Tuesday, April 14, 2026

ਟੰਬਲਰ ਰਿੱਜ ਪੁਲਿਸ ਨੇ ਹਥਿਆਰਾਂ ਨੂੰ ਨਸ਼ਟ ਕਰਨ ਬਾਰੇ ਫੈਲੀਆਂ ਅਫਵਾਹਾਂ ਦਾ ਕੀਤਾ ਖੰਡਨ

ਸਰੀ, (ਦਿਵਰੂਪ ਕੌਰ): ਟੰਬਲਰ ਰਿੱਜ ਕਸਬੇ ਵਿੱਚ ਪੁਲਿਸ ਵੱਲੋਂ ਨਸ਼ਟ ਕੀਤੇ ਗਏ ਕੁਝ ਹਥਿਆਰ ਮਿਲਣ ਤੋਂ ਬਾਅਦ ਇਲਾਕੇ ਵਿੱਚ ਕਈ ਤਰ੍ਹਾਂ ਦੀਆਂ ਅਫਵਾਹਾਂ ਫੈਲਣੀਆਂ ਸ਼ੁਰੂ ਹੋ ਗਈਆਂ ਸਨ। ਲੋਕਾਂ ਦਾ ਮੰਨਣਾ ਸੀ ਕਿ ਇਨ੍ਹਾਂ ਹਥਿਆਰਾਂ ਦਾ ਸਬੰਧ ਫਰਵਰੀ ਮਹੀਨੇ ਵਿੱਚ ਹੋਈ ਭਿਆਨਕ ਗੋਲੀਬਾਰੀ ਦੀ ਘਟਨਾ ਨਾਲ ਹੈ। ਪਰ ਟੰਬਲਰ ਰਿੱਜ ਆਰ.ਸੀ.ਐਮ.ਪੀ. ਨੇ ਇਨ੍ਹਾਂ ਅਫਵਾਹਾਂ ਦਾ ਸਖਤੀ ਨਾਲ ਖੰਡਨ ਕੀਤਾ ਹੈ। ਪੁਲਿਸ ਅਧਿਕਾਰੀਆਂ ਨੇ ਸਪੱਸ਼ਟ ਕੀਤਾ ਹੈ ਕਿ ਇਹ ਹਥਿਆਰ ਉਨ੍ਹਾਂ ਦੀ ਨਿਯਮਤ ਕਾਰਵਾਈ ਦਾ ਹਿੱਸਾ ਸਨ ਅਤੇ ਇਨ੍ਹਾਂ ਦਾ ਫਰਵਰੀ ਵਾਲੀ ਘਟਨਾ ਨਾਲ ਕੋਈ ਲੈਣਾ-ਦੇਣਾ ਨਹੀਂ ਹੈ। ਪੁਲਿਸ ਨੇ ਦੱਸਿਆ ਕਿ ਸਾਲ 2016 ਤੋਂ 2024 ਦਰਮਿਆਨ ਵੱਖ-ਵੱਖ ਮਾਮਲਿਆਂ ਵਿੱਚ ਜ਼ਬਤ ਕੀਤੇ ਗਏ 20 ਹਥਿਆਰਾਂ ਨੂੰ ਨਕਾਰਾ ਕਰਕੇ ਨਸ਼ਟ ਕੀਤਾ ਗਿਆ ਸੀ। ਇਸ ਪ੍ਰਕਿਰਿਆ ਤੋਂ ਬਾਅਦ ਉਹ ਕਾਨੂੰਨੀ ਤੌਰ ਉੱਤੇ ਹਥਿਆਰ ਨਹੀਂ ਰਹਿੰਦੇ। ਆਰਸੀਐਮਪੀ ਦੇ ਕਮਾਂਡਰ ਸਾਰਜੈਂਟ ਇਆਨ ਰਿਸਾਨੇਨ ਨੇ ਦੱਸਿਆ ਕਿ ਫਰਵਰੀ ਵਾਲੀ ਘਟਨਾ ਵਿੱਚ ਵਰਤੇ ਗਏ ਸਾਰੇ ਹਥਿਆਰ ਨਾਰਥ ਡਿਸਟ੍ਰਿਕਟ ਮੇਜਰ ਕ੍ਰਾਈਮ ਯੂਨਿਟ ਕੋਲ ਸੁਰੱਖਿਅਤ ਪਏ ਹਨ ਜੋ ਕਿ ਜਾਂਚ ਦਾ ਅਹਿਮ ਹਿੱਸਾ ਹਨ। ਜ਼ਿਕਰਯੋਗ ਹੈ ਕਿ 10 ਫਰਵਰੀ ਨੂੰ ਇਸ ਕਸਬੇ ਵਿੱਚ ਦੋ ਵੱਖ-ਵੱਖ ਥਾਵਾਂ ਉੱਤੇ ਹੋਈ ਗੋਲੀਬਾਰੀ ਵਿੱਚ 11 ਤੋਂ 39 ਸਾਲ ਦੇ 8 ਲੋਕਾਂ ਦੀ ਜਾਨ ਚਲੀ ਗਈ ਸੀ ਅਤੇ 27 ਹੋਰ ਜ਼ਖਮੀ ਹੋ ਗਏ ਸਨ। ਇਸ ਵਾਰਦਾਤ ਨੂੰ ਅੰਜਾਮ ਦੇਣ ਵਾਲੀ 18 ਸਾਲਾ ਕੁੜੀ ਜੈਸੀ ਵੈਨ ਰੂਟਸੇਲਾਰ ਵੀ ਸਕੂਲ ਦੇ ਅੰਦਰ ਮ੍ਰਿਤਕ ਪਾਈ ਗਈ ਸੀ। ਪੁਲਿਸ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਅਫਵਾਹਾਂ ਉੱਤੇ ਵਿਸ਼ਵਾਸ ਨਾ ਕਰਨ ਅਤੇ ਸਹੀ ਜਾਣਕਾਰੀ ਲਈ ਸਿੱਧਾ ਪੁਲਿਸ ਨਾਲ ਸੰਪਰਕ ਕਰਨ। This report was written by Divroop Kaur as part of the Local Journalism Initiative.

Popular