Tuesday, March 10, 2026

ਨਕਲੀ ਪਾਇਲਟ ਬਣਨ ਕੇ ਫਰਜ਼ੀ ਕਾਗ਼ਜ਼ਾਂ ‘ਤੇ ਮੁਫਤ ‘ਚ ਹਵਾਈ ਸਫਰ ਰਿਹਾ ਕੈਨੇਡੀਅਨ, ਗ੍ਰਿਫ਼ਤਾਰ

ਸਰੀ, (ਦਿਵਰੂਪ ਕੌਰ): ਕੈਨੇਡੀਅਨ ਏਅਰਲਾਈਨ ਦੇ ਇੱਕ ਸਾਬਕਾ ਕਰਮਚਾਰੀ ਨੂੰ ਇੱਕ ਵੱਡੇ ਫਰਾਡ ਦੇ ਮਾਮਲੇ ਵਿੱਚ ਗ੍ਰਿਫਤਾਰ ਕੀਤਾ ਗਿਆ ਹੈ, ਜਿਸਨੇ ਹਵਾਈ ਸੁਰੱਖਿਆ ਪ੍ਰਣਾਲੀ ‘ਤੇ ਗੰਭੀਰ ਸਵਾਲ ਖੜ੍ਹੇ ਕਰ ਦਿੱਤੇ ਹਨ। ਜਾਂਚ ਏਜੰਸੀਆਂ ਮੁਤਾਬਕ, ਟੋਰਾਂਟੋ ਦੇ ਰਹਿਣ ਵਾਲੇ ਇੱਕ 33 ਸਾਲਾ ਵਿਅਕਤੀ, ਡੈਲਸ ਪੋਕੋਰਨਿਕ (Dallas Pokornik), ‘ਤੇ ਦੋਸ਼ ਹੈ ਕਿ ਉਸਨੇ ਖੁਦ ਨੂੰ ਇੱਕ ਪਾਇਲਟ ਵਜੋਂ ਪੇਸ਼ ਕਰਕੇ ਅਮਰੀਕੀ ਏਅਰਲਾਈਨਾਂ ਤੋਂ ਸੈਂਕੜੇ ਮੁਫਤ ਉਡਾਣਾਂ ਹਾਸਲ ਕੀਤੀਆਂ। ਇਸ ਵਿਅਕਤੀ ਨੂੰ ਵਾਇਰ ਫਰਾਡ (Wire fraud) ਦੇ ਦੋਸ਼ਾਂ ਤਹਿਤ ਦੋਸ਼ੀ ਠਹਿਰਾਇਆ ਗਿਆ ਅਤੇ ਹਾਲ ਹੀ ਵਿੱਚ ਉਸਨੂੰ ਪਨਾਮਾ ਵਿੱਚ ਗ੍ਰਿਫਤਾਰ ਕਰਨ ਤੋਂ ਬਾਅਦ ਅਮਰੀਕਾ ਹਵਾਲੇ ਕੀਤਾ ਗਿਆ ਹੈ। ਯੂ.ਐਸ. ਅਟਾਰਨੀ ਦਫਤਰ ਨੇ ਮੰਗਲਵਾਰ ਨੂੰ ਇੱਕ ਬਿਆਨ ਜਾਰੀ ਕਰਕੇ ਇਸ ਗ੍ਰਿਫਤਾਰੀ ਦੀ ਪੁਸ਼ਟੀ ਕੀਤੀ ਹੈ।
ਅਦਾਲਤੀ ਦਸਤਾਵੇਜ਼ਾਂ ਤੋਂ ਇਹ ਗੱਲ ਸਾਹਮਣੇ ਆਈ ਹੈ ਕਿ ਪੋਕੋਰਨਿਕ 2017 ਤੋਂ 2019 ਦਰਮਿਆਨ ਟੋਰਾਂਟੋ ਅਧਾਰਤ ਇੱਕ ਏਅਰਲਾਈਨ ਲਈ ਫਲਾਈਟ ਅਟੈਂਡੈਂਟ ਵਜੋਂ ਕੰਮ ਕਰਦਾ ਸੀ। ਹਾਲਾਂਕਿ, ਉਸਨੇ ਕਦੇ ਵੀ ਪਾਇਲਟ ਵਜੋਂ ਕੋਈ ਸਿਖਲਾਈ ਨਹੀਂ ਲਈ ਸੀ ਅਤੇ ਨਾ ਹੀ ਉਸ ਕੋਲ ਕੋਈ ਅਧਿਕਾਰਤ ਲਾਇਸੈਂਸ ਸੀ। ਇਸਦੇ ਬਾਵਜੂਦ, ਪਿਛਲੇ ਚਾਰ ਸਾਲਾਂ ਦੌਰਾਨ ਉਸਨੇ ਜਾਅਲੀ ਕਰਮਚਾਰੀ ਸ਼ਨਾਖਤੀ ਕਾਰਡ ਵਰਤ ਕੇ ਤਿੰਨ ਵੱਖ-ਵੱਖ ਅਮਰੀਕੀ ਏਅਰਲਾਈਨਾਂ ਨੂੰ ਮੂਰਖ ਬਣਾਇਆ। ਦੋਸ਼ਾਂ ਮੁਤਾਬਕ, ਉਹ ਖੁਦ ਨੂੰ ਇੱਕ ਏਅਰਲਾਈਨ ਪਾਇਲਟ ਦੱਸਦਾ ਸੀ ਅਤੇ ਇਸ ਝੂਠੀ ਪਛਾਣ ਦੇ ਸਹਾਰੇ ਸੈਂਕੜੇ ਵਾਰ ਮੁਫਤ ਸਫਰ ਕਰਨ ਵਿੱਚ ਕਾਮਯਾਬ ਰਿਹਾ। ਹਾਲਾਂਕਿ ਦੋਸ਼ ਪੱਤਰ ਵਿੱਚ ਏਅਰਲਾਈਨਾਂ ਦੇ ਨਾਮ ਨਹੀਂ ਲਿਖੇ ਗਏ ਹਨ, ਪਰ ਇਹ ਦੱਸਿਆ ਗਿਆ ਹੈ ਕਿ ਉਹ ਹੋਨੋਲੂਲੂ, ਸ਼ਿਕਾਗੋ ਅਤੇ ਫੋਰਟ ਵਰਥ (ਟੈਕਸਾਸ) ਵਿੱਚ ਅਧਾਰਤ ਹਨ। ਇਨ੍ਹਾਂ ਸ਼ਹਿਰਾਂ ਵਿੱਚ ਮੁੱਖ ਤੌਰ ‘ਤੇ ਹਵਾਈਅਨ ਏਅਰਲਾਈਨਜ਼, ਯੂਨਾਈਟਿਡ ਏਅਰਲਾਈਨਜ਼ ਅਤੇ ਅਮਰੀਕਨ ਏਅਰਲਾਈਨਜ਼ ਦੇ ਹੈੱਡਕੁਆਰਟਰ ਹਨ।
ਇਸ ਮਾਮਲੇ ਦਾ ਸਭ ਤੋਂ ਚਿੰਤਾਜਨਕ ਪਹਿਲੂ ਇਹ ਹੈ ਕਿ ਪੋਕੋਰਨਿਕ ਨਾ ਸਿਰਫ ਮੁਫਤ ਸੀਟਾਂ ਹਾਸਲ ਕਰਦਾ ਸੀ, ਸਗੋਂ ਕਈ ਵਾਰ ਉਹ ਕਾਕਪਿਟ ਵਿੱਚ ਮੌਜੂਦ “ਜੰਪ ਸੀਟ” ਦੀ ਮੰਗ ਵੀ ਕਰਦਾ ਸੀ। ਇਹ ਸੀਟ ਆਮ ਤੌਰ ‘ਤੇ ਆਫ-ਡਿਊਟੀ ਪਾਇਲਟਾਂ ਲਈ ਰਾਖਵੀਂ ਹੁੰਦੀ ਹੈ ਤਾਂ ਜੋ ਉਹ ਆਪਣੇ ਘਰ ਜਾਂ ਡਿਊਟੀ ਸਟੇਸ਼ਨ ‘ਤੇ ਵਾਪਸ ਜਾ ਸਕਣ। ਕਿਉਂਕਿ ਪੋਕੋਰਨਿਕ ਕੋਲ ਕੋਈ ‘ਏਅਰਮੈਨ ਸਰਟੀਫਿਕੇਟ’ ਨਹੀਂ ਸੀ, ਇਸ ਲਈ ਕਾਕਪਿਟ ਤੱਕ ਪਹੁੰਚਣ ਦੀ ਕੋਸ਼ਿਸ਼ ਕਰਨਾ ਇੱਕ ਗੰਭੀਰ ਸੁਰੱਖਿਆ ਉਲੰਘਣਾ ਮੰਨੀ ਜਾਂਦੀ ਹੈ। ਹਾਲਾਂਕਿ, ਅਦਾਲਤੀ ਦਸਤਾਵੇਜ਼ਾਂ ਤੋਂ ਇਹ ਸਪੱਸ਼ਟ ਨਹੀਂ ਹੋ ਸਕਿਆ ਕਿ ਕੀ ਉਹ ਕਦੇ ਅਸਲ ਵਿੱਚ ਜਹਾਜ਼ ਦੇ ਕਾਕਪਿਟ ਵਿੱਚ ਬੈਠ ਕੇ ਸਫਰ ਕਰਨ ਵਿੱਚ ਸਫਲ ਹੋਇਆ ਸੀ ਜਾਂ ਨਹੀਂ। ਇਹ ਘਟਨਾਕ੍ਰਮ ਏਅਰਲਾਈਨਾਂ ਦੀ ਕਰਮਚਾਰੀ ਪਛਾਣ ਪ੍ਰਣਾਲੀ ਵਿੱਚ ਮੌਜੂਦ ਖਾਮੀਆਂ ਵੱਲ ਇਸ਼ਾਰਾ ਕਰਦਾ ਹੈ। ਜੇਕਰ ਪੋਕੋਰਨਿਕ ਅਦਾਲਤ ਵਿੱਚ ਦੋਸ਼ੀ ਸਾਬਤ ਹੋ ਜਾਂਦਾ ਹੈ, ਤਾਂ ਉਸਨੂੰ ਗੰਭੀਰ ਨਤੀਜੇ ਭੁਗਤਣੇ ਪੈ ਸਕਦੇ ਹਨ। ਕਾਨੂੰਨ ਮੁਤਾਬਕ ਉਸਨੂੰ ਵੱਧ ਤੋਂ ਵੱਧ 20 ਸਾਲ ਦੀ ਕੈਦ ਦੀ ਸਜ਼ਾ ਹੋ ਸਕਦੀ ਹੈ। ਇਸ ਤੋਂ ਇਲਾਵਾ ਉਸ ‘ਤੇ 2,50,000 ਡਾਲਰ ਤੱਕ ਦਾ ਭਾਰੀ ਜੁਰਮਾਨਾ ਵੀ ਲਗਾਇਆ ਜਾ ਸਕਦਾ ਹੈ। ਮੰਗਲਵਾਰ ਨੂੰ ਇੱਕ ਅਮਰੀਕੀ ਮੈਜਿਸਟਰੇਟ ਜੱਜ ਨੇ ਉਸਨੂੰ ਫਿਲਹਾਲ ਹਿਰਾਸਤ ਵਿੱਚ ਰੱਖਣ ਦਾ ਹੁਕਮ ਦਿੱਤਾ ਹੈ। ਇਹ ਪਹਿਲੀ ਵਾਰ ਨਹੀਂ ਹੈ ਜਦੋਂ ਅਜਿਹਾ ਮਾਮਲਾ ਸਾਹਮਣੇ ਆਇਆ ਹੋਵੇ। ਪਿਛਲੇ ਸਾਲ ਫਲੋਰੀਡਾ ਦੇ ਵੀ ਇੱਕ ਵਿਅਕਤੀ ਨੂੰ ਇਸੇ ਤਰ੍ਹਾਂ ਦੇ ਜੁਰਮ ਲਈ ਦੋਸ਼ੀ ਠਹਿਰਾਇਆ ਗਿਆ ਸੀ, ਜਿਸਨੇ ਫਲਾਈਟ ਅਟੈਂਡੈਂਟ ਬਣ ਕੇ 120 ਤੋਂ ਵੱਧ ਮੁਫਤ ਉਡਾਣਾਂ ਬੁੱਕ ਕੀਤੀਆਂ ਸਨ। ਅਧਿਕਾਰੀ ਹੁਣ ਇਸ ਗੱਲ ਦੀ ਡੂੰਘਾਈ ਨਾਲ ਜਾਂਚ ਕਰ ਰਹੇ ਹਨ ਕਿ ਪੋਕੋਰਨਿਕ ਇੰਨੇ ਲੰਬੇ ਸਮੇਂ ਤੱਕ ਬਿਨਾਂ ਫੜੇ ਜਾਣ ਦੇ ਇਹ ਧੋਖਾਧੜੀ ਕਿਵੇਂ ਕਰਦਾ ਰਿਹਾ। This report was written by Divroop Kaur as part of the Local Journalism Initiative.

Share post:

Popular