Tuesday, April 14, 2026

ਡੱਗ ਫੋਰਡ ਦੀ ਕਿਊਬਿਕ ਅਤੇ ਬੀ.ਸੀ. ਨੂੰ ਅਪੀਲ, ਇਲੈਕਟ੍ਰਿਕ ਗੱਡੀਆਂ ਦੇ ਵਿਕਰੀ ਟੀਚਿਆਂ ਨੂੰ ਕਰੋ ਖ਼ਤਮ

ਸਰੀ, (ਿਦਵਰੂਪ ਕੌਰ): ਓਂਟਾਰੀਓ ਦੇ ਪ੍ਰੀਮੀਅਰ ਡੱਗ ਫੋਰਡ ਨੇ ਕਿਊਬਿਕ ਅਤੇ ਬ੍ਰਿਟਿਸ਼ ਕੋਲੰਬੀਆ ਦੇ ਆਪਣੇ ਹਮਰੁਤਬਾ ਨੂੰ ਇਲੈਕਟ੍ਰਿਕ ਵਾਹਨਾਂ (EV) ਦੇ ਵਿਕਰੀ ਟੀਚਿਆਂ ਨੂੰ ਪੂਰੀ ਤਰ੍ਹਾਂ ਤਿਆਗਣ ਦੀ ਬੇਨਤੀ ਕੀਤੀ ਹੈ । ਉਨ੍ਹਾਂ ਅਨੁਸਾਰ ਇਹ ਟੀਚੇ ਕੈਨੇਡਾ ਨੂੰ ਆਰਥਿਕ ਤੌਰ ‘ਤੇ ਘੱਟ ਮੁਕਾਬਲੇਬਾਜ਼ ਬਣਾ ਰਹੇ ਹਨ । ਹਾਲਾਂਕਿ ਪਿਛਲੇ ਸਾਲ ਦੋਵਾਂ ਸੂਬਿਆਂ ਨੇ 2035 ਤੱਕ ਸਾਰੀਆਂ ਨਵੀਆਂ ਗੱਡੀਆਂ ਨੂੰ ਜ਼ੀਰੋ-ਇਮਿਸ਼ਨ ਬਣਾਉਣ ਦੇ ਆਪਣੇ ਪੁਰਾਣੇ ਟੀਚਿਆਂ ਵਿੱਚ ਕੁਝ ਨਰਮੀ ਲਿਆਂਦੀ ਸੀ, ਪਰ ਫੋਰਡ ਦਾ ਮੰਨਣਾ ਹੈ ਕਿ ਉਨ੍ਹਾਂ ਨੂੰ ਹੁਣ ਇਸ ਤੋਂ ਵੀ ਅੱਗੇ ਜਾਣ ਦੀ ਲੋੜ ਹੈ । ਬੁੱਧਵਾਰ ਨੂੰ ਭੇਜੀਆਂ ਗਈਆਂ ਚਿੱਠੀਆਂ ਵਿੱਚ ਉਨ੍ਹਾਂ ਨੇ ਸਪੱਸ਼ਟ ਕੀਤਾ ਕਿ ਓਂਟਾਰੀਓ ਦਾ ਆਟੋ ਸੈਕਟਰ ਦੇਸ਼ ਦੀ ਆਰਥਿਕਤਾ ਦਾ ਮੁੱਖ ਹਿੱਸਾ ਹੈ ।
ਪ੍ਰੀਮੀਅਰ ਨੇ ਚਿੰਤਾ ਜ਼ਾਹਿਰ ਕੀਤੀ ਕਿ ਇਹ ਸੈਕਟਰ ਲਗਭਗ ਇੱਕ ਲੱਖ ਲੋਕਾਂ ਨੂੰ ਰੁਜ਼ਗਾਰ ਦਿੰਦਾ ਹੈ ਅਤੇ ਅਮਰੀਕਾ ਵਿੱਚ ਇਲੈਕਟ੍ਰਿਕ ਵਾਹਨਾਂ ਦੀਆਂ ਨੀਤੀਆਂ ਨੂੰ ਪਿੱਛੇ ਹਟਾਉਣ ਦਾ ਸਿੱਧਾ ਅਸਰ ਕੈਨੇਡੀਅਨ ਮਾਰਕੀਟ ‘ਤੇ ਪਵੇਗਾ । ਉਨ੍ਹਾਂ ਅਨੁਸਾਰ ਜੇਕਰ ਸਿਰਫ਼ ਕੁਝ ਖ਼ਾਸ ਸੂਬਿਆਂ ਵਿੱਚ ਹੀ ਈਵੀ ਵਿਕਰੀ ਦੇ ਸਖ਼ਤ ਨਿਯਮ ਲਾਗੂ ਰਹਿੰਦੇ ਹਨ, ਤਾਂ ਇਸ ਨਾਲ ਕੈਨੇਡਾ ਵਿੱਚ ਨਿਵੇਸ਼ ਅਤੇ ਉਤਪਾਦਨ ਨੂੰ ਅਮਰੀਕਾ ਵੱਲ ਧੱਕਣ ਦਾ ਖ਼ਤਰਾ ਪੈਦਾ ਹੋ ਜਾਵੇਗਾ। ਉਨ੍ਹਾਂ ਇਸ ਸਥਿਤੀ ਨੂੰ ਇੱਕ ਵੰਡਿਆ ਹੋਇਆ ਅਤੇ ਗੈਰ-ਮੁਕਾਬਲੇ ਵਾਲਾ ਬਾਜ਼ਾਰ ਕਰਾਰ ਦਿੱਤਾ ਹੈ ਜੋ ਦੇਸ਼ ਦੇ ਹਿੱਤ ਵਿੱਚ ਨਹੀਂ ਹੈ ।
ਇੱਕ ਪ੍ਰੈਸ ਕਾਨਫਰੰਸ ਦੌਰਾਨ ਫੋਰਡ ਨੇ ਕਿਹਾ ਕਿ ਅਜਿਹੇ ਨਿਕਾਸ ਨਿਯਮ ‘ਟੀਮ ਕੈਨੇਡਾ’ ਪਹੁੰਚ ਦੇ ਅਨੁਕੂਲ ਨਹੀਂ ਹਨ । ਉਨ੍ਹਾਂ ਅਨੁਸਾਰ ਉਹ ਵਾਤਾਵਰਣ ਦੇ ਪੱਖ ਵਿੱਚ ਹਨ, ਪਰ ਜੇਕਰ ਗੁਆਂਢੀ ਦੇਸ਼ ਅਮਰੀਕਾ ਅਜਿਹੇ ਸਾਰੇ ਨਿਯਮ ਖ਼ਤਮ ਕਰ ਰਿਹਾ ਹੈ, ਤਾਂ ਕੈਨੇਡਾ ਲਈ ਮੁਕਾਬਲਾ ਕਰਨਾ ਮੁਸ਼ਕਲ ਹੋ ਜਾਵੇਗਾ । ਫੋਰਡ ਨੇ ਅਪੀਲ ਕੀਤੀ ਕਿ ਦੂਜੇ ਸੂਬਿਆਂ ਨੂੰ ਕਾਰਾਂ ‘ਤੇ ਲਗਾਈਆਂ ਗਈਆਂ ਸਾਰੀਆਂ ਵਾਤਾਵਰਣਕ ਸ਼ਰਤਾਂ ਨੂੰ ਹਟਾ ਦੇਣਾ ਚਾਹੀਦਾ ਹੈ ਤਾਂ ਜੋ ਦੇਸ਼ ਆਰਥਿਕ ਤੌਰ ‘ਤੇ ਮਜ਼ਬੂਤੀ ਨਾਲ ਅੱਗੇ ਵਧ ਸਕੇ। This report was written by Divroop Kaur as part of the Local Journalism Initiative.

Popular