ਲੇਖਕ : ਹਰਜੀਤ ਸਿੰਘ
ਸੰਪਰਕ : 92177 – 01415
ਨਿਊਜ਼ੀਲੈਂਡ ਦੇ ਸ਼ਹਿਰ ਕਰਾਈਸਟ ਚਰਚ ਦਾ ਆਲਾ ਦੁਆਲਾ ਗਾਹੁਣ ਉਪਰੰਤ ਮੇਰਾ ਮਨ ਨਿਊਜ਼ੀਲੈਂਡ ਦੇ ਹੋਰ ਸ਼ਹਿਰ ਦੇਖਣ ਲਈ ਉਤਾਵਲਾ ਹੋ ਗਿਆ। ਵਨਾਕਾ ਬਾਰੇ ਸੁਣਿਆ ਤਾਂ ਮਨ ਇਹ ਸ਼ਹਿਰ ਦੇਖਣ ਲਈ ਸੋਚਣ ਲੱਗ ਗਿਆ। ਕਰਾਈਸਟਚਰਚ, ਜਿੱਥੇ ਮੈਂ ਰਹਿੰਦਾ ਹਾਂ, ਤੋਂ ਵਨਾਕਾ 420 ਕਿਲੋਮੀਟਰ ਦੀ ਦੂਰੀ ‘ਤੇ ਹੈ। ਆਉਣ ਜਾਣ ਦਾ ਰਸਤਾ 840 ਕਿਲੋਮੀਟਰ ਬਣ ਗਿਆ। ਫੈਸਲਾ ਹੋਇਆ ਕਿ ਸਵੇਰੇ ਛੇਤੀ ਚਲਿਆ ਜਾਵੇ। ਪਜ਼ਲ ਵਰਲਡ ਜ਼ਰੂਰ ਦੇਖਣਾ ਹੈ। ਜੇਕਰ ਛੇਤੀ ਵਿਹਲੇ ਹੋ ਗਏ ਤਾਂ ਵਾਪਸ ਆ ਜਾਵਾਂਗੇ, ਨਹੀਂ ਤਾਂ ਰਾਤ ਕਿਸੇ ਹੋਟਲ ਵਿੱਚ ਰਹਾਂਗੇ। ਫੈਸਲਾ ਮੌਕੇ ‘ਤੇ ਕੀਤਾ ਜਾਵੇਗਾ।
ਮਿਥੇ ਦਿਨ ਅਸੀਂ ਸਵੇਰੇ ਸੱਤ ਵਜੇ ਚੱਲ ਪਏ। ਦੁਪਹਿਰ ਦਾ ਖਾਣਾ ਨਾਲ ਲੈ ਗਏ। ਨਿਊਜ਼ੀਲੈਂਡ ਦੀਆਂ ਸੜਕਾਂ, ਸਾਊਥ ਆਈਲੈਂਡ ਭਾਵੇਂ ਸਿੰਗਲ ਲੇਨ ਹੀ ਹਨ ਅਤੇ ਹਰ ਚਾਰ ਕਿਲੋਮੀਟਰ ਬਾਅਦ, ਗੱਡੀ ਕਰਾਸ ਕਰਨ ਦਾ ਰਸਤਾ ਬਣਾਇਆ ਹੈ ਪਰ ਹਨ ਵਧੀਆ। ਗੱਡੀ 120 ਕਿਲੋਮੀਟਰ ਦੀ ਰਫਤਾਰ ਸਮਤਲ ਚਲਦੀ ਹੈ। ਮਿਥੀ ਲਿਮਟ ਤੋਂ ਜ਼ਿਆਦਾ ਸਪੀਡ ‘ਤੇ ਚਲਦੀ ਗੱਡੀ ਦਾ ਚਲਾਨ ਕੀਤਾ ਜਾਂਦਾ ਹੈ। ਸੜਕਾ ‘ਤੇ ਟੋਲ ਟੈਕਸ ਨਹੀਂ ਹੈ। ਟੋਲ ਟੈਕਸ ਤੋਂ ਬਿਨਾਂ ਹੀ ਸੜਕਾਂ ਦਾ ਰੱਖ ਰਖਾਵ ਵਧੀਆ ਹੈ। ਪੰਜਾਬ ਵਿੱਚ ਭਾਰੀ ਟੋਲ ਟੈਕਸ ਦੇ ਬਾਵਜੂਦ ਸੜਕਾਂ ਦੀ ਹਾਲਤ ਕੰਮ ਚਲਾਉ ਹੈ। ਰਸਤੇ ਵਿੱਚ ਮੈਂ ਪਜ਼ਲ ਵਰਲਡ ਦਾ ਪੰਜਾਬੀ ਵਿੱਚ ਉਲਥਾ ਕਰ ਰਿਹਾ ਸੀ, ਜੋ ਬੁਝਾਰਤ ਸੰਸਾਰ ਹੀ ਬਣਦਾ ਸੀ। ਉਲਥਾ ਸਹੀ ਨਹੀਂ ਸੀ ਲਗਦਾ ਪਰ ਹੋਰ ਕੋਈ ਨਾਂ ਸੁਝ ਵੀ ਨਹੀਂ ਰਿਹਾ। ਵੈਸੇ ਤਾਂ ਕੁਦਰਤ ਦਾ ਰਚਿਆ ਬਹੁਤ ਕੁਛ ਬੁਝਾਰਤ ਹੈ।
ਤਿੰਨ ਕੁ ਘੰਟਿਆਂ ਦੇ ਸਫਰ ਤੋਂ ਬਾਅਦ ਟਿੱਕਾ ਪੂ ਲੇਕ ‘ਤੇ ਪਹੁੰਚ ਗਏ। ਇਹ ਸ਼ਬਦ ਨਿਊਜ਼ੀਲੈਂਡ ਦੇ ਅਸਲ ਬਾਸਸ਼ਿੰਦੇ ਮਾਊਰੀਆ ਦੀ ਮਾਉਰੀ ਭਾਸ਼ਾ ਦਾ ਹੈ, ਜਿਸਦਾ ਮਤਲਬ ਹੈ ਹਰੇ ਹੀਰੇ ਦਾ ਹਾਰ। ਟਿੱਕਾ ਪੂ ਨਾਂ ਬਾਰੇ ਇੱਕ ਕਹਾਣੀ ਹੈ ਕਿ ਇੱਕ ਉੱਚ ਖਾਨਦਾਨ ਦੀ ਨੂੰਹ ਦਾ ਇੱਕ ਪਵਿੱਤਰ ਹਰੇ ਰੰਗ ਦੇ ਹੀਰੇ ਦਾ ਹਾਰ ਇਸ ਝੀਲ ਵਿੱਚ ਗਵਾਚ ਗਿਆ ਸੀ। ਨੀਲਾ ਪਾਣੀ ਉਸ ਵਿਚ ਗਵਾਚੇ ਹਾਰ ਦੇ ਕਾਰਨ ਹੈ। ਇਸ ਨੂੰ ਨੀਲੀ ਝੀਲ ਵੀ ਕਿਹਾ ਜਾਂਦਾ ਹੈ ਕਿਉਂਕਿ ਦੇਖਣ ‘ਤੇ ਇਸਦੇ ਪਾਣੀ ਦਾ ਰੰਗ ਨੀਲੀ ਭਾਅ ਮਾਰਦਾ ਹੈ। ਇਸ ਝੀਲ ਦੀ ਖੂਬਸੂਰਤੀ ਦੇਖਣ ਵਾਲੀ ਹੈ। ਸਾਫ ਪਾਣੀ, ਪਿੱਛੇ ਪਹਾੜ ਅਤੇ ਜੰਗਲ ਇਸਦੀ ਖੂਬਸੂਰਤੀ ਨੂੰ ਚਾਰ ਚੰਨ ਲਾ ਦਿੰਦੇ ਹਨ। ਸਾਡੀ ਮੰਜ਼ਿਲ ਅਜੇ ਦੂਰ ਸੀ, ਇਸ ਲਈ ਇੱਥੇ ਖਾਣਾ ਖਾਧਾ ਅਤੇ ਅਗਾਂਹ ਚੱਲ ਪਏ।
ਕੁਛ ਸਮੇਂ ਬਾਅਦ ਝੀਲ ਪੁਕਾਕੀ ਆ ਗਈ। ਮੋਉਰੀ ਭਾਸ਼ਾ ਵਿੱਚ ਇਸਦਾ ਮਤਲਬ ਹੈ, ਨਦੀ ਦਾ ਮੂੰਹ। ਇਹ ਵੀ ਬਹੁਤ ਹੀ ਖੂਬਸੂਰਤ ਥਾਂ ਹੈ। ਇਸਦੀ ਬਣਤਰ ਅੰਗਰੇਜ਼ੀ ਦੇ ਜ਼ੈੱਡ ਅੱਖਰ ਵਰਗੀ ਹੈ ਇਸਦਾ ਨੀਲਾ ਪਾਣੀ ਹੈ। ਝੀਲ ਕਾਫੀ ਡੂੰਘੀ ਹੈ। ਆਲੇ ਦਵਾਲੇ ਪਹਾੜ ਹਨ। ਇਸ ਬਾਰੇ ਮਾਊਰੀ ਕਹਾਣੀ ਹੈ ਕਿ ਇਸ ਨੂੰ ਇੱਕ ਦਿਓ ਨੇ ਬਣਾਇਆ ਸੀ। ਝੀਲ ਦਾ ਪਾਣੀ ਵਧਦਾ ਘਟਦਾ ਰਹਿੰਦਾ ਹੈ, ਜਿਸਦਾ ਕਾਰਨ ਉਸ ਦਿਉ ਦਾ ਦਿਲ ਅਜੇ ਵੀ ਧੜਕਦਾ ਹੈ। ਜਦੋਂ ਕਿ ਅਸਲ ਕਾਰਨ ਕਈ ਹਨ ਜਿਵੇਂ ਤੇਜ਼ ਹਵਾਵਾਂ ਦਾ ਵਗਣਾ ਅਤੇ ਆਲੇ ਦਵਾਲੇ ਪਹਾੜਾਂ ਦੇ ਵਾਤਾਵਰਣ ਦਾ ਦਬਾਅ ਆਦਿ। ਇਸ ਝੀਲ ਦਾ ਪਾਣੀ 99.9 ਪ੍ਰਤੀਸ਼ਤ ਸਾਫ ਅਤੇ ਪੀਣ ਯੋਗ ਹੈ। ਮੈਨੂੰ ਆਪਣੇ ਪੰਜਾਬ ਦਾ ਪਲੀਤ ਹੋਇਆ ਪਾਣੀ, ਮਿੱਟੀ ਅਤੇ ਹਵਾ ਚੇਤੇ ਆ ਗਿਆ। ਕਦੇ ਅਸੀਂ ਵੀ ਬੁੱਕ ਭਰ ਕੇ ਖਾਲ਼ ਵਿੱਚੋਂ ਪਾਣੀ ਪੀ ਲਈਦਾ ਸੀ।
ਇੱਥੇ ਵਰਨਣਯੋਗ ਹੈ ਕਿ ਬ੍ਰਿਟਿਸ਼ ਅਤੇ ਨਿਊਜ਼ੀਲੈਂਡ ਦੇ ਅਸਲ ਬਾਸ਼ਿੰਦੇ ਮਾਉਰੀਆ ਵਿਚਕਾਰ ਹੋਈ ਸੰਧੀ ਮੁਤਾਬਿਕ ਉਹਨਾਂ ਦੀ ਭਾਸ਼ਾ ਮਾਊਰੀ ਨੂੰ ਅੰਗਰੇਜ਼ੀ ਦੇ ਬਰਾਬਰ ਸਥਾਨ ਦਿੱਤਾ ਗਿਆ ਹੈ। ਸਾਈਨ ਬੋਰਡਾ ‘ਤੇ ਵੀ ਅੰਗਰੇਜ਼ੀ ਅਤੇ ਮਾਊਰੀ ਭਾਸ਼ਾ ਵਰਤੀ ਜਾਂਦੀ ਹੈ।
ਅਸੀਂ ਤਿੰਨ ਕੁ ਵਜੇ ਵਨਾਕਾ ਪਹੁੰਚ ਗਏ। ਇਹ ਨਿਉਜ਼ੀਲੈਂਡ ਦੇ ਸਾਊਥ ਟਾਪੂ ਦਾ ਖੂਬਸੂਰਤ ਕਸਬਾ ਹੈ। ਇੱਥੇ ਪਾਣੀ ਦੀਆਂ ਖੇਡ, ਪਹਾੜਾਂ ‘ਤੇ ਚੜ੍ਹਨਾ ਅਤੇ ਸਕੀਇੰਗ ਆਦਿ ਗਰਮੀਆਂ ਅਤੇ ਸਰਦੀਆਂ ਦੀਆਂ ਮਸ਼ਹੂਰ ਖੇਡਾਂ ਹਨ। ਝੀਲ ਵਿੱਚ ਖੜ੍ਹਾ ਇਕੱਲਾ ਦਰੱਖਤ ਸੈਲਾਨੀਆਂ ਦੀ ਖਿੱਚ ਦਾ ਕੇਂਦਰ ਹੈ। ਸ਼ਾਇਦ ਨਿਊਜ਼ੀਲੈਂਡ ਦੇ ਇਸ ਦਰੱਖਤ ਦੀਆਂ ਸਭ ਤੋਂ ਵੱਧ ਫੋਟੋ ਖਿਚੀਆਂ ਗਈਆਂ ਹਨ। ਇਸਦੀ ਖੂਬਸੂਰਤੀ ਦਾ ਅੰਦਾਜ਼ਾ ਇਸ ਗੱਲ ਤੋਂ ਵੀ ਲਾਇਆ ਜਾ ਸਕਦਾ ਹੈ ਕਿ ਇੱਥੇ ਕਈ ਫਿਲਮਾਂ ਦੀ ਸ਼ੂਟਿੰਗ ਹੋਈ, ਜਿਨ੍ਹਾਂ ਵਿੱਚੋਂ ਲਾਰਡ ਆਫ ਰਿੰਗਜ਼, ਮਿਸ਼ਨ ਇਮਪੌਸੀਬਲ ਅਤੇ ਨੌਰਦਨ ਲਾਈਟਸ ਆਦਿ ਹਨ। ਕਈ ਮਸ਼ਹੂਰ ਹਸਤੀਆਂ ਇੱਥੇ ਰਹਿੰਦੀਆਂ ਹਨ। ਇੱਥੇ ਫਰੀ ਟਾਇਲਟ ਵੀ ਸਨ ਅਤੇ ਪੇਡ ਵੀ।
ਪੰਜਾਬੀਆਂ ਬਾਰੇ ਮਸ਼ਹੂਰ ਹੈ ਕਿ ਇਨ੍ਹਾਂ ਦਾ ਧਿਆਨ ਹੇਰਾਫੇਰੀ ਵੱਲ ਹੀ ਰਹਿੰਦਾ ਹੈ ਪਰ ਮੈਂ ਦੇਖਿਆ ਗੋਰੇ ਲੋਕ ਵੀ ਸਾਡੇ ਵਰਗੇ ਹੀ ਹਨ। ਟਾਇਲਟ ਵਰਤਣ ਦੀ ਫੀਸ ਇੱਕ ਡਾਲਰ ਸੀ। ਇੱਕ ਵਿਅਕਤੀ ਨੇ ਟਾਇਲਟ ਵਰਤਣ ਉਪਰੰਤ ਉਸਦਾ ਦਰਵਾਜਾ ਬੰਦ ਨਹੀਂ ਹੋਣ ਦਿੱਤਾ ਅਤੇ ਹੱਥ ਨਾਲ ਫੜ ਕੇ ਰੱਖਿਆ ਅਤੇ ਫਿਰ ਆਪਣੀ ਸਾਥਣ ਨੂੰ ਅਵਾਜ਼ ਮਾਰੀ। ਫਿਰ ਇਹ ਹੀ ਤਰਕੀਬ ਤੀਜੇ ਲਈ ਵਰਤੀ ਗਈ। ਉਹਨਾਂ ਨੇ ਦੋ ਡਾਲਰ ਬਚਾ ਲਏ।
ਚਲੋ ਹੁਣ ਇੱਕ ਪੰਜਾਬੀ ਦਾ ਕਿੱਸਾ ਸੁਣਾਉਂਦਾ ਹਾਂ। ਇੱਕ ਪੰਜਾਬੀ ਲੜਕਾ, ਭਾਰਤ ਤੋਂ ਆਏ ਆਪਣੇ ਪਿਤਾ ਨੂੰ ਘੁਮਾਉਣ ਲੈ ਗਿਆ। ਰਾਹ ਵਿੱਚ ਪਟਰੋਲ ਪਾਉਣ ਲਈ ਰੁਕੇ। ਬਹੁਤੇ ਪਟਰੋਲ ਪੰਪਾਂ ਤੇ ਕਰਿੰਦਾ ਨਹੀਂ ਹੁੰਦਾ। ਬਾਪੂ ਨੇ ਪੁੱਛਿਆ, ਪੁੱਤਰਾ, ਇੱਥੇ ਤਾਂ ਕੋਈ ਹੈ ਹੀ ਨਹੀਂ, ਜਿੰਦਾ ਮਰਜ਼ੀ ਹੇਰਾਫੇਰੀ ਕਰ ਲਉ।”
”ਬਾਪੂ, ਇੱਥੇ ਹੇਰਾ ਫੇਰੀ ਨਹੀਂ ਹੁੰਦੀ। ਇਹ ਪੰਜਾਬ ਨਹੀਂ, ਨਿਊਜ਼ੀਲੈਂਡ ਹੈ।” ਮੁੰਡੇ ਨੇ ਜਵਾਬ ਦਿੱਤਾ।
ਅਸੀਂ ਵਨਾਕਾ ਦਾ ਪਜ਼ਲ ਵਰਲਡ ਦੇਖਣ ਲਈ ਉਤਾਵਲੇ ਸੀ। ਇਸ ਲਈ ਟਿਕਟਾਂ ਲਈਆਂ ਅਤੇ ਅੰਦਰ ਚਲੇ ਗਏ। ਸੀਨੀਅਰ ਸਿਟੀਜ਼ਨਜ਼ ਲਈ ਟਿਕਟਾਂ ਵਿੱਚ ਛੋਟ ਸੀ। ਟਿਕਟ ਕਲਰਕ ਨੇ ਬਿਨਾਂ ਕੋਈ ਸਬੂਤ ਮੰਗਿਆ, ਦੋ ਟਿਕਟਾਂ ਸੀਨੀਅਰ ਸਿਟੀਜ਼ਨਜ਼ ਦੀਆਂ ਦੇ ਦਿੱਤੀਆਂ ਅਤੇ ਹੱਥਾਂ ਉੱਤੇ ਮੁਹਰਾਂ ਲਾ ਦਿੱਤੀਆਂ। ਅੰਦਰ ਵੜਨ ਤੋਂ ਪਹਿਲਾਂ ਹੀ ਇੱਕ ਝੁਕਿਆ ਹੋਇਆ ਕਮਰਾ ਦਿਖਾਈ ਦਿੰਦਾ ਹੈ। ਗੇਟ ‘ਤੇ ਟਿਕਟਾਂ ਚੈੱਕ ਕਰਨ ਵਾਲਾ ਕੋਈ ਵੀ ਨਹੀਂ ਸੀ। ਸਕੈਨਿੰਗ ਮਸ਼ੀਨ ਦੇ ਅੰਦਰ ਹੱਥ ਕੀਤਾ ਅਤੇ ਦਰਵਾਜ਼ਾ ਖੁੱਲ੍ਹ ਗਿਆ। ਅੰਦਰ ਵੜਦਿਆਂ ਹੀ ਫਰਸ਼ ‘ਤੇ ਖਲੋਣਾ ਔਖਾ ਹੋ ਗਿਆ। ਸਾਰੇ ਜਣੇ ਮਸਾਂ ਹੀ ਡਿਗਣੋ ਬਚੇ। ਇਹ ਚਮਤਕਾਰ ਨਹੀਂ, ਬਲਕਿ ਅੱਖਾਂ ਦਾ ਭਰਮ ਸੀ।
ਫਿਰ ਇੱਕ ਹਾਲ ਵਿੱਚ ਗਏ, ਜਿੱਥੇ 168 ਤਸਵੀਰਾਂ ਲੱਗੀਆਂ ਹੋਈਆਂ ਸਨ। ਇਸ ਤਰ੍ਹਾਂ ਲਗਦਾ ਸੀ ਜਿਵੇਂ ਉਹ ਤਸਵੀਰਾਂ ਤੁਹਾਡਾ ਪਿੱਛਾ ਕਰ ਰਹੀਆਂ ਹੋਣ। ਇਸ ਬਾਰੇ ਉੱਥੇ ਲਿਖਿਆ ਹੋਇਆ ਸੀ ਕਿ ਇਹ ਦੁਨੀਆ ਤਾਂ ਇੱਕੋ ਇੱਕ ਇਸ ਤਰ੍ਹਾਂ ਦਾ ਹਾਲ ਹੈ। ਇੱਕ ਕਮਰੇ ਵਿੱਚ ਕੰਧ ਨਾਲ ਲੱਕੜ ਦੇ ਤਿੰਨ ਪੀਸ ਰੱਖੇ ਸਨ, ਉਹਨਾਂ ‘ਤੇ ਪਾਣੀ ਹੇਠਾਂ ਤੋਂ ਉੱਪਰ ਜਾ ਰਿਹਾ ਸੀ। ਅਸਲ ਵਿੱਚ ਇਹ ਸਾਰਾ ਕੁਛ ਅੱਖਾਂ ਦਾ ਭਰਮ ਹੈ। ਮਿਸਾਲ ਦੇ ਤੌਰ ‘ਤੇ ਹੇਠਾਂ ਤੋਂ ਉੱਪਰ ਜਾਣ ਵਾਲੇ ਕਮਰੇ ਦਾ ਫਰਸ਼ ਅਸਲ ਵਿੱਚ 15-20 ਡਿਗਰੀ ਤਿਰਛੇ ਬਣੇ ਹੋਏ ਹਨ। ਅੰਦਰੋਂ ਖਿੜਕੀਆਂ ਤੇ ਦਰਵਾਜ਼ੇ ਇਸ ਤਰ੍ਹਾਂ ਲਾਏ ਹੋਏ ਹਨ ਕਿ ਅੱਖਾਂ ਨੂੰ ਲਗਦਾ ਹੈ ਕਿ ਕਮਰਾ ਸਿੱਧਾ ਹੈ। ਇਸ ਤਰ੍ਹਾਂ ਪਾਣੀ ਹੇਠਾਂ ਹੀ ਜਾ ਰਿਹਾ ਹੁੰਦਾ ਹੈ ਪਰ ਸਾਡਾ ਦਿਮਾਗ ਫਰਸ਼ ਨੂੰ ਸਿੱਧਾ ਮੰਨ ਕੇ ਪਾਣੀ ਹੇਠਾਂ ਤੋਂ ਉੱਪਰ ਵਗ ਰਿਹਾ ਦਿਸਦਾ ਹੈ। ਇਸੇ ਤਰ੍ਹਾਂ ਗੇਂਦ ਹੇਠਾਂ ਤੋਂ ਉੱਪਰ ਜਾਂਦਾ ਹੈ। ਇੱਥੇ ਫਰਸ਼ ਦੀ ਢਲਾਨ ਅਸਲ ਹੁੰਦੀ ਹੈ ਪਰ ਕੰਧਾਂ ਅਤੇ ਛੱਤ ਦੀ ਸਜਾਵਟ ਅਜਿਹੀ ਹੁੰਦੀ ਹੈ ਕਿ ਦਿਮਾਗ ਸਮਝਦਾ ਹੈ ਕਿ ਫਰਸ਼ ਸਿੱਧਾ ਹੈ। ਇਸ ਤਰ੍ਹਾਂ ਦਿਮਾਗ ਅਤੇ ਅੱਖਾਂ ਵਿਚਕਾਰ ਭਰਮ ਪੈਦਾ ਹੋ ਜਾਂਦਾ ਹੈ। ਰਬੜ ਬੈਂਡ ਆਦਿ ਚੀਜ਼ਾਂ ਤੋਂ ਬਣਾਈਆਂ ਖਾਣ ਵਾਲੀਆਂ ਚੀਜ਼ਾਂ ਅਸਲ ਚੀਜ਼ਾਂ ਦਾ ਭੁਲੇਖਾ ਪਾਉਂਦੀਆਂ ਹਨ। ਚਿੱਟੇ ਪੇਂਟ ਕੀਤੇ ਥੰਮ੍ਹਾਂ ਵਿਚਾਲੇ ਮੂਰਤੀਆਂ ਬਣੀਆਂ ਹੋਈਆਂ ਦਾ ਭੁਲੇਖਾ ਪਾਉਂਦੀਆਂ ਹਨ। ਅਜਿਹਾ ਹੋਰ ਬਹੁਤ ਕੁਛ ਹੈ, ਜੋ ਦੇਖਣਯੋਗ ਹੈ।
ਬਾਹਰਲੇ ਪਾਸੇ ਵੱਖ ਵੱਖ ਚਾਰ ਰੰਗ ਦੇ ਲਾਲ, ਹਰਾ, ਨੀਲਾ ਅਤੇ ਪੀਲਾ ਟਾਵਰ ਲੱਭਣੇ ਸਨ। ਜਿਨ੍ਹਾਂ ਨੂੰ ਲੱਭਦਿਆਂ ਸਾਰਾ ਸਮਾਂ ਲੱਗ ਗਿਆ ਅਤੇ ਪੰਜ ਵਜੇ ਪਜ਼ਲ ਵਰਲਡ ਬੰਦ ਹੋ ਗਿਆ।
ਜੇਕਰ ਮੈਨੂੰ ਦੋ ਲਾਈਨਾਂ ਵਿੱਚ ਨਿਊਜ਼ੀਲੈਂਡ ਦੀ ਸੁੰਦਰਤਾ ਬਾਰੇ ਪੁੱਛਿਆ ਜਾਵੇ ਤਾਂ ਮੈਂ ਕਹਾਂਗਾ, ਇਹ ਇੱਕ ਪੇਂਟਿੰਗ ਵਾਂਗ ਹੈ, ਜਿਸ ਵਿੱਚ ਕੁਦਰਤ ਨੇ ਪੈਨਸਲ ਨਾਲ ਪੇਟਿੰਗ ਬਣਾ ਕੇ ਰੰਗ ਭਰ ਦਿੱਤੇ ਹੋਣ।
ਅਸੀਂ ਵਾਪਸ ਜਾਣ ਦਾ ਫੈਸਲਾ ਕਰ ਲਿਆ। ਰਾਹ ਵਿੱਚ ਸ਼ਹਿਰ ਅਸ਼ਬਰਟਨ ਕੁਛ ਚਿਰ ਠਹਿਰ ਕੇ ਚਾਹ ਪੀ ਕੇ ਰਾਤ ਦੇ 11 ਵਜੇ ਘਰ ਪਹੁੰਚ ਗਏ। ਇੱਕ ਦਿਨ ਵਿੱਚ 850 ਕਿਲੋਮੀਟਰ ਦਾ ਸਫਰ ਔਖਾ ਸੀ ਪਰ ਮੇਰੇ ਬੇਟੇ ਨੇ ਇਹ ਕਰ ਵਿਖਾਇਆ। ਇਸਦਾ ਕਰੈਡਿਟ ਉਸ ਨੂੰ, ਸੜਕਾਂ ਨੂੰ ਅਤੇ ਸੜਕ ਦੇ ਨਿਯਮਾਂ ਨੂੰ ਮੰਨਣ ਵਾਲੇ ਲੋਕਾਂ ਨੂੰ ਜਾਂਦਾ ਹੈ।

