ਸਰੀ (ਦਿਵਰੂਪ ਕੌਰ): ਬ੍ਰਿਟਿਸ਼ ਕੋਲੰਬੀਆ ਦੇ ਸਰੀ ਸ਼ਹਿਰ ਵਿੱਚ ਕਾਰੋਬਾਰੀਆਂ ਨੂੰ ਡਰਾਉਣ ਅਤੇ ਫਿਰੌਤੀ (Extortion) ਵਸੂਲਣ ਲਈ ਗੋਲੀਬਾਰੀ ਕਰਨ ਦਾ ਸਿਲਸਿਲਾ ਰੁਕਣ ਦਾ ਨਾਮ ਨਹੀਂ ਲੈ ਰਿਹਾ। ਬੁੱਧਵਾਰ ਤੜਕੇ ਨਿਊਟਨ ਇਲਾਕੇ ਵਿੱਚ ਇੱਕ ਹੋਰ ਵਪਾਰਕ ਅਦਾਰੇ ਨੂੰ ਨਿਸ਼ਾਨਾ ਬਣਾਇਆ ਗਿਆ। ਜਾਣਕਾਰੀ ਅਨੁਸਾਰ, 120 ਸਟ੍ਰੀਟ ‘ਤੇ ਸਥਿਤ ‘ਬਿੱਗ ਬਜ਼ਾਰ’ (Big Bazaar) ਗ੍ਰੋਸਰੀ ਸਟੋਰ ‘ਤੇ ਅਣਪਛਾਤੇ ਵਿਅਕਤੀਆਂ ਵੱਲੋਂ ਗੋਲੀਆਂ ਚਲਾਈਆਂ ਗਈਆਂ। ਪੁਲਿਸ ਨੇ ਮੁੱਢਲੀ ਜਾਂਚ ਵਿੱਚ ਇਸ ਘਟਨਾ ਨੂੰ ਫਿਰੌਤੀ ਨਾਲ ਸਬੰਧਤ ਮੰਨਿਆ ਹੈ, ਜਿਸ ਨੇ ਦੱਖਣੀ ਏਸ਼ੀਆਈ ਭਾਈਚਾਰੇ ਵਿੱਚ ਡਰ ਦਾ ਮਾਹੌਲ ਪੈਦਾ ਕਰ ਦਿੱਤਾ ਹੈ। ਸਰੀ ਪੁਲਿਸ ਅਨੁਸਾਰ ਇਹ ਵਾਰਦਾਤ ਬੁੱਧਵਾਰ, 28 ਜਨਵਰੀ ਨੂੰ ਸਵੇਰੇ ਤੜਕੇ ਵਾਪਰੀ। ਪੁਲਿਸ ਨੂੰ ਕਰੀਬ 3:50 ਵਜੇ 120 ਸਟ੍ਰੀਟ ਦੇ 8100 ਬਲਾਕ ਵਿੱਚ ਗੋਲੀਆਂ ਚੱਲਣ ਦੀ ਸੂਚਨਾ ਮਿਲੀ ਸੀ। ਜਦੋਂ ਅਧਿਕਾਰੀ ਮੌਕੇ ‘ਤੇ ਪਹੁੰਚੇ ਤਾਂ ਉਨ੍ਹਾਂ ਦੇਖਿਆ ਕਿ ਇੱਕ ਵਪਾਰਕ ਇਮਾਰਤ ਨੂੰ ਗੋਲੀਆਂ ਮਾਰ ਕੇ ਨੁਕਸਾਨ ਪਹੁੰਚਾਇਆ ਗਿਆ ਹੈ।
ਜਾਂਚ ਦੌਰਾਨ ਸਾਹਮਣੇ ਆਇਆ ਕਿ ਨਿਸ਼ਾਨਾ ਬਣਾਇਆ ਗਿਆ ਸਟੋਰ ‘ਬਿੱਗ ਬਜ਼ਾਰ’ ਸੀ, ਜੋ ਕਿ 8112-120 ਸਟ੍ਰੀਟ ਦੇ ਯੂਨਿਟ ਨੰਬਰ 420 ਵਿੱਚ ਸਥਿਤ ਹੈ। ਘਟਨਾ ਸਮੇਂ ਦੁਕਾਨ ਬੰਦ ਸੀ ਅਤੇ ਅੰਦਰ ਕੋਈ ਵੀ ਮੌਜੂਦ ਨਹੀਂ ਸੀ, ਜਿਸ ਕਾਰਨ ਕਿਸੇ ਤਰ੍ਹਾਂ ਦੇ ਜਾਨੀ ਨੁਕਸਾਨ ਤੋਂ ਬਚਾਅ ਹੋ ਗਿਆ। ਹਾਲਾਂਕਿ, ਸਟੋਰ ਦੇ ਬਾਹਰਲੇ ਹਿੱਸੇ ਨੂੰ ਨੁਕਸਾਨ ਪਹੁੰਚਿਆ ਹੈ।
ਗੋਲੀਆਂ ਦੇ ਨਿਸ਼ਾਨ ਅਤੇ ਪੁਲਿਸ ਜਾਂਚ ਮੌਕੇ ‘ਤੇ ਮੌਜੂਦ ਗਵਾਹਾਂ ਅਤੇ ਮੀਡੀਆ ਰਿਪੋਰਟਾਂ ਮੁਤਾਬਕ, ਪੁਲਿਸ ਨੇ ਸਬੂਤ ਇਕੱਠੇ ਕਰਨ ਲਈ ਸਟੋਰ ਦੇ ਬਾਹਰ ‘ਐਵੀਡੈਂਸ ਮਾਰਕਰ’ (Evidence Markers) ਲਗਾਏ ਹੋਏ ਸਨ। ਦੁਕਾਨ ਦੇ ਬਾਹਰ ਦੋ ਥਾਵਾਂ ‘ਤੇ ਗੋਲੀਆਂ ਦੇ ਸ਼ੱਕੀ ਨਿਸ਼ਾਨ ਸਾਫ ਦਿਖਾਈ ਦੇ ਰਹੇ ਸਨ। ਇੱਕ ਗੋਲੀ ਕੋਨੇ ਵਾਲੀ ਖਿੜਕੀ ਦੇ ਉੱਪਰਲੇ ਹਿੱਸੇ ਵਿੱਚ ਲੱਗੀ ਸੀ, ਜਦਕਿ ਦੂਜੀ ਗੋਲੀ ਦੂਸਰੀ ਖਿੜਕੀ ਦੇ ਹੇਠਲੇ ਹਿੱਸੇ ਨੇੜੇ ਵੱਜੀ ਸੀ। ਇਸ ਤੋਂ ਇਲਾਵਾ ਇਮਾਰਤ ਨੂੰ ਹੋਰ ਕੋਈ ਵੱਡਾ ਨੁਕਸਾਨ ਨਜ਼ਰ ਨਹੀਂ ਆਇਆ।
ਪੁਲਿਸ ਨੇ ਇਲਾਕੇ ਨੂੰ ਘੇਰਾ ਪਾ ਕੇ ਸਬੂਤ ਇਕੱਠੇ ਕੀਤੇ ਅਤੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਖੰਗਾਲੀ ਜਾ ਰਹੀ ਹੈ ਤਾਂ ਜੋ ਹਮਲਾਵਰਾਂ ਦੀ ਪਛਾਣ ਕੀਤੀ ਜਾ ਸਕੇ। ਪੁਲਿਸ ਦਾ ਮੰਨਣਾ ਹੈ ਕਿ ਇਹ ਹਮਲਾ ਡਰ ਫੈਲਾਉਣ ਦੇ ਮਕਸਦ ਨਾਲ ਕੀਤਾ ਗਿਆ ਸੀ।
ਫਿਰੌਤੀ ਦਾ ਵਧਦਾ ਸੰਕਟ ਇਹ ਘਟਨਾ ਅਜਿਹੇ ਸਮੇਂ ਵਾਪਰੀ ਹੈ ਜਦੋਂ ਸਰੀ ਸਿਟੀ ਕੌਂਸਲ ਅਤੇ ਮੇਅਰ ਬਰੈਂਡਾ ਲੌਕ ਨੇ ਸ਼ਹਿਰ ਵਿੱਚ ਫਿਰੌਤੀ ਦੀਆਂ ਵਧਦੀਆਂ ਘਟਨਾਵਾਂ ਕਾਰਨ ਹਾਲ ਹੀ ਵਿੱਚ ਚਿੰਤਾ ਜ਼ਾਹਰ ਕੀਤੀ ਹੈ ਅਤੇ ਫੈਡਰਲ ਸਰਕਾਰ ਤੋਂ ਮਦਦ ਮੰਗੀ ਹੈ। ਪਿਛਲੇ ਕੁਝ ਮਹੀਨਿਆਂ ਤੋਂ ਲਗਾਤਾਰ ਦੱਖਣੀ ਏਸ਼ੀਆਈ ਕਾਰੋਬਾਰੀਆਂ ਨੂੰ ਧਮਕੀਆਂ ਮਿਲ ਰਹੀਆਂ ਹਨ ਅਤੇ ਪੈਸੇ ਨਾ ਦੇਣ ‘ਤੇ ਉਨ੍ਹਾਂ ਦੀਆਂ ਦੁਕਾਨਾਂ ‘ਤੇ ਰਾਤ ਵੇਲੇ ਗੋਲੀਆਂ ਚਲਾਈਆਂ ਜਾ ਰਹੀਆਂ ਹਨ।
‘ਬਿੱਗ ਬਜ਼ਾਰ’ ‘ਤੇ ਹੋਇਆ ਇਹ ਹਮਲਾ ਇਸ ਗੱਲ ਦਾ ਸਬੂਤ ਹੈ ਕਿ ਪੁਲਿਸ ਦੀ ਵਧੀ ਹੋਈ ਗਸ਼ਤ ਅਤੇ ਸਖ਼ਤੀ ਦੇ ਬਾਵਜੂਦ ਅਪਰਾਧੀਆਂ ਦੇ ਹੌਸਲੇ ਬੁਲੰਦ ਹਨ। ਸਥਾਨਕ ਵਪਾਰੀ ਇਸ ਗੱਲੋਂ ਚਿੰਤਤ ਹਨ ਕਿ ਜੇਕਰ ਪੁਲਿਸ ਜਲਦੀ ਹੀ ਇਨ੍ਹਾਂ ਗਿਰੋਹਾਂ ਨੂੰ ਨੱਥ ਨਹੀਂ ਪਾਉਂਦੀ, ਤਾਂ ਸ਼ਹਿਰ ਵਿੱਚ ਕਾਰੋਬਾਰ ਕਰਨਾ ਮੁਸ਼ਕਲ ਹੋ ਜਾਵੇਗਾ। This report was written by Divroop Kaur as part of the Local Journalism Initiative.

