ਸਰੀ, (ਦਿਵਰੂਪ ਕੌਰ): ਅਲਾਸਕਾ ਵਿੱਚ ਆਏ ਤੂਫ਼ਾਨ ਹਾਲੌਂਗઠ(Halong) ਨੇ ਤਬਾਹੀ ਦਾ ਅਜਿਹਾ ਦ੍ਰਿਸ਼ ਬਣਾਇਆ ਕਿ ਰਾਹਤ ਟੀਮਾਂ ਨੂੰ ਦਰਜਨਾਂ ਲੋਕਾਂ ਦੀ ਜਾਨ ਬਚਾਉਣੀ ਪਈ। ਵੀਕਐਂਡ ਦੌਰਾਨ ਆਏ ਇਸ ਭਿਆਨਕ ਤੂਫ਼ਾਨ ਨੇ ਯੂਕੋਨ-ਕੁਸਕੋਕਵਿਮ ਡੈਲਟਾ ਖੇਤਰ ਦੇ ਕਈ ਇਲਾਕਿਆਂ ਨੂੰ ਪੂਰੀ ਤਰ੍ਹਾਂ ਪ੍ਰਭਾਵਿਤ ਕੀਤਾ। ਇਸ ਹਾਦਸੇ ਵਿੱਚ ਘੱਟੋ-ਘੱਟ ਇੱਕ ਵਿਅਕਤੀ ਦੀ ਮੌਤ ਹੋ ਗਈ ਹੈ ਜਦਕਿ ਦੋ ਲੋਕ ਅਜੇ ਵੀ ਲਾਪਤਾ ਹਨ।
ਤੂਫ਼ਾਨ ਨਾਲ ਆਈ ਤੇਜ਼ ਹਵਾਵਾਂ ਅਤੇ ਸਮੁੰਦਰੀ ਲਹਿਰਾਂ ਨੇ ਨੀਵੇਂ ਇਲਾਕਿਆਂ ਵਿੱਚ ਮੌਜੂਦ ਕਈ ਘਰਾਂ ਨੂੰ ਸਮੁੰਦਰ ਵਿੱਚ ਵਹਾ ਦਿੱਤਾ। ਯੂ.ਐਸ. ਕੋਸਟ ਗਾਰਡ ਨੇ 24 ਲੋਕਾਂ ਨੂੰ ਉਨ੍ਹਾਂ ਦੇ ਘਰਾਂ ਤੋਂ ਬਚਾਇਆ, ਜਦਕਿ ਕੁਝ ਘਰ ਪੂਰੇ ਤੌਰ ‘ਤੇ ਪਾਣੀ ਵਿੱਚ ਤਰ ਗਏ ਸਨ।
ਮੰਗਲਵਾਰ ਸ਼ਾਮ ਤੱਕ, ਅਲਾਸਕਾ ਸਟੇਟ ਟਰੂਪਰਜ਼ ਨੇ ਐਲਾਨ ਕੀਤਾ ਕਿ ਯੂ.ਐਸ. ਕੋਸਟ ਗਾਰਡ, ਅਲਾਸਕਾ ਆਰਮੀ ਨੈਸ਼ਨਲ ਗਾਰਡ ਅਤੇ ਏਅਰ ਨੈਸ਼ਨਲ ਗਾਰਡ ਦੇ ਨਾਲ ਸਾਂਝੇ ਤੌਰ ‘ਤੇ ”ਐਕਟਿਵ ਸਰਚ ਐਂਡ ਰੈਸਕਿਊ” ਕਾਰਵਾਈ ਰੋਕ ਦਿੱਤੀ ਗਈ ਹੈ। ਉਨ੍ਹਾਂ ਨੇ ਦੱਸਿਆ ਕਿ 67 ਸਾਲਾਂ ਦੀ ਐਲਾ ਮੇ ਕੈਸ਼ਾਟੌਕ ਦੀ ਲਾਸ਼ ਮਿਲ ਗਈ ਹੈ ਜਦਕਿ ਦੋ ਲੋਕ ਹਜੇ ਵੀ ਕਵੀਗਿਲਿੰਗੋਕઠ(Kwigillingok) ਪਿੰਡ ਵਿੱਚ ਲਾਪਤਾ ਹਨ।
ਸੈਂਕੜਿਆਂ ਲੋਕ ਅਸਥਾਈ ਸ਼ਰਣਾਂ ‘ਚ ਰਹਿ ਰਹੇ ਹਨ, ਜਿਨ੍ਹਾਂ ਵਿੱਚ ਕੁਝ ਸਕੂਲਾਂ ਨੂੰ ਵੀ ਸ਼ਰਣਾਥੀ ਕੇਂਦਰ ਬਣਾਇਆ ਗਿਆ ਹੈ। ਕੁਝ ਥਾਵਾਂ ‘ਤੇ ਟਾਇਲਟ ਤੱਕ ਕੰਮ ਨਹੀਂ ਕਰ ਰਹੇ। ਰਾਹਤ ਅਧਿਕਾਰੀਆਂ ਨੇ ਦੱਸਿਆ ਕਿ ਕੁੱਲ ਮਿਲਾਕੇ 1,500 ਤੋਂ ਵੱਧ ਲੋਕਾਂ ਨੂੰ ਤੂਫ਼ਾਨ ਕਾਰਨ ਘਰ ਛੱਡਣੇ ਪਏ ਹਨ।
ਸਭ ਤੋਂ ਵੱਧ ਪ੍ਰਭਾਵਿਤ ਪਿੰਡਾਂ ਵਿੱਚ ਕਿਪਨੁਕઠ(Kipnuk) ਅਤੇ ਕਵੀਗਿਲਿੰਗੋਕ ਸ਼ਾਮਲ ਹਨ। ਕਿਪਨੁਕ ਦੀ ਅਬਾਦੀ ਲਗਭਗ 715 ਹੈ, ਜਦਕਿ ਕਵੀਗਿਲਿੰਗੋਕ ਵਿੱਚ 380 ਲੋਕ ਰਹਿੰਦੇ ਹਨ। ਦੋਵੇਂ ਪਿੰਡ ਇਸ ਸਮੇਂ ਸੜਕ ਰਾਹੀਂ ਪਹੁੰਚਯੋਗ ਨਹੀਂ ਹਨ ਅਤੇ ਸਿਰਫ਼ ਪਾਣੀ ਜਾਂ ਹਵਾਈ ਰਾਹੀਂ ਹੀ ਉੱਥੇ ਜਾਇਆ ਜਾ ਸਕਦਾ ਹੈ।
ਰਾਜ ਐਮਰਜੈਂਸੀ ਮੈਨੇਜਮੈਂਟ ਡਿਵਿਜ਼ਨ ਦੇ ਇੰਸੀਡੈਂਟ ਕਮਾਂਡਰ ਮਾਰਕ ਰੌਬਰਟਸ ਨੇ ਕਿਹਾ, ”ਇਹ ਤਬਾਹੀ ਹੈ ઠਆਓ ਇਸ ਨੂੰ ਹੋਰ ਕਿਸੇ ਤਰੀਕੇ ਨਾਲ ਨਾ ਵੇਖੀਏ। ਅਸੀਂ ਕਮਿਊਨਿਟੀਆਂ ਦੀ ਮਦਦ ਲਈ ਪੂਰੀ ਕੋਸਸ਼ਿ ਕਰ ਰਹੇ ਹਾਂ, ਪਰ ਹਾਲਤ ਬਹੁਤ ਖਰਾਬ ਹੈ।”
ਯੂ.ਐਸ. ਕੋਸਟ ਗਾਰਡ ਦੇ ਕੈਪਟਨ ਕ੍ਰਿਸਟੋਫਰ ਕੁਲਪੈਪਰ ਨੇ ਦੋਵਾਂ ਪਿੰਡਾਂ ਦੀ ਸਥਿਤੀ ਨੂੰ ”ਪੂਰੀ ਤਰ੍ਹਾਂ ਤਬਾਹੀ” ਦੱਸਿਆ। ਉਨ੍ਹਾਂ ਕਿਹਾ, ”ਲੋਕਾਂ ਦੀ ਜਾਨ ਬਚਾਉਣਾ ਸਾਡੀ ਸਭ ਤੋਂ ਵੱਡੀ ਪ੍ਰਾਥਮਿਕਤਾ ਹੈ।”
ਕੋਸਟ ਗਾਰਡ ਦੇ ਆਰਕਟਿਕ ਜਲ੍ਹਿੇ ਦੇ ਕਮਾਂਡਰ ਬੌਬ ਲਿਟਲ ਨੇ ਕਿਹਾ, ”ਸਾਡੀਆਂ ਸੰਵੇਦਨਾਵਾਂ ਕਵੀਗਿਲਿੰਗੋਕ ਅਤੇ ਕਿਪਨੁਕ ਦੇ ਰਹਿਣ ਵਾਲਿਆਂ ਨਾਲ ਹਨ। ਸਾਡੇ ਬਹਾਦਰ ਰਾਹਤ ਕਰਮਚਾਰੀਆਂ ਅਤੇ ਸੈਵਾਦਾਰਾਂ ਨੇ ਅਸੰਭਵ ਹਾਲਾਤਾਂ ਵਿੱਚ ਵੀ ਸੈਂਕੜਿਆਂ ਲੋਕਾਂ ਦੀ ਜਾਨ ਬਚਾਈ ਹੈ।”
ਉਨ੍ਹਾਂ ਨੇ ਕਿਹਾ ਕਿ ਰਾਹਤ ਕਾਰਜ ਜਾਰੀ ਰਹੇਗਾ ਅਤੇ ਪ੍ਰਭਾਵਿਤ ਕਮਿਊਨਿਟੀਆਂ ਨੂੰ ਦੁਬਾਰਾ ਵਸਾਉਣ ਲਈ ਸਰਕਾਰ ਵੱਲੋਂ ਹਰ ਸੰਭਵ ਸਹਾਇਤਾ ਪ੍ਰਦਾਨ ਕੀਤੀ ਜਾਵੇਗੀ।ઠ This report was written by Divroop Kaur as part of the Local Journalism Initiative.

