ਕੈਨੇਡਾ ‘ਚ 7 ਦਿਨਾਂ ਦੇ ਰਾਸ਼ਟਰੀ ਸੋਗ ਦਾ ਐਲਾਨ, ਫੈਡਰਲ ਮੰਤਰੀਆਂ ਦੀ ਟੀਮ ਪਹੁੰਚੀ ਟੰਬਲਰ ਰਿੱਜ ਘਟਨਾ ਸਥਾਨ ‘ਤੇ
ਸਰੀ, (ਦਿਵਰੂਪ ਕੌਰ): ਬ੍ਰਿਟਿਸ਼ ਕੋਲੰਬੀਆ ਦੇ ਟੰਬਲਰ ਰਿੱਜ ਵਿੱਚ ਵਾਪਰੀ ਗੋਲੀਬਾਰੀ ਦੀ ਘਟਨਾ ਤੋਂ ਬਾਅਦ ਪੈਦਾ ਹੋਏ ਹਾਲਾਤ ਦੇ ਮੱਦੇਨਜ਼ਰ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਆਪਣਾ ਜਰਮਨੀ ਦਾ ਅਹਿਮ ਦੌਰਾ ਰੱਦ ਕਰ ਦਿੱਤਾ ਹੈ। ਪ੍ਰਧਾਨ ਮੰਤਰੀ ਦਫ਼ਤਰ (PMO) ਨੇ ਬੁੱਧਵਾਰ ਨੂੰ ਪੁਸ਼ਟੀ ਕੀਤੀ ਕਿ ਦੇਸ਼ ਵਿੱਚ ਵਾਪਰੇ ਇਸ ਵੱਡੇ ਦੁਖਾਂਤ ਕਾਰਨ ਪ੍ਰਧਾਨ ਮੰਤਰੀ ਨੇ ਮਿਊਨਿਖ ਸੁਰੱਖਿਆ ਕਾਨਫਰੰਸ (Munich Security Conference) ਵਿੱਚ ਸ਼ਾਮਲ ਨਾ ਹੋਣ ਦਾ ਫੈਸਲਾ ਲਿਆ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਇਸ ਮੁਸ਼ਕਲ ਘੜੀ ਵਿੱਚ ਉਨ੍ਹਾਂ ਦਾ ਦੇਸ਼ ਦੇ ਅੰਦਰ ਰਹਿਣਾ ਅਤੇ ਪੀੜਤ ਪਰਿਵਾਰਾਂ ਦੇ ਨਾਲ ਖੜ੍ਹੇ ਹੋਣਾ ਵਧੇਰੇ ਜ਼ਰੂਰੀ ਹੈ। ਇਸ ਫੈਸਲੇ ਨਾਲ ਸਰਕਾਰ ਨੇ ਇਹ ਸੁਨੇਹਾ ਦਿੱਤਾ ਹੈ ਕਿ ਰਾਸ਼ਟਰੀ ਸੁਰੱਖਿਆ ਅਤੇ ਨਾਗਰਿਕਾਂ ਦਾ ਦੁੱਖ ਕਿਸੇ ਵੀ ਅੰਤਰਰਾਸ਼ਟਰੀ ਮੀਟਿੰਗ ਨਾਲੋਂ ਵੱਡਾ ਹੈ।
ਪ੍ਰਧਾਨ ਮੰਤਰੀ ਦਫ਼ਤਰ ਵੱਲੋਂ ਜਾਰੀ ਬਿਆਨ ਮੁਤਾਬਕ, ਮਾਰਕ ਕਾਰਨੀ ਬੁੱਧਵਾਰ ਸ਼ਾਮ ਨੂੰ ਜਰਮਨੀ ਲਈ ਰਵਾਨਾ ਹੋਣ ਵਾਲੇ ਸਨ। ਇਸ ਤੋਂ ਪਹਿਲਾਂ ਉਨ੍ਹਾਂ ਨੇ ਹੈਲੀਫੈਕਸ ਵਿੱਚ ਇੱਕ ਪ੍ਰੋਗਰਾਮ ਦੌਰਾਨ ਸਰਕਾਰ ਦੀ ਨਵੀਂ ‘ਰੱਖਿਆ ਉਦਯੋਗਿਕ ਰਣਨੀਤੀ’ (Defence Industrial Strategy) ਦਾ ਐਲਾਨ ਵੀ ਕਰਨਾ ਸੀ, ਪਰ ਹੁਣ ਇਸ ਪ੍ਰੋਗਰਾਮ ਨੂੰ ਅਣਮਿੱਥੇ ਸਮੇਂ ਲਈ ਟਾਲ ਦਿੱਤਾ ਗਿਆ ਹੈ। ਸ਼ੁਰੂਆਤੀ ਤੌਰ ‘ਤੇ ਪੀਐਮਓ ਨੇ ਕਿਹਾ ਸੀ ਕਿ ਦੌਰਾ ਕੁਝ ਸਮੇਂ ਲਈ ਮੁਲਤਵੀ ਕੀਤਾ ਗਿਆ ਹੈ, ਪਰ ਸਥਿਤੀ ਦੀ ਗੰਭੀਰਤਾ ਨੂੰ ਦੇਖਦੇ ਹੋਏ ਬੁੱਧਵਾਰ ਦੁਪਹਿਰ ਨੂੰ ਇਸਨੂੰ ਮੁਕੰਮਲ ਤੌਰ ‘ਤੇ ਰੱਦ ਕਰਨ ਦਾ ਐਲਾਨ ਕਰ ਦਿੱਤਾ ਗਿਆ। ਪ੍ਰਧਾਨ ਮੰਤਰੀ ਹੁਣ ਓਟਵਾ (ਨੈਸ਼ਨਲ ਕੈਪੀਟਲ ਰੀਜਨ) ਵਿੱਚ ਹੀ ਰਹਿ ਕੇ ਟੰਬਲਰ ਰਿੱਜ ਵਿੱਚ ਚੱਲ ਰਹੀ ਜਾਂਚ ਅਤੇ ਰਾਹਤ ਕਾਰਜਾਂ ਦੀ ਨਿਗਰਾਨੀ ਕਰਨਗੇ। ਕੇਂਦਰ ਸਰਕਾਰ ਵੱਲੋਂ ਟੰਬਲਰ ਰਿੱਜ ਵਿੱਚ ਤੁਰੰਤ ਮਦਦ ਪਹੁੰਚਾਉਣ ਲਈ ਦੋ ਸੀਨੀਅਰ ਮੰਤਰੀਆਂ ਨੂੰ ਮੌਕੇ ‘ਤੇ ਭੇਜਿਆ ਗਿਆ ਹੈ। ਜਨਤਕ ਸੁਰੱਖਿਆ ਮੰਤਰੀ ਗੈਰੀ ਆਨੰਦਸੰਗਰੀ (Gary Anandasangaree) ਅਤੇ ਹਾਊਸਿੰਗ ਮੰਤਰੀ ਗ੍ਰੇਗਰ ਰੌਬਰਟਸਨ (Gregor Robertson) ਬੁੱਧਵਾਰ ਨੂੰ ਟੰਬਲਰ ਰਿੱਜ ਪਹੁੰਚ ਗਏ ਹਨ। ਇਹ ਮੰਤਰੀ ਫੈਡਰਲ ਸਰਕਾਰ ਵੱਲੋਂ ਕੀਤੀ ਜਾਣ ਵਾਲੀ ਕਾਰਵਾਈ ਦੀ ਅਗਵਾਈ ਕਰਨਗੇ ਅਤੇ ਸਥਾਨਕ ਪ੍ਰਸ਼ਾਸਨ ਤੇ ਪੀੜਤ ਪਰਿਵਾਰਾਂ ਨਾਲ ਮੁਲਾਕਾਤ ਕਰਨਗੇ। ਪ੍ਰਧਾਨ ਮੰਤਰੀ ਦੀ ਗੈਰ-ਹਾਜ਼ਰੀ ਵਿੱਚ ਰੱਖਿਆ ਮੰਤਰੀ ਡੇਵਿਡ ਮੈਕਗਿੰਟੀ, ਵਿਦੇਸ਼ ਮੰਤਰੀ ਅਨੀਤਾ ਆਨੰਦ ਅਤੇ ਆਰਟੀਫੀਸ਼ੀਅਲ ਇੰਟੈਲੀਜੈਂਸ ਮੰਤਰੀ ਇਵਾਨ ਸੋਲੋਮਨ ਮਿਊਨਿਖ ਕਾਨਫਰੰਸ ਵਿੱਚ ਕੈਨੇਡਾ ਦੀ ਨੁਮਾਇੰਦਗੀ ਕਰਨਗੇ।
ਟੰਬਲਰ ਰਿੱਜ ਵਿੱਚ ਹੋਏ ਹਮਲੇ ਦੇ ਵੇਰਵੇ ਬੇਹੱਦ ਦਰਦਨਾਕ ਹਨ। ਪੁਲਿਸ ਨੇ ਪੁਸ਼ਟੀ ਕੀਤੀ ਹੈ ਕਿ ਇਸ ਹਮਲੇ ਵਿੱਚ ਕੁੱਲ ਅੱਠ ਲੋਕਾਂ ਦੀ ਮੌਤ ਹੋਈ ਹੈ। ਇਨ੍ਹਾਂ ਵਿੱਚੋਂ ਛੇ ਮ੍ਰਿਤਕ ਕਸਬੇ ਦੇ ਸੈਕੰਡਰੀ ਸਕੂਲ ਦੇ ਅੰਦਰੋਂ ਮਿਲੇ ਹਨ, ਜਦਕਿ ਦੋ ਹੋਰ ਇੱਕ ਘਰ ਵਿੱਚ ਮ੍ਰਿਤਕ ਪਾਏ ਗਏ। ਇਸ ਤੋਂ ਇਲਾਵਾ ਲਗਭਗ 25 ਹੋਰ ਲੋਕ ਜ਼ਖਮੀ ਹੋਏ ਹਨ। ਹਮਲਾਵਰ ਨੇ ਘਟਨਾ ਤੋਂ ਬਾਅਦ ਖੁਦ ਨੂੰ ਵੀ ਗੋਲੀ ਮਾਰ ਲਈ ਸੀ। ਪ੍ਰਧਾਨ ਮੰਤਰੀ ਕਾਰਨੀ ਨੇ ਐਲਾਨ ਕੀਤਾ ਹੈ ਕਿ ਮ੍ਰਿਤਕਾਂ ਦੇ ਸਤਿਕਾਰ ਵਿੱਚ ਦੇਸ਼ ਭਰ ਦੀਆਂ ਸਾਰੀਆਂ ਫੈਡਰਲ ਇਮਾਰਤਾਂ ‘ਤੇ ਰਾਸ਼ਟਰੀ ਝੰਡੇ ਅਗਲੇ ਸੱਤ ਦਿਨਾਂ ਲਈ ਅੱਧੇ ਝੁਕਾ ਦਿੱਤੇ ਜਾਣਗੇ।
ਔਟਵਾ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪ੍ਰਧਾਨ ਮੰਤਰੀ ਕਾਰਨੀ ਬਹੁਤ ਗੰਭੀਰ ਨਜ਼ਰ ਆਏ। ਉਨ੍ਹਾਂ ਕਿਹਾ, “ਅਸੀਂ ਇਸ ਮੁਸ਼ਕਲ ਦੌਰ ਵਿੱਚੋਂ ਬਾਹਰ ਨਿਕਲਾਂਗੇ ਅਤੇ ਇਸ ਤੋਂ ਸਬਕ ਵੀ ਸਿੱਖਾਂਗੇ। ਪਰ ਇਸ ਵਕਤ ਸਾਨੂੰ ਸਾਰਿਆਂ ਨੂੰ ਇਕੱਠੇ ਹੋਣ ਦੀ ਲੋੜ ਹੈ, ਜਿਵੇਂ ਕਿ ਕੈਨੇਡੀਅਨ ਹਮੇਸ਼ਾ ਅਜਿਹੀਆਂ ਭਿਆਨਕ ਸਥਿਤੀਆਂ ਵਿੱਚ ਕਰਦੇ ਹਨ। ਸਾਨੂੰ ਇੱਕ-ਦੂਜੇ ਦਾ ਸਹਾਰਾ ਬਣਨਾ ਹੈ, ਮਿਲ ਕੇ ਸੋਗ ਮਨਾਉਣਾ ਹੈ ਅਤੇ ਮਿਲ ਕੇ ਹੀ ਅੱਗੇ ਵਧਣਾ ਹੈ।” ਪ੍ਰਧਾਨ ਮੰਤਰੀ ਦੇ ਇਸ ਕਦਮ ਦੀ ਸਿਆਸੀ ਹਲਕਿਆਂ ਵਿੱਚ ਵੀ ਸ਼ਲਾਘਾ ਹੋ ਰਹੀ ਹੈ, ਕਿਉਂਕਿ ਉਨ੍ਹਾਂ ਨੇ ਰਾਸ਼ਟਰੀ ਸੰਕਟ ਦੇ ਸਮੇਂ ਆਪਣੀ ਨਿੱਜੀ ਅਤੇ ਅੰਤਰਰਾਸ਼ਟਰੀ ਵਚਨਬੱਧਤਾ ਨਾਲੋਂ ਦੇਸ਼ ਵਾਸੀਆਂ ਦੇ ਦੁੱਖ ਨੂੰ ਪਹਿਲ ਦਿੱਤੀ ਹੈ। This report was written by Divroop Kaur as part of the Local Journalism Initiative.

