Tuesday, March 10, 2026

ਪਾਬੰਦੀਆਂ

ਬਰਾੜ-ਭਗਤਾ ਭਾਈ ਕਾ
+1-604-751-1113
ਸੱਥ ਕੋਲ ਆ ਕੇ ਰੁਕੀ ਬੰਦਿਆਂ ਨਾਲ ਭਰੀ ਟਰਾਲੀ ‘ਚੋਂ ਜੱਗੇ ਕਾਮਰੇਡ ਨੂੰ ਉੱਤਰਦਿਆਂ ਵੇਖ ਕੇ ਬਾਬੇ ਪਿਆਰਾ ਸਿਉਂ ਨੇ ਨਾਲ ਬੈਠੇ ਬੁੱਘਰ ਦਖਾਣ ਨੂੰ ਪੁੱਛਿਆ, “ਕਿਉਂ ਬਈ ਬੁੱਘਰ ਸਿਆਂ! ਆਹ ਕਾਮਰੇਟ ਕਿੱਧਰੋਂ ਆਇਆ। ਇਹ ਤਾਂ ਯਾਰ ਕਦੇ ਪਿੰਡੋਂ ਬਾਹਰ ਈ ਨ੍ਹੀ ਨਿੱਕਲਿਆ ਸੀ। ਅੱਜ ਕਿੱਧਰ ਗਦੌੜਾ ਫੇਰ ਕੇ ਆਇਆ। ਨਾਲੇ ਇਹ ਆਪਣੇ ਪਿੰਡ ਆਲੇ ਟਰੈਲੀ ਕਿੱਧਰ ਭਰੀ ਫਿਰਦੇ ਐ?” ਸੱਥ ਵਾਲੇ ਥੜ੍ਹੇ ਕੋਲ ਸਾਇਕਲ ਲਈ ਖੜ੍ਹਾ ਬਦਨੇ ਕੇ ਮੋਠੇ ਦਾ ਮੁੰਡਾ ਘੀਚੂ ਕਹਿੰਦਾ, “ਬਠਿੰਡੇ ਕਿਸੇ ਵੱਡੇ ਅਸਫਰ ਦੇ ਜਾ ਕੇ ਆਏ ਐ ਬਾਬਾ।”
ਜੱਗਾ ਕਾਮਰੇਡ ਟਰਾਲੀ ‘ਚੋਂ ਉੱਤਰ ਕੇ ਸੱਥ ‘ਚ ਆ ਬੈਠਾ ਤੇ ਟਰਾਲੀ ਵਾਲੇ ਟਰਾਲੀ ਲੈ ਕੇ ਗਾਹਾਂ ਨੂੰ ਤੁਰ ਗਏ। ਜਿਉਂ ਹੀ ਟਰਾਲੀ ਸੱਥ ਕੋਲ ਦੀ ਗਾਹਾਂ ਨੂੰ ਨਿੱਕਲੀ ਤਾਂ ਓਧਰੋਂ ਕਿਤੇ ਨਾਥਾ ਅਮਲੀ ਵੀ ਸੱਥ ‘ਚ ਆ ਗਿਆ। ਸੱਥ ‘ਚ ਆਉਂਦਿਆਂ ਹੀ ਨਾਥਾ ਅਮਲੀ ਬਾਬੇ ਪਿਆਰਾ ਸਿਉਂ ਨੂੰ ਕਹਿੰਦਾ,
“ਕਿਉਂ ਬਾਬਾ! ਆਹ ਕਾਮਾਂ ਦੀ ਪਚੈਤ ਕਿੱਧਰੋਂ ਆਈ ਐ। ਇਹ ਤਾਂ ਪਤੰਦਰ ਇਉਂ ਟਰੈਲੀ ਭਰੀ ਫਿਰਦੇ ਐ ਜਿਮੇਂ ਗਾਹਾਂ ਨਾਨਕ ਛੱਕ ਜਾ ਕੇ ਆਏ ਹੁੰਦੇ ਐ।” ਸੀਤਾ ਮਰਾਸੀ ਅਮਲੀ ਦੀ ਗੱਲ ਸੁਣਕੇ ਟਿੱਚਰ ‘ਚ ਕਹਿੰਦਾ, “ਨਾਨਕ ਛੱਕ ‘ਚ ਤਾਂ ਅਮਲੀਆ ਬੁੜ੍ਹੀਆਂ ਵੀ ਹੁੰਦੀਐਂ ਓਏ, ਇਹ ਤਾਂ ‘ਕੱਲੇ ਬੰਦੇ ਈ ਐ।” ਅਮਲੀ ਮਰਾਸੀ ਨੂੰ ਖਿਝੀ ਬਾਂਦਰੀ ਵਾਂਗੂੰ ਕਤਾੜ ਕੇ ਪੈ ਗਿਆ, “ਤੇਰੀਆਂ ਅੱਖਾਂ ਕੁ ਹਾਮੇਂ ਕੇ ਟਰੈਗਟ ਆਂਗੂੰ ਲੈਟਾਂ ‘ਚੋਂ ਬਲਬ ਈ ਕੱਢੀ ਫਿਰਦੈਂ। ਬੁੜ੍ਹੀਆਂ ਵੀ ਤਾਂ ਟਰੈਲੀ ‘ਚ ਬੈਠੀਆਂ ਈ ਸੀ। ਰਾਮਦੇਵ ਦੇ ਡੇਰੇ ਤੋਂ ਐਨਕਾਂ ਲੁਆਉਣ ਆਲੀਆਂ ਤੇਰੇ। ਤੇਰੇ ਮੁੰਡੇ ਨੂੰ ਕਹਿਨੇਂ ਆਂ ਬਈ ਇਹਦੇ ਮੋਟੇ ਸ਼ੀਸ਼ੇ ਆਲੀਆਂ ਵਧੀਆ ਐਣਕਾਂ ਲੁਆਕੇ ਦਿਓ ਇਹਨੂੰ ਬੁੜ੍ਹੀਆਂ ਦਿਖਣੋ ਹਟ ਗੀਆਂ।” ਨਾਥੇ ਅਮਲੀ ਤੇ ਸੀਤੇ ਮਰਾਸੀ ਨੂੰ ਚੁੰਝੋ ਚੁੰਝੀ ਹੁੰਦਿਆਂ ਵੇਖ ਬਾਬੇ ਪਿਆਰਾ ਸਿਉਂ ਨੇ ਦੋਹਾਂ ਨੂੰ ਘੂਰਿਆ, “ਚੁੱਪ ਨ੍ਹੀ ਕਰਦੇ ਓਏ, ਕਿਮੇਂ ਕੀਚਰ ਵਾਧਾ ਕੀਤੈ। ਆਹ ਕਾਮਰੇਟ ਟਰੈਲੀ ‘ਚੋਂ ਉੱਤਰਿਐ ਇਹਨੂੰ ਪੁੱਛ ਲੋ ਬਈ ਇਹ ‘ਕੱਠ ਜਾ ਕਾਹਦਾ ਕਰੀ ਫਿਰਦੇ ਐ?”
ਮਾਹਲਾ ਨੰਬਰਦਾਰ ਜੱਗੇ ਕਾਮਰੇਡ ਨੂੰ ਕਹਿੰਦਾ, “ਦੱਸਦੇ ਕਾਮਰੇਟਾ ਇਨ੍ਹਾਂ ਨੂੰ ਕਾਹਦਾ ‘ਕੱਠ ਕਰੀ ਫਿਰਦੇ ਐ। ਨਹੀਂ ਤਾਂ ਇਹ ਜੁੰਡੋ ਜੁੰਡੀ ਹੋਏ ਈ ਖੜ੍ਹੇ ਐ।”
ਕਾਮਰੇਡ ਕਹਿੰਦਾ, “ਮੈਂ ਤਾਂ ਇਨ੍ਹਾਂ ਨਾਲ ਘਰਾਟਾਂ ਆਲੇ ਪੁਲ ਤੋਂ ਚੜ੍ਹਿਐਂ। ਮੈਨੂੰ ਤਾਂ ਆਪ ਨ੍ਹੀ ਪਤਾ।” ਕਾਮਰੇਡ ਦੀ ਗੱਲ ਸੁਣ ਕੇ ਨਾਥਾ ਅਮਲੀ ਕਾਮਰੇਡ ਨੂੰ ਪੁੱਠ ਕੰਡੇ ਵਾਂਗੂੰ ਚਿੰਬੜ ਗਿਆ, “ਓਏ ਬੁੱਧੂਆ! ਤੂੰ ਪੁੱਛਿਆ ਤਾਂ ਹੋਣਾ ਈਂ ਬਈ ਤੁਸੀਂ ਕਿੱਧਰੋਂ ਆਏ ਐਂ। ਜਾਹ ਓਏ ਨੇਰ੍ਹੇ ਘਰ ਦਿਆ ਦੀਵਿਆ। ਚਰੜ ਘੁੱਗ ਈ ਐਂ ਤੂੰ ਵੀ।” ਤਾਸ਼ ਖੇਡੀ ਜਾਂਦਾ ਪ੍ਰਤਾਪਾ ਭਾਊ ਕਹਿੰਦਾ, “ਡੀਸੀ ਦੇ ਜਾ ਕੇ ਆਏ ਐ।” ਬਾਬੇ ਪਿਆਰਾ ਸਿਉਂ ਨੇ ਪੁੱਛਿਆ, “ਕਿਮੇਂ ਬਈ?” ਭਾਊ ਕਹਿੰਦਾ, “ਆਹ ਜਿਹੜੇ ਨੋਟ ਬੰਦ ਕੀਤੇ ਐ ਮੋਦੀ ਨੇ, ਇਨ੍ਹਾਂ ਬਾਰੇ ਕਹਿਣ ਗਏ ਸੀ ‘ਕੱਠੇ ਹੋ ਕੇ ਡੀਸੀ ਕੋਲੇ ਬਈ ਪਤੰਦਰਾ! ਨੋਟ ਤਾਂ ਬੰਦ ਕਰ ‘ਤੇ, ਹੁਣ ਨੋਟ ਭੇਜ ਵੀ ਦੇਹ ਬੰਕਾਂ ‘ਚ। ਸਾਰੀ-ਸਾਰੀ ਦਿਹਾੜੀ ਪੈਂਸੇ ਲੈਣ ਨੂੰ ਬੰਕ ਮੂਹਰੇ ਖੜ੍ਹੇ ਰਹੀਦਾ, ਜਦੋਂ ਨੂੰ ਵਾਰੀ ਆਉਂਦੀ ਐ, ਕਹਿੰਦੇ ਆਹ ਸਾਡੇ ਪਿੰਡ ਆਲਾ ਛੱਤਾ ਫੌਜੀ ਜਿਹੜਾ ਬੰਕ ‘ਚ ਪਹਿਰੇ ‘ਤੇ ਦਮੂਖ ਲਈ ਖੜ੍ਹਾ ਹੁੰਦੇ, ਬੰਕ ਦੇ ਬਾਹਰ ਆਕੇ ਕਹਿ ਦਿੰਦਾ ‘ਹੁਣ ਕੱਲ੍ਹ ਨੂੰ ਆਇਓ ਬਈ, ਪੈਂਸੇ ਮੁੱਕ ਗੇ। ਲੈ ਦੱਸ ਬਾਬਾ। ਆਏਂ ਵੀ ਕੋਈ ਕਰਦਾ ਹੁੰਦੈ। ਇਹ ਕਹਿਣ ਗਏ ਸੀ ਡੀਸੀ ਨੂੰ, ਹੋਰ ਕਿਤੇ ਪੱਗ ਤਾਂ ਵਟਾਉਣ ਗਏ ਸੀ ਡੀਸੀ ਨਾਲ।”
ਨਾਥਾ ਅਮਲੀ ਟਿੱਚਰ ‘ਚ ਕਹਿੰਦਾ, “ਫੜਾ ‘ਤੀਆਂ ਫਿਰ ਡੀਸੀ ਨੇ ਗੋਲਕ ਦੀਆਂ ਕੁੰਜੀਆਂ ਕੁ ਨਹੀਂ?” ਸੀਤਾ ਮਰਾਸੀ ਟਿੱਚਰ ‘ਚ ਹੱਸ ਕੇ ਕਹਿੰਦਾ, “ਡੀਸੀ ਵੀਹ ਪੱਚੀਂ ਬੰਦਿਆਂ ਨੂੰ ਆਵਦੇ ਦਫਤਰ ‘ਚ ਵੜਿਆਂ ਨੂੰ ਵੇਖ ਕੇ ਕਹਿੰਦਾ ‘ਬਟੂਏ ਲੈ ਕੇ ਆਏਂ ਐਂ ਜੀਹਦੇ ‘ਚ ਪੈਂਸੇ ਪਾਉਣੇ ਐਂ। ਭੱਜ ਜੋ ਇੱਥੋਂ ਭਾਲਦੇ ਐ ਟੌਂਹਟੇ। ਅਕੇ ਜਦੋਂ ਡੀਸੀ ਨੇ ਦੱਬਕਾ ਮਾਰਿਆ ਤਾਂ ਆਹ ਕਾਮਾਂ ਦੀ ਪਚੈਤ ਦਫਤਰ ‘ਚੋਂ ਇਉਂ ਭੱਜ ਕੇ ਬਾਹਰ ਨਿੱਕਲੀ ਜਿਮੇਂ ਉਲਾਰ ਹੋਈ ਟਰੈਲੀ ‘ਚੋਂ ਗੰਢੇ ਰੁੜਦੇ ਹੁੰਦੇ ਐ।” ਮਾਹਲੇ ਨੰਬਰਦਾਰ ਨੇ ਪੁੱਛਿਆ, “ਤੇ ਜਿਹੜੀਆਂ ਬੁੜ੍ਹੀਆਂ ਗਈਆਂ ਸੀ ਨਾਲ ਉਨ੍ਹਾਂ ਦਾ ਕੀ ਕੰਮ ਸੀ। ਕੁ ਉਹ ਡੀਸਣੀ ਨੂੰ ਕੁਸ ਕਹਿਣ ਗਈਆਂ ਸੀ?” ਨਾਥਾ ਅਮਲੀ ਕਹਿੰਦਾ, “ਉਹ ਤਾਂ ਆਵਦੇ ਕੰਮ ਗਈਆਂ ਸੀ। ਬੰਦੇ ਤਾਂ ਡੀਸੀ ਤੋਂ ਟੌਂਹਟੇਂ ਲੈਣ ਗਏ ਸੀ ਤੇ ਬੁੜ੍ਹੀਆਂ ਤਾਂ ਆਵਦੇ ਸੂਟਾਂ ਬਾਰੇ ਦੁਖੜੇ ਰੋਣ ਗਈਆਂ ਸੀ।”
ਬਾਬੇ ਦੇ ਨਾਲ ਬੈਠੇ ਸੋਹਣ ਸਿਉਂ ਬੁੜ੍ਹੇ ਨੇ ਪੁੱਛਿਆ, “ਕਿਹੜੇ ਸੂਟਾਂ ਬਾਰੇ। ਡੀਸਣੀ ਸੂਟ ਸਾਟ ਵੀ ਸਿਉਂਦੀ ਐ ਬਈ?” ਨਾਥਾ ਅਮਲੀ ਕਹਿੰਦਾ, “ਸੂਟ ਨ੍ਹੀ ਤਾਇਆ ਸਿਉਂਦੀ ਉਹੋ। ਉਹ ਤਾਂ ਇਉਂ ਗਈਆਂ ਸੀ ਬਈ ਮੋਦੀ ਨੇ ਬੁੜ੍ਹੀਆਂ ਦੇ ਸੂਟਾਂ ‘ਤੇ ਜਿਹੜੀ ਕੋਈ ਪਾਬੰਦੀ ਲਾਈ ਐ ਉਹਦੇ ਬਾਰੇ ਗਈਆਂ ਸੀ।” ਬਾਬੇ ਪਿਆਰਾ ਸਿਉਂ ਨੇ ਹੈਰਾਨੀ ਨਾਲ ਪੁੱਛਿਆ, “ਸੂਟਾਂ ‘ਤੇ ਪਾਬੰਦੀ। ਕਿਹੜੇ ਸੂਟਾਂ ‘ਤੇ ਬਈ?”
ਨਾਥਾ ਅਮਲੀ ਕਹਿੰਦਾ, “ਦੇਖ ਬਾਬਾ ਮੈਂ ਦੱਸਦਾਂ ਤੈਨੂੰ। ਜਿਹੜੀਆਂ ਖਬਰਾਂ ਰੇਡੀਏ ਦੀਆਂ ਮੈਂ ਸੁਣ ਕੇ ਆਇਆਂ। ਰੇਡੀਏ ਆਲੇ ਕਹਿੰਦੇ ਬਈ ਨੋਟਾਂ ਦੀ ਬੰਦੀ ਤੋਂ ਮਗਰੋਂ ਹੁਣ ਜੱਟਾਂ ਦੀਆਂ ਜਮੀਨਾਂ ‘ਤੇ ਵੀ ਹੱਥ ਫੇਰਨ ਦੀ ਲੋੜ ਐ। ਉਸ ਤੋਂ ਪਿੱਛੋਂ ਬੁੜ੍ਹੀਆਂ ਦੇ ਸੂਟਾਂ ਦੀ ਵੀ ਗਿਣਤੀ ਮਿਣਤੀ ਹੋਊ।”
ਅਮਲੀ ਦੀ ਗੱਲ ਵਿੱਚੋਂ ਟੋਕ ਕੇ ਸੀਤਾ ਮਰਾਸੀ ਕਹਿੰਦਾ, “ਇਹ ਜਿਹੜੀ ਅਮਲੀਆ ਤੂੰ ਗੱਲ ਕਰਨ ਲੱਗਿਐਂ, ਇਹਦਾ ਸਿਆਪਾ ਤਾਂ ਬੰਦਿਆਂ ਨੇ ਮੋਦੀ ਕੋਲੇ ਜਾ ਕੇ ਪਾਇਆ ਬਈ ਨੋਟ ਤਾਂ ਤੂੰ ਬੰਦ ਕਰੀ ਜਾਨੈ, ਤੇ ਆਹ ਬੁੜ੍ਹੀਆਂ ਦੇ ਸੂਟ ਨ੍ਹੀ ਤੈਥੋਂ ਬੰਦ ਹੁੰਦੇ। ਹਾਂ! ਪੈਂਸੇ ਤੂੰ ਜਰੂਰ ਲੋਕਾਂ ਦੀਆਂ ਤੀਮੀਆਂ ਤੋਂ ਕਢਾ ਲੇ, ਪਰ ਸੂਟਾਂ ‘ਤੇ ਨ੍ਹੀ ਤੈਥੋਂ ਰੋਕ ਲੱਗੀ। ਉਹਨੇ ਭਾਈ ਤੜਕੇ ਨੂੰ ਸ਼ੇਰ ਦੀ ਦੁੰਬ ਅਰਗਾ ਬਿਆਨ ਦਾਗ ਕੇ ਬੁੜ੍ਹੀਆਂ ਕੁਰਬ਼-ਕੁਰਬਲ ਕਰਨ ਲਾ ‘ਤੀਆਂ। ਕਹਿੰਦਾ ‘ਜਿਹੜੀਆਂ ਵਿਆਹੀਆਂ ਔਰਤਾਂ ਕੋਲ ਸੱਤਾਂ ਸੂਟਾਂ ਤੋਂ ਵੱਧ ਸੂਟ ਹੋਣਗੇ ਉਹ ਸਾਰੇ ਜਬਤ ਕੀਤੇ ਜਾਣਗੇ’। ਜਦੋਂ ਬਾਬਾ ਮੋਦੀ ਦਾ ਇਹ ਬਿਆਨ ਬੁੜ੍ਹੀਆਂ ਨੇ ਸੁਣਿਆਂ, ਪੈ ਗਿਆ ਖਲਾਰਾ। ਆਹ ਆਪਣੇ ਗੁਆੜ ਆਲੀ ਰੇਲੋ ਮਾਈ ਨੇ ਤਾਂ ਪੱਟ ‘ਤੀ ਖੁਰਗੋ। ਕਹਿੰਦੀ ‘ਮੇਰੇ ਪਿਉ ਦੇ ਸਾਲੇ ਦੇ ਰੰਨ ਨ੍ਹੀ ਕੰਨ ਨ੍ਹੀ, ਕਦੇ ਨੋਟ ਬੰਦ ਕਰ ਦੂ, ਕਦੇ ਸੂਟ ਜਬਤ ਕਰ ਲੂੰ, ਕਦੇ ਕਹਿ ਦਿੰਦਾ ‘ਜੀਹਦੇ ਦੋ ਜੁਆਕਾਂ ਤੋਂ ਵੱਧ ਜੁਆਕ ਐ, ਉਹਦੇ ਜੁਆਕ ਕਬਜੇ ‘ਚ ਲਵਾਂਗੇ। ਕਦੇ ਕਹਿ ਦਿੰਦਾ ਜਿਹੜਾ ਬੰਦਾ ਦਿਨ ਦੀਆਂ ਪੰਜ ਰੋਟੀਆਂ ਤੋਂ ਵੱਧ ਰੋਟੀ ਖਾਊ, ਉਹਨੂੰ ਇੱਕ ਰੋਟੀ ‘ਤੇ ਵੀਹ ਰਪੀਏ ਤੇ ਪਰੌਂਟੇ ‘ਤੇ ਪੰਜਾਹ ਰਪੀਏ ਟੈਕਸ ਲੱਗੂਗਾ। ਆਹ ਅੱਜ ਫਿਰ ‘ਖਬਾਰ ‘ਚ ਬਿਆਨ ਆ ਗਿਆ ਅਕੇ ਆਲੂ ਜਾਂ ਮੂਲੀ ਆਲੇ ਪਰੌਂਠੇ ‘ਤੇ ਸੌ ਰਪੀਆ ਦਾ ਟੈਕਸ ਲੱਗੂਗਾ।”
ਬਾਬੇ ਪਿਆਰਾ ਸਿਉਂ ਨੇ ਅਮਲੀ ਨੂੰ ਪੁੱਛਿਆ, “ਆਲੂ ਮੂਲੀ ਆਲੇ ਪਰੌਂਠੇ ‘ਚ ਨਾਥਾ ਸਿਆਂ ਸਮਾਨ ਵੱਧ ਪਾਇਆ ਕਰਕੇ ਵੱਧ ਟੈਕਸ ਲੱਗੂਗਾ ਕੁ ਕੋਈ ਹੋਰ ਗੱਲ ਐ?”
ਅਮਲੀ ਮੁਸ਼ਕਣੀਆਂ ਹੱਸ ਕੇ ਕਹਿੰਦਾ, “ਸਮਾਨ ਵੱਧ ਦੀ ਗੱਲ ਨ੍ਹੀ ਬਾਬਾ। ਗੱਲ ਤਾਂ ਇਉਂ ਐਂ ਬਈ ਕਹਿੰਦੇ ਆਲੂ ਮੂਲੀ ਆਲੇ ਪਰੌਂਟ ਗੜਬੜ ਬਾਹਲ਼ੀ ਕਰਦੇ ਐ। ਕਿਤੇ ਬੰਦਾ ਬੰਦਿਆਂ ‘ਚ ਬੈਠਾ ਬੂਠਾ ਹੁੰਦੈ, ਉਦੋਂ ਫੇਰ ਮੂੰਹ ਵਖਾਉਣ ਜੋਗਾ ਨ੍ਹੀ ਰਹਿੰਦਾ ਜੇ ਕਿਤੇ ਆਲੂ ਮੂਲੀ ਆਲੇ ਪਰੌਂਠੇ ਬੰਦੇ ਨਾਲਕਿਤੇ ਧੱਕਾ ਮੁੱਕੀ ਕਰ ਜਾਣ। ਹੋਰ ਤਾਂ ਕੋਈ ਗੱਲ ਨ੍ਹੀ। ਨਾਲੇ ਆਹ ਜਿਹੜੀਆਂ ਗੱਲਾਂ ਮੈਂ ਦੱਸੀਆਂ ਸੋਨੂੰ, ਇਹ ਤਾਂ ‘ਖਬਾਰਾਂ ‘ਚ ਆਈਆਂ ਵੀਐਂ।”
ਅਮਲੀ ਦੀ ਗੱਲ ਸੁਣ ਕੇ ਗੇਲਾ ਰਾਗੀ ਅਮਲੀ ਨੂੰ ਕਹਿੰਦਾ, “ਤੈਨੂੰ ਤਾਂ ਅਮਲੀਆ ਊੜੇ ‘ਤੇ ਇੱਲ੍ਹ ਮਨ੍ਹੀ ਆਉਂਦੀ ਓਏ, ਤੂੰ ਕਿੱਥੋਂ ‘ਖਬਾਰ ਪੜ੍ਹ ਲਿਆ।
ਅਮਲੀ ਗੇਲੇ ਰਾਗੀ ਨੂੰ ਭੂਸਰੀ ਢਾਂਡੀ ਵਾਂਗੂੰ ਭੱਜ ਕੇ ਪੈ ਗਿਆ, “ਹੋਰ ਤਾਂ ਤੂੰ ਈਂ ਕੋਕ ਸ਼ਾਸ਼ਤਰ ਪੜ੍ਹਿਐ। ਵੀਹ ਵਾਰੀ ਤਾਂ ਤੈਨੂੰ ਲੋਕਾਂ ਨੇ ਪਾਠ ਕਰਦੇ ਨੂੰ ਸੁੱਤੇ ਪਏ ਨੂੰ ਫੜ੍ਹਿਐ। ਅਗਲੇ ਦੇ ਘਰੇ ਪਾਠ ਕਰਨ ਜਾਨੈਂ ਹੁੰਨੈ ਕੁ ਸੌਣ ਜਾਨੈਂ ਹੁੰਨੈ। ਸੋਨੂੰ ਵੀ ਪਾਠੀਆਂ ਨੂੰ ਲੱਗ ਜੂ ਪਤਾ ਜਿੱਦੇਂ ਮੋਦੀ ਨੇ ਕਹਿ ‘ਤਾ ਬਈ ਇੱਕ ਪਿੰਡ ‘ਚ ਪੰਜ ਪਾਠੀਆਂ ਤੋਂ ਵੱਧ ਜਿਹੜੇ ਪਾਠੀ ਹੋਣਗੇ ਉਨ੍ਹਾਂ ‘ਤੇ ਵੀ ਟੈਕਸ ਲਾਓ।” ਸੀਤਾ ਮਰਾਸੀ ਕਹਿੰਦਾ, “ਆਪਣੇ ਪਿੰਡ ਆਲੇ ਪਾਠੀ ਤਾਂ ਚੰਡੋਲ ‘ਤੇ ਚੜ੍ਹਾਉਣ ਆਲੇ ਈ ਐ। ਨਾਲੇ ਤਾਂ ਅਗਲੇ ਦੇ ਘਰੇ ਪਾਠ ਮਨ੍ਹੀ ਸ਼ੁੱਧ ਪੜ੍ਹਦੇ, ਨਾਲੇ ਪੈਂਸੇ ਲੈ ਆਉਂਦੇ ਐ।” ਨਰੰਜਨ ਸਿਉਂ ਕੂਕਾ ਕਹਿੰਦਾ, “ਘਰੇ ਪਾਠ ਖੁਲ੍ਹਾਅ ਕੇ ਕੋਈ ਸੁਣਦਾ ਮਨ੍ਹੀ ਕੋਲ ਬਹਿ ਕੇ। ਕਿਸੇ ਨੂੰ ਕੀ ਪਤਾ ਬਈ ਪਾਠੀ ਪਾਠ ਪੜ੍ਹਦੈ ਕੁ ਆਹ ਕਾਟ੍ਹੋ ਜੀ ‘ਤੇ ਮੂਰਤਾਂ ਵੇਂਹਦੈ।” ਬਾਬੇ ਪਿਆਰਾ ਸਿਉਂ ਨੇ ਪੁੱਛਿਆ, “ਕਾਟ੍ਹੋ ਜੀ ਜਿਹੜੀ ਕੂਕਾ ਜੀ?” ਨਾਥਾ ਅਮਲੀ ਕਹਿੰਦਾ, “ਆਹ ਮੁਗਲੈਲ ਫੂਨ ਦੀ ਗੱਲ ਐ ਬਾਬਾ।” ਬੁੱਘਰ ਦਖਾਣ ਕਹਿੰਦਾ, “ਜੇ ਪਾਠੀਆਂ ‘ਤੇ ਵੀ ਰੋਕ ਲਾ ‘ਤੀ ਤਾਂ ਫੇਰ ਬਾਬਾ ਭੂੰਦੜ ਕੀ ਕਰੂ ਬਈ। ਉਹਤੋਂ ਤਾਂ ਪਾਠ ਤੋਂ ਬਿਨਾਂ ਹੋਰ ਕੁਸ ਹੋਣਾ ਮਨ੍ਹੀ?”
ਸੀਤਾ ਮਰਾਸੀ ਕਹਿੰਦਾ, “ਬਾਬਾ ਭੂੰਦੜ ‘ਕੱਲਾ ਪਾਠ ਈ ਨ੍ਹੀ ਕਰਦਾ, ਮੱਝਾਂ ਦਾ ਵਪਾਰੀ ਵੀ ਐ। ਆਹ ਦੋ ਤਿੰਨ ਮਹੀਨਿਆਂ ‘ਚ ਉਹਨੇ ਤਾਂ ਵੇਚ ‘ਤੀਆਂ ਕੋਈ ਵੀਹ ਮੱਝਾਂ।”
ਨਾਥਾ ਅਮਲੀ ਮਰਾਸੀ ਦੀ ਗੱਲ ਸੁਣ ਕੇ ਫੇਰ ਹੋਇਆ ਪੈਰਾਂ ਭਾਰ, “ਜਿਹੜੀਆਂ ਵੇਚ ਗਿਆ ਵੇਚ ਗਿਆ। ਹੁਣ ਨ੍ਹੀ ਬਾਈ ਸਿਆਂ ਕੋਈ ਮੱਝ ਖਰੀਦ ਦਾ।” ਬਾਬਾ ਪਿਆਰਾ ਸਿਉਂ ਕਹਿੰਦਾ, “ਕਿਉਂ ਹੁਣ ਨੋਟ ਬੰਦ ਹੋ ਗੇ ਕਰਕੇ?”
ਅਮਲੀ ਕਹਿੰਦਾ, “ਨੋਟਾਂ ਬੰਦ ਦੀ ਗੱਲ ਨ੍ਹੀ ਬਾਬਾ। ਆਹ ਸਾਰਾ ਕੁਸ ਤਾਂ ਮੋਦੀ ਬੰਦ ਕਰੀ ਤੁਰਿਆ ਆਉਂਦੈ। ਬੁੜ੍ਹੀਆਂ ਸੱਤਾਂ ਸੂਟਾਂ ਤੋਂ ਵੱਧ ਸੂਟ ਨ੍ਹੀ ਰੱਖ ਸਕਦੀਆਂ। ਆਲੂ ਮੂਲੀ ਆਲੇ ਕੋਈ ਪਰੌਂਠੇ ਨ੍ਹੀ ਖਾ ਸਕਦਾ। ਇੱਕ ਪਿੰਡ ‘ਚ ਪੰਜ ਪਾਠੀਆਂ ਤੋਂ ਵੱਧ ਪਾਠੀ ਨ੍ਹੀ ਰੱਖਣ ਦਿੰਦਾ। ਆਹ ਹੁਣ ਸੂਈ ਵੀ ਜਾਂ ਸੂਣ ਆਲੀ ਮੱਝ ਵੇਚਣ ਖਰੀਦਣ ‘ਤੇ ਵੀ ਰੋਕ ਲਾ ‘ਤੀ।”
ਅਮਲੀ ਦੀ ਟਿੱਚਰ ਸੁਣ ਕੇ ਬਾਬਾ ਪਿਆਰਾ ਸਿਉਂ ਕਹਿੰਦਾ, “ਜੇ ਸੂਈ ਵੀ ਜਾਂ ਸੂਣ ਆਲੀ ਮੱਝ ਖਰੀਦਣ ਵੇਚਣ ‘ਤੇ ਰੋਕ ਲਾ ‘ਤੀ ਤਾਂ ਫੰਡਰ ਮੱਝ ਕਿਸੇ ਨੇ ਕੀ ਢੂੲ੍ਹੇ ‘ਚ ਲੈਣੀ ਐਂ।”
ਨਾਥਾ ਅਮਲੀ ਕਹਿੰਦਾ, “ਹੋਰ ਸੁਣ ਲੋ। ਇੱਕ ਟੱਬਰ ‘ਚ ਇੱਕ ਬੰਦਾ ਦਿਨ ਦੇ ਦੋ ਗੱਪਾਂ ਤੋਂ ਵੱਧ ਗੱਪ ਨ੍ਹੀ ਮਾਰ ਸਕਦਾ। ਜੇ ਕਿਤੇ ਦੋ ਗੱਪਾਂ ਤੋਂ ਵੱਧ ਮਾਰਿਆ ਗੱਪ ਫੜ੍ਹਿਆ ਗਿਆ ਤਾਂ ਹਜਾਰ ਦੇ ਨੋਟ ਅਰਗਾ ਹਾਲ ਕਰ ਦੇਣਗੇ।”
ਸੀਤਾ ਮਰਾਸੀ ਟਿੱਚਰ ‘ਚ ਬੋਲਿਆ, “ਜੇ ਕੋਈ ਬੁੜ੍ਹੀ ਗੱਪ ਮਾਰੂ ਤਾਂ ਉਹਦਾ ਪੰਜ ਸੌ ਦੇ ਮੂੰਹ ਅਰਗਾ ਹਾਲ ਕਰ ਦੇਣਗੇ।”
ਮਾਹਲੇ ਨੰਬਰਦਾਰ ਨੇ ਪੁੱਛਿਆ, “ਤੇ ਜੇ ਕੋਈ ਜੁਆਕ ਗੱਪ ਮਾਰੂ ਉਹਦਾ ਹਾਲ ਕਿਹੋ ਜਾ ਕਰਨਗੇ ਬਈ?”
ਨਾਥਾ ਅਮਲੀ ਕਹਿੰਦਾ, “ਐਨੇ ਪੁੱਛ ਦੱਸ ਦਾ ਸਾਡਾ ਈ ਠੇਕਾ ਲਿਆ ਵਿਆ। ਤੁਸੀ ਵੀ ਕੋਈ ਮਣਕੇ ‘ਚ ਠਣਕਾ ਮਾਰੋ।”
ਏਨੇ ਚਿਰ ਨੂੰ ਚਾਰ ਪੰਜ ਪੁਲੀਸ ਮੁਲਾਜ਼ਮ ਸੱਥ ਦੇ ਨੇੜੇ ਕੌਰੂ ਆਜੜੀ ਦੇ ਵਾੜੇ ‘ਚ ਆ ਕੇ ਵੜ ਗਏ। ਉਹ ਤਾਂ ਕੌਰੂ ਤੋਂ ਕਿਸੇ ਵੱਡੇ ਅਫਸਰ ਦੀ ਕੁੜੀ ਦੇ ਵਿਆਹ ਵਾਸਤੇ ਬੱਕਰਾ ਲੈਣ ਆਏ ਸੀ, ਸੱਥ ਵਾਲਿਆਂ ਨੇ ਸੋਚਿਆ ਬਈ ਕਿਤੇ ਮੋਦੀ ਨੇ ਭੇਡਾਂ ਬੱਕਰੀਆਂ ‘ਤੇ ਵੀ ਰੋਕ ਲਾ ਦਿੱਤੀ ਬਈ ਕੋਈ ਆਜੜੀ ਦਸ ਭੇਡਾਂ ਬੱਕਰੀਆਂ ਤੋਂ ਵੱਧ ਰੱਖ ਹੀ ਨਹੀਂ ਸਕਦਾ। ਸਾਰੇ ਸੱਥ ਵਾਲੇ ਸੱਥ ‘ਚੋਂ ਉੱਠ ਕੇ ਕੌਰੂ ਦੇ ਭੇਡਾਂ ਬੱਕਰੀਆਂ ਵਾਲੇ ਵਾੜੇ ਵੱਲ ਨੂੰ ਇਸ ਬਾਰੇ ਪਤਾ ਕਰਨ ਲਈ ਚੱਲ ਪਏ ਕਿ ਪੁਲੀਸ ਵਾੜੇ ‘ਚ ਕਿਉਂ ਆਏ ਐ। ਵੇਂਦਿਆਂ ਵੇਂਦਿਆਂ ਸੱਥ ਖਾਲੀ ਹੋ ਗਈ।

Share post:

Popular