Thursday, December 4, 2025

ਦਿਮਾਗੀ ਚਿੱਪ

ਲੇਖਕ : ਰਜਿੰਦਰ ਸਿੰਘ ਟਾਂਡਾ

ਮੇਰੇ ਇੱਕ ਜਾਣਕਾਰ, ਕੰਮ ਦੇ ਸਿਲਸਿਲੇ ਵਿਚ, ਕੋਈ ਸਾਲ ਕੁ ਪਹਿਲਾਂ ਆਪਣੀ ਧਰਮ ਪਤਨੀ ਨਾਲ ਮੇਰੇ ਆਫਿਸ ਆਏ। ਇਸ ਤੋਂ ਪਹਿਲਾਂ ਵੀਂ ਦੋ ਕੁ ਵਾਰ ਆਏ ਸਨ, ਬੜੇ ਭਲੇਮਾਣਸ ਲੋਕ ਸਨ, ਪਰ ਇਸ ਵਾਰ ਉਹ ਸਰੀਰਕ ਤੌਰ ਉੱਤੇ ਠੀਕ ਨਹੀਂ ਸਨ। ਬੋਲਣ ਵਿਚ ਕਾਫੀ ਮੁਸ਼ਕਲ ਸੀ। ਉਨ੍ਹਾਂ ਦੇ ਧਰਮ ਪਤਨੀ ਨੇ ਦੱਸਿਆ ਕਿ ਬ੍ਰੇਨ ਹੈਮਰਿਜ਼ ਹੋਈ ਤੇ ਸ਼ਾਇਦ ਦਿਮਾਗ ਦੇ ਕੁਝ ਹਿੱਸੇ ਇਸ ਤਰ੍ਹਾਂ ਨੁਕਸ਼ਾਨੇ ਗਏ ਕਿ ਉਨ੍ਹਾਂ ਨੂੰ ਇੰਗਲਿਸ਼ ਤੇ ਪੰਜਾਬੀ ਦੋਵੇਂ ਭੁੱਲ ਗਈਆਂ ਤੇ ਇਕੱਲੀ ਹਿੰਦੀ ਭਾਸ਼ਾ ਯਾਦ ਰਹਿ ਗਈ। ਕਿਉਂਕਿ ਉਹ ਕਦੇ ਦਿੱਲੀ ਰਹੇ ਸਨ ਤੇ ਉੱਥੇ ਹਿੰਦੀ ਬੋਲਦੇ ਸਨ। ਹੋਰ ਬੋਲਣ ਵਿਚ ਵੀਂ ਸਮੱਸਿਆ ਸੀ ਪਰ ਹਿੰਦੀ ਯਾਦ ਰਹਿਣੀ ਤੇ ਪੰਜਾਬੀ ਭੁੱਲ ਜਾਣੀ, ਮੇਰੇ ਲਈ ਇਹ ਬੜੀ ਇੱਕ ਨਵੀਂ ਤੇ ਹੈਰਾਨੀਜਨਕ ਗੱਲ ਸੀ। ਕਿਸੇ ਡਾਕਟਰ ਸੱਜਣ ਨੂੰ ਪੁੱਛਿਆ ਤੇ ਪਤਾ ਲੱਗਾ ਕਿ ਮਨੁੱਖੀ ਦਿਮਾਗ ਵਿਚ ਕਈ ਸੌ ਚਿੱਪਾਂ ਹੁੰਦੀਆਂ ਨੇ। ਸਮਝ ਲਓ ਹਰ ਭਾਸ਼ਾ ਦੀ ਅਲੱਗ ਚਿੱਪ, ਭੁੱਖ ਦੱਸਣ ਦੀ ਅਲੱਗ ਤੇ ਪਿਆਸ ਦੀ ਅਲੱਗ। ਦੁਸ਼ਮਣੀ ਵਾਲੀ ਅਲੱਗ ਤੇ ਸੱਜਣਤਾਈ ਦੀ ਅਲੱਗ, ਪਿਆਰ ਦੀ ਅਲੱਗ ਤੇ ਨਫਰਤ ਦੀ ਅਲੱਗ, ਚੋਰੀ ਬੇਈਮਾਨੀ ਦੀ ਅਲੱਗ ਤੇ ਦਾਨ ਦੀ ਅਲੱਗ। ਇਨਸਾਨੀਅਤ ਦੀ ਅਲੱਗ ਤੇ ਹੈਵਾਨੀਅਤ ਦੀ ਅਲੱਗ। ਭਾਵ ਕੋਈ ਵੀਂ ‘ਕੰਟਰੋਲ ਚਿੱਪ’ ਕਦੇ ਵੀਂ ਖਰਾਬ ਹੋ ਸਕਦੀ ਹੈ। ਦਿਮਾਗ ਦੀ ਜਿਹੜੀ ਚਿੱਪ ਥੋੜੀ ਘੱਟ ਕੰਟਰੋਲ (mode) ਵਿਚ ਚਲੀ ਜਾਵੇ ਉਹਦਾ ਕੰਟਰੋਲ ਖਰਾਬ ਹੋ ਜਾਂਦੈ। ਜੀਹਦੀ ਬੇਈਮਾਨੀ ਦੀ ਚਿੱਪ ਵਧੀਆ ਹੋਵੇ ਉਹਦੀ ਅਕਸਰ ਇਨਸਾਨੀਅਤ ਦੀ ਚਿੱਪ ਥੋੜੀ ਮਾੜੀ ਹੁੰਦੀ ਹੈ। ਜੀਹਦੀ ਪਿਆਰ ਵਾਲੀ ਚਿੱਪ ਵਧੀਆ ਹੋਵੇ, ਉਹਦੀ ਨਫਰਤ ਵਾਲੀ ਕਮਜ਼ੋਰ ਹੋ ਜਾਂਦੀ ਹੈ। ਹਾਂ, ਚੋਰੀ ਵਾਲੀ ਚਿੱਪਂ, ਸ਼ਰਾਫ਼ਤ ਵਾਲੀ ਚਿੱਪ ਉੱਤੇ ਅਕਸਰ ਭਾਰੀ ਪੈ ਜਾਂਦੀ ਹੈ । ਹਓਮੈ ਵਾਲੀ ਚਿੱਪ, ਨਿਮਰਤਾ ਵਾਲੀ ਚਿੱਪ ਨੂੰ ਸਾਰੀ ਜਿੰਦਗੀ ਟਿਕਣ ਨਹੀਂ ਦੇਂਦੀ। ਸਾਡੇ ਭਾਪਾ ਜੀ ਜਵਾਨੀ ਤੋਂ ਲੈ ਕੇ ਬੁਢੇਪੇ ਤੱਕ, ਘਰ ਵਿਚ ਸਭ ਤੋਂ ਜ਼ਿਆਦਾ, ਗੁੱਸੇ ਵਾਲੇ ਜੀਅ ਮੰਨੇ ਜਾਂਦੇ ਸੀ। 6 ਫੁੱਟ 2 ਇੰਚ ਕੱਦ, ਜੁੱਸਾ ਪੂਰਾ ਤਕੜਾ, ਬਾਂਹ ਦੀ ਪਕੜ ਬੇਇੰਤਾਹ ਮਜਬੂਤ। ਜਿੱਥੇ ਉਹ ਜ਼ਮੀਨ ਜਾਇਦਾਦ ਦੇ ਕਿਸੇ ਵੀਂ ਮਸਲੇ ਦੇ ਮੁਤੱਲਕ, ਬਹੁਤ ਹੀ ਸੂਝਵਾਨ ਸਲਾਹ, ਦੇਣ ਦੇ ਬੜੇ ੲਣਪੲਰਟ ਮੰਨੇ ਜਾਂਦੇ ਸਨ ਉੱਥੇ ਲੋੜ ਪੈਣ ਉੱਤੇ ਡਾਂਗ ਸੋਟਾ, ਹੂਰਾ ਮੁੱਕੀ ਵੀਂ ਪੂਰੇ ਜੋਸ਼ ਨਾਲ ਕਰ ਲੈਂਦੇ ਸਨ। ਪਰ ਭਾਪਾ ਜੀ ਨੂੰ ਪਿਛਲੇ ਕੋਈ ਦੋ ਕੁ ਸਾਲ ਤੋਂ dimentia ਹੋ ਗਿਆ ਹੈ। ਸਾਡੇ ਸਾਰੇ ਭੈਣਾਂ-ਭਰਾਵਾਂ, ਦੋਹਤੇ-ਦੋਹਤੀਆਂ, ਪੋਤੇ-ਪੋਤੀਆਂ, ਭਾਣਜੇ, ਭਤੀਜੇ ਲੱਗਪਗ ਕਿਸੇ ਨੂੰ ਨਹੀਂ ਪਛਾਣਦੇ। ਬੱਸ ਬੀਜੀ ਦਾ ਨਾਮ ਲੈ ਕੇ ਕਦੇ ਕਦੇ ਆਵਾਜ਼ ਮਾਰ ਲੈਂਦੇ ਨੇ ਤੇ ਬਾਕੀ ਲੱਗਭਗ ਹੋਰ ਕੁਛ ਨਹੀਂ ਯਾਦ। ਕਦੇ ਕਦੇ, ਕੋਈ ਗੱਲ ਮਾੜੀ ਮੋਟੀ ਯਾਦ ਆ ਜਾਵੇ ਉਹ ਅਗਲੇ ਪਲ ਭੁੱਲ ਜਾਂਦੀ ਹੈ। ਹੈਰਾਨੀ ਦੀ ਗੱਲ ਇਹ ਹੈ ਕਿ ਅੱਜ ਦੀ ਤਰੀਕ ਵਿਚ, ਜਿੱਥੇ ਉਨ੍ਹਾਂ ਨੂੰ ਹਰ ਚੀਜ਼, ਲੱਗਪਗ ਭੁੱਲ ਚੁੱਕੀ ਹੈ ਉੱਥੇ ‘ਗਾਹਲਾਂ’ ਤੇ ਘਸੁੰਨ ਮੁੱਕੀ ਕਰਨ ਦਾ ਤਰੀਕਾ, ਹੁਬਹੂ ਯਾਦ ਹੀ ਨਹੀਂ, ਸਗੋਂ ਗਾਹਲਾਂ ਤਾਂ ਇੱਕ ਦੋ, ਹੁਣ ਹੋਰ ਵੀਂ ਵੱਧ ਕੱਢ ਲੈਂਦੇ ਹਨ, ਜਿਹੜੀਆਂ ਪਹਿਲਾਂ ਕਦੇ ਵੀਂ ਨਹੀਂ ਸਨ ਕੱਢਦੇ। ਇੰਝ ਲੱਗਦਾ ਕਿ ਉਨ੍ਹਾਂ ਦੀ ‘ਗਾਹਲਾਂ ਤੇ ਘਸੁੰਨਾ’ ਵਾਲੀ ਚਿੱਪ ਬਿਲਕੁਲ ਕਾਇਮ ਹੈ ਤੇ ਓਹਦੇ ਵਿਚ, ਕੁਝ ਕੁ, ਕਿਤੇ ਪੁਰਾਣੀਆਂ unused ਉਵੇਂ ਹੀ ਪਈਆਂ ਰਹਿ ਗਈਆਂ ਹਨ ਤੇ ਇਹ ਗਾਹਲਾਂ ਅੱਜਕੱਲ ਉਨ੍ਹਾਂ ਦੀ ਵਰਤੋਂ ਵਿਚ ਆ ਰਹੀਆਂ ਹਨ। ਉਨ੍ਹਾਂ ਦੇ ਪੂਰੇ ਦਿਮਾਗ ਦੀਆਂ ਚਿੱਪਾਂ ਵਿਚੋਂ, ਇਕੱਲੀ ਇਹੋ ‘ਚਿੱਪ’ ਹਾਲੇ ਵੀਂ ਏਨੀ Good working ਵਿਚ ਹੈ ਕਿ ਗਾਹਲਾਂ ਦਾ ਸਟਾਈਲ, ਠਹਿਰਾਓ, ਵਿਆਕਰਣ, ਲਿੰਗ ਪੁਲਿੰਗ, ਹਰ ਲਫ਼ਜ, ਹਰ ਵਾਕ, ਏਡਾ ਸਹੀ ਤਾਂ ਹੁੰਦਾ ਹੀ ਹੈ ਕਿ ਇਸੇ ਚਿੱਪ ਨਾਲ controlled ਚਪੇੜ ਜਾਂ ਘਸੁੰਨ ਵੀਂ ਏਨੀ ਤੇਜ਼ੀ ਨਾਲ ਮਾਰਦੇ ਨੇ ਕਿ ਦੇਖ ਕੇ ਬੰਦਾ ਕੁਦਰਤ ਦੀ ਇਸ ਅਜ਼ੀਮ ਖੇਡ ਤੋਂ ਹੈਰਾਨ ਹੋ ਜਾਂਦਾ ਹੈ। ਹੈਰਾਨੀ ਇਹ ਕਿ ਚਪੇੜ ਦਾ ਵਾਰ, ਹਾਲੇ ਵੀਂ ਇਹ ਚਿੱਪ ਖਾਲੀ ਨਹੀਂ ਜਾਣ ਦਿੰਦੀ। ਦੂਜੀ ਵਧੀਆ ਚੱਲਣ ਵਾਲੀ ਚਿੱਪ ਹੈ ਉਨ੍ਹਾਂ ਦਾ ਮਿੱਠੇ ਨਾਲ ਪਿਆਰ। ਘਿਓ ਸ਼ੱਕਰ, ਖੀਰ, ਕੜਾਹ, ਸ਼ੱਕਰ ਵਾਲਾ ਦੁੱਧ। ਇਹ ‘ਚਿੱਪ’ ਵੀਂ ਹਾਲੇ ਬੜੇ ਕਮਾਲ ਦਾ ਕੰਮ ਕਰ ਰਹੀ ਹੈ। ਸੋ ਭਾਈ ਸੱਜਣੋ ਮਹਾਰਾਜ ਅੱਗੇ ਅਰਦਾਸ ਕਰਿਆ ਕਰੀਏ ਕਿ ਮਹਾਰਾਜ ਕਿਰਪਾ ਕਰੋ, ਸਾਡੇ ਦਿਮਾਗ ਵਿਚ ਲੱਗੀ ਇੱਕ ਤਾਂ ‘ਹਉਮੈ’ ਦੀ ਚਿੱਪ ਬਿਲਕੁਲ ਤਹਿਸ-ਨਹਿਸ ਕਰ ਦੇਵੋ, ਬਾਕੀ ਕਿਰਪਾ ਕਰੋ ਕਿ ਬੇਈਮਾਨੀ, ਚੋਰੀ, ਹੇਰਾਫੇਰੀ, ਠੱਗੀ, ਨਫਰਤ ਵਰਗੀਆਂ, ਕੁਝ ਹੋਰ ਵੀਂ ਚਿੱਪਾਂ ਖਰਾਬ ਕਰ ਦਿਓ। ਕੇਵਲ ਪਿਆਰ-ਮੁਹੱਬਤ, ਨਿਮਰਤਾ, ਹਿੰਮਤ, ਮਿਹਨਤ, ਸੇਵਾ ਭਾਵਨਾ, ਕੌਮੀ ਪਿਆਰ, ਸਚਾਈ ਨਾਲ ਖੜ੍ਹਨ ਵਾਲੀਆਂ ਚਿੱਪਾਂ ਹੀ ਆਖਰੀ ਦਮ ਤੱਕ ਕੰਮ ਕਰਦੀਆਂ ਰੱਖਿਓ।
.

Share post:

Popular