Tuesday, April 14, 2026

ਪ੍ਰਿੰਸ ਜਾਰਜ ਨੇੜੇ ਹਾਈਵੇਅ ‘ਤੇ 24 ਘੰਟਿਆਂ ਵਿੱਚ ਵਾਪਰੇ ਦੋ ਹਾਦਸੇ, ਦੋ ਬਜ਼ੁਰਗਾਂ ਦੀ ਮੌਤ

ਸਰੀ, (ਦਿਵਰੂਪ ਕੌਰ): ਬ੍ਰਿਟਿਸ਼ ਕੋਲੰਬੀਆ ਦੇ ਪ੍ਰਿੰਸ ਜਾਰਜ ਖੇਤਰ ਵਿੱਚ ਪਿਛਲੇ 24 ਘੰਟਿਆਂ ਦੌਰਾਨ ਵਾਪਰੇ ਦੋ ਵੱਖ-ਵੱਖ ਸੜਕ ਹਾਦਸਿਆਂ ਵਿੱਚ ਦੋ ਬਜ਼ੁਰਗਾਂ ਦੀ ਮੌਤ ਹੋ ਗਈ। ਪੁਲਿਸ ਅਨੁਸਾਰ ਇਨ੍ਹਾਂ ਹਾਦਸਿਆਂ ਦਾ ਮੁੱਖ ਕਾਰਨ ਖ਼ਰਾਬ ਮੌਸਮ ਅਤੇ ਸੜਕਾਂ ‘ਤੇ ਬਣੀ ਫਿਸਲਣ ਸੀ।
ਪਹਿਲਾ ਹਾਦਸਾ ਸੋਮਵਾਰ ਦੁਪਹਿਰ ਸਲਮਨ ਵੈਲੀ ਨੇੜੇ ਵਾਪਰਿਆ, ਜਿੱਥੇ ਇੱਕ ਲੌਗਿੰਗ ਟਰੱਕ ਅਤੇ ਪਿਕਅੱਪ ਵਾਹਨ ਵਿਚਾਲੇ ਟੱਕਰ ਹੋ ਗਈ। ਇਸ ਹਾਦਸੇ ਵਿੱਚ ਮੈਕੇਂਜੀ ਦੇ 67 ਸਾਲਾ ਵਿਅਕਤੀ ਦੀ ਮੌਕੇ ‘ਤੇ ਮੌਤ ਹੋ ਗਈ। ਪੁਲਿਸ ਮੁਤਾਬਕ ਸੜਕ ‘ਤੇ ਗਿੱਲੀ ਬਰਫ਼ ਅਤੇ ਸਲੱਸ਼ ਕਾਰਨ ਵਾਹਨ ‘ਤੇ ਕਾਬੂ ਪਾਉਣਾ ਮੁਸ਼ਕਲ ਹੋ ਗਿਆ ਸੀ।
ਦੂਜਾ ਹਾਦਸਾ ਸ਼ਾਮ ਦੇ ਸਮੇਂ ਹਿਕਸਨ ਦੇ ਨੇੜੇ ਵਾਪਰਿਆ, ਜਿੱਥੇ ਇੱਕ ਸੈਮੀ-ਟ੍ਰੇਲਰ ਟਰੱਕ ਜੈਕਨਾਈਫ ਹੋ ਕੇ ਪਿਕਅੱਪ ਨਾਲ ਟਕਰਾ ਗਿਆ। ਇਸ ਟੱਕਰ ਵਿੱਚ ਕੁਏਸਨੇਲ ਦੀ ਰਹਿਣ ਵਾਲੀ 69 ਸਾਲਾ ਮਹਿਲਾ ਦੀ ਮੌਤ ਹੋ ਗਈ, ਜਦਕਿ ਵਾਹਨ ਚਲਾ ਰਹੇ 77 ਸਾਲਾ ਵਿਅਕਤੀ ਨੂੰ ਗੰਭੀਰ ਸੱਟਾਂ ਲੱਗੀਆਂ ਹਨ। ਪੁਲਿਸ ਦਾ ਕਹਿਣਾ ਹੈ ਕਿ ‘ਐਟਮੌਸਫੇਰਿਕ ਰਿਵਰ’ ਕਾਰਨ ਮੌਸਮ ਵਿੱਚ ਅਚਾਨਕ ਤਬਦੀਲੀ ਆਈ, ਜਿਸ ਨਾਲ ਬਰਫ਼ ਪਿਘਲ ਕੇ ਸਲੱਸ਼ ਬਣ ਗਈ ਅਤੇ ਸੜਕਾਂ ਬਹੁਤ ਫਿਸਲਣ ਵਾਲੀਆਂ ਹੋ ਗਈਆਂ।
ਅਧਿਕਾਰੀਆਂ ਨੇ ਡਰਾਈਵਰਾਂ ਨੂੰ ਅਪੀਲ ਕੀਤੀ ਹੈ ਕਿ ਖ਼ਰਾਬ ਮੌਸਮ ਦੌਰਾਨ ਰਫ਼ਤਾਰ ਘੱਟ ਰੱਖਣ ਅਤੇ ਬਿਨਾਂ ਲੋੜ ਯਾਤਰਾ ਤੋਂ ਬਚਣ। ਪੁਲਿਸ ਵੱਲੋਂ ਦੋਵਾਂ ਮਾਮਲਿਆਂ ਦੀ ਜਾਂਚ ਜਾਰੀ ਹੈ। This report was written by Divroop Kaur as part of the Local Journalism Initiative.

Popular