੰਮ੍ਹ ਰਿਹਾ ਹੈ। ਉਨ੍ਹਾਂ ਨੇ ਆਪਣੇ ਇਨ੍ਹਾਂ ਆਰਥਿਕ ਮੁੱਦਿਆਂ ਦੀ ਤੁਲਨਾ ਪਾਰਟੀ ਦੇ ਅੰਦਰ ਕੁਝ ਲੋਕਾਂ ਵੱਲੋਂ ਉਠਾਏ ਜਾ ਰਹੇ ਭਖਦੇ ਸਮਾਜਿਕ ਮੁੱਦਿਆਂ ਨਾਲ ਕੀਤੀ। ਇਨ੍ਹਾਂ ਸਮਾਜਿਕ ਮੁੱਦਿਆਂ ਵਿੱਚ ਜੈਂਡਰ ਆਈਡੈਂਟਿਟੀ ਐਜੂਕੇਸ਼ਨ ਅਤੇ ਰਿਹਾਇਸ਼ੀ ਸਕੂਲਾਂ ਬਾਰੇ ਵਿਵਾਦਤ ਬਿਰਤਾਂਤ ਸ਼ਾਮਲ ਹਨ, ਜੋ ਅਕਸਰ ਕੁਝ ਵੋਟਰਾਂ ਨੂੰ ਲਾਮਬੰਦ ਕਰਦੇ ਹਨ ਪਰ ਆਮ ਲੋਕਾਂ ਦੀਆਂ ਰੋਜ਼ਮੱਰਾ ਦੀਆਂ ਮੁਸ਼ਕਲਾਂ ਦਾ ਹੱਲ ਨਹੀਂ ਕਰਦੇ।
ਰਸਟਡ ਨੇ ਆਮ ਮਜ਼ਦੂਰਾਂ ਦੀ ਗੱਲ ਕਰਦਿਆਂ ਬੜੇ ਸਖਤ ਸ਼ਬਦਾਂ ਵਿੱਚ ਕਿਹਾ ਕਿ ਉਨ੍ਹਾਂ ਨੇ ਬਹੁਤ ਸਾਰੇ ਲੋਕਾਂ, ਖਾਸ ਕਰਕੇ ਆਰੇ ਦੀਆਂ ਮਿੱਲਾਂ ਵਿੱਚ ਕੰਮ ਕਰਨ ਵਾਲੇ ਅਤੇ ਸਾਬਕਾ ਕਾਮਿਆਂ ਨਾਲ ਗੱਲ ਕੀਤੀ ਹੈ। ਉਹ ਮੌਜੂਦਾ ਹਾਲਾਤਾਂ ਵੱਲ ਦੇਖ ਰਹੇ ਹਨ ਅਤੇ ਉਨ੍ਹਾਂ ਦਾ ਸਾਫ ਕਹਿਣਾ ਹੈ ਕਿ ਉਨ੍ਹਾਂ ਨੂੰ ਇਨ੍ਹਾਂ ਸਾਰੇ ਸਮਾਜਿਕ ਮੁੱਦਿਆਂ ਦੀ ਰੱਤੀ ਭਰ ਵੀ ਪਰਵਾਹ ਨਹੀਂ ਹੈ। ਉਨ੍ਹਾਂ ਦੀ ਮੁੱਖ ਚਿੰਤਾ ਇਹ ਹੈ ਕਿ ਉਨ੍ਹਾਂ ਦੀ ਨੌਕਰੀ ਚਲੀ ਗਈ ਹੈ ਅਤੇ ਉਹ ਆਪਣੇ ਘਰ ਦੀ ਕਿਸ਼ਤ ਦਾ ਭੁਗਤਾਨ ਕਿਵੇਂ ਕਰਨਗੇ। ਰਸਟਡ ਦਾ ਮੰਨਣਾ ਹੈ ਕਿ ਸਿਆਸਤਦਾਨਾਂ ਨੂੰ ਆਮ ਲੋਕਾਂ ਦੀਆਂ ਇਨ੍ਹਾਂ ਆਰਥਿਕ ਚਿੰਤਾਵਾਂ ‘ਤੇ ਹੀ ਧਿਆਨ ਦੇਣਾ ਚਾਹੀਦਾ ਹੈ। ਇਸਦੇ ਬਾਵਜੂਦ, ਉਨ੍ਹਾਂ ਨੇ ਮਹਿਸੂਸ ਕੀਤਾ ਕਿ 10 ਉਮੀਦਵਾਰਾਂ ਵਾਲੀ ਇਸ ਭੀੜ-ਭੜੱਕੇ ਵਾਲੀ ਲੀਡਰਸ਼ਿਪ ਦੌੜ ਵਿੱਚ ਦਾਖਲ ਹੋਣਾ ਪਾਰਟੀ ਲਈ ਬਹੁਤ ਵੰਡਣ ਵਾਲਾ ਸਾਬਤ ਹੋ ਸਕਦਾ ਹੈ। ਆਪਣੀ ਫੇਸਬੁੱਕ ਪੋਸਟ ਵਿੱਚ ਉਨ੍ਹਾਂ ਅੱਗੇ ਲਿਖਿਆ ਕਿ ਬ੍ਰਿਟਿਸ਼ ਕੋਲੰਬੀਆ ਦੇ ਲੋਕਾਂ ਲਈ ਦਾਅ ‘ਤੇ ਬਹੁਤ ਕੁਝ ਲੱਗਾ ਹੋਇਆ ਹੈ। ਅਜਿਹੇ ਸਮੇਂ ਵਿੱਚ ਪਾਰਟੀ ਅੰਦਰ ਧਿਆਨ ਭਟਕਾਉਣ ਵਾਲੀਆਂ ਗੱਲਾਂ, ਨਿੱਜੀ ਲੜਾਈਆਂ ਜਾਂ ਅੰਦਰੂਨੀ ਰੌਲੇ-ਰੱਪੇ ਲਈ ਕੋਈ ਥਾਂ ਨਹੀਂ ਹੋਣੀ ਚਾਹੀਦੀ। ਸੂਬੇ ਦੀ ਮਾੜੀ ਹਾਲਤ ਦਾ ਜ਼ਿਕਰ ਕਰਦਿਆਂ ਉਨ੍ਹਾਂ ਕਿਹਾ ਕਿ ਹਰ ਮਹੀਨੇ ਪਰਿਵਾਰਾਂ ‘ਤੇ ਆਰਥਿਕ ਦਬਾਅ ਵੱਧ ਰਿਹਾ ਹੈ ਅਤੇ ਬਹੁਤ ਸਾਰੇ ਲੋਕਾਂ ਨੂੰ ਲੱਗਣ ਲੱਗ ਪਿਆ ਹੈ ਕਿ ਉਨ੍ਹਾਂ ਦੀ ਸਰਕਾਰ ਨੇ ਉਨ੍ਹਾਂ ਦੀ ਗੱਲ ਸੁਣਨੀ ਬੰਦ ਕਰ ਦਿੱਤੀ ਹੈ। This report was written by Divroop Kaur as part of the Local Journalism Initiative.

Share post:

Popular