Wednesday, March 11, 2026

ਪਾਣੀ ਵਾਲਾ ਡੱਬਾ

ਬਰਾੜ-ਭਗਤਾ ਭਾਈ ਕਾ
+1-604-751-1113
ਖਚਾ ਖਚ ਭਰੀ ਸੱਥ ਕੋਲ ਦੀ ਜਦੋਂ ਪੁਲੀਸ ਦੀ ਜੀਪ ਲੰਘੀ ਤਾਂ ਸੱਥ ‘ਚ ਬੈਠੇ ਸਾਰੇ ਜਣੇ ਜੀਪ ਵੱਲ ਇਉਂ ਵੇਖਣ ਲੱਗ ਪਏ ਜਿਵੇਂ ਕਿਸੇ ਪੇਂਡੂ ਮੇਲੇ ‘ਚ ਫੜ੍ਹੇ ਗਏ ਜੇਬ੍ਹ ਕਤਰੇ ਦੇ ਪੈਂਦੀ ਕੁੱਟ ਨੂੰ ਲੋਕ ਅੱਡੀਆਂ ਚੁੱਕ-ਚੁੱਕ ਵੇਖੀ ਜਾਂਦੇ ਹੋਣ। ਸੱਥ ਵਾਲੇ ਤਾਂ ਅਜੇ ਪਿੰਡ ‘ਚ ਵੜੀ ਜੀਪ ਵੱਲ ਹੀ ਵੇਖ ਵੇਖ ਸੋਚੀ ਜਾਂਦੇ ਸਨ ਬਈ ਇਹ ਪੁਲੀਸ ਕੀਹਦੇ ਘਰੇ ਵੜੇਗੀ ਕਿ ਏਨੇ ਚਿਰ ਨੂੰ ਨਾਥੇ ਅਮਲੀ ਨੇ ਬਾਬੇ ਮੁਕੰਦ ਸਿਉਂ ਨੂੰ ਆ ਪੁੱਛਿਆ, “ਆਹ ਕੀਹਦੇ ਘਰ ਨੂੰ ਚੱਲੇ ਐ ਬਾਬਾ ਅਮਨ ਦੇ ਦੇਵਤੇ?”
ਮਾਹਲੇ ਨੰਬਰਦਾਰ ਨੇ ਪੁਲੀਸ ਦਾ ਨਾਂਅ ‘ਅਮਨ ਦੇ ਦੇਵਤੇ’ ਸੁਣਕੇ ਨਾਥੇ ਅਮਲੀ ਨੂੰ ਪੁੱਛਿਆ,”ਕਿਉਂ ਅਮਲੀਆ! ਇਹ ਪੁਲਸ ਆਲੇ ਅਮਨ ਦੇ ਦੇਵਤੇ ਕਿਮੇਂ ਹੋ ਗੇ ਬਈ। ਇਹ ਨਮਾਂ ਈ ਨਾਂਅ ਧਰ ‘ਤਾ ਪਤੰਦਰਾ ਤੂੰ ਇਨ੍ਹਾਂ ਦਾ।”
ਅਮਲੀ ਕਹਿੰਦਾ, “ਨਮਾਂ ਨਾਂਅ ਨ੍ਹੀ ਇਨ੍ਹਾਂ ਦਾ ਇਹੇ, ਇਹ ਤਾਂ ਬਹੁਤ ਪਰਾਣੈ। ਤੈਨੂੰ ਮੈਂ ਦੱਸਦਾਂ ਨੰਬਰਦਾਰਾ। ਇਹ ਨਾਂਅ ਤਾਂ ਆਪਣੀ ਸੱਥ ਆਲਿਆਂ ਨੇ ਈਂ ਧਰਿਆ। ਆਪਣੇ ਪਿੰਡ ‘ਚ ਈ ਪੁਲਸ ਆਲਿਆਂ ਨੂੰ ਅਮਨ ਦੇ ਦੇਵਤੇ ਕਹਿੰਦੇ ਐ।” ਨੰਬਰਦਾਰ ਨੇ ਫੇਰ ਪਾ ‘ਤਾ ਸੁਆਲ, “ਉਹ ਕਿਮੇਂ ਬਈ।”
ਅਮਲੀ ਕਹਿੰਦਾ, “ਕੇਰਾਂ ਆਪਣੇ ਪਿੰਡ ਆਲਾ ਅਮਨਾ ਬਾਣੀਆਂ ਆਵਦੀ ਘਰ ਆਲੀ ਸ਼ਾਂਤੀ ਨਾਲ ਲੜ ਪਿਆ। ਅਗਲੇ ਦਿਨ ਸ਼ਾਹਣੀ ਨੇ ਆਵਦੇ ਪੇਕਿਆਂ ਨੂੰ ਸੱਦ ਲਿਆ। ਸ਼ਾਹਣੀ ਦਾ ਇੱਕ ਸੁੱਕਿਆ ਜਾ ਭਰਾ, ਆਪਣੇ ਪਿੰਡ ਆਲੇ ਪਿੱਚਕਿਆਂ ਦੇ ਬੀਰੂ ਅਰਗਾ, ਆਵਦੇ ਪਿੰਡੋਂ ਈਂ ਸਟਾਂਕੀ ਵੱਟੀ ਲੈ ਕੇ ਆਇਆ ਬਈ ਆਹ ਮਾਰੂ ਜੇ ਕਿਤੇ ਹੱਥੋਪਾਈ ਹੋ ਗੀ ਤਾਂ। ਆਪਣੇ ਪਿੰਡ ਦੀ ਪਚੈਤ ਨੇ ਵੀ ਬਥੇਰਾ ਜੋਰ ਲਾਇਆ ਸੁਲਾਹ ਕਰਾਉਣ ਨੂੰ ਬਈ ਬਾਣੀਏ ਆਪਸ ਵਿੱਚ ਨਾ ਲੜਣ। ਪਰ ਜਦੋਂ ਦੋ ਧਿਰਾਂ ਨੂੰ ਗੁੱਸਾ ਆਇਆ ਹੋਵੇ ਕਦੋਂ ਹਟਦਾ ਕੋਈ। ਗੁੱਸੇ ‘ਚ ਹਰੇਕ ਈਂ ਉਦੋਂ ਪਹਾੜ ਦੀ ਟੀਸੀ ‘ਤੇ ਬੱਕਰੀ ਚੜ੍ਹਾਉਣ ਤੱਕ ਜਾਂਦਾ। ਬਾਣੀਆਂ ਨੇ ਨਾ ਤਾਂ ਪਚੈਤ ਦੀ ਮੰਨੀ ਤੇ ਨਾ ਹੀ ਟਿਕ ਟਕਾਅ ਕੀਤਾ। ਜਦੋਂ ਨੇਰ੍ਹਾ ਹੋ ਗਿਆ, ਪਚੈਤ ਆਲੇ ਤਾਂ ਘਰ ਨੂੰ ਚਲੇ ਗਏ। ਮਗਰੋਂ ਘੁੱਲੇ ਸਰਪੈਂਚ ਨੇ ਪੁਲਸ ਨੂੰ ਫੋਨ ਕਰ ‘ਤਾ ਬਈ ਨਾ ਤਾਂ ਬਾਣੀਆਂ ਨੇ ਸਾਡੀ ਕੋਈ ਗੱਲ ਮੰਨੀ ਐਂ, ਤੇ ਨਾ ਹੀ ਆਪਸ ਵਿੱਚ ਲੜਣ ਆਲਾ ਰਾਹ ਛੱਡਿਆ। ਹਜੇ ਲੋਕ ਸੌਣ ਦੀ ਤਿਆਰੀਓ ਈ ਕਰਦੇ ਸੀ, ਪੁਲਸ ਨੇ ਘੁੱਲੇ ਸਰਪੈਂਚ ਤੇ ਅੱਠ ਦਸ ਪਿੰਡ ਦੇ ਹੋਰ ਬੰਦੇ ਲੈ ਕੇ ਅਮਨੇ ਬਾਣੀਏ ਨੂੰ ਜਾ ਹਾਕ ਮਾਰੀ। ਜਦੋਂ ਇੱਕ ਬੁੜ੍ਹੇ ਜੇ ਹੌਲਦਾਰ ਨੇ ਅਮਨੇ ਨੂੰ ‘ਵਾਜ ਮਾਰੀ ਤਾਂ ਅਮਨਾ ਬਾਣੀਆਂ ਬੋਲਿਆ ‘ਕੌਣ ਐਂ ਬਈ’? ਹੌਲਦਾਰ ਕਹਿੰਦਾ ‘ਬਾਰ ਖੋਹਲੋ ਸੇਠ ਸਾਹਬ। ਥਾਣਿਉਂ ਪੁਲਸ ਆਈ ਐ ਅਮਨ ਸ਼ਾਂਤੀ ਕਰਾਉਣ’। ਹੌਲਦਾਰ ਦੇ ਮੂੰਹੋਂ ਅਮਨ ਸ਼ਾਂਤੀ ਦਾ ਨਾਂ ਸੁਣਕੇ ਸਰਪੈਂਚ ਹੌਲਦਾਰ ਨੂੰ ਕਹਿੰਦਾ ‘ਇਉਂ ਨਾ ਆਖੋ ਜਨਾਬ। ਅਮਨ ਤਾਂ ਬਾਣੀਏ ਦਾ ਨਾਂ ਤੇ ਸ਼ਾਂਤੀ ਸ਼ਾਹਣੀ ਦਾ ਨਾਉਂ ਐਂ ਓਹਦੇ ਘਰ ਆਲੀ ਦਾ। ਦੋਵਾਂ ਚੀ ਝਗੜਾ ਆਪਸ ਵਿੱਚ। ਜਦੋਂ ਪੁਲਸ ਆਲਿਆਂ ਦੀ ਇਹ ਗੱਲ ਅਗਲੇ ਦਿਨ ਪਿੰਡ ਦੀ ਸੱਥ ‘ਚ ਆ ਗੀ ਤਾਂ ਸੱਥ ਆਲਿਆਂ ਨੇ ਪੁਲਸ ਆਲਿਆਂ ਦਾ ਨਾਉਂ ਈਂ ਰੱਖ ‘ਤਾ ‘ਅਮਨ ਦੇ ਦੇਵਤੇ’। ਇਉਂ ਟਿਕਿਆ ਬਾਬਾ ਪੁਲਸ ਦਾ ਨਾਂ ਅਮਨ ਦੇ ਦੇਵਤੇ। ਪਰ ਇਨ੍ਹਾਂ ਨੂੰ ਕਹਿੰਦੇ ਆਪਣੇ ਪਿੰਡ ਚੀ ਐ। ਹੋਰਾਂ ਪਿੰਡਾਂ ‘ਚ ਕੁਸ ਹੋਰ ਕਹਿੰਦੇ ਹੋਣਗੇ, ਆਪਾਂ ਨੂੰ ਨ੍ਹੀ ਪਤਾ। ਬਾਕੀ ਇਹੇ ਪੁਲਸ ਆਲੇ ਜਿਹੜੇ ਆਏ ਐ ਇਨ੍ਹਾਂ ਬਾਰੇ ਮੈਨੂੰ ਨ੍ਹੀ ਪਤਾ ਬਈ ਕੀਹਦੇ ਗਲ ‘ਚ ਗਫੀਆ ਪਾਉਣਗੇ। ਮੈਂ ਤਾਂ ਆਪ ਸੋਨੂੰ ਪੁੱਛਦਾਂ ਬਈ ਸੱਥ ਆਲਿਆਂ ਨੂੰ ਤਾਂ ‘ਮਰੀਕਾ ‘ਗਲੈਂਡ ‘ਚ ਪਤਾ ਹੁੰਦੈ ਬਈ ਓੱਥੇ ਕੀ ਹੋਈ ਜਾਂਦੈ, ਕੁੱਤੀ ਦੇ ਪੌਂਚੇ ਜਿੱਡੇ ਆਪਣੇ ਪਿੰਡ ‘ਚ ਕਿਉਂ ਨਾ ਪਤਾ ਹੋਊ ਬਈ ਪਿੰਡ ‘ਚ ਕੀ ਹੋਇਆ?”
ਬਾਬਾ ਮੁਕੰਦ ਸਿਉਂ ਕਹਿੰਦਾ, “ਅਸੀਂ ਤਾਂ ਆਪ ਤੈਨੂੰ ਪੁੱਛਣ ਲੱਗੇ ਸੀ ਬਈ ਤੂੰ ਪਿੰਡ ‘ਚੋਂ ਆਇਐਂ। ਅਸੀਂ ਤਾਂ ਅਮਲੀਆ ਐਥੇ ਬੈਠੇ ਆਂ।”
ਅਮਲੀ ਕਹਿੰਦਾ, “ਤੁਸੀ ਵੀ ਬਾਬਾ ਪਿੰਡ ‘ਚੋਂ ਈਂ ਐਂ। ਤੁਸੀਂ ਕਿਹੜਾ ਨੰਦਪੁਰੋਂ ਐਂ ਬਈ ਸੋਨੂੰ ਪਿੰਡ ਬਾਰੇ ਕੁਸ ਪਤਾ ਨ੍ਹੀ। ਮੈਨੂੰ ਵੀ ਤਾਂ ਆਹ ਨੱਥੂ ਬਾਘੇ ਕੇ ਘਰ ਕੋਲੇ ਈ ਟੱਕਰੇ ਐ। ਉਹ ਗਾਹਾਂ ਨਿਹਾਲੂ ਘੱਚੇ ਕਿਆਂ ਆਲੀ ਬੀਹੀ ‘ਚ ਲੈ ਗੇ ਜੀਪ ਮੋੜ ਕੇ।”
ਮਾਹਲਾ ਨੰਬਰਦਾਰ ਕਹਿੰਦਾ, “ਫੇਰ ਤਾਂ ਨਾਥਾ ਸਿਆਂ ਤੈਨੂੰ ਇਹ ਵੀ ਪਤਾ ਹੋਊ ਬਈ ਓਸ ਬੀਹੀ ‘ਚ ਕੀਹਦੇ ਗਏ ਐ। ਓਸੇ ਬੀਹੀ ‘ਚੋਂ ਤਾਂ ਜੈਲੇ ਕਾ ਘੀਚੂ ਤੇ ਚੰਦ ਠੇਡੇ ਦਾ ਮੁੰਡਾ ਗਗਨਾ ਭੁੱਕੀ ‘ਚ ਫੜ੍ਹੇ ਗਏ ਸੀ। ਇਹ ਤਾਂ ਫਿਰ ਪੱਕੀ ਸੂਹ ਦਿੱਤੀ ਐ ਕਿਸੇ ਨੇ। ਹੁਣ ਨਾਥਾ ਸਿਆਂ ਤੂੰ ਤਾਂ ਸੱਥ ‘ਚ ਬੈਠੈਂ, ਇਸ ਗੱਲ ਦੀ ਖਬਰਸਾਰ ਕੀਹਤੋਂ ਲਮਾਂਗੇ।”
ਅਮਲੀ ਨੰਬਰਦਾਰ ਦੀ ਗੱਲ ਸੁਣ ਕੇ ਨੰਬਰਦਾਰ ਨੂੰ ਕਹਿੰਦਾ, “ਖਬਰਾਂ ਨੂੰ ਮੈਂ ਲੰਡਣ ਆਲਾ ਕਿਤੇ ਬੀ ਬੀ ਸੀ ਟੇਸ਼ਨ ਆਂ ਬਈ ਮੇਰੇ ਕੋਲੇ ਈ ਐ ਸਾਰੀਆਂ ਖਬਰਾਂ ਹੋਰ ਕਿਸੇ ਕੋਲੇ ਹੈ ਈ ਨ੍ਹੀ। ਮੈਥੋਂ ਵੱਡੇ ਗੱਪੀ ਹੋਰ ਵੀ ਬਹੁਤ ਐ ਪਿੰਡ ‘ਚ ਜੰਗੀਰੇ ਕੇ ਟਿੱਲੂ ਅਰਗੇ।”
ਪ੍ਰਤਾਪਾ ਭਾਊ ਕਹਿੰਦਾ, “ਓਸ ਬੀਹੀ ‘ਚ ਤਾਂ ਮਿੱਠੂ ਮਣਕੇ ਦਾ ਘਰ ਵੀ ਐ ਜਿਹੜਾ ਮਾੜੀ ਮੋਟੀ ਕੋਈ ਗੋਲੀ ਗੱਪਾ ਵੇਚਦੈ। ਹੋਰ ਤਾਂ ਕੋਈ ਨਸ਼ਾ ਪੱਤਾ ਵੇਚਣ ਆਲਾ ਹੈਨ੍ਹੀ ਓਸ ਗਲੀ ‘ਚ।”
ਪ੍ਰਤਾਪੇ ਭਾਊ ਦੀ ਗੱਲ ਸੁਣ ਕੇ ਬਾਬਾ ਟਿੱਚਰ ਕਹਿੰਦਾ, “ਭਾਊ ਸਿਆਂ ਫੇਰ ਤਾਂ ਸਾਰੀ ਬੀਹੀ ਭੁੱਕੀ ਪੋਸਤ ਵੇਚਦੀ ਐ। ਪੰਜ ਤਾਂ ਓਸ ਬੀਹੀ ‘ਚ ਸਾਰੇ ਘਰ ਐ। ਤਿੰਨ ਤੁਸੀਂ ਗਣਾਅ ‘ਤੇ, ਚੌਥੇ ਨੂੰ ਸ਼ਰਾਬ ਵੇਚਣ ‘ਚ ਤਿੰਨ ਮਹੀਨਿਆਂ ਦੀ ਜੇਲ੍ਹ ਹੋਈ ਵੀ ਐ। ਪੰਜਮਾਂ ਘਰ ਵੀ ਕੋਈ ਨਾ ਕੋਈ ਘਤਿੱਤ ਕਰਦਾ ਹੋਊ।”
ਸੀਤਾ ਮਰਾਸੀ ਕਹਿੰਦਾ, “ਪੰਜਮਾਂ ਘਰ ਭਾਨੇ ਕੇ ਤੋਤੀ ਦੈ। ਉਹ ਸਾਲਾ ਪਿੰਡ ‘ਚ ਕਿਸੇ ਦੇ ਪਾਠ, ਖੰਡ ਪਾਠ ਦੇ ਭੋਗ ‘ਤੇ ਪੰਜਾਂ ਦਾ ਨੋਟ ਮੱਥਾ ਟੇਕ ਕੇ ਪੰਜਾਹਾਂ ਦਾ ਜਾਂ ਸੌ ਦਾ ਨੋਟ ਚੱਕ ਕੇ ਡੰਡੀ ਲੱਗਦੈ। ਦੂਜੇ ਚਾਰੇ ਘਰ ਨਸ਼ਾ ਵੇਚਣਿਆਂ ਦੇ ਐ ਤੇ ਪੰਜਮਾਂ ਚੋਰ ਦਾ। ਸਾਰੀ ਬੀਹੀ ਨੂੰ ਈਂ ਗ੍ਰਹਿਣ ਲੱਗਿਆ ਵਿਆ।”
ਨਾਥਾ ਅਮਲੀ ਊਟ ਪਟਾਂਗ ਗੱਲਾਂ ਸੁਣ ਕੇ ਭਾਊ ਨੂੰ ਸੂਈ ਕੁੱਤੀ ਵਾਂਗੂੰ ਪੈ ਗਿਆ ਭੱਜ ਕੇ, “ਮੈਨੂੰ ਕੀ ਪਤਾ ਬਈ ਕਾਸਨੂੰ ਗਏ ਐ ਓਸ ਬੀਹੀ ‘ਚ। ਨਾਲੇ ਨਸ਼ੇ ਪੱਤੇ ਦੇ ਮਾਰੇ ਤਾਂ ਨ੍ਹੀ ਗਏ ਹੋਣੇ, ਖਬਰ੍ਹਾ ਕਿਸੇ ਹੋਰ ਲੜਾਈ ਭੜਾਈ ‘ਚ ਆਏ ਹੋਣ। ਤੁਸੀਂ ਹੋਰ ਈ ਜਭਲੀਆਂ ਮਾਰੀ ਜਾਨੇਂ ਐ।”
ਬੁੱਘਰ ਦਖਾਣ ਕਹਿੰਦਾ, “ਓਸ ਬੀਹੀ ‘ਚ ਕਿਹੜਾ ਜੰਮਿਆਂ ਓਏ ਲੜਣ ਨੂੰ ਐਡਾ ਗਾਜੀਆਣੇ ਆਲਾ ਕੁੰਢਾ। ਸਾਰੇ ਬੀਹੀ ਆਲੇ ਤੁਰੇ ਜਾਂਦੇ ਤਾਂ ਇਉਂ ਹਿਲਦੇ ਐ ਜਿਮੇਂ ਮੱਖੀਆਂ ਲੜਦੀਆਂ ਤੋਂ ਕਤੂਰਾ ਡਹਿਕ ਜੀ ਮਾਰ ਮਾਰ ਭੱਜਿਆ ਜਾਂਦਾ ਹੁੰਦੈ। ਕਰ ਲੋ ਬਈ ਗੱਲ ਇਹਦੇ ਨਾਲ ਲੜਾਈ ਦੀ।”
ਸੀਤਾ ਮਰਾਸੀ ਕਹਿੰਦਾ, “ਪੰਜਾਂ ਘਰਾਂ ‘ਚ ਸਣੇ ਮੁੰਡਿਆਂ ਦੇ ਚੌਦਾਂ ਬੰਦੇ, ਬੰਦੇ ਐ। ਚੌਦਾਂ ‘ਚੋਂ ਦੋਂਹ ਦੀਆਂ ਤਾਂ ਬਾਂਹਾਂ ਟੁੱਟੀਆਂ ਵੀਐਂ, ਤਿੰਨ ਵਚਾਰੇ ਬਜੁਰਗ ਐ ਜਿਨ੍ਹਾਂ ਤੋਂ ਬਹੁਤਾ ਤੁਰ ਫਿਰ ਮਨ੍ਹੀ ਹੁੰਦਾ। ਦੋ ਜੇਲ੍ਹ ‘ਚੈ। ਚਾਰ ਜੁਆਕ ਐ ਛੋਟੇ। ਇੱਕ ਛੜਾ ਛਟਾਂਕ ਐ ਉਹ ਊਂ ਨ੍ਹੀ ਕੰਮ ਕਰਦਾ। ਮੱਛਰਿਆ ਵਿਆ ਕਹਿੰਦਾ ਆਪਾਂ ਕਿਹੜਾ ਨੂੰਹ ਲਿਆਉਣੀ ਐ ਜਾਂ ਧੀ ਤੋਰਨੀ ਐਂ। ਜਿਹੜੇ ਦੋ ਰਹਿ ਗਏ ਉਹ ਊਂ ਡੀ ਟੀ ਚੌਦਾਂ ਟਰੈਗਟ ਆਂਗੂੰ ਤੁਰਨ ਵੇਲੇ ਪੁੱਛ ਕੇ ਪੈਰ ਪੱਟਦੇ ਐ।” ਰਤਨ ਸਿਉਂ ਸੂਬੇਦਾਰ ਕਹਿੰਦਾ, “ਇੱਕ ਹੋਰ ਵੀ ਮਸ਼ਾਹੂਰ ਬੰਦਾ ਓਸ ਬੀਹੀ ‘ਚ ਰਹਿੰਦੈ।”
ਨਾਥੇ ਅਮਲੀ ਨੇ ਸੂਬੇਦਾਰ ਦੀ ਗੱਲ ਸੁਣ ਕੇ ਸੂਬੇਦਾਰ ਨੂੰ ਪੁੱਛਿਆ, “ਹੋਰ ਕਿਹੜਾ ਫੌਜੀਆ?”
ਸੂਬੇਦਾਰ ਕਹਿੰਦਾ, “ਜੱਲਾ ਅਮਲੀ।”
ਜੱਲ੍ਹੇ ਅਮਲੀ ਦਾ ਨਾਂਅ ਸੁਣ ਕੇ ਨਾਥਾ ਅਮਲੀ ਹੱਥ ‘ਤੇ ਹੱਥ ਮਾਰ ਕੇ ਹੱਸਿਆ। ਸੂਬੇਦਾਰ ਨੂੰ ਕਹਿੰਦਾ, “ਉਹ ਵੀ ਸਿਰੇ ਦਾ ਨਖਿੱਧ ਈ ਐ, ਉਹ ਕਿੱਧਰੋਂ ਭਾਲ ਲਿਆ ਤੂੰ ਤਾਮਕੋਟ ਫੌਜੀ ਬਾਬਾ ਬਈ ਢਾਈ ਮਣ ਦਾ ਬਾਲਾ ਕੱਢ ਦਿੰਦਾ। ਮੈਂ ਤਾਂ ਨਾਉਂ ਧਰਾਅ ਕੇ ਅਮਲ ਛੱਡ ਈ ਦਿੱਤੈ, ਉਹ ਤਾਂ ਪਤੰਦਰ ਹੁਣ ਵੀ ਵੱਡੇ ਔਲ਼ੇ ਜਿੰਨੀ ਖਾ ਜਾਂਦਾ ਆਥਣ ਨੂੰ। ਸਮਝ ਸੁਮਝ ਵੀ ਘੱਟ ਈ ਐ ਉਹਨੂੰ।”
ਬਾਬਾ ਮੁਕੰਦ ਸਿਉਂ ਕਹਿੰਦਾ, “ਕਿਉਂ ਅਮਲੀਆ! ਕਹਿੰਦੇ ਜੱਲ੍ਹਾ ਜੰਗਲ ਪਾਣੀ ਜਾਣ ਲਈ ਬੜੇ ਗੇੜੇ ਲਾਉਂਦਾ ਨਿਆਈਆਂ ਦੇ।”
ਅਮਲੀ ਕਹਿੰਦਾ, “ਹੁਣ ਛੱਡ ਗਿਆ ਬਾਬਾ ਗੇੜੇ ਲਾਉਣੇ।”
ਮਾਹਲੇ ਨੰਬਰਦਾਰ ਨੇ ਪੁੱਛਿਆ, “ਹੁਣ ਕਿਮੇਂ ਛੱਡ ਗਿਆ ਬਈ?”
ਅਮਲੀ ਕਹਿੰਦਾ, “ਹੁਣ ਜੰਗਲ ਪਾਣੀ ਜਾਣ ਵੇਲੇ ਬੋਤਲ ‘ਚ ਪਾਣੀ ਲੈ ਕੇ ਜਾਂਦਾ। ਅੱਗੇ ਡੱਬੇ ‘ਚ ਲਜਾਂਦਾ ਸੀ।”
ਬਾਬੇ ਮੁਕੰਦ ਸਿਉਂ ਨੇ ਪੁੱਛਿਆ, “ਅਸੀਂ ਨ੍ਹੀ ਸਮਝੇ ਅਮਲੀਆ ਤੇਰੀ ਗੱਲ।”
ਅਮਲੀ ਕਹਿੰਦਾ, “ਲੈ ਸੁਣ ਲਾ ਫਿਰ ਜੱਲ੍ਹੇ ਅਮਲੀ ਦੀ ਵੀ। ਜੱਲ੍ਹਾ ਅਮਲੀ ਬਾਹਰ ਖੇਤਾਂ ‘ਚ ਜੰਗਲ ਪਾਣੀ ਜਾਣ ਵੇਲੇ ਪਹਿਲਾਂ ਸਰਪੇਅ ਆਲੇ ਪਲਕਾਸਕਟ ਦੇ ਲੀਟਰ ਜੇ ‘ਚ ਪਾਣੀ ਲਜਾਂਦਾ ਹੁੰਦਾ ਸੀ। ਉਹਦੀ ਬੇ-ਅਕਲੀ ਦੀ ਗੱਲ ਦੱਸਦਾਂ ਬਾਬਾ ਸੋਨੂੰ। ਉਹ ਲੀਟਰ ‘ਤੇ ਕਿਤੇ ਪੱਠਿਆਂ ਆਲੀ ਬਲਦ ਗੱਡੀ ਚੜ੍ਹ ਗੀ ਤੇ ਉਹ ਟੁੱਟ ਗਿਆ। ਤੂੰ ਬਾਬਾ ਕਹਿੰਦਾ ਸੀ ਨਾਹ ਬਈ ਜੰਗਲ ਪਾਣੀ ਜਾਣ ਵੇਲੇ ਗੇੜੇ ਬਾਹਲੇ ਮਾਰਦੈ, ਉਹ ਦੱਸਦਾਂ ਤੈਨੂੰ। ਜਦੋਂ ਪਹਿਲਾ ਲੀਟਰ ਟੁੱਟ ਗਿਆ ਤਾਂ ਉਹਨੂੰ ਘਰੋਂ ਇੱਕ ਟੀਨ ਜੀ ਦਾ ਡੱਬਾ ਥਿਆਹ ਗਿਆ। ਜਦੋਂ ਜੱਲ੍ਹਾ ਉਹ ਡੱਬਾ ਪਾਣੀ ਨਾਲ ਭਰ ਕੇ ਜੰਗਲ ਪਾਣੀ ਗਿਆ। ਕੁਸ ਤਾਂ ਡੱਬੇ ‘ਚੋਂ ਜਾਂਦੇ, ਜਾਂਦੇ ‘ਚੋਂ ਈਂ ਪਾਣੀ ਚੋਅ ਗਿਆ। ਕੁਸ ਓੱਥੇ ਬੈਠੇ ਤੋਂ ਚੋਅ ਗਿਆ। ਜੱਲ੍ਹਾ ਕੀ ਕਰਿਆ ਕਰੇ। ਜੰਗਲ ਪਾਣੀ ਜਾ ਆਇਆ ਕਰੇ, ਪਾਣੀ ਘਰੇ ਆ ਕੇ ਘਰੋਂ ਵਰਤਿਆ ਕਰੇ ਕਿਉਂਕਿ ਡੱਬੇ ‘ਚੋਂ ਤਾਂ ਪਾਣੀ ਪਹਿਲਾਂ ਈਂ ਚੋਅ ਜਿਆ ਕਰੇ। ਦੋ ਚਾਰ ਵਾਰੀ ਜੱਲ੍ਹੇ ਨਾਲ ਇਉਂ ਈਂ ਹੋਈ। ਜੰਗਲ ਪਾਣੀ ਜਾਣ ਪਿੱਛੋਂ ਪਾਣੀ ਦੀ ਵਰਤੋਂ ਵੇਲੇ ਨੂੰ ਡੱਬਾ ਚੋਅ ਜਿਆ ਕਰੇ। ਪਾਣੀ ਦੀ ਵਰਤੋਂ ਘਰੇ ਆ ਕੇ ਕਰਿਆ ਕਰੇ। ਇੱਕ ਦਿਨ ਜੱਲ੍ਹੇ ਨੇ ਸੋਚਿਆ ਬਈ ਜੰਗਲ ਪਾਣੀ ਜਾਣ ਵੇਲੇ ਜਦੋਂ ਨੂੰ ਪਾਣੀ ਦੀ ਲੋੜ ਪੈਂਦੀ ਐ, ਉਦੋਂ ਨੂੰ ਪਾਣੀ ਮੁੱਕ ਜਾਂਦਾ। ਜੱਲ੍ਹੇ ਕਮਲੇ ਨੇ ਕੀ ਕੀਤਾ ਬਾਬਾ, ਡੱਬਾ ਭਰਿਆ ਪਾਣੀ ਦਾ, ਖੇਤਾਂ ‘ਚ ਜਾਣ ਸਾਰ ਜੰਗਲ ਪਾਣੀ ਤੋਂ ਪਹਿਲਾਂ ਪਾਣੀ ਵਰਤ ਲਿਆ ਬਈ ਜਦੋਂ ਨੂੰ ਪਾਣੀ ਦੀ ਲੋੜ ਪੈਂਦੀ ਐ, ਪਾਣੀ ਚੋਅ ਜਾਂਦਾ, ਹੁਣ ਪਹਿਲਾਂ ਈ ਪਾਣੀ ਦਾ ਈ ਕੰਮ ਨਬੇੜ। ਆਹ ਅਕਲ ਬਾਬਾ ਜੱਲ੍ਹੇ ਨੂੰ। ਜੰਗਲ ਪਾਣੀ ਤੋਂ ਪਹਿਲਾਂ ਈ ਡੱਬੇ ਆਲਾ ਪਾਣੀ ਵਰਤ ਕੇ ਬਹਿ ਗਿਆ ਪਤੰਦਰ। ਫੇਰ ਘਰੇ ਜਾ ਕੇ ਵਰਤਿਆ।”
ਸੀਤਾ ਮਰਾਸੀ ਕਹਿੰਦਾ, “ਡੱਬੇ ਦਾ ਤਾਂ ਨ੍ਹੀ ਖਹਿੜਾ ਛੱਡਿਆ ਜੱਲ੍ਹੇ ਨੇ।” ਨਾਥੇ ਅਮਲੀ ਤੋਂ ਜੱਲ੍ਹੇ ਦੀ ਗੱਲ ਸੁਣ ਕੇ ਸਾਰੀ ਸੱਥ ਉੱਚੀ ਉੱਚੀ ਹੱਸਣ ਲੱਗ ਪਈ। ਬਾਬਾ ਮੁਕੰਦ ਸਿਉਂ ਹੱਸਦਾ ਹੱਸਦਾ ਕਹਿੰਦਾ, “ਚੱਲੋ ਓਏ ਘਰ ਨੂੰ ਚੱਲੀਏ, ਇਹ ਅਮਲੀ ਤਾਂ ਹੋਰ ਈ ਕਹਾਣੀ ਛੇੜ ਕੇ ਬਹਿ ਗਿਆ।”
ਪ੍ਰਤਾਪਾ ਭਾਊ ਨਾਥੇ ਅਮਲੀ ਨੂੰ ਕਹਿੰਦਾ, “ਅਮਲੀਆ ਜਦੋਂ ਤੂੰ ਵੀ ਰੀਠੇ ਜਿੰਨੀ ਖਾਂਦਾ ਹੁੰਦਾ ਸੀ, ਤੇਰੇ ਨਾਲ ਵੀ ਕਦੇ ਇਹੋ ਜੀ ਗੱਲ ਹੋਈ ਸੀ ਕੁ ਨਹੀਂ?” ਬਾਬਾ ਮੁਕੰਦ ਸਿਉਂ ਪ੍ਰਤਾਪੇ ਭਾਊ ਦੀ ਗੱਲ ਸੁਣ ਕੇ ਭਾਊ ਨੂੰ ਘੂਰਦਾ ਬੋਲਿਆ, “ਚੁੱਪ ਨ੍ਹੀ ਕਰਦਾ ਭਾਊ, ਚੱਲੋ ਉੱਠੋ ਘਰਾਂ ਨੂੰ ਤੁਰੋ। ਪਤੰਦਰ ਹੋਰ ਈ ਕੁਸ ਛੇੜ ਕੇ ਬਹਿ ਗੇ।” ਬਾਬੇ ਦਾ ਦੱਬਕਾ ਸੁਣ ਕੇ ਸੱਥ ਵਾਲੇ ਸਾਰੇ ਜੱਲ੍ਹੇ ਦੀ ਗੱਲ ਤੋਂ ਹੱਸਦੇ ਹੱਸਦੇ ਆਪੋ ਆਪਣੇ ਘਰਾਂ ਨੂੰ ਤੁਰ ਗਏ।

Share post:

Popular