Tuesday, April 14, 2026

ਝੀਲ ਹਾਦਸੇ ਵਿੱਚ ਪਰਿਵਾਰ ਨੂੰ ਬਚਾਉਣ ਵਾਲੀਆਂ ਤਿੰਨ ਬਹਾਦਰ ਕੁੜੀਆਂ ਦਾ ਵਿਸ਼ੇਸ਼ ਸਨਮਾਨ

ਸਰੀ, (ਦਿਵਰੂਪ ਕੌਰ): ਪਿਛਲੇ ਸਾਲ ਗਰਮੀਆਂ ਦੌਰਾਨ ਮੇਪਲ ਰਿੱਜ ਦੀ ਐਲੋਏਟ ਝੀਲ ਵਿੱਚ ਵਾਪਰੇ ਇੱਕ ਦਰਦਨਾਕ ਹਾਦਸੇ ਦੌਰਾਨ ਆਪਣੀ ਜਾਨ ਦੀ ਪਰਵਾਹ ਕੀਤੇ ਬਿਨਾਂ ਦੂਜਿਆਂ ਦੀ ਮਦਦ ਕਰਨ ਵਾਲੀਆਂ ਤਿੰਨ ਬਹਾਦਰ ਨੌਜਵਾਨ ਕੁੜੀਆਂ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ ਹੈ। ਇਨ੍ਹਾਂ ਕੁੜੀਆਂ ਨੇ ਡੁੱਬ ਰਹੇ ਇੱਕ ਪਰਿਵਾਰ ਦੇ ਦੋ ਜੀਆਂ ਦੀ ਜਾਨ ਬਚਾਈ ਸੀ ਜਦਕਿ ਤੀਜੇ ਵਿਅਕਤੀ ਨੂੰ ਬਚਾਉਣ ਦੀ ਪੂਰੀ ਕੋਸ਼ਿਸ਼ ਕੀਤੀ ਸੀ। ਲਾਈਫਸੇਵਿੰਗ ਸੁਸਾਇਟੀ ਦੀ ਬੀਸੀ ਅਤੇ ਯੂਕੋਨ ਸ਼ਾਖਾ ਵੱਲੋਂ ਵੈਨਕੂਵਰ ਦੇ ਫੇਅਰਮੌਂਟ ਹੋਟਲ ਵਿੱਚ ਆਯੋਜਿਤ ਕੀਤੇ ਗਏ 114ਵੇਂ ਸਾਲਾਨਾ ਕਾਮਨਵੈਲਥ ਆਨਰ ਐਂਡ ਰੈਸਕਿਊ ਅਵਾਰਡ ਸਮਾਰੋਹ ਦੌਰਾਨ ਇਨ੍ਹਾਂ ਨੂੰ ਸਨਮਾਨਿਤ ਕੀਤਾ ਗਿਆ। ਇੰਡੀਆਨਾ ਗੇਰਾਰਡ, ਕਲੋਏ ਹੀ ਅਤੇ ਸੋਫੀਆ ਜਸੇਮੀਅਨ ਅਸਲ ਨਾਮ ਦੀਆਂ ਇਨ੍ਹਾਂ ਤਿੰਨਾਂ ਕੁੜੀਆਂ ਨੂੰ ਬਹਾਦਰੀ ਲਈ ਚਾਂਦੀ ਦਾ ਤਗਮਾ ਪ੍ਰਦਾਨ ਕੀਤਾ ਗਿਆ। ਉਨ੍ਹਾਂ ਨੇ ਗੋਲਡਨ ਈਅਰਜ਼ ਪ੍ਰੋਵਿੰਸ਼ੀਅਲ ਪਾਰਕ ਵਿੱਚ ਪੈਡਲਬੋਰਡਿੰਗ ਦੌਰਾਨ ਹਾਦਸੇ ਦਾ ਸ਼ਿਕਾਰ ਹੋਏ ਦੱਖਣੀ ਕੋਰੀਆ ਦੇ ਇੱਕ ਸੈਲਾਨੀ ਪਰਿਵਾਰ ਦੀ ਮਦਦ ਕੀਤੀ ਸੀ। ਇਹ ਦਰਦਨਾਕ ਘਟਨਾ 31 ਜੁਲਾਈ ਦੀ ਹੈ ਜਦੋਂ ਇਹ ਪਰਿਵਾਰ ਝੀਲ ਵਿੱਚ ਪੈਡਲਬੋਰਡਿੰਗ ਕਰ ਰਿਹਾ ਸੀ। ਉਨ੍ਹਾਂ ਨੇ ਲਾਈਫਜੈਕਟਾਂ ਨਹੀਂ ਪਾਈਆਂ ਹੋਈਆਂ ਸਨ ਅਤੇ ਉਨ੍ਹਾਂ ਨੂੰ ਤੈਰਨਾ ਵੀ ਨਹੀਂ ਆਉਂਦਾ ਸੀ। ਜਿਵੇਂ ਹੀ ਉਹ ਡੂੰਘੇ ਪਾਣੀ ਵਿੱਚ ਡਿੱਗੇ, ਉੱਥੇ ਮੌਜੂਦ ਇਨ੍ਹਾਂ ਤਿੰਨਾਂ ਕੁੜੀਆਂ ਨੇ ਤੁਰੰਤ ਫੁਰਤੀ ਦਿਖਾਉਂਦਿਆਂ ਉਨ੍ਹਾਂ ਦੀ ਮਦਦ ਲਈ ਛਾਲ ਮਾਰ ਦਿੱਤੀ। ਇੰਡੀਆਨਾ ਕੋਲ ਪਹਿਲਾਂ ਹੀ ਲਾਈਫਸੇਵਿੰਗ ਸੁਸਾਇਟੀ ਦਾ ਕਾਂਸੀ ਦਾ ਤਗਮਾ ਸੀ ਅਤੇ ਬਾਕੀ ਦੋਵੇਂ ਕੁੜੀਆਂ ਵੀ ਤੈਰਾਕੀ ਅਤੇ ਪੈਡਲਬੋਰਡਿੰਗ ਵਿੱਚ ਮਾਹਰ ਸਨ। ਉਨ੍ਹਾਂ ਨੇ ਬੜੀ ਮੁਸ਼ਕਲ ਨਾਲ ਮਾਂ ਅਤੇ ਧੀ ਨੂੰ ਪਾਣੀ ਵਿੱਚੋਂ ਸੁਰੱਖਿਅਤ ਬਾਹਰ ਕੱਢਿਆ ਜਿੱਥੇ ਪਹਿਲਾਂ ਤੋਂ ਹੀ ਮੌਜੂਦ ਬਚਾਅ ਟੀਮਾਂ ਨੇ ਉਨ੍ਹਾਂ ਨੂੰ ਮੁੱਢਲੀ ਸਹਾਇਤਾ ਦਿੱਤੀ। ਇਨ੍ਹਾਂ ਕੁੜੀਆਂ ਨੇ ਪਿਤਾ ਨੂੰ ਵੀ ਬਚਾਉਣ ਲਈ ਪਾਣੀ ਦੇ ਅੰਦਰ ਕਾਫੀ ਦੇਰ ਤੱਕ ਭਾਲ ਕੀਤੀ ਪਰ ਬਦਕਿਸਮਤੀ ਨਾਲ ਉਹ ਡੁੱਬ ਚੁੱਕਾ ਸੀ। ਆਉਣ ਵਾਲੇ ਦਿਨਾਂ ਵਿੱਚ ਵੀ ਇਨ੍ਹਾਂ ਕੁੜੀਆਂ ਨੇ ਪੁਲਿਸ ਦੀ ਜਾਂਚ ਵਿੱਚ ਪੂਰੀ ਮਦਦ ਕੀਤੀ। ਕੁਝ ਦਿਨਾਂ ਬਾਅਦ ਪੁਲਿਸ ਨੇ ਡੁੱਬੇ ਹੋਏ ਵਿਅਕਤੀ ਦੀ ਲਾਸ਼ ਬਰਾਮਦ ਕਰ ਲਈ ਸੀ। ਸਨਮਾਨ ਸਮਾਰੋਹ ਦੌਰਾਨ ਅਵਾਰਡ ਦੇਣ ਵਾਲੇ ਅਧਿਕਾਰੀਆਂ ਨੇ ਇਨ੍ਹਾਂ ਕੁੜੀਆਂ ਦੀ ਨਿਰਸਵਾਰਥ ਸੇਵਾ ਅਤੇ ਹੌਂਸਲੇ ਦੀ ਭਰਪੂਰ ਸ਼ਲਾਘਾ ਕੀਤੀ। ਇਸ ਸਮਾਗਮ ਵਿੱਚ ਲਗਭਗ 200 ਮਹਿਮਾਨ ਸ਼ਾਮਲ ਹੋਏ ਜਿਨ੍ਹਾਂ ਵਿੱਚ ਵੱਖ-ਵੱਖ ਸਰਕਾਰਾਂ ਦੇ 14 ਚੁਣੇ ਹੋਏ ਨੁਮਾਇੰਦੇ ਵੀ ਹਾਜ਼ਰ ਸਨ। ਐਮਰਜੈਂਸੀ ਪ੍ਰਬੰਧਨ ਅਤੇ ਜਲਵਾਯੂ ਤਿਆਰੀ ਮੰਤਰੀ ਕੈਲੀ ਗ੍ਰੀਨ ਨੇ ਵੀ ਇਸ ਮੌਕੇ ਆਪਣੇ ਜਵਾਨੀ ਦੇ ਦਿਨਾਂ ਵਿੱਚ ਲਾਈਫਗਾਰਡ ਵਜੋਂ ਬਿਤਾਏ ਸਮੇਂ ਦੀਆਂ ਯਾਦਾਂ ਸਾਂਝੀਆਂ ਕੀਤੀਆਂ। ਇਸ ਸਮਾਰੋਹ ਵਿੱਚ ਉਨ੍ਹਾਂ ਸਾਰੇ ਲੋਕਾਂ ਨੂੰ ਸਨਮਾਨਿਤ ਕੀਤਾ ਗਿਆ ਜਿਨ੍ਹਾਂ ਨੇ ਸਮੁੰਦਰ, ਝੀਲਾਂ ਜਾਂ ਨਦੀਆਂ ਵਿੱਚ ਵਾਪਰੇ ਹਾਦਸਿਆਂ ਦੌਰਾਨ ਆਪਣੀ ਜਾਨ ਖਤਰੇ ਵਿੱਚ ਪਾ ਕੇ ਦੂਜਿਆਂ ਦੀ ਮਦਦ ਕੀਤੀ ਸੀ। ਲਾਈਫਸੇਵਿੰਗ ਸੁਸਾਇਟੀ ਦੇ ਇਹ ਅਵਾਰਡ ਪਾਣੀ ਵਿੱਚ ਸੁਰੱਖਿਆ ਪ੍ਰਤੀ ਜਾਗਰੂਕਤਾ ਫੈਲਾਉਣ ਅਤੇ ਡੁੱਬਣ ਦੀਆਂ ਘਟਨਾਵਾਂ ਨੂੰ ਰੋਕਣ ਲਈ ਕੀਤੇ ਜਾ ਰਹੇ ਯਤਨਾਂ ਦਾ ਇੱਕ ਅਹਿਮ ਹਿੱਸਾ ਹਨ। ਸੰਸਥਾ ਲਗਾਤਾਰ ਸਿਖਲਾਈ ਅਤੇ ਜਨਤਕ ਸਿੱਖਿਆ ਰਾਹੀਂ ਅਜਿਹੇ ਹਾਦਸਿਆਂ ਨੂੰ ਘਟਾਉਣ ਲਈ ਕੰਮ ਕਰ ਰਹੀ ਹੈ। This report was written by Divroop Kaur as part of the Local Journalism Initiative.

Popular