Sunday, February 15, 2026

ਟਰੰਪ ਵਲੋਂ ਗਾਜ਼ਾ ‘ਬੋਰਡ ਆਫ ਪੀਸ’ ਗਠਿਤ, ਅਜੈ ਸਿੰਘ ਬੰਗਾ ਨੂੰ ਦਿੱਤੀ ਅਹਿਮ ਭੂਮਿਕਾ

ਬਲਵਿੰਦਰ ਪਾਲ ਸਿੰਘ ਪ੍ਰੋਫੈਸਰ, 9815700916
ਗਾਜ਼ਾ ਦੀ ਧਰਤੀ ਨੂੰ ਵੇਖੋ, ਜਿੱਥੇ ਹਰ ਬੰਬ,ਹਰ ਮਿਜਾਇਲ ,ਹਰ ਧਮਾਕਾ ਇੱਕ ਨਵੇਂ ਜਖ਼ਮ ਨੂੰ ਜਨਮ ਦਿੰਦਾ ਹੈ। ਉਹ ਜਖ਼ਮ ਜੋ ਸਮੇਂ ਦੇ ਨਾਲ ਨਹੀਂ ਭਰਦੇ, ਸਗੋਂ ਡੂੰਘੇ ਹੋ ਜਾਂਦੇ ਹਨ। ਪਰ ਹੁਣ ਟਰੰਪ ਦੀ ਸ਼ਾਂਤੀ ਯੋਜਨਾ ਦੂਜੇ ਪੜਾਅ ਵਿੱਚ ਪਹੁੰਚੀ ਹੈ, ਜਿੱਥੇ ਬੋਰਡ ਆਫ ਪੀਸ ਗਠਿਤ ਕੀਤਾ ਗਿਆ ਹੈ। ਟਰੰਪ ਖੁਦ ਇਸ ਦੇ ਚੇਅਰਮੈਨ ਹਨ, ਅਤੇ ਉਨ੍ਹਾਂ ਨਾਲ ਜੁੜੇ ਨਾਂ ਵੀ ਅਜਿਹੇ ਹਨ ਜੋ ਵਿਸ਼ਵ ਦੇ ਵੱਡੇ ਰਾਜਨੀਤਕ ਅਤੇ ਆਰਥਿਕ ਨਕਸ਼ੇ ਨੂੰ ਬਦਲਣ ਵਾਲੇ ਹਨ। ਬ੍ਰਿਟੇਨ ਦੇ ਸਾਬਕਾ ਪ੍ਰਧਾਨ ਮੰਤਰੀ ਟੋਨੀ ਬਲੇਅਰ, ਅਮਰੀਕੀ ਵਿਦੇਸ਼ ਮੰਤਰੀ ਮਾਰਕੋ ਰੂਬੀਓ, ਟਰੰਪ ਦੇ ਜਵਾਈ ਜੈਰੇਡ ਕੁਸ਼ਨਰ, ਅਤੇ ਮੱਧ ਪੂਰਬ ਲਈ ਵਿਸ਼ੇਸ਼ ਦੂਤ ਸਟੀਵ ਵਿਟਕੌਫ – ਵਰਲਡ ਬੈਂਕ ਦੇ ਮੁਖੀ ਅਜੈ ਸਿੰਘ ਬੰਗਾ ਸ਼ਾਮਲ ਹਨ।
ਅਜੈ ਸਿੰਘ ਬੰਗਾ ਦਾ ਪੋਰਟਫੋਲੀਓ ਆਰਥਿਕ ਸਥਿਰਤਾ ਨੂੰ ਮਜ਼ਬੂਤ ਕਰਨ ਵਾਲਾ ਹੈ। 1959 ਵਿੱਚ ਭਾਰਤ ਵਿੱਚ ਜਨਮੇ, 2007 ਵਿੱਚ ਅਮਰੀਕੀ ਨਾਗਰਿਕ ਬਣੇ, ਅਤੇ ਮਾਸਟਰਕਾਰਡ ਦੇ ਸੀਈਓ ਵਜੋਂ ਵਿਸ਼ਵ ਨੂੰ ਨਵੇਂ ਆਰਥਿਕ ਰਾਹਾਂ ਤੇ ਪਾਇਆ ਹੈ। ਅੱਜ ਉਹ ਗਾਜ਼ਾ ਵਿੱਚ ਸ਼ਾਂਤੀ ਦੇ ਨਿਰਮਾਣ ਵਿੱਚ ਸ਼ਾਮਲ ਹਨ, ਜੋ ਇੱਕ ਨਵੇਂ ਯੁੱਗ ਦੀ ਸ਼ੁਰੂਆਤ ਹੈ।
ਪਰ ਇਹ ਸਿਰਫ ਅਜੈ ਸਿੰਘ ਬੰਗਾ ਦੀ ਸਾਖੀ ਨਹੀਂ, ਇਹ ਪੂਰੇ ਸਿੱਖ ਪੰਥ ਦੀ ਵਿਸ਼ਵ ਪੱਧਰ ਤੇ ਉਭਰਦੀ ਤਸਵੀਰ ਹੈ। ਸਿੱਖ ਧਰਮ, ਜੋ ਗੁਰੂ ਨਾਨਕ ਦੇਵ ਜੀ ਦੀ ਬਾਣੀ ਨਾਲ ਸਿਰਜਿਆ, ਅੱਜ ਵਿਸ਼ਵ ਵਿੱਚ ਇੱਕ ਨਵੇਂ ਚਾਨਣ ਵਾਂਗ ਫੈਲ ਰਿਹਾ ਹੈ। ਅਮਰੀਕਾ ਵਿੱਚ ਲਗਭਗ ਪੰਜ ਲੱਖ ਸਿੱਖ ਵੱਸਦੇ ਹਨ ਜੋ ਸਿਰਫ ਆਪਣੀ ਪਗੜੀ ਅਤੇ ਦਾੜ੍ਹੀ ਨਾਲ ਹੀ ਨਹੀਂ ਪਛਾਣੇ ਜਾਂਦੇ, ਸਗੋਂ ਆਪਣੀ ਮਿਹਨਤ, ਵਫ਼ਾਦਾਰੀ ਅਤੇ ਸੇਵਾ ਨਾਲ ਆਪਣੀ ਵੱਖਰੀ ਹੋਂਦ ਸਥਾਪਿਤ ਕਰ ਰਹੇ ਹਨ।
9/11 ਦੇ ਬਾਅਦ ਜਦੋਂ ਨਸਲਵਾਦ ਦੀ ਅੱਗ ਨੇ ਸਿੱਖਾਂ ਨੂੰ ਵੀ ਘੇਰ ਲਿਆ ਸੀ, ਤਾਂ ਉਨ੍ਹਾਂ ਨੇ ਉਸ ਅੱਗ ਨੂੰ ਬੁਝਾਉਣ ਲਈ ਅਵੇਰਨੈੱਸ ਕੈਂਪੇਨ ਚਲਾਏ ਸਨ। ਅੱਜ ਅਮਰੀਕੀ ਸਕੂਲਾਂ ਵਿੱਚ ਸਿੱਖ ਧਰਮ ਨੂੰ ਪੜ੍ਹਾਇਆ ਜਾ ਰਿਹਾ ਹੈ, ਅਤੇ 18 ਰਾਜਾਂ ਵਿੱਚ ਇਹ ਕਰੀਕੁਲਮ ਮਤਲਬ ਸਿਲੇਬਸ ਤੇ ਟੀਚਿੰਗ ਮੈਥਿਡ ਦਾ ਹਿੱਸਾ ਹੈ। ਸਿੱਖ ਧਰਮ ਇੱਕ ਅਜਿਹਾ ਧਰਮ ਹੈ, ਇੱਕ ਅਜਿਹੀ ਜੀਵਨ ਸ਼ੈਲੀ ਹੈ ਜੋ ਬਰਾਬਰੀ, ਨਿਆਂ ਅਤੇ ਸੇਵਾ ਨੂੰ ਮਹੱਤਵ ਦਿੰਦੀ ਹੈ। ਸਿੱਖ ਭਾਈਚਾਰੇ ਦੀ ਇਸ ਵਿਸ਼ਵ ਪੱਧਰ ਤੇ ਤਰਜੀਹ ਨੂੰ ਵੇਖੀਏ ਤਾਂ 130 ਸਾਲਾਂ ਤੋਂ ਵੱਧ ਸਮੇਂ ਤੋਂ ਅਮਰੀਕਾ ਵਿੱਚ ਵੱਸਦੇ ਸਿੱਖਾਂ ਨੇ ਵਪਾਰ, ਵਿਗਿਆਨ, ਰਾਜਨੀਤੀ ਅਤੇ ਸੇਵਾ ਵਿੱਚ ਵੱਡਾ ਯੋਗਦਾਨ ਪਾਇਆ ਹੈ। ਉਨ੍ਹਾਂ ਨੇ ਨਫ਼ਰਤੀ ਹਮਲਿਆਂ ਦੇ ਵਿਰੋਧ ਵਿੱਚ ਸਿੱਖ ਕੋਲੀਸ਼ਨ ,ਯੂਨੀਟਿਡ ਸਿਖਸ ਵਰਗੀਆਂ ਸੰਸਥਾਵਾਂ ਬਣਾਈਆਂ ਹਨ, ਜੋ ਮਨੁੱਖੀ ਅਧਿਕਾਰਾਂ ਲਈ ਜੂਝਦੀਆਂ ਹਨ। ਅੱਜ ਅਮਰੀਕਾ ਵਿੱਚ ਸਿੱਖਾਂ ਨੂੰ ਵੱਡੇ ਅਹੁਦੇ ਮਿਲ ਰਹੇ ਹਨ ਕਿਉਂਕਿ ਉਹ ਯੋਗ ਹਨ ਅਤੇ ਅਮਰੀਕੀ ਸਮਾਜ ਨੂੰ ਮਜ਼ਬੂਤ ਕਰ ਰਹੇ ਹਨ। ਅਜੈ ਸਿੰਘ ਬੰਗਾ ਦੀ ਨਿਯੁਕਤੀ ਨਾਲ ਸਿੱਖ ਭਾਈਚਾਰੇ ਵਿੱਚ ਖੁਸ਼ੀ ਦੀ ਲਹਿਰ ਹੈ, ਅਤੇ ਇਹ ਵਿਸ਼ਵ ਪੱਧਰ ਤੇ ਉਨ੍ਹਾਂ ਦੀ ਪਛਾਣ ਨੂੰ ਵਧਾਉਂਦੀ ਹੈ। ਇਹ ਨਹੀਂ ਕੇਵਲ ਇੱਕ ਵਿਅਕਤੀ ਦੀ ਜਿੱਤ ਹੈ, ਸਗੋਂ ਪੂਰੇ ਸਿੱਖ ਪੰਥ ਦੀ ਰੂਹਾਨੀ ਉਡਾਣ ਹੈ। ਅਜੈ ਸਿੰਘ ਬੰਗਾ ਸਿੱਖ ਨਾਇਕ ਹਨ, ਜੋ ਵਿਸ਼ਵ ਬੈਂਕ ਵਰਗੀਆਂ ਸੰਸਥਾਵਾਂ ਵਿੱਚ ਅਗਵਾਈ ਕਰ ਰਹੇ ਹਨ।
ਸੁਆਲ ਇਹ ਹੈ ਕਿ ਅਮਰੀਕਾ ਕਿਉਂ ਸਿੱਖਾਂ ਨੂੰ ਵਿਸ਼ਵ ਪੱਧਰ ਤੇ ਤਰਜੀਹ ਦੇ ਰਿਹਾ ਹੈ?
ਜੁਆਬ ਸਾਫ ਹੈ ਕਿ ਸਿੱਖ ਸਿਧਾਂਤ ਅਮਰੀਕੀ ਨੈਤਿਕਤਾ ਨਾਲ ਮੇਲ ਖਾਂਦੇ ਹਨ – ਬਰਾਬਰੀ, ਧਾਰਮਿਕ ਸਹਿਣਸ਼ੀਲਤਾ ਅਤੇ ਲਿੰਗ ਬਰਾਬਰੀ। ਉਹ ਮਿਹਨਤੀ ਹਨ, ਅਤੇ ਅਮਰੀਕੀ ਫੌਜ ਵਿੱਚ ਵੀ ਸੇਵਾ ਕਰ ਰਹੇ ਹਨ। ਅਮਰੀਕਾ ਦੀ ਆਰਥਿਕਤਾ ਵਿਚ ਸਿੱਖ ਪੰਥ ਦਾ ਵੱਡਾ ਯੋਗਦਾਨ ਹੈ।
ਬੋਰਡ ਆਫ ਪੀਸ ਤੋਂ ਪਹਿਲਾਂ ਗਠਿਤ 15 ਮੈਂਬਰੀ ਫਲਸਤੀਨੀ ਟੈਕਨੋਕ੍ਰੈਟਿਕ ਕਮੇਟੀ ਵੀ ਇੱਕ ਨਵੇਂ ਬਿੰਬ ਨੂੰ ਜਨਮ ਦਿੰਦੀ ਹੈ। ਇਹ ਕਮੇਟੀ ਗਾਜ਼ਾ ਵਿੱਚ ਰੋਜ਼ਾਨਾ ਪ੍ਰਸ਼ਾਸਨ ਨੂੰ ਸੰਭਾਲੇਗੀ, ਅਤੇ ਉਸ ਦੇ ਮੁਖੀ ਅਲੀ ਸ਼ਾਥ ਹਨ, ਜੋ ਫਲਸਤੀਨੀ ਅਥਾਰਟੀ ਵਿੱਚ ਡਿਪਟੀ ਮੰਤਰੀ ਰਹਿ ਚੁੱਕੇ ਹਨ। ਸੰਯੁਕਤ ਰਾਸ਼ਟਰ ਦੇ ਸਾਬਕਾ ਦੂਤ ਨਿਕੋਲੇ ਮਲਾਡੇਨੋਵ ਉਨ੍ਹਾਂ ਨਾਲ ਕੰਮ ਕਰਨਗੇ। ਇਸ ਤੋਂ ਇਲਾਵਾ ਅੰਤਰਰਾਸ਼ਟਰੀ ਸਟੈਬਿਲਾਈਜ਼ੇਸ਼ਨ ਫੋਰਸ (ਆਈਐੱਸਐੱਫ) ਵੀ ਤੈਨਾਤ ਹੋਵੇਗੀ, ਜੋ ਫਲਸਤੀਨੀ ਪੁਲਿਸ ਨੂੰ ਸਿਖਲਾਈ ਦੇਵੇਗੀ। ਅਮਰੀਕੀ ਮੇਜਰ ਜਨਰਲ ਜੈਸਪਰ ਜੈਫਰਸ ਇਸ ਦੀ ਅਗਵਾਈ ਕਰਨਗੇ, ਅਤੇ ਇਸ ਦਾ ਉਦੇਸ਼ ਅੱਤਵਾਦ ਮੁਕਤ ਮਾਹੌਲ ਬਣਾਉਣਾ ਹੈ। ਇਹ ਸਭ ਗਾਜ਼ਾ ਵਿਖੇ ਇੱਕ ਅਮਨ ,ਸ਼ਾਂਤੀ ,ਵਿਕਾਸ ਦੇ ਨਿਰਮਾਣ ਵਿੱਚ ਲੱਗੇ ਹਨ।
ਟਰੰਪ ਦੀ ਇਥੇ ਇਹ ਯੋਜਨਾ 20 ਨੁਕਤਿਆਂ ਵਾਲੀ ਹੈ, ਜੋ ਸੰਯੁਕਤ ਰਾਸ਼ਟਰ ਸੁਰੱਖਿਆ ਪਰਿਸ਼ਦ ਵੱਲੋਂ ਮਾਨਤਾ ਪ੍ਰਾਪਤ ਹੈ। ਅਕਤੂਬਰ ਤੋਂ ਚੱਲ ਰਹੀ ਇਹ ਅਮਰੀਕਨ ਨੀਤੀ ਹੁਣ ਸਥਾਈ ਬਣਨ ਵੱਲ ਵਧ ਰਹੀ ਹੈ। ਪਰ ਚੁਣੌਤੀਆਂ ਵੀ ਹਨ – ਹਮਾਸ ਨੂੰ ਨਿਸ਼ਸਤਰੀਕਰਨ ਅਤੇ ਇਜ਼ਰਾਈਲ ਨੂੰ ਫੌਜ ਵਾਪਸ ਬੁਲਾਉਣ ਵਿੱਚ ਸਮਾਂ ਲੱਗੇਗਾ।
ਅਜੈ ਸਿੰਘ ਬੰਗਾ ਨੇ ਆਪਣੇ ਕਰੀਅਰ ਵਿੱਚ ਬਹੁਤ ਸਫਲਤਾ ਹਾਸਲ ਕੀਤੀ ਹੈ, ਅਤੇ ਉਹ ਵਿਸ਼ਵ ਪੱਧਰ ਤੇ ਆਰਥਿਕ ਵਿਕਾਸ ਵਿੱਚ ਮਾਹਿਰ ਹਨ। ਟਰੰਪ ਦੀ ਯੋਜਨਾ ਵਿੱਚ ਗਾਜ਼ਾ ਨੂੰ ਆਰਥਿਕ ਤੌਰ ਤੇ ਮਜ਼ਬੂਤ ਬਣਾਉਣਾ ਜ਼ਰੂਰੀ ਹੈ, ਅਤੇ ਆਜੈ ਸਿੰਘ ਬੰਗਾ ਇਸ ਲਈ ਸਹੀ ਵਿਅਕਤੀ ਹਨ। ਉਨ੍ਹਾਂ ਨੂੰ ਸਾਬਕਾ ਰਾਸ਼ਟਰਪਤੀ ਜੋ ਬਾਈਡਨ ਨੇ ਵਰਲਡ ਬੈਂਕ ਲਈ ਨਾਮਜ਼ਦ ਕੀਤਾ ਸੀ, ਪਰ ਟਰੰਪ ਨੇ ਵੀ ਉਨ੍ਹਾਂ ਨੂੰ ਸ਼ਾਮਲ ਕਰ ਕੇ ਦਰਸਾਇਆ ਹੈ ਕਿ ਅਮਰੀਕਾ ਸਿੱਖ ਪੰਥ ਨੂੰ ਵਿਸ਼ੇਸ਼ ਤਰਜੀਹ ਦੇ ਰਿਹਾ।
ਗਾਜ਼ਾ ਦੇ ਇਸ ਬੋਰਡ ਆਫ ਪੀਸ ਨਾਲ ਇੱਕ ਨਵਾਂ ਯੁੱਗ ਸ਼ੁਰੂ ਹੋ ਰਿਹਾ ਹੈ। ਇਸ ਯੋਜਨਾ ਵਿਚ ਅਜੈ ਸਿੰਘ ਬੰਗਾ ਵਾਂਗ ਸਿੱਖ ਲੀਡਰਾਂ ਦੀ ਭੂਮਿਕਾ ਨਾਲ ਵਿਸ਼ਵ ਵਿੱਚ ਸਿੱਖ ਧਰਮ ਦੀ ਪਛਾਣ ਵਧੇਗੀ, ਅਤੇ ਗਾਜ਼ਾ ਵਿੱਚ ਸ਼ਾਂਤੀ ਦੇ ਫੁੱਲ ਖਿੜਨਗੇ। ਇਹ ਯਾਤਰਾ ਔਖੀ ਹੈ, ਪਰ ਉਮੀਦ ਨਾਲ ਭਰਪੂਰ ਹੈ ।

Share post:

Popular