ਲੇਖਕ : ਸੁਖਮੰਦਰ ਸਿੰਘ ਬਰਾੜ
ਸੰਪਰਕ : 1-604-751-1113
ਸੱਥ ਵਿੱਚ ਤਾਸ਼ ਖੇਡੀ ਜਾਂਦੇ ਸੁਰਜਨ ਕੇ ਜਲੰਧਰ ਦੇ ਖੂੰਡੀ ਦੀ ਹੁੱਜ ਮਾਰ ਕੇ ਬਾਬੇ ਹਜੂਰਾ ਸਿਉਂ ਨੇ ਪੁੱਛਿਆ, ”ਓਏ ਸਣਾ ਬਈ ਮਾਂ ਦਿਆ ਛਿੰਦਿਆ। ਅੱਜ ਕਿਮੇਂ ਸੱਥ ‘ਚ ਆਉਣ ਦੀ ਵਿਹਲ ਮਿਲ ਗੀ ਓਏ ਤੈਨੂੰ। ਤੂੰ ਤਾਂ ਕਦੇ ਸੱਥ ‘ਚ ਈ ਨ੍ਹੀ ਆਇਆ। ਅੱਜ ਤਾਂ ਪਤੰਦਰਾ ਇਉਂ ਚੌਂਕੜੀ ਮਾਰੀ ਬੈਠੈਂ ਜਿਮੇਂ ਖਤਰਾਮਾਂ ਆਲੇ ਨਾਜਰ ਪਾੜ੍ਹੇ ਨਾਲ ਬਾਜੀ ਲੱਗੀ ਹੁੰਦੀ ਐ?”
ਬਾਬੇ ਵੱਲੋਂ ਇੱਕੋ ਗੱਲ ‘ਚ ਕੀਤੇ ਕਈ ਸਵਾਲ ਜਵਾਬ ਸੁਣਕੇ ਨਾਥੇ ਅਮਲੀ ਨੇ ਬਾਬੇ ਨੂੰ ਹੈਰਾਨੀ ਨਾਲ ਪੁੱਛਿਆ, ”ਕੀਹਨੂੰ ਕਿਹਾ ਬਾਬਾ ਛਿੰਦਾ?”
ਸੀਤਾ ਮਰਾਸੀ ਅਮਲੀ ਨੂੰ ਸੂਈ ਕੁੱਤੀ ਵਾਂਗੂੰ ਪੈ ਗਿਆ, ”ਤੈਨੂੰ ਨ੍ਹੀ ਦਿਸਿਆ ਖੂੰਡੀ ਦੀ ਹੁੱਜ ਕੀਹਦੇ ਮਾਰੀ ਐ? ਧਿਆਨ ਨਾਲ ਬੈਠੀ ਦਾ ਹੁੰਦਾ ਨਾਲੇ ਸੱਥ ‘ਚ ਆ ਕੇ।” ਦੋਬਾਰਾ ਫੇਰ ਖੂੰਡੀ ਦੀ ਹੁੱਜ ਲਾ ਕੇ ਬਾਬਾ ਹਜੂਰਾ ਸਿਉਂ ਕਹਿੰਦਾ, ”ਆਹ ਸੁਰਜਨ ਦੇ ਮੁੰਡੇ ਨੂੰ ਕਿਹਾ ਛਿੰਦਾ। ਹੋਰ ਏਥੇ ਕਿਹੜਾ ਛਿੰਦਾ?”
ਸੀਤਾ ਮਰਾਸੀ ਕਹਿੰਦਾ, ”ਜਲੰਧਰ ਐ ਇਹਦਾ ਨਾਂ ਤਾਂ ਬਾਬਾ। ਛਿੰਦਾ ਛੁੰਦਾ ਤਾਂ ਸਾਨੂੰ ਪਤਾ ਨ੍ਹੀ ਕੀਹਨੇ ਧਰਿਆ ਇਹਦਾ ਨਾਂਅ।”
ਬਾਬੇ ਹਜੂਰਾ ਸਿਉਂ ਨੇ ਹੈਰਾਨੀ ਨਾਲ ਪੁੱਛਿਆ, ”ਜਲੰਧਰ ਵੀ ਕਿਤੇ ਬੰਦਿਆਂ ਦਾ ਨਾਉਂ ਹੁੰਦਾ। ਜਲੰਧਰ ਤਾਂ ਸ਼ਹਿਰ ਦਾ ਨਾਂਅ।”
ਨਾਥਾ ਅਮਲੀ ਬਾਬੇ ਨੂੰ ਟਿੱਚਰ ‘ਚ ਕਹਿੰਦਾ, ”ਜਲੰਧਰ ਕਿਉਂ ਨ੍ਹੀ ਨਾਂਅ ਹੁੰਦਾ ਬਾਬਾ। ਜੇ ਬੰਦੇ ਦਾ ਨਾਉਂ ਤੂੰ ਜਲੰਧਰ ਨ੍ਹੀ ਮੰਨਦਾ ਤਾਂ ਸ਼ਹਿਰ ਦਾ ਤਾਂ ਮੰਨਦਾ ਈ ਐਂ ਨਾ, ਕੁ ਉਹ ਵੀ ਨ੍ਹੀ ਤੇਰੇ ਚੇਹਨ ਚੱਕਰ ‘ਚ ਆਉਂਦਾ?”
ਬਾਬਾ ਕਹਿੰਦਾ, ”ਸ਼ਹਿਰ ਦਾ ਨਾਉਂ ਤਾਂ ਸੁਣਿਐਂ, ਪਰ ਬੰਦੇ ਦਾ ਤਾਂ ਮੈਂ ਅੱਜ ਪਹਿਲੀ ਵਾਰ ਸੁਣਿਆਂ। ਮੈਂ ਤਾਂ ਇਹਨੂੰ ਛਿੰਦਾ ਈ ਕਹਿਨਾਂ ਹੁੰਨਾਂ। ਜਲੰਧਰ ਜਲੁੰਧਰ ਦਾ ਤਾਂ ਮੈਨੂੰ ਪਤਾ ਨ੍ਹੀ। ਕਿਉਂ ਓਏ ਮੁੰਡਿਆ! ਕੀਅ੍ਹੈ ਧਰਿਆ ਤੇਰਾ ਨਾਉ ਓਏ?”
ਗੱਲਾਂ ਕਰੀ ਜਾਂਦਿਆਂ ਤੋਂ ਏਨੇ ਨੂੰ ਤਾਸ਼ ਵਾਲਿਆਂ ਦੀ ਬਾਜੀ ਪੂਰੀ ਹੋ ਗਈ ਤੇ ਜਲੰਧਰ ਸਿਉਂ ਸੱਥ ‘ਚੋਂ ਉੱਠ ਕੇ ਪੱਤੇ ਲੀਹ ਹੋਇਆ ਬਈ ਰਲ਼ੇ ਵੇ ਕਿਤੇ ਹੋਰ ਈ ਨਾ ਜਲੰਧਰ ਤੋਂ ਬਠਿੰਡਾ ਬਣਾ ਦੇਣ ਮੈਨੂੰ। ਜਿਉਂ ਹੀ ਜਲੰਧਰ ਸੱਥ ‘ਚੋਂ ਚਲਾ ਗਿਆ ਤਾਂ ਨਾਥੇ ਅਮਲੀ ਨੇ ਧਰ ਲੀ ਫਿਰ ਬਾਬੇ ਹਜੂਰਾ ਸਿਉਂ ਦੇ ਛਿੰਦੇ ‘ਤੇ ਸੂਈ। ਬਾਬੇ ਹਜੂਰਾ ਸਿਉਂ ਨੂੰ ਕਹਿੰਦਾ,
”ਕਿਉਂ ਬਾਬਾ! ਤੈਨੂੰ ਸੱਚੀਉਂ ਈਂ ਨ੍ਹੀ ਪਤਾ ਬਈ ਸੁਰਜਨ ਦੇ ਮੁੰਡੇ ਦਾ ਨਾਂ ਜਲੰਧਰ ਐ?”
ਬਾਬਾ ਕਹਿੰਦਾ, ”ਨੇਮ ਲੈ ਲਾ ਬਈ ਨਾਥਾ ਸਿਆਂ ਆਪਾਂ ਨੂੰ ਨ੍ਹੀ ਪਤਾ।”
ਮਾਹਲੇ ਨੰਬਰਦਾਰ ਨੇ ਵੀ ਨਾਥੇ ਅਮਲੀ ਦੇ ਹੱਕ ‘ਚ ਕੀਤੀ ਵਕਾਲਤ। ਬਾਬੇ ਹਜੂਰਾ ਸਿਉਂ ਨੂੰ ਕਹਿੰਦਾ, ”ਨਾਥਾ ਸਿਉਂ ਦੀ ਗੱਲ ਠੀਕ ਐ ਹਜੂਰਾ ਸਿਆਂ। ਇਹਦਾ ਸੁਰਜਨ ਦੇ ਮੁੰਡੇ ਦਾ ਨਾਂ ਜਲੰਧਰ ਈ ਐ।”
ਬਾਬੇ ਨੇ ਪੁੱਛਿਆ, ”ਕੀਹਨੇ ਧਰਿਆ ਇਹਦਾ ਨਾਂਅ।” ਸੀਤਾ ਮਰਾਸੀ ਕਹਿੰਦਾ, ”ਨਾਂਅ ਧਰੇ ਧੁਰੇ ਦਾ ਤਾਂ ਪਤਾ ਨ੍ਹੀ ਬਈ ਕੀਹਨੇ ਧਰਿਆ ਹੋਣੈ, ਪਰ ਲੱਖਣ ਜਾ ਤਾਂ ਇਉਂ ਲੱਗਦਾ ਬਈ ਇਹ ਜਲੰਧਰ ਜਲੁੰਧਰ ਨਾ ਕਿਤੇ ਜੰਮਿਆ ਹੋਵੇ। ਜਾਂ ਫਿਰ ਚਿੰਤੋ ਦਾਈ ਨੂੰ ਪੁੱਛਣਾ ਪਊ ਬਈ ਇਹਦਾ ਨਾਂ ਕੀਹਨੇ ਧਰਿਆ?”
ਨਾਥਾ ਅਮਲੀ ਕਹਿੰਦਾ, ”ਜਲੰਧਰ ਨਾ ਕਿਤੇ ਇਹੇ ਪੂਨੇ ਸਤਾਰੇ ਜੰਮਿਐਂ। ਬੂਥੀ ਇਹਦੀ ਜਲੰਧਰ ‘ਚ ਜੰਮਣ ਆਲੀ ਐ ਕਿਤੇ?”
ਬਾਬਾ ਹਜੂਰਾ ਸਿਉਂ ਅਮਲੀ ਨੂੰ ਕਹਿੰਦਾ, ”ਤੂੰ ਦੱਸਦੇ ਫਿਰ ਨਾਥਾ ਸਿਆ ਕਿੱਥੇ ਜੰਮਿਆਂ?”
ਨਾਥਾ ਅਮਲੀ ਹੱਸ ਕੇ ਕਹਿੰਦਾ, ”ਮੈਂ ਤਾਂ ਇਉਂ ਸੁਣਿਐਂ ਬਈ ਇਹਦਾ ਨਾਉਂ ਤਾਂ ਸ਼ਕੰਦਰ ਧਰਿਆ ਸੀ ਘਰ ਦਿਆਂ ਨੇ, ਪਰ ਜਦੋਂ ਇਹਨੂੰ ਆਪਣੇ ਓਧਰਲੇ ਗੁਆੜ ਆਲੇ ਨਿੱਕੇ ਸਕੂਲ ‘ਚ ਇਹਦਾ ਦਾਦਾ ਸਦਾਗਰ ਸਿਉਂ ਇਹਦਾ ਨਾਂ ਦਾਖਲ ਕਰਾਉਣ ਗਿਆ ਤਾਂ ਉਹ ਰਾਹ ‘ਚ ਜਾਂਦਾ ਜਾਂਦਾ ਸ਼ਕੰਦਰ ਨਾਂਅ ਤਾਂ ਭੁੱਲ ਗਿਆ, ਓੱਥੇ ਸਕੂਲ ‘ਚ ਮਾਹਟਰ ਕੋਲੇ ਜਾ ਕੇ ਜਲੰਧਰ ਨਾਂਅ ਲਖਾ ‘ਤਾ। ਵੱਸ! ਓਦਣ ਤੋਂ ਜਲੰਧਰ ਜਲੰਧਰ ਹੋਣ ਲੱਗ ਪਈ। ਹੁਣ ਆਹ ਬਾਬੇ ਨੇ ਪਤਾ ਨ੍ਹੀ ਛਿੰਦਾ ਨਾਉਂ ਕਿੱਧਰੋਂ ਕੱਢ ਧਰਿਆ?”
ਬਾਬੇ ਦੀ ਛਿੰਦੇ ਨਾਉਂ ਵਾਲੀ ਗੱਲ ਢਕਣ ਦਾ ਮਾਰਾ ਸੀਤਾ ਮਰਾਸੀ ਅਮਲੀ ਨੂੰ ਕਹਿੰਦਾ, ”ਬਾਬੇ ਨੇ ਤਾਂ ਅਮਲੀਆਂ ਇਹਦਾ ਨਾਉਂ ਛਿੰਦਾ ਇਉਂ ਧਰਿਆ ਬਈ ਇਹ ਗਾਉਂਦਾ ਬਹੁਤ ਵਧੀਆ। ਸਰਿੰਦਰ ਛਿੰਦੇ ਗਵਈਏ ਆਂਗੂੰ ਗਾਉਂਦੈ।”
ਛਿੰਦੇ ਗਵਈਏ ਦਾ ਨਾਂਅ ਸੁਣ ਕੇ ਨਾਥਾ ਅਮਲੀ ਸੀਤੇ ਮਰਾਸੀ ਨੂੰ ਕਹਿੰਦਾ, ”ਗਾਉਣ ਨੂੰ ਇਹ ਕਿੱਧਰੋਂ ਆ ਗਿਆ ਓਏ ਸਿੱਧਮਾਂ ਕਾਲਜ ਆਲਾ ਰਣਜੀਤ ਕਵੀਸ਼ਰ ਬਈ ਜਿਹੜਾ ਵਟੇ ਦੇ-ਦੇ ਗਾਉਂਦੈ। ਨਲ਼ੀ ਤਾਂ ਇਹਤੋਂ ਪੂੰਝੀ ਨ੍ਹੀ ਜਾਂਦੀ, ਅਕੇ ਛਿੰਦੇ ਆਂਗੂੰ ਗਾਉਂਦਾ। ਗਾਉਣਾ ਕਿਤੇ ਸੌਖਾ ਪਿਆ। ਜਾਹ ਓਏ ਪਰ੍ਹਾਂ, ਕਰ ‘ਤੀ ਬਈ ਗੱਲ।”
ਗੱਲਾਂ ਸੁਣੀ ਜਾਂਦਾ ਚੁੱਪ ਕਰਿਆ ਬੈਠਾ ਜਲੰਧਰ ਦਾ ਗੁਆਂਢੀ ਬੁੱਘਰ ਦਖਾਣ ਵੀ ਬੋਲਿਆ, ”ਓਏ ਗਾਉਂਦਾ ਗੂੰਦਾ ਕਾਹਨੂੰ ਐ ਇਹੇ। ਇਹ ਤਾਂ ਬਲਾਰਾ ਦੱਸਦੇ ਐ। ਬਾਕੀ ਮੈਂ ਤਾਂ ਕਦੇ ਬੋਲਦਾ ਸੁਣਿਆਂ ਨ੍ਹੀ, ਪਰ ਕਹਿੰਦੇ ਐ ਬਈ ਵਧੀਆ ਬਲਾਰਾ ਬੋਲਣ ਨੂੰ।”
ਨਾਥਾ ਅਮਲੀ ਬੁੱਘਰ ਦਖਾਣ ਦੇ ਮੂੰਹੋਂ ਵਧੀਆ ਬੁਲਾਰੇ ਵਾਲੀ ਗੱਲ ਸੁਣ ਕੇ ਬੁੱਘਰ ਨੂੰ ਇਉਂ ਚਿੰਬੜ ਗਿਆ ਜਿਮੇਂ ਰੇਤਲੇ ਟਿੱਬਿਆਂ ਵਾਲੀ ਜ਼ਮੀਨ ਮਿਣਦੇ ਪਟਵਾਰੀ ਦੇ ਸੁੱਥੂ ਨੂੰ ਲੇਹਾ ਚਿੰਬੜ ਗਿਆ ਹੋਵੇ। ਬੁੱਘਰ ਦਖਾਣ ਵੱਲ ਹੱਥ ਕਰਕੇ ਹੱਸ ਕੇ ਬੋਲਿਆ,
”ਆਹ ਹੋਰ ਸੁਣ ਲੋ ਬਈ ਬੁੱਘਰ ਸਿਉਂ ਤੋਂ। ਅਕੇ ਬੋਲਦਾ ਤਾਂ ਮੈਂ ਸੁਣਿਆਂ ਨ੍ਹੀ, ਪਰ ਬਲਾਰਾ ਚੰਗਾ ਦੱਸਦੇ ਐ। ਇਹ ਕੀ ਗੱਲ ਬਣੀ ਬਈ? ਬਲਾਰੇ ਨੂੰ ਦੱਸੀ ਖਾਂ ਇਹਨੇ ਕਿਹੜੇ ਛਪਾਰ ਦੇ ਮੇਲੇ ‘ਤੇ ਲਸ਼ਕਰ ਦਿੱਤਾ ਓਏ। ਐਥੇ ਤਾਸ਼ ਖੇਡੀ ਜਾਂਦਾ ਤਾਂ ਸੱਤ ਵਾਰੀ ਲੜਿਆ ਇੱਕੋ ਬਾਜੀ ‘ਚ। ਘੈਂ-ਘੈਂ ਜੀ ਕਰਕੇ ਇਉਂ ਬੋਲੇ ਜਿਮੇਂ ਕੁੱਜੇ ‘ਚ ਤਾੜਿਆ ਵਿਆ ਭੂੰਡ ਬੋਲਦਾ ਹੁੰਦਾ। ਬਲਾਰੇ ਤਾਂ ਮੀਰ ਸਿੱਧਮਾਂ ਕਾਲਜ ਆਲੇ ਸਤਿੰਦਰਪਾਲ ਅਰਗੇ ਐ। ਜੀਹਨੂੰ ਬੋਲਦੇ ਨੂੰ ਸੁਣਨ ਆਲੇ ਸਾਰਾ-ਸਾਰਾ ਦਿਨ ਭੁੱਖੇ ਤਿਹਾਏ ਬੈਠੇ ਰਹਿੰਦੇ ਐ ਪੰਡਾਲ ‘ਚ। ਘੋਟ-ਘੋਟ ਅੱਖਰ ਬੋਲਦਾ ਜਿਮੇਂ ਗਲ਼ ‘ਚ ਕੋਈ ਰੇਡੀਆ ਫਿੱਟ ਕੀਤਾ ਹੁੰਦਾ। ਇਹ ਕਿੱਧਰੋਂ ਬਲਾਰਾ ਆ ਗਿਆ ਜਿਹਨੂੰ ਬਾਬਾ ਛਿੰਦਾ ਕਹਿੰਦਾ। ਬੋਲਦਾ ਤਾਂ ਤਤਲਾਕੇ ਐ, ਰਲਾ ‘ਤਾ ਤੁਸੀਂ ਇਹਨੂੰ ਸਿੱਧਮਾਂ ਕਾਲਜ ਆਲੇ ਕਵੀਸ਼ਰਾਂ ਨਾਲ। ਬਾਬਾ ਤੇਰੇ ਆਲੀ ਵੀ ਹੱਦ ਈ ਐ। ਵੇਖ ਤਾਂ ਲਿਆ ਕਰ। ਕਿੱਥੇ ਛਿੰਦਾ ਕਿੱਥੇ ਇਹੇ ਜਲੰਧਰੂ।”
ਅਮਲੀ ਦੀ ਗੱਲ ਸੁਣ ਕੇ ਮਾਹਲਾ ਨੰਬਰਦਾਰ ਕਹਿੰਦਾ, ”ਤੈਨੂੰ ਕੀ ਪਤਾ ਅਮਲੀਆ ਬਈ ਇਹ ਤੁਤਲਾ ਬੋਲਦੈ?”
ਅਮਲੀ ਕਹਿੰਦਾ, ”ਲੈ ਤੁਤਲਪੁਣੇ ਦੀ ਵੀ ਇਹਦੇ ਆਲੀ ਸੁਣ ਲਾ। ਆਪਣੇ ਪਿੰਡ ਆਲਾ ਮੱਘਰ ਵਚੋਲਾ ਇਹਨੂੰ ਸਾਕ ਕਰਾਵੇ। ਕੁੜੀ ਆਲੇ ਜਲੰਧਰ ਨੂੰ ਵੇਖ ਕੇ ਪਸਿੰਦ ਕਰ ਗੇ। ਕੱਦ ਕਾਠ ਤੇ ਸੋਹਣਾ ਸਨੱਖਾ ਤਾਂ ਵੇਖ ਲਿਆ ਅਗਲਿਆਂ ਨੇ, ਮੂੰਹੋਂ ਬਲਾ ਕੇ ਵੇਖਿਆ ਨਾ ਬਈ ਬੋਲਣ ਨੂੰ ਕਿਹੋ ਜਾ?”
ਅਮਲੀ ਦੀ ਗੱਲ ਟੋਕ ਕੇ ਸੀਤਾ ਮਰਾਸੀ ਕਹਿੰਦਾ, ”ਬਲਾ ਕੇ ਵੇਖਣ ਨੂੰ ਕੁੜੀ ਆਲਿਆਂ ਨੇ ਕਲੀਆਂ ਲਵਾਉਣੀਆਂ ਸੀ ਉਹਤੋਂ।”
ਮਰਾਸੀ ਨੂੰ ਗੱਲ ਦੇ ਵਿੱਚ ਬੋਲਿਆ ਸੁਣ ਕੇ ਬਾਬਾ ਹਜ਼ੂਰਾ ਸਿਉਂ ਮਰਾਸੀ ਨੂੰ ਘੂਰ ਕੇ ਬੋਲਿਆ, ”ਚੁੱਪ ਕਰ ਓਏ ਮੀਰ, ਐਮੇਂ ਨਾ ਚੱਲਦੀ ਗੱਲ ‘ਚ ਘਪਲ ਚੌਂਦੇ ਜੀ ਕਰ ਦਿਆ ਕਰ। ਗੱਲ ਗਾਹਾਂ ਤੁਰਨ ਦੇ।”
ਜੱਗਾ ਕਾਮਰੇਡ ਅਮਲੀ ਦੇ ਮੋਢੇ ‘ਤੇ ਹੱਥ ਮਾਰ ਕੇ ਕਹਿੰਦਾ, ”ਅੱਗੇ ਦੱਸ ਅਮਲੀਆਂ ਕਿਮੇਂ ਹੋਈ ਫਿਰ?”
ਅਮਲੀ ਕਹਿੰਦਾ, ”ਅੱਗੇ ਕਿਮੇਂ ਹੋਣੀ ਸੀ। ਜੇ ਤਾਂ ਉਹ ਜਲੰਧਰ ਨੂੰ ਬਲਾ ਕੇ ਵੇਖ ਲੈਂਦੇ ਫੇਰ ਤਾਂ ਕੁੜੀ ਆਲਿਆਂ ਨੇ ਓਦਣ ਈਂ ਜਵਾਬ ਦੇ ਜਾਣਾ ਸੀ। ਗੱਲ ਰਹਿ ਗੀ ਢਕੀ ਢਕਾਈ। ਉਹ ਜਾਂਦੇ ਜਾਂਦੇ ਇਨ੍ਹਾਂ ਨੂੰ ਟੈਮ ਦੇ ਗੇ ਬਈ ਜਿੱਦੇ ਤੁਸੀਂ ਕੁੜੀ ਵੇਖਣ ਆਉਣਾ ਹੋਇਆ ਮੱਘਰ ਸਿਉਂ ਵਚੋਲੇ ਦੇ ਹੱਥ ਸਨੇਹਾ ਘੱਲ ਦਿਉ। ਕੁੜੀ ਆਲਿਆਂ ਤੋਂ ਲੈ ਕੇ ਦਿਨ, ਮੱਘਰ ਵਚੋਲਾ ਸੁਰਜਨ ਕਿਆਂ ਨੂੰ ਨਾਲ ਲੈ ਕੇ ਜਲੰਧਰ ਨੂੰ ਕੁੜੀ ਵਖਾਉਣ ਚਲਾ ਗਿਆ ਉਨ੍ਹਾਂ ਦੇ ਪਿੰਡ। ਅਕੇ ਜਾਂਦੇ ਜਾਂਦੇ ਜਲੰਧਰ ਨੂੰ ਕਹਿੰਦੇ ‘ਐਥੇ ਤਾਂ ਨ੍ਹੀ ਤੇਰੇ ਤੁਤਲੇ ਪਣ ਦਾ ਪਤਾ ਲੱਗਿਆ, ਕਿਤੇ ਓੱਥੇ ਜਾ ਕੇ ਨਾ ਕੰਜਰ ਦਿਆ ਭੌਂਕ ਪੀਂ। ਚੁੱਪ ਕਰਕੇ ਬੈਠਾ ਰਹੀਂ’। ਮੱਘਰ ਵਚੋਲੇ ਨੂੰ ਕੁੜੀ ਬਾਰੇ ਵੀ ਪਤਾ ਸੀ ਬਈ ਕੁੜੀ ਵੀ ਤੁਤਲੀ ਐ। ਅਕੇ ਮੱਘਰ ਜਲੰਧਰ ਦੀ ਮਾਂ ਨੂੰ ਕਹਿੰਦਾ ‘ਸਰਜੀਤ ਕੁਰੇ! ਵੇਖ ਲਾ ਆਪਣਾ ਮੁੰਡਾ ਤੁਤਲਾ, ਐਮੇਂ ਓੱਥੇ ਜਾ ਕੇ ਕੁੜੀ ਨੂੰ ਨਾ ਬਲਾਉਣ ਬਹਿ ਜਿਉ। ਜੇ ਤੁਸੀਂ ਕੁੜੀ ਨੂੰ ਬਲਾ ਬੈਠੇ ਹੋਰ ਨਾ ਕਿਤੇ ਉਹ ਆਪਣੇ ਮੁੰਡੇ ਨੂੰ ਬਲਾ ਕੇ ਵੇਖ ਲੈ। ਇਹਦੇ ਤੁਤਲ ਪੁਣੇ ਦਾ ਉਨ੍ਹਾਂ ਨੂੰ ਲੱਗ ਜਾਣਾ ਪਤਾ, ਆਪਣੀ ਸਾਰੀ ਕਰੀ ਕਰਾਈ ਖੂਹ ‘ਚ ਪੈ ਜੂ’। ਜਲੰਧਰ ਦੀ ਮਾਂ ਕਹਿੰਦੀ ‘ਲੈ ਭਾਈ ਮੱਘਰ ਸਿਆਂ! ਆਪਾਂ ਤੇਰੇ ਕਹਿਣੇ ਤੋਂ ਕਿਤੇ ਬਾਹਰ ਆਂ। ਆਪਾਂ ਕੀ ਲੈਣਾ ਕੁੜੀ ਨੂੰ ਬਲਾ ਕੇ । ਆਪੇ ਜਦੋਂ ਵਿਆਹੀ ਆਈ ਪਤਾ ਲੱਗ ਈ ਜਾਣ ਬੋਲਣ ਦਾ’। ਇਹ ਸਾਰਾ ਟੱਬਰ ਕੁੜੀ ਆਲਿਆਂ ਦੇ ਘਰੇ ਭਾਈ ਜਾ ਵੜੇ ਕੁੜੀ ਵੇਖਣ। ਉਨ੍ਹਾਂ ਨੇ ਚੰਗਾ ਚਾਹ ਪਾਣੀ ਪਿਆਇਆ। ਚਾਹ ਸੀ ਕਿਤੇ ਬਾਬਾ ਤੱਤੀ। ਇੱਕ ਉੱਤੋਂ ਚਾਹ ਆਲੀਆਂ ਕੱਪੀਆਂ ਜੀਆਂ ਸਟੀਲ ਦੀਆਂ ਸੀ ਜਿਹੜੀਆਂ ਥੱਲਿਉਂ ਅੱਧੀਆਂ ਕੁ ਖਾਲੀ ਜੀਆਂ ਹੁੰਦੀਆਂ। ਜਦੋਂ ਜਲੰਧਰ ਨੇ ਬਾਬਾ ਕੱਪੀ ਜੀ ਮੂੰਹ ਨੂੰ ਲਾਈ ਇੱਕ ਤਾਂ ਚਾਹ ਵੀ ਤੱਤੀ ਸੀ ਦੂਜੀ ਸਟੀਲ ਜੀ ਵੀ ਅੱਗ ਅਰਗੀ ਹੋਈ ਪਈ ਸੀ। ਕੱਪੀ ਮੂੰਹ ਨੂੰ ਲਾਉਣ ਸਾਰ ਜਲੰਧਰ ਦੇ ਬੁੱਲ੍ਹ ਮੱਚ ਗੇ। ਅਕੇ ਜਲੰਧਰ ਮੱਘਰ ਵਚੋਲੇ ਨੂੰ ਕਹਿੰਦਾ ‘ਤਾਹ ਦਲਮ ਐਂ ਮੱਧਲਾ ਮੇਲ਼ਾ ਤਾਂ ਮੂੰਹ ਈਂ ਮੱਤ ਗਿਆ। ਅਕੇ ਕੋਲੇ ਈ ਕੁੜੀ ਬੈਠੀ ਸੀ। ਹੋਰ ਤਾਂ ਕੋਈ ਬੋਲਿਆ ਨਾ ਸਾਰੇ ਸੁੰਨ ਈਂ ਹੋ ਗੇ ਬਈ ਜਲੰਧਰ ਸਿਉਂ ਦਾ ਤਾਂ ਫਰੋਲਿਆ ਗਿਆ ਪੋਤੜਾ। ਅਕੇ ਕੁੜੀ ਬੈਠੀ-ਬੈਠੀ ਕਹਿੰਦੀ ‘ਫੂਤ ਮਾਲ ਲਾ ਥੰਦੀ ਹੋ ਦੂ’। ਕੁੜੀ ਤੇ ਮੁੰਡੇ ਦੀ ਤੁਤਲੀ ਬੋਲੀ ਸੁਣ ਕੇ ਨਾ ਤਾਂ ਕੁੜੀ ਆਲੇ ਸ਼ਰਮੋ ਸ਼ਰਮੀ ਕੁਸ ਬੋਲੇ, ਨਾ ਹੀ ਮੁੰਡੇ ਆਲਿਆਂ ਦੀ ਜਬਾਨ ਫੁੱਟੀ ਬਈ ਸਾਡਾ ਤਾਂ ਝੱਗਾ ਈ ਚੌੜ ਹੋ ਗਿਆ।”
ਬਾਬੇ ਹਜੂਰਾ ਸਿਉਂ ਨੇ ਵੀ ਅਮਲੀ ਨੂੰ ਤੁਤਲੀ ਬੋਲੀ ਬੋਲ ਕੇ ਟਿੱਚਰ ‘ਚ ਪੁੱਛਿਆ, ”ਅਮਲੀਆ ਫੇਲ ਮੱਧਲ ਵਤੋਲਾ ਨ੍ਹੀ ਕੁਸ ਬੋਦਿਆ?”
ਬਾਬੇ ਦੀ ਗੱਲ ਸੁਣ ਕੇ ਸੱਥ ਵਾਲੇ ਸਾਰੇ ਹੱਸ ਪਏ। ਅਮਲੀ ਕਹਿੰਦਾ,
”ਕੁੜੀ ਤੇ ਮੁੰਡੇ ਆਲਿਆਂ ਨੇ ਮੱਘਰ ਓੱਥੇ ਈ ਢਾਹ ਲਿਆ ਫਿਰ। ਮਾਰ ਮਾਰ ਘਸੁੰਨ ਮੱਘਰ ਤੰਦੂਰ ‘ਚ ਫਸੇ ਸੂਰ ਅਰਗਾ ਕਰ ‘ਤਾ ਅਗਲਿਆਂ ਨੇ।” ਕਹਿੰਦੇ, ‘ਕੰਜਰ ਦਿਆ ਪੁੱਤਾ! ਤੂੰ ਸਾਨੂੰ ਦੋ ਟੱਬਰਾਂ ਨੂੰ ਨੇਰ੍ਹੇ ਚੀ ਰੱਖਿਆ ਓਏ।”
ਮਾਹਲਾ ਨੰਬਰਦਾਰ ਅਮਲੀ ਨੂੰ ਕਹਿੰਦਾ, ”ਅਮਲੀਆ ਮੁੰਡੇ ਕੁੜੀ ਆਲੀ ਬੋਲੀ ਬੋਲ ਕੇ ਦੱਸ ਕਿਮੇਂ ਹੋਈ ਸੀ ਗੱਲ ਓੱਥੇ?”
ਏਨੇ ਚਿਰ ਨੂੰ ਕਰਮੇ ਸੂਬੇਦਾਰ ਦਾ ਮੁੰਡਾ ਬਾਬੇ ਹਜੂਰਾ ਸਿਉਂ ਨੂੰ ਸੱਥ ‘ਚ ਆ ਕੇ ਕਹਿੰਦਾ, ”ਬਾਬਾ ਜੀ! ਤੈਨੂੰ ਮੇਰੇ ਭਾਪੇ ਨੇ ਘਰੇ ਸੱਦਿਆ।”
ਸੂਬੇਦਾਰ ਦਾ ਮੁੰਡਾ ਤਾਂ ਬਾਬੇ ਨੂੰ ਸੁਨੇਹਾ ਲਾ ਕੇ ਘਰ ਨੂੰ ਮੁੜ ਗਿਆ, ਤੇ ਮਾਹਲਾ ਨੰਬਰਦਾਰ ਕਹਿੰਦਾ, ”ਇਨ੍ਹਾਂ ਦੇ ਘਰੇ ਵੀ ਹਜੂਰਾ ਸਿਆਂ ਆਹੀ ਰੌਲਾ ਜਿਹੜੇ ਰੌਲ਼ੇ ਦੀ ਆਪਾਂ ਗੱਲ ਕਰਕੇ ਹਟੇ ਆਂ।”
ਸੂਬੇਦਾਰ ਦੇ ਮੁੰਡੇ ਦਾ ਸੁਨੇਹਾ ਸੁਣਦੇ ਸਾਰ ਜਿਉਂ ਹੀ ਬਾਬਾ ਹਜੂਰਾ ਸਿਉਂ ਸੱਥ ‘ਚੋਂ ਉੱਠ ਕੇ ਸੂਬੇਦਾਰ ਦੇ ਘਰ ਨੂੰ ਤੁਰਿਆ ਤਾਂ ਬਾਕੀ ਦੀ ਸੱਥ ਵਾਲੇ ਵੀ ਸੱਥ ‘ਚੋਂ ਉੱਠ ਖੜੋਤੇ।

