ਕੈਨੇਡਾ ਰੈਵੇਨਿਊ ਏਜੰਸੀ (CRA) ਨੇ ਜਾਰੀ ਕੀਤਾ 2026 ਦੀਆਂ ਅਦਾਇਗੀਆਂ ਦਾ ਵੇਰਵਾ, ਜਨਵਰੀ ਤੋਂ ਸ਼ੁਰੂ ਹੋਵੇਗੀ ਫੈਡਰਲ ਰਿਬੇਟਸ
ਸਰੀ, (ਦਿਵਰੂਪ ਕੌਰ): ਕੈਨੇਡਾ ਵਿੱਚ ਰਹਿਣ ਵਾਲੇ ਯੋਗ ਨਾਗਰਿਕਾਂ ਲਈ ਨਵਾਂ ਸਾਲ ਕੁਝ ਆਰਥਿਕ ਰਾਹਤ ਲੈ ਕੇ ਆ ਰਿਹਾ ਹੈ। ਫੈਡਲਰ ਸਰਕਾਰ ਵੱਲੋਂ ਵੱਖ-ਵੱਖ ਟੈਕਸ ਕ੍ਰੈਡਿਟਸ ਅਤੇ ਰਿਬੇਟਸ ਦੀਆਂ ਕਿਸ਼ਤਾਂ ਭੇਜਣ ਦੀ ਪ੍ਰਕਿਰਿਆ ਅਗਲੇ ਕੁਝ ਦਿਨਾਂ ਵਿੱਚ ਸ਼ੁਰੂ ਹੋਣ ਜਾ ਰਹੀ ਹੈ। ਇਨ੍ਹਾਂ ਰਿਬੇਟਸ ਦਾ ਮੁੱਖ ਉਦੇਸ਼ ਘੱਟ ਆਮਦਨ ਵਾਲੇ ਪਰਿਵਾਰਾਂ, ਬੱਚਿਆਂ ਵਾਲੇ ਮਾਪਿਆਂ ਅਤੇ ਬਜ਼ੁਰਗਾਂ ਨੂੰ ਵਧ ਰਹੀ ਮਹਿੰਗਾਈ ਦੇ ਪ੍ਰਭਾਵ ਤੋਂ ਬਚਾਉਣਾ ਹੈ। ਕੈਨੇਡਾ ਰੈਵੇਨਿਊ ਏਜੰਸੀ (CRA) ਨੇ ਸਾਰੇ ਯੋਗ ਕੈਨੇਡੀਅਨਾਂ ਨੂੰ ਅਪੀਲ ਕੀਤੀ ਹੈ ਕਿ ਉਹ ਕਿਸੇ ਵੀ ਤਰ੍ਹਾਂ ਦੀ ਦੇਰੀ ਤੋਂ ਬਚਣ ਲਈ ‘ਡਾਇਰੈਕਟ ਡਿਪਾਜ਼ਿਟ’ ਵਿਕਲਪ ਨੂੰ ਜ਼ਰੂਰ ਚੁਣਨ ਤਾਂ ਜੋ ਪੈਸੇ ਸਿੱਧੇ ਉਨ੍ਹਾਂ ਦੇ ਬੈਂਕ ਖਾਤਿਆਂ ਵਿੱਚ ਪਹੁੰਚ ਸਕਣ।
ਸਾਲ 2026 ਵਿੱਚ ਸਭ ਤੋਂ ਵੱਡਾ ਲਾਭ ‘ਜੀਐਸਟੀ/ਐਚਐਸਟੀ ਕ੍ਰੈਡਿਟ’ ਵਜੋਂ ਦਿੱਤਾ ਜਾਵੇਗਾ। ਇਹ ਰਕਮ ਸਾਲ ਵਿੱਚ ਚਾਰ ਵਾਰ ਭੇਜੀ ਜਾਂਦੀ ਹੈ ਅਤੇ ਇਸ ਦੀ ਗਣਨਾ ਵਿਅਕਤੀ ਦੀ ਆਮਦਨ, ਵਿਆਹੁਤਾ ਸਥਿਤੀ ਅਤੇ ਬੱਚਿਆਂ ਦੀ ਗਿਣਤੀ ਦੇ ਆਧਾਰ ‘ਤੇ ਕੀਤੀ ਜਾਂਦੀ ਹੈ। ਸਰਕਾਰੀ ਅੰਕੜਿਆਂ ਅਨੁਸਾਰ, ਜੁਲਾਈ 2025 ਤੋਂ ਜੂਨ 2026 ਤੱਕ ਇੱਕ ਵਿਅਕਤੀ ਨੂੰ ਵੱਧ ਤੋਂ ਵੱਧ 533 ਡਾਲਰ ਅਤੇ ਵਿਆਹੁਤਾ ਜੋੜਿਆਂ ਨੂੰ 698 ਡਾਲਰ ਤੱਕ ਮਿਲ ਸਕਦੇ ਹਨ। ਜ਼ਿਕਰਯੋਗ ਹੈ ਕਿ ਜੁਲਾਈ 2026 ਵਿੱਚ ਇਨ੍ਹਾਂ ਰਕਮਾਂ ਦੀ ਮੁੜ ਗਣਨਾ ਅਪ੍ਰੈਲ 2026 ਵਿੱਚ ਭਰੀਆਂ ਜਾਣ ਵਾਲੀਆਂ ਟੈਕਸ ਰਿਟਰਨਾਂ ਦੇ ਆਧਾਰ ‘ਤੇ ਕੀਤੀ ਜਾਵੇਗੀ। ਇਸ ਸਾਲ ਜੀਐਸਟੀ ਕ੍ਰੈਡਿਟ ਦੀਆਂ ਅਦਾਇਗੀਆਂ 5 ਜਨਵਰੀ, 2 ਅਪ੍ਰੈਲ, 3 ਜੁਲਾਈ ਅਤੇ 5 ਅਕਤੂਬਰ ਨੂੰ ਕੀਤੀਆਂ ਜਾਣਗੀਆਂ।
ਬੱਚਿਆਂ ਦੇ ਪਾਲਣ-ਪੋਸ਼ਣ ਦੇ ਵਧ ਰਹੇ ਖਰਚਿਆਂ ਨੂੰ ਦੇਖਦੇ ਹੋਏ ‘ਕੈਨੇਡਾ ਚਾਈਲਡ ਬੈਨੀਫਿਟ’ (CCB) ਇੱਕ ਅਹਿਮ ਸਹਾਰਾ ਬਣ ਕੇ ਉਭਰਿਆ ਹੈ। ਰਾਇਲ ਬੈਂਕ ਆਫ ਕੈਨੇਡਾ (RBC) ਦੇ ਇੱਕ ਤਾਜ਼ਾ ਸਰਵੇਖਣ ਅਨੁਸਾਰ, 75 ਫ਼ੀਸਦੀ ਮਾਪੇ ਇਸ ਗੱਲੋਂ ਹੈਰਾਨ ਹਨ ਕਿ ਪਿਛਲੇ ਸਾਲ ਵਿੱਚ ਬੱਚਿਆਂ ਨੂੰ ਪਾਲਣ ਦਾ ਖਰਚਾ ਕਿੰਨਾ ਵਧ ਗਿਆ ਹੈ। ਇਨ੍ਹਾਂ ਹਾਲਾਤਾਂ ਵਿੱਚ, 18 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਵਾਲੇ ਯੋਗ ਪਰਿਵਾਰਾਂ ਨੂੰ ਹਰ ਮਹੀਨੇ ਟੈਕਸ-ਮੁਕਤ ਰਾਸ਼ੀ ਮਿਲੇਗੀ। ਸਾਲ 2026 ਲਈ ਸੀਸੀਬੀ (CCB) ਦੀਆਂ ਅਦਾਇਗੀਆਂ 20 ਜਨਵਰੀ ਤੋਂ ਸ਼ੁਰੂ ਹੋ ਰਹੀਆਂ ਹਨ ਅਤੇ ਇਹ ਹਰ ਮਹੀਨੇ ਜਾਰੀ ਰਹਿਣਗੀਆਂ। ਘੱਟ ਆਮਦਨ ਵਾਲੇ ਕਾਮਿਆਂ ਲਈ ‘ਕੈਨੇਡਾ ਵਰਕਰਜ਼ ਬੈਨੀਫਿਟ’ (CWB) ਵੀ ਜਨਵਰੀ ਤੋਂ ਸ਼ੁਰੂ ਹੋਣ ਜਾ ਰਿਹਾ ਹੈ। ਇਸ ਲਾਭ ਲਈ ਆਮ ਤੌਰ ‘ਤੇ 19 ਸਾਲ ਜਾਂ ਇਸ ਤੋਂ ਵੱਧ ਉਮਰ ਦੇ ਕੈਨੇਡੀਅਨ ਨਿਵਾਸੀ ਯੋਗ ਹੁੰਦੇ ਹਨ, ਜਿਨ੍ਹਾਂ ਦੀ ਸਾਲਾਨਾ ਸ਼ੁੱਧ ਆਮਦਨ ਉਨ੍ਹਾਂ ਦੇ ਸੂਬੇ ਜਾਂ ਖੇਤਰ ਵੱਲੋਂ ਤੈਅ ਕੀਤੀ ਸੀਮਾ ਤੋਂ ਘੱਟ ਹੁੰਦੀ ਹੈ। ਉਦਾਹਰਨ ਵਜੋਂ, ਬਿਨਾਂ ਬੱਚਿਆਂ ਵਾਲੇ ਵਿਅਕਤੀ ਜਿਨ੍ਹਾਂ ਦੀ ਆਮਦਨ 36,749 ਡਾਲਰ ਤੋਂ ਘੱਟ ਹੈ, ਉਹ 1,590 ਡਾਲਰ ਤੱਕ ਦਾ ਲਾਭ ਲੈ ਸਕਦੇ ਹਨ, ਜਦਕਿ ਪਰਿਵਾਰਾਂ ਲਈ ਇਹ ਰਾਸ਼ੀ 2,739 ਡਾਲਰ ਤੱਕ ਹੋ ਸਕਦੀ ਹੈ। ਇਸ ਦੀਆਂ ਤਿੰਨ ਕਿਸ਼ਤਾਂ 12 ਜਨਵਰੀ, 10 ਜੁਲਾਈ ਅਤੇ 9 ਅਕਤੂਬਰ ਨੂੰ ਭੇਜੀਆਂ ਜਾਣਗੀਆਂ।
65 ਸਾਲ ਤੋਂ ਵੱਧ ਉਮਰ ਦੇ ਬਜ਼ੁਰਗਾਂ ਲਈ ‘ਓਲਡ ਏਜ ਸਕਿਓਰਿਟੀ’ (OAS) ਦੀਆਂ ਮਹੀਨਾਵਾਰ ਅਦਾਇਗੀਆਂ ਵੀ 2026 ਵਿੱਚ ਨਿਰੰਤਰ ਜਾਰੀ ਰਹਿਣਗੀਆਂ। ਓਏਐਸ (OAS) ਦੀ ਰਕਮ ਇਸ ਗੱਲ ‘ਤੇ ਨਿਰਭਰ ਕਰਦੀ ਹੈ ਕਿ ਵਿਅਕਤੀ 18 ਸਾਲ ਦੀ ਉਮਰ ਤੋਂ ਬਾਅਦ ਕੈਨੇਡਾ ਵਿੱਚ ਕਿੰਨਾ ਸਮਾਂ ਰਿਹਾ ਹੈ। ਸਰਵਿਸ ਕੈਨੇਡਾ ਵੱਲੋਂ ਬਹੁਤੇ ਯੋਗ ਬਜ਼ੁਰਗਾਂ ਨੂੰ ਆਪਣੇ ਆਪ ਇਸ ਸਕੀਮ ਵਿੱਚ ਸ਼ਾਮਲ ਕਰ ਲਿਆ ਜਾਂਦਾ ਹੈ। ਜੇਕਰ ਕਿਸੇ ਨੂੰ 64 ਸਾਲ ਦੀ ਉਮਰ ਤੋਂ ਬਾਅਦ ਕੋਈ ਪੱਤਰ ਨਹੀਂ ਮਿਲਿਆ, ਤਾਂ ਉਨ੍ਹਾਂ ਨੂੰ ਖੁਦ ਅਪਲਾਈ ਕਰਨਾ ਚਾਹੀਦਾ ਹੈ। ਇਸ ਸਾਲ ਓਏਐਸ ਦੀ ਪਹਿਲੀ ਅਦਾਇਗੀ 28 ਜਨਵਰੀ ਨੂੰ ਕੀਤੀ ਜਾਵੇਗੀ। ਇਹ ਸਾਰੇ ਰਿਬੇਟਸ ਕੈਨੇਡੀਅਨਾਂ ਨੂੰ ਸਾਲ ਦੀ ਆਰਥਿਕ ਸ਼ੁਰੂਆਤ ਬਿਹਤਰ ਤਰੀਕੇ ਨਾਲ ਕਰਨ ਵਿੱਚ ਮਦਦਗਾਰ ਸਾਬਤ ਹੋਣਗੇ। This report was written by Divroop Kaur as part of the Local Journalism Initiative.

