ਸਰੀ, (ਦਿਵਰੂਪ ਕੌਰ): ਕੈਨੇਡਾ ਦੇ ਕਈ ਨਿਵੇਸ਼ਕ ਟੀਡੀ ਬੈਂਕ ਦੀ ਇੱਕ ਡਿਵੀਜ਼ਨ ਨਾਲ ਹੋਏ ਕਲਾਸ ਐਕਸ਼ਨ ਸੈਟਲਮੈਂਟ ਵਿੱਚ ਮੁਆਵਜ਼ਾ ਪ੍ਰਾਪਤ ਕਰਨ ਦੇ ਹੱਕਦਾਰ ਹੋ ਸਕਦੇ ਹਨ। ਓਂਟਾਰੀਓ ਸੁਪੀਰੀਅਰ ਕੋਰਟ ਆਫ਼ ਜਸਟਿਸ ਨੇ 70 ਮਿਲੀਅਨ ਡਾਲਰ ਤੋਂ ਵੱਧ ਦੇ ਇਸ ਸੈਟਲਮੈਂਟ ਨੂੰ ਮਨਜ਼ੂਰੀ ਦਿੱਤੀ ਹੈ, ਪਰ ਕਲੇਮ ਫਾਈਲ ਕਰਨ ਦੀ ਆਖ਼ਰੀ ਤਾਰੀਖ਼ ਨੇੜੇ ਆ ਰਹੀ ਹੈ।
ਇਹ ਕਲਾਸ ਐਕਸ਼ਨ ਮੁਕੱਦਮਾ ਟੀਡੀ ਐਸੈੱਟ ਮੈਨੇਜਮੈਂਟ ਤੇ ਖਾਸ ਤੌਰ ਤੇ ਟੀਡੀ ਮਿਊਚੁਅਲ ਫੰਡਜ਼ ਵਿਰੁੱਧ ਦਾਇਰ ਕੀਤਾ ਗਿਆ ਸੀ। ਮੁੱਦਾ ਇਹ ਸੀ ਕਿ ਕੁਝ ਨਿਵੇਸ਼ਕਾਂ ਤੋਂ ਨਿਵੇਸ਼ ਪ੍ਰਬੰਧਨ ਲਈ ਅਨਫੇਅਰ ਫੀਸਾਂ ਜਾਂ ਕਮਿਸ਼ਨ ਵਸੂਲੇ ਗਏ, ਜਿਨ੍ਹਾਂ ਨੂੰ ਟ੍ਰੇਲਿੰਗ ਕਮਿਸ਼ਨ ਕਿਹਾ ਜਾਂਦਾ ਹੈ। ਸਿਸਕਿੰਡਜ਼ ਲਾਅ ਫਰਮ ਨੇ ਕਿਹਾ ਕਿ ਟ੍ਰੇਲਿੰਗ ਕਮਿਸ਼ਨ ਮਿਊਚੁਅਲ ਫੰਡ ਡੀਲਰਾਂ ਨੂੰ ਨਿਵੇਸ਼ ਸਲਾਹ ਲਈ ਮੁਆਵਜ਼ਾ ਦੇਣ ਲਈ ਹਨ।
ਪਰ ਡਿਸਕਾਊਂਟ ਬ੍ਰੋਕਰਾਂ (ਜਿਵੇਂ ਟੀਡੀ ਡਾਇਰੈਕਟ ਇਨਵੈਸਟਿੰਗ, ਬੀਐੱਮਓ ਇਨਵੈਸਟਰਲਾਈਨ, ਆਰਬੀਸੀ ਡਾਇਰੈਕਟ ਇਨਵੈਸਟਿੰਗ ਆਦਿ) ਰਾਹੀਂ ਮਿਊਚੁਅਲ ਫੰਡ ਖਰੀਦਣ ਵਾਲੇ ਨਿਵੇਸ਼ਕਾਂ ਨੂੰ ਕੋਈ ਸਲਾਹ ਨਹੀਂ ਮਿਲਦੀ। ਸਿਸਕਿੰਡਜ਼ ਮੁਤਾਬਕ ਇਹ ਨਿਵੇਸ਼ਕ ਟ੍ਰੇਲਿੰਗ ਕਮਿਸ਼ਨ ਦਾ ਕੋਈ ਲਾਭ ਨਹੀਂ ਲੈਂਦੇ, ਫਿਰ ਵੀ ਇਹ ਫੀਸਾਂ ਉਨ੍ਹਾਂ ਦੇ ਨਿਵੇਸ਼ ਦੀ ਵੈਲਿਊ ਘਟਾਉਂਦੀਆਂ ਹਨ।
ਸਿਸਕਿੰਡਜ਼ ਦੀ ਵਕੀਲ ਗਿੱਗੀ ਪਾਓ ਨੇ ਕਿਹਾ, “ਡਿਸਕਾਊਂਟ ਬ੍ਰੋਕਰ ਤੁਹਾਨੂੰ ਸਿਰਫ਼ ਖਰੀਦਣ ਦੀ ਸਹੂਲਤ ਦਿੰਦੇ ਹਨ, ਸਲਾਹ ਨਹੀਂ। ਇਸ ਲਈ ਇਹ ਕਮਿਸ਼ਨ ਅਨੁਚਿਤ ਸਨ।”
ਸੈਟਲਮੈਂਟ ਅਧੀਨ ਜੋ ਵਿਅਕਤੀ 11 ਸਤੰਬਰ 2024 ਤੋਂ ਪਹਿਲਾਂ ਤੇ ਉਸ ਦਿਨ ਤੱਕ ਟੀਡੀ ਮਿਊਚੁਅਲ ਫੰਡਜ਼ ਵਿੱਚ ਨਿਵੇਸ਼ ਰੱਖਦੇ ਸਨ ਤੇ ਉਹ ਡਿਸਕਾਊਂਟ ਬ੍ਰੋਕਰ ਰਾਹੀਂ ਸੀ, ਉਹ ਮੁਆਵਜ਼ੇ ਦੇ ਹੱਕਦਾਰ ਹਨ। ਵੱਡੀਆਂ ਬੈਂਕਾਂ ਦੇ ਡਿਸਕਾਊਂਟ ਬ੍ਰੋਕਰੇਜ ਸਰਵਿਸਿਜ਼ ਨੂੰ ਸਭ ਤੋਂ ਵੱਧ ਪ੍ਰਭਾਵਿਤ ਮੰਨਿਆ ਜਾ ਰਿਹਾ ਹੈ।
ਮੁਆਵਜ਼ੇ ਦੀ ਰਕਮ ਨਿਵੇਸ਼ ਦੇ ਆਕਾਰ, ਸਮੇਂ ਤੇ ਟ੍ਰੇਲਿੰਗ ਕਮਿਸ਼ਨ ਤੇ ਨਿਰਭਰ ਕਰੇਗੀ। ਘੱਟੋ-ਘੱਟ 25 ਡਾਲਰ ਪ੍ਰਤੀ ਕਲੇਮੈਂਟ ਮਿਲੇਗਾ। ਪਾਓ ਨੇ ਕਿਹਾ ਕਿ ਸਹੀ ਰਕਮ ਕਲੇਮਾਂ ਆਉਣ ਤੋਂ ਬਾਅਦ ਪਤਾ ਲੱਗੇਗੀ। ਟੀਡੀ ਬੈਂਕ ਨੇ ਕਿਹਾ ਕਿ ਸੈਟਲਮੈਂਟ ਉਨ੍ਹਾਂ ਦੀ ਗਲਤੀ ਦੀ ਸਵੀਕਾਰਯੋਗ ਨਹੀਂ ਹੈ ਤੇ ਉਹ ਇਲਜ਼ਾਮਾਂ ਤੋਂ ਇਨਕਾਰ ਕਰਦੇ ਹਨ।
ਕਲੇਮ ਫਾਈਲ ਕਰਨ ਲਈ ਸਪੋਰਟਿੰਗ ਦਸਤਾਵੇਜ਼ ਜ਼ਰੂਰੀ ਹਨ ਤੇ ਆਖ਼ਰੀ ਤਾਰੀਖ਼ ਨੇੜੇ ਹੈ। ਵਧੇਰੇ ਜਾਣਕਾਰੀ ਲਈ ਸੈਟਲਮੈਂਟ ਵੈੱਬਸਾਈਟ ਚੈੱਕ ਕਰਨ ਦੀ ਸਲਾਹ ਦਿੱਤੀ ਗਈ ਹੈ। This report was written by Divroop Kaur as part of the Local Journalism Initiative.

