ਸਰੀ, (ਦਿਵਰੂਪ ਕੌਰ): ਨਿਊਯਾਰਕ ਸਿਟੀ ਨੇ ਮੰਗਲਵਾਰ ਰਾਤ ਇਤਿਹਾਸ ਰਚ ਦਿੱਤਾ, ਜਦੋਂ 34 ਸਾਲਾ ਜੋਹਰਨ ਮਮਦਾਨੀ ਨੂੰ ਸ਼ਹਿਰ ਦਾ ਨਵਾਂ ਮੇਅਰ ਚੁਣਿਆ ਗਿਆ। ਮਮਦਾਨੀ, ਜੋ ਅਜਿਹੇ ਰਾਜਨੀਤਿਕ ਤਬਕੇ ਵਿੱਚੋਂ ਉਭਰੇ ਹਨ ਜੋ ਕਦੇ ਮੁੱਖ ਧਾਰਾ ਵਿੱਚ ਨਹੀਂ ਸੀ, ਹੁਣ ਅਮਰੀਕਾ ਦੇ ਸਭ ਤੋਂ ਪ੍ਰਮੁੱਖ ਲੇਫਟ-ਵਿਚਾਰਧਾਰਾ ਵਾਲੇ ਨੇਤਾਵਾਂ ਵਿੱਚੋਂ ਇੱਕ ਮੰਨੇ ਜਾ ਰਹੇ ਹਨ। ਉਹਨਾਂ ਦੀ ਮੁਹਿੰਮ ਦਾ ਮੁੱਖ ਵਾਅਦਾ ਸੀ ਨਿਊਯਾਰਕ ਨੂੰ ਉਸਦੇ ਵਾਸੀਆਂ ਲਈ ਮੁੜ ਕਿਫ਼ਾਇਤੀ ਸ਼ਹਿਰ ਬਣਾਉਣਾ।
ਇਹ ਜਿੱਤ ਅਨੇਕ ਕਾਰਨਾਂ ਕਰਕੇ ਇਤਿਹਾਸਕ ਹੈ। ਮਮਦਾਨੀ ਨਿਊਯਾਰਕ ਦੇ ਪਹਿਲੇ ਮੁਸਲਿਮ ਮੇਅਰ, ਪਹਿਲੇ ਦੱਖਣੀ ਏਸ਼ੀਆਈ ਮੂਲ ਦੇ ਮੇਅਰ, ਪਹਿਲੇ ਅਫ਼ਰੀਕਾ ਵਿਚ ਜਨਮੇ ਮੇਅਰ, ਅਤੇ ਪਿਛਲੇ 133 ਸਾਲਾਂ ਵਿੱਚ ਸਭ ਤੋਂ ਛੋਟੀ ਉਮਰ ਦੇ ਮੇਅਰ ਬਣੇ ਹਨ। ਉਹ ਜਿੱਤ 1 ਮਿਲੀਅਨ ਤੋਂ ਵੱਧ ਵੋਟਾਂ ਨਾਲ ਦਰਜ ਕੀਤੀ ਗਈ, ਜਿਸ ਨਾਲ ਉਹਨਾਂ ਨੂੰ 50% ਤੋਂ ਵੱਧ ਸਮਰਥਨ ਪ੍ਰਾਪਤ ਹੋਇਆ।
ਮਮਦਾਨੀ ਨੇ ਪੂਰੇ ਸ਼ਹਿਰ ਬਰੁਕਲਿਨ, ਮੈਨਹੈਟਨ, ਕੁਇਨਜ਼ ਅਤੇ ਬਰੌਂਕਸ ਵਿੱਚ ਮਜ਼ਬੂਤ ਸਮਰਥਨ ਹਾਸਲ ਕੀਤਾ, ਜਦਕਿ ਸਟੇਟਨ ਆਇਲੈਂਡ ਨੇ ਅੰਡਰੂ ਕੁਓਮੋ ਨੂੰ ਤਰਜੀਹ ਦਿੱਤੀ।
ਉਹਨਾਂ ਦੇ ਮੁਕਾਬਲੇ ਵਿੱਚ ਪੂਰਬਲੇ ਗਵਰਨਰ ਐਂਡਰੂ ਕੁਓਮੋ ਸਨ, ਜਿਨ੍ਹਾਂ ਦੀ ਮੁਹਿੰਮ ਨੂੰ ਵੱਡੀਆਂ ਕਾਰਪੋਰੇਟ ਕੰਪਨੀਆਂ, ਰਿਅਲ ਐਸਟੇਟ ਡਿਵੈਲਪਰਾਂ ਅਤੇ ਪੂਰਬਲੇ ਮੇਅਰ ਮਾਈਕਲ ਬਲੂਮਬਰਗ ਵੱਲੋਂ ਮਿਲੀਅਨਾਂ ਡਾਲਰ ਦੀ ਫੰਡਿੰਗ ਮਿਲੀ ਸੀ। ਇਸਦੇ ਉਲਟ, ਮਮਦਾਨੀ ਨੇ ਘੱਟ ਰਕਮ ਵਾਲੀਆਂ ਲੋਕੀ ਦਾਨਾਂ, ਜਨਤਾ ਦੀ ਸਿੱਧੀ ਸ਼ਮੂਲੀਅਤ ਅਤੇ ਸੋਸ਼ਲ ਮੀਡੀਆ ਮੁਹਿੰਮ ਦੀ ਮਦਦ ਨਾਲ ਜਿੱਤ ਦਰਜ ਕੀਤੀ।
ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਚੋਣ ਤੋਂ ਇੱਕ ਦਿਨ ਪਹਿਲਾਂ ਧਮਕੀ ਦਿੱਤੀ ਸੀ ਕਿ ਜੇ ”ਕਮਿਊਨਿਸਟ ਉਮੀਦਵਾਰ ਜੋਹਰਨ ਮਮਦਾਨੀ” ਜਿੱਤ ਗਿਆ ਤਾਂ ਉਹ ਨਿਊਯਾਰਕ ਨੂੰ ਘੱਟ ਤੋਂ ਘੱਟ ਸੰਘੀ ਫੰਡ ਦੇਣ ‘ਤੇ ਸੋਚੇਗਾ। ਜਿੱਤ ਤੋਂ ਬਾਅਦ ਮਮਦਾਨੀ ਨੇ ਟਰੰਪ ਨੂੰ ਸਿੱਧਾ ਜਵਾਬ ਦਿੰਦਿਆਂ ਕਿਹਾ:
”ਨਿਊਯਾਰਕ ਉਹ ਸ਼ਹਿਰ ਹੈ ਜਿਸ ਨੇ ਟਰੰਪ ਨੂੰ ਜਨਮ ਦਿੱਤਾ, ਹੁਣ ਅਸੀਂ ਉਸਦਾ ਪ੍ਰਭਾਵ ਖਤਮ ਕਰਾਂਗੇ। ਟਰੰਪ ਆਵਾਜ਼ ਉੱਚੀ ਕਰੋ, ਅਸੀਂ ਆ ਰਹੇ ਹਾਂ।”
ਮਮਦਾਨੀ ਉਗਾਂਡਾ ਵਿੱਚ ਜਨਮੇ ਅਤੇ ਬਚਪਨ ਨਿਊਯਾਰਕ ਵਿੱਚ ਹੀ ਬਤੀਤ ਕੀਤਾ। ਉਹ ਹਮੇਸ਼ਾਂ ਮਜ਼ਦੂਰ ਵਰਗ ਅਤੇ ਅਵਾਜ਼ ਵਾਟੇ ਹੋਏ ਲੋਕਾਂ ਲਈ ਲੜਦੇ ਰਹੇ। ਉਹ ਟੈਕਸੀ ਡਰਾਈਵਰਾਂ ਨਾਲ ਭੁੱਖ ਹੜਤਾਲ ਵਿਚ ਸ਼ਾਮਲ ਰਹੇ ਅਤੇ $450 ਮਿਲੀਅਨ ਦੀ ਕਰਜ਼ ਰਾਹਤ ਯੋਜਨਾ ਲੈ ਕੇ ਆਏ। ਉਹਨਾਂ ਨੇ ਮੈਟਰੋ ਅਤੇ ਬੱਸ ਟਰਾਂਸਪੋਰਟ ਲਈ $100 ਮਿਲੀਅਨ ਤੋਂ ਵੱਧ ਫੰਡਿੰਗ ਵੀ ਸੁਨਿਸ਼ਚਿਤ ਕਰਵਾਈ। This report was written by Divroop Kaur as part of the Local Journalism Initiative.

