ਡਾ ਜੋਗਾ ਸਿੰਘ
ਆਓ, ਬੋਲੀ (ਭਾਸ਼ਾ) ਦੀਆਂ ਦੋ ਵੰਨਗੀਆਂ ਨਾਲ ਪੰਜਾਬੀ ਤੇ ਮਾਂ ਬੋਲੀਆਂ ਪ੍ਰਤੀ ਭਾਰਤੀ ਰਾਜ ਦੀ ਬੋਲੀ ਨੀਤੀ ਦੇ ਸੱਚ ਨੂੰ ਜਾਣੀਏ। ਪਹਿਲੀ ਵੰਨਗੀ- ‘ਰਾਤ ਦੀ ਬੁੱਕਲੀ ਚ ਸੁੱਤੀ ਦੀ ਕੰਞਕਾ ਦੀ ਅੱਖ ਖੁੱਲ੍ਹੀ। ਕੱਛ-ਕੋਲ ਅਸ਼ਕੇਂ ਕੂਤੈ ਅਤਰੈ ਦੀ ਸ਼ੀਸ਼ੀ ਡੁੱਲ੍ਹੀ। ਕੰਞਕਾ ਨੇ ਮਾਊ ਗੀ ਪੁੱਛਿਆ…’ ਇਹ ਡੋਗਰੀ ਕਵਿਤਾ ਏ। ਦੂਜੀ ਵੰਨਗੀ- ‘ਅਜ ਹਮਾਰਿ ਯਾ ਪ੍ਰਾਚੀਨ ਅਰ ਸਮਿਰਥ ਭਾਸਾ ਹਰਚਣਿ ਚ ਕਿਲੈਕਿ ਹਮ ਅਪੜੀ ਭਾਸਾ ਪ੍ਰਯੋਗ ਨਿ ਕਰਣਾ ਛਾਂ। ਹਮਾਰਿ ਨੈ ਛਿਵਾਂਕ ਈਂ ਭਾਸਾਯੈਂ ਛਵਡਨ ਲਗੀਂ ਚ।’ ਇਹ ਗੜ੍ਹਵਾਲੀ ਬੋਲੀ ਦੇ ਵਾਕ ਨੇ।
ਜਿਸ ਬੰਦੇ ਕੋਲ ਬੋਲੀ ਦੇ ਮਾਮਲਿਆਂ ਬਾਰੇ ਮਾੜੀ-ਮੋਟੀ ਜਿਹੀ ਵੀ ਜਾਣਕਾਰੀ ਹੋਵੇ ਤੇ ਉਸ ਦੇ ਦਿਲ ਵਿੱਚ ਰੱਤੀ ਭਰ ਵੀ ਨੇਕਨੀਤੀ ਹੋਵੇ ਉਹ ਪਹਿਲੀ ਵੰਨਗੀ ਨੂੰ ਪੰਜਾਬੀ ਦੀ ਬੋਲੜੀ (ਉਪਬੋਲੀ) ਮੰਨੇਗਾ ਤੇ ਦੂਜੀ ਨੂੰ ਹਿੰਦੀ ਦੀ ਬੋਲੜੀ ਬਿਲਕੁਲ ਨਹੀਂ ਮੰਨੇਗਾ। ਭਾਰਤ ਜਾਂ ਭਾਰਤ ਤੋਂ ਬਾਹਰ ਦਾ ਕੋਈ ਵੀ ਬੋਲੀ ਮਾਹਿਰ ਡੋਗਰੀ ਨੂੰ ਪੰਜਾਬੀ ਤੋਂ ਵੱਖਰੀ ਮੰਨਦਾ ਵੀ ਨਹੀਂ ਤੇ ਨਾ ਹੀ ਗੜ੍ਹਵਾਲੀ ਨੂੰ ਹਿੰਦੀ ਦੀ ਬੋਲੜੀ ਮੰਨਦਾ ਏ। ਪਰ ਭਾਰਤ ਸਰਕਾਰ ਨੇ ਡੋਗਰੀ ਨੂੰ ਨਿਵੇਕਲੀ ਬੋਲੀ ਤੇ ਗੜ੍ਹਵਾਲੀ ਨੂੰ ਹਿੰਦੀ ਦੀ ਬੋਲੜੀ ਐਲਾਨਿਆ ਹੋਇਆ ਏ। ਇਹ ਭਾਰਤੀ ਰਾਜ ਦੀ ਪੰਜਾਬੀ ਤੇ ਹਿੰਦੀ ਪ੍ਰਤੀ ਨੀਤੀ ਤੇ ਨੀਤ ਦੀ ਢੁੱਕਵੀਂ ਮਿਸਾਲ ਏ।
ਦੇਸ਼ ਵਿੱਚ ਬੋਲੀਆਂ ਦੀ ਗਿਣਤੀ ਬਾਰੇ ਭਾਰਤ ਸਰਕਾਰ ਦੇ ਅੰਕੜੇ ਭਾਰਤੀ ਰਾਜ ਦੇ ਬੋਲੀ ਬਾਰੇ ਸੱਚ ਨੂੰ ਹੋਰ ਵੀ ਉਘਾੜਦੇ ਨੇ। ਭਾਰਤ ਦੀ ਪਹਿਲੀ (1961) ਜਨਗਣਨਾ ਮੁਤਾਬਕ ਭਾਰਤ ਵਿੱਚ 1652 ਮਾਂ ਬੋਲੀਆਂ ਸਨ। ਇਹ ਸਚਾਈ ਦੇ ਵਾਹਵਾ ਨੇੜੇ ਵੇ, ਪਰ ਇਹ ਬੋਲੀਆਂ 1991 ਵਿੱਚ 114 ਹੋ ਗਈਆਂ ਤੇ ਹੁਣ (2011 ਦੀ ਗਿਣਤੀ) 124 ਨੇ। ਜੁੜਦਾ ਲੋੜੀਂਦਾ ਅੰਕੜਾ ਇਹ ਵੇ ਕਿ ਬੋਲੀ ਦੇ ਭਾਰਤੀ ਤੇ ਭਾਰਤ ਤੋਂ ਬਾਹਰਲੇ ਪੇਸ਼ੇਵਰ ਮਾਹਿਰ ਭਾਰਤ ਵਿੱਚ 1000 ਤੋਂ ਵੱਧ ਬੋਲੀਆਂ ਮੰਨਦੇ ਨੇ। ਯੂਨੈਸਕੋ ਦਾ ਅੰਕੜਾ 1369 ਏ।
ਇਹ ਉਤਲੀਆਂ ਮਿਸਾਲਾਂ ਭਾਰਤੀ ਰਾਜ ਦੇ ਬੋਲੀਆਂ ਦੇ ਮਾਮਲੇ ਬਾਰੇ ਭੰਬਲਭੂਸੇ ਤੇ ਹਿੰਦੀ ਨੂੰ ਛੱਡ ਕੇ ਪੰਜਾਬੀ ਤੇ ਹੋਰ ਬੋਲੀਆਂ ਪ੍ਰਤੀ ਇਸ ਦੀ ਮੰਦੀ ਨੀਤੀ ਦੀਆਂ ਮੂੰਹ ਬੋਲਦੀਆਂ ਮੂਰਤਾਂ ਨੇ। ਪੰਜਾਬੀ ਦੀ ਗਿਣਤੀ ਘਟਾਉਣ ਤੇ ਪੰਜਾਬੀ ਖਿੱਤੇ ਨੂੰ ਪੰਜਾਬ ਤੋਂ ਬਾਹਰ ਰੱਖਣ ਦਾ ਭਾਰਤੀ ਸੱਤਾ ਨੇ ਛਲੀਆ ਢੰਗ ਇਹ ਵਰਤਿਆ ਕਿ ਡੋਗਰੀ ਨੂੰ ਨਿਵੇਕਲੀ ਬੋਲੀ ਤੇ ਹਿਮਾਚਲ ਵਿਚਲੀਆਂ ਪੰਜਾਬੀ ਦੀਆਂ ਬੋਲੜੀਆਂ ਨੂੰ ਹਿੰਦੀ ਦੀਆਂ ਬੋਲੜੀਆਂ ਐਲਾਨ ਦਿਓ। ਭਾਰੂ ਪੰਜਾਬੀ ਵਰਗ ਵੀ ਇਸ ਛਲ ਦਾ ਹਿੱਸਾ ਬਣਿਆ।
ਭਾਰਤੀ ਸੱਤਾ ਨੇ ਹਿੰਦੀ ਦੀ ਗਿਣਤੀ ਵਧਾ ਕੇ ਇਸ ਨੂੰ ਭਾਰਤ ਦੀ ਵੱਡੀ ਬੋਲੀ ਵਿਖਾਉਣ ਤੇ ਦੂਜੀਆਂ ਮਾਂ ਬੋਲੀਆਂ ਨੂੰ ਮਾਰਨ ਦਾ ਬੜਾ ਸੌਖਾ ਢੰਗ ਇਹ ਕੱਢ ਲਿਆ ਕਿ ਗੜ੍ਹਵਾਲੀ ਵਾਂਗ ਨਿਵੇਕਲੀਆਂ ਬੋਲੀਆਂ ਨੂੰ ਹਿੰਦੀ ਦੀਆਂ ਬੋਲੜੀਆਂ ਐਲਾਨ ਦਿਓ। ਇਹ ਘਾਣ ਅਖੌਤੀ ਹਿੰਦੀ ਪੱਟੀ ਵਿੱਚ ਕੀਤਾ ਗਿਆ ਏ। ਇੱਥੋਂ ਦੀਆਂ ਹਿੰਦੀ ਤੋਂ ਵੀ ਪੁਰਾਣੀਆਂ ਬੋਲੀਆਂ ਨੂੰ ਵੀ ਹਿੰਦੀ ਦੀਆਂ ਬੋਲੜੀਆਂ ਆਖ ਤੇ ਲਿਖ ਦਿੱਤਾ ਗਿਆ ਏ। ਪੰਜਾਬ ਦੇ ਗੁਆਂਢ ਦੀ ਬੋਲੀ ਰਾਜਸਥਾਨੀ ਇਸ ਦੀ ਉੱਘੜਵੀਂ ਮਿਸਾਲ ਏ। ਕੋਈ ਅਸਚਰਜ ਨਹੀਂ ਕਿ ਭਾਰਤ ਦਾ ਇਹ ਅਖੌਤੀ ਹਿੰਦੀ ਖਿੱਤਾ ਹਰ ਤਰ੍ਹਾਂ ਦੀ ਸਮਾਜੀ ਦਲਦਲ ਵਿੱਚ ਵਧੇਰੇ ਫਸਿਆ ਹੋਇਆ ਏ।
ਬਸਤੀਵਾਦੀ ਭਾਰਤੀ ਵਿਹਾਰ ਅਤੇ ਪੜ੍ਹਾਈ ਦਾ ਸੰਕਟ
ਬੋਲੀ ਵਿੱਦਿਆ, ਗਿਆਨ, ਜਾਣਕਾਰੀ, ਸੱਤਾ ਤੇ ਲਾਭ ਵਾਲੀਆਂ ਥਾਵਾਂ ਤੇ ਸਰੋਤਾਂ ਤੱਕ ਪਹੁੰਚ ਦਾ ਸਾਧਨ ਈ ਨਹੀਂ, ਇਹ ਕਿਸੇ ਧਿਰ ਨੂੰ ਇਸ ਸਾਰੇ ਕਾਸੇ ਤੋਂ ਬਾਹਰ ਰੱਖਣ ਦਾ ਸੰਦ ਵੀ ਏ। ਇਹਦਾ ਢੰਗ ਇਹ ਵੇ ਕਿ ਇਨ੍ਹਾਂ ਸਾਰੀਆਂ ਵਸਤਾਂ ਤੱਕ ਚੰਗੇਰੀ ਪਹੁੰਚ ਉਸ ਬੋਲੀ ਰਾਹੀਂ ਕਰ ਦਿਓ ਜਿਹੜੀ ਲੋਕਾਂ ਦੀ ਬੋਲੀ ਹੀ ਨਹੀਂ। ਭਾਰਤੀ ਸਰਕਾਰਾਂ ਤੇ ਭਾਰਤੀ ਭਾਰੂ ਵਰਗ ਪੰਜਾਬੀ ਤੇ ਹੋਰਨਾਂ ਮਾਂ ਬੋਲੀਆਂ ਨੂੰ ਪ੍ਰਭਾਵੀ ਪੜ੍ਹਾਈ, ਪ੍ਰਸ਼ਾਸਨ ਤੇ ਸਭ ਵਕਾਰੀ ਥਾਵਾਂ ਆਦਿ ’ਚੋਂ ਬਾਹਰ ਰੱਖ ਕੇ ਇਹ ਕੰਮ ਬੜੀ ਸਫ਼ਲਤਾ ਨਾਲ ਕਰਦੇ ਪਏ ਨੇ ਤੇ ਨਾਲ ਇਹ ਪਖੰਡ ਵੀ ਕੀਤਾ ਜਾਂਦਾ ਏ ਕਿ ਲੋਕ ਅੰਗਰੇਜ਼ੀ ਮਾਧਿਅਮ ਚਾਹੁੰਦੇ ਨੇ ਤੇ ਮਾਂ ਬੋਲੀਆਂ ’ਚ ਸਮੱਗਰੀ ਆਦਿ ਨਹੀਂ ਮਿਲਦੀ। ਜਿਵੇਂ ਲੋਕਾਂ ਨੇ ਮਾਂ ਬੋਲੀਆਂ ਬਾਹਰ ਕੱਢਣ ਦੇ ਸਰਕਾਰ ਨੂੰ ਮਤੇ ਘੱਲੇ ਹੋਣ ਜਾਂ ਆਮ ਲੋਕਾਂ ਨੇ ਬੋਲੀਆਂ ਦੀ ਵੱਖ-ਵੱਖ ਖੇਤਰਾਂ ਵਿੱਚ ਵਰਤੋਂ ਤੋਂ ਬਿਨਾਂ ਹੀ ਕਿਸੇ ਜਾਦੂ-ਟੂਣੇ ਨਾਲ ਸਮੱਗਰੀ ਪੈਦਾ ਕਰਨੀ ਹੋਵੇ।
ਕੌਮਾਂ ਤੋਂ ਉਨ੍ਹਾਂ ਦੀ ਬੋਲੀ ਖੋਹ ਕੇ ਤੇ ਓਪਰੀ ਬੋਲੀ ਰਾਹੀਂ ਪੜ੍ਹਾਈ, ਗਿਆਨ, ਵਿਰਸਾ, ਇਤਿਹਾਸ, ਸੱਭਿਆਚਾਰ, ਸੱਤਾ ਤੇ ਲਾਭ ਵਾਲੀਆਂ ਥਾਵਾਂ ਆਦਿ ਦੇਣਾ ਕੌਮਾਂ ਨੂੰ ਮਾਰਨ ਦਾ ਸਿੱਕੇਬੰਦ ਬਸਤੀਵਾਦੀ ਢੰਗ ਰਿਹਾ ਏ। ਇਸ ਪੱਖੋਂ ਪੰਜਾਬੀ ਤੇ ਭਾਰਤੀ ਬੋਲੀਆਂ ਦੀ ਹਾਲਤ ’ਤੇ ਝਾਤੀ ਮਾਰੀਏ ਤਾਂ ਇਸ ਸਿੱਟੇ ’ਤੇ ਈ ਅੱਪੜੀਦਾ ਏ ਕਿ ਪੰਜਾਬੀ ਸਣੇ ਭਾਰਤ ਦੀਆਂ ਸਾਰੀਆਂ ਮਾਂ ਬੋਲੀਆਂ ਅੱਜ ਵੀ ਬੋਲੀ ਪੱਖੋਂ ਬਸਤੀਵਾਦੀ ਸੱਤਾ ਅਧੀਨ ਨੇ। ਜੇ ਹਿੰਦੀ ਖਿੱਤੇ ਵਿੱਚ ਹਿੰਦੀ ਦੇ ਅੰਗਰੇਜ਼ੀ ਹੱਥੋਂ ਹੁੰਦੇ ਘਾਣ ਨੂੰ ਵੇਖੀਏ ਤਾਂ ਇਹ ਗੱਲ ਹਿੰਦੀ ਬਾਰੇ ਵੀ ਸੱਚ ਆਖੀ ਜਾ ਸਕਦੀ ਏ। ਉਂਜ ਭਾਵੇਂ ਭਾਰਤ ਦੀਆਂ ਅੱਜ ਤੱਕ ਦੀਆਂ ਸਾਰੀਆਂ ਸਰਕਾਰਾਂ ਹਰ ਭਾਰਤੀ ਨੂੰ ਪੁੱਠੇ-ਸਿੱਧੇ ਹੀਲੇ ਹਿੰਦੀ ਸਿਖਾਉਣ ’ਤੇ ਲੱਗੀਆਂ ਰਹੀਆਂ ਨੇ।
ਅਜੋਕੇ ਵੇਲੇ ਬੋਲੀ ਦਾ ਸਭ ਤੋਂ ਸੰਗੀਨ ਖੇਤਰ ਪੜ੍ਹਾਈ ਦਾ ਖੇਤਰ ਏ। ਬੱਸ ਇਸ ਲਈ ਨਹੀਂ ਕਿ ਪੜ੍ਹਾਈ ਸਫ਼ਲਤਾ ਨਾਲ ਮਾਂ ਬੋਲੀ ’ਚ ਈ ਹੋ ਸਕਦੀ ਏ, ਬਲਕਿ ਇਸ ਕਰਕੇ ਵੀ ਕਿ ਅਜੋਕੇ ਵੇਲੇ ਉਹੀ ਬੋਲੀ ਬਚੀ ਰਹਿ ਸਕਦੀ ਏ ਜਿਹੜੀ ਪੜ੍ਹਾਈ ਦਾ ਮਾਧਿਅਮ ਹੋਵੇ। ਹਰੇਕ ਬਾਲ ਪਾਠਸ਼ਾਲਾ ਜਾਂਦਾ ਏ ਤੇ ਦੇਰ-ਸਵੇਰ ਪਾਠਸ਼ਾਲਾ ਦੀ ਬੋਲੀ ਹੀ ਉਹਦੀ ਪਹਿਲੀ ਬੋਲੀ ਬਣ ਜਾਂਦੀ ਏ ਤੇ ਜਦੋਂ ਚਾਰੇ ਪਾਸੇ ਮਾਂ ਬੋਲੀ ਰਾਹੀਂ ਕੁਝ ਵੀ ਹੱਥ ਨਾ ਆਉਂਦਾ ਹੋਵੇ, ਉਦੋਂ ਤਾਂ ਪੱਕਾ ਈ ਬਣ ਜਾਂਦੀ ਏ। ਜੇ ਇਸ ਪੱਖੋਂ ਪੰਜਾਬੀ ’ਤੇ ਝਾਤੀ ਮਾਰੀਏ ਤਾਂ ਹਾਲਤ ਅੱਗ ਲੱਗੀ ਵਾਲੀ ਏ। ਪਾਠਸ਼ਾਲਾ ਪੱਧਰ ’ਤੇ ਪੰਜਾਬ ਦੇ ਕੋਈ ਅੱਧੇ ਪਾੜ੍ਹੇ ਪੰਜਾਬੀ ਮਾਧਿਅਮ ’ਚ ਨਹੀਂ ਪੜ੍ਹਦੇ ਤੇ ਉਚੇਰੀ ਪੜ੍ਹਾਈ ਦੇ ਪੱਧਰ ’ਤੇ ਵੀ ਪੰਜਾਬੀ ਮਾਧਿਅਮ ਨਾਂ-ਮਾਤਰ ਏ। ਵਿਗਿਆਨਾਂ ਦੀ ਪੜ੍ਹਾਈ ਲਈ ਤਾਂ ਉੱਕਾ ਈ ਨਹੀਂ।
ਭਾਰਤ ਵਿੱਚ ਵੀ ਮੁਢਲੇ ਪੱਧਰ ’ਤੇ ਬੱਸ ਕੋਈ 30 ਕੁ ਬੋਲੀਆਂ ਵਿੱਚ ਹੀ ਪੜ੍ਹਾਈ ਕਰਾਈ ਜਾਂਦੀ ਏ ਤੇ ਇਹ ਗਿਣਤੀ ਵੀ ਦਿਨੋ-ਦਿਨ ਘਟਦੀ ਜਾਂਦੀ ਪਈ ਏ। ਨਵੀਂ ਪੜ੍ਹਾਈ ਨੀਤੀ 2020 ਵਿੱਚ ਮਾਂ ਬੋਲੀਆਂ ਦਾ ਗੁਣਗਾਣ ਤਾਂ ਬੜਾ ਕੀਤਾ ਗਿਆ ਏ, ਪਰ ਇਸ ਨੇ ਵੀ ਪਹਿਲੀ ਰੀਤ ਨੂੰ ਈ ਹੋਰ ਤਗੜਿਆਂ ਕੀਤਾ ਏ। ਇਸ ਪੜ੍ਹਾਈ ਨੀਤੀ ਦੇ ਆਉਣ ਤੋਂ ਪਿੱਛੋਂ ਅਜੇ ਤੱਕ ਕੋਈ ਮਿਸਾਲ ਨਹੀਂ ਆਈ ਕਿ ਕਿਸੇ ਨਵੀਂ ਬੋਲੀ ’ਚ ਪੜ੍ਹਾਈ ਆਰੰਭੀ ਗਈ ਹੋਵੇ। ਹਾਂ, ਹਜ਼ਾਰਾਂ ਹੋਰ ਪਾਠਸ਼ਾਲੇ ਮਾਂ ਬੋਲੀ ਮਾਧਿਅਮ ਤੋਂ ਅੰਗਰੇਜ਼ੀ ਮਾਧਿਅਮ ’ਚ ਕਰ ਦਿੱਤੇ ਗਏ ਨੇ। ਇਨ੍ਹਾਂ ’ਚ ਅਸਲ ਹਿੰਦੀ ਖੇਤਰ ਉੱਤਰ ਪ੍ਰਦੇਸ਼ ਦੇ ਹਿੰਦੀ ਮਾਧਿਅਮ ਵਾਲੇ ਪਾਠਸ਼ਾਲੇ ਵੀ ਬਥੇਰੇ ਨੇ। ਜਦਕਿ ਪੜ੍ਹਾਈ ਦੀ ਸਫ਼ਲਤਾ ਦੇ ਮਾਂ ਬੋਲੀ ਨਾਲ ਡੂੰਘੇ ਨਾਤੇ ਬਾਰੇ ਭੂ-ਮੰਡਲੀ ਮਾਹਿਰ ਰਾਇ ਤੇ ਸਫ਼ਲ ਵਿਹਾਰ ਬਾਰੇ ਸਾਰੀ ਜਾਣਕਾਰੀ ਲਗਭਗ ਹਰ ਭਾਰਤੀ ਦੇ ਬੋਝੇ ਵਾਲੇ ਜੰਤਰ ਵਿੱਚ ਪਈ ਏ।
ਕੋਈ ਅਸਚਰਜ ਨਹੀਂ ਕਿ ਭਾਰਤ ਦੇ ਪਾਠਸ਼ਾਲੇ ਤਾਂ ਕੀ ਜਗਤਵਿਦਿਆਲਾ ਵੀ ਇੱਕ ਹੀ ਜੱਗ ਦੇ ਪਹਿਲੇ 400 ’ਚ ਆਉਂਦਾ ਏ ਉਹ ਵੀ 250-300 ਦੇ ਵਿਚਕਾਰ। ਨੀਦਰਲੈਂਡ ਦੇ ਇੱਕ ਜਗਤਵਿਦਿਆਲੇ ਦੇ ਸੱਜਰੇ ਮੁਲੰਕਣ ਮੁਤਾਬਕ ਤਾਂ ਭਾਰਤ ਦਾ ਪਹਿਲੇ 500 ’ਚ ਵੀ ਕੋਈ ਨਹੀਂ ਆਉਂਦਾ। ਚੀਨੀ ’ਚ ਪੜ੍ਹਾਉਣ ਵਾਲੇ ਚੀਨ ਦੇ 101 (ਕੋਤਰ ਸੌ) ਪਹਿਲੇ 500 ’ਚ ਨੇ। ਪਹਿਲੇ 10 ’ਚੋਂ 7 ਵੀ ਚੀਨ ਦੇ ਨੇ। ਦੋ ਨੇ ਤਾਂ ਹਾਰਵਰਡ ਨੂੰ ਵੀ ਪਿੱਛੇ ਛੱਡ ਦਿੱਤਾ ਏ ਤੇ ਜੱਗ ਦੇ ਪਹਿਲੇ ਦੋ ਇਹ ਚੀਨੀ ਈ ਨੇ।
ਪ੍ਰਸ਼ਾਸਨ, ਨਿਆਂ ਪ੍ਰਣਾਲੀ, ਉਦਯੋਗੀ ਤੇ ਕਾਰੋਬਾਰੀ ਅਮਲ ਅਤੇ ਨੌਕਰੀਆਂ ਲਈ ਪਰਖਾਂ ਆਦਿ ਵਿੱਚ ਵੀ ਸੰਵਿਧਾਨ ਦੀ ਅੱਠਵੀਂ ਸੂਚੀ ਦਾ ਹਿੱਸਾ 22 ਭਾਰਤੀ ਬੋਲੀਆਂ ਦੀ ਹੀ ਅੱਧ-ਪਚੱਧੀ ਜਿਹੀ ਵਰਤੋਂ ਹੁੰਦੀ ਪਈ ਏ। ਉਹ ਵੀ ਬੜੇ ਲੋਕ-ਦਬਾਵਾਂ ਕਰਕੇ। ਬਾਕੀ ਕੋਈ ਹਜ਼ਾਰ ਤੋਂ ਵੱਧ ਨੂੰ ਇਨ੍ਹਾਂ ਖੇਤਰਾਂ ਦੇ ਨੇੜੇ ਵੀ ਨਹੀਂ ਫਟਕਣ ਦਿੱਤਾ ਜਾਂਦਾ। ਪੰਜਾਬੀ ਬੰਦਾ ਦੇਸ ਲਈ ਜਾਨ ਤੇ ਦੇ ਸਕਦਾ ਏ, ਪਰ ਪੰਜਾਬੀ ਨਾਲ ਉਹ ਫ਼ੌਜ ਦਾ ਅਫ਼ਸਰ ਨਹੀਂ ਬਣ ਸਕਦਾ। ਕੇਂਦਰ ਸਰਕਾਰ ਅਧੀਨ ਪੰਜਾਬ ਵਿਚਲੇ ਦਫ਼ਤਰਾਂ ਤੇ ਪਾਠਸ਼ਾਲਿਆਂ ਵਿੱਚ ਵੀ ਕੰਮ ਤੇ ਪੜ੍ਹਾਈ ਅੰਗਰੇਜ਼ੀ ਤੇ ਹਿੰਦੀ ’ਚ ਹੁੰਦੇ ਨੇ। ਕੰਮ ਤੇ ਹੁੰਦੇ ਈ ਨੇ, ਅਕਸਰ ਹਿੰਦੀ ਜਾਂ ਅੰਗਰੇਜ਼ੀ ਬੋਲ ਕੇ ਪੰਜਾਬ ਵਾਸੀਆਂ ਨੂੰ ਠਿੱਠ ਵੀ ਕੀਤਾ ਜਾਂਦਾ ਏ। ਬੋਲੀ ਨੂੰ ਖ਼ਾਸ ਵਰਗ ਦੀ ਧੌਂਸ ਲਈ ਵਰਤਣ ਦਾ ਇੱਕ ਹੋਰ ਢੰਗ ਇਹ ਵੇ ਕਿ ਬੋਲੀ ਦੇ ਰਸਮੀ ਰੂਪ ਨੂੰ ਆਮ ਲੋਕਾਂ ਦੀ ਬੋਲੀ ਤੋਂ ਚੋਖਾ ਦੂਰ ਕਰ ਦਿਓ ਤੇ ਇਸ ਨਾਲ ਰਲਦਾ ਈ ਇੱਕ ਢੰਗ ਇਹ ਵੇ ਕਿ ਕਿਸੇ ਬੋਲੀ ਵਿੱਚ ਭਾਰੂ ਬੋਲੀ ਦੇ ਏਨੇ ਬੋਲ ਤੇ ਬਣਤਰਾਂ ਵਾੜ ਦਿਓ ਕਿ ਉਹ ਲੋਕ ਬੋਲੀ ਤੋਂ ਦੂਰ ਹੋ ਜਾਵੇ ਤੇ ਨਾਲ ਦੀ ਨਾਲ ਉਹ ਭਾਰੂ ਬੋਲੀ ਦਾ ਅੰਗ ਲੱਗਣ ਲੱਗ ਜਾਵੇ। ਇਹ ਕੰਮ ਭਾਰਤੀ ਸੱਤਾ ਨੇ ਤਕਨੀਕੀ ਸ਼ਬਦਾਵਲੀ ਦੇ ਨਾਂ ’ਤੇ ਸੰਸਕ੍ਰਿਤ ਵਾੜ ਕੇ ਪੰਜਾਬੀ ਤੇ ਭਾਰਤ ਦੀਆਂ ਮਾਂ ਬੋਲੀਆਂ ਨਾਲ ਏਨਾ ਕੀਤਾ ਏ ਕਿ ਹੁਣ ਪੰਜਾਬੀ ਤੇ ਭਾਰਤੀ ਬੋਲੀਆਂ ਦੇ ਰਸਮੀ ਰੂਪ ਉਹ ਅਸਲ ਬੋਲੀਆਂ ਨਹੀਂ, ਕੋਈ ਹੋਰ ਬੋਲੀਆਂ ਈ ਲੱਗਦੇ ਨੇ।
ਬੋਲੀ ਸੰਚਾਰ ਦਾ ਸਾਧਨ ਜਾਂ ਜੀਵਨ ਦਾ ਆਧਾਰ?
ਪੰਜਾਬੀ ਤੇ ਹਿੰਦੀ ਨੂੰ ਛੱਡ ਕੇ ਹੋਰ ਭਾਰਤੀ ਬੋਲੀਆਂ ਦੀ ਵੀ ਦੁਖਦਾਈ ਹਾਲਤ ਦੇ ਕਾਰਨਾਂ ਦੀ ਥਾਹ ਪਾਉਣ ਲਈ ਸੱਤਾ ’ਤੇ ਭਾਰੂ ਵਰਗ ਦੀ ਨੀਤੀ ਤੇ ਨੀਤ ਦੇ ਨਾਲ-ਨਾਲ ਬੋਲੀ ਬਾਰੇ ਭਾਰੂ ਸਮਝ ਨੂੰ ਜਾਣਨਾ ਵੀ ਲੋੜੀਂਦਾ ਏ। ਆਹ ਵਾਕ ਇਸ ਦਾ ਸਾਖੀ ਏ- “ਗੱਲ ਈ ਕਰਨੀ ਏਂ ਭਾਵੇਂ ਕਿਸੇ ਬੋਲੀ ਵਿੱਚ ਕਰ ਲਵੋ।” ਇਹ ਵਾਕ ਪੰਜਾਬੀ ਦੇ ਇੱਕ ਵੱਡੇ ਚਿੰਤਨੀਏ ਨੇ ਕੋਈ ਤਿੰਨ ਦਹਾਕੇ ਪਹਿਲਾਂ ਉਦੋਂ ਬੋਲਿਆ ਸੀ ਜਦੋਂ ਮੈਂ ਪੁੱਛਿਆ ਪਈ ਨਿੱਤ ਵਧੀ ਜਾਂਦੇ ਅੰਗਰੇਜ਼ੀ ਮਾਧਿਅਮ ਬਾਰੇ ਉਨ੍ਹਾਂ ਦੀ ਰਾਇ ਕੀ ਸੀ।
ਇਹ ਗੱਲ ਮੈਨੂੰ ਬੜੀ ਅਨੋਖੀ ਲੱਗੀ। ਬੋਲੀ ਨੂੰ ਬੱਸ ਗੱਲਬਾਤ ਕਰਨ ਦਾ ਸੰਦ ਮਾਤਰ ਸਮਝਣ ਤੋਂ ਹੀ ਬੋਲੀ ਬਾਰੇ ਵੱਡੇ ਨੁਕਸਾਨਦੇਹ ਭਰਮਾਂ ਦਾ ਮੁੱਢ ਬੱਝਣ ਲੱਗਦਾ ਏ। ਸਦੀਆਂ ਤੱਕ ਅਜੋਕੀਆਂ ਭਾਰਤੀ ਮਾਂ ਬੋਲੀਆਂ ਦੇ ਸੱਤਾ, ਲਾਭ ਤੇ ਵੱਕਾਰ ਵਾਲੀਆਂ ਥਾਵਾਂ ’ਚੋਂ ਬਾਹਰ ਰਹਿਣ ਕਰਕੇ ਭਾਰਤ ਵਿੱਚ ਇਹ ਭਰਮ ਏਨੇ ਡੂੰਘੇ ਬੈਠੇ ਹੋਏ ਨੇ ਕਿ ਆਮ ਲੋਕਾਂ ਦੀ ਤਾਂ ਛੱਡੋ ਬਹੁਤੇ ਭਾਰਤੀ ਬੁੱਧੀਜੀਵੀ ਵੀ ਇਹ ਜਾਣਨ ਦੀ ਲੋੜ ਨਹੀਂ ਸਮਝਦੇ ਲੱਗਦੇ ਕਿ ਮਾਹਿਰ ਪੜਤਾਲਾਂ ਕੀ ਦੱਸਦੀਆਂ ਨੇ ਤੇ ਸਫ਼ਲ ਜਗਤ ਦਾ ਵਿਹਾਰ ਕੀ ਏ। ਅਜਿਹੀ ਹਾਲਤ ਵਿੱਚ ਬੋਲੀ ਦੀ ਸਚਾਈ ਤੇ ਇਸ ਸਮਝ ਦੀ ਸਚਾਈ ਨੂੰ ਜਾਣਨਾ ਬੜਾ ਲੋੜੀਂਦਾ ਏ।
ਬੋਲੀ ਸੰਚਾਰ ਦਾ ਸੰਦ
ਸੰਚਾਰ ਦੇ ਸੰਦ ਵਜੋਂ ਬੋਲੀ ਦੇ ਇਹ ਮੂਲ ਕਾਰਜ ਨੇ: ਬਾਹਰੀ ਸੰਸਾਰ ਬਾਰੇ ਜਾਣਕਾਰੀ ਦੇਣਾ; ਬੋਲਣਹਾਰੇ ਦੀਆਂ ਭਾਵਨਾਵਾਂ, ਬਿਰਤੀਆਂ ਤੇ ਮਨ ਦੀਆਂ ਅਵਸਥਾਵਾਂ ਨੂੰ ਪ੍ਰਗਟਾਉਣਾ; ਆਦੇਸ਼ਾਂ, ਬੇਨਤੀਆਂ ਜਾਂ ਤਰਲਿਆਂ ਆਦਿ ਨਾਲ ਦੂਜੇ (ਸਰੋਤਾਂ ਆਦਿ) ਦੇ ਵਿਹਾਰ ’ਤੇ ਪ੍ਰਭਾਵ ਪਾਉਣਾ; ਸਮਾਜੀ ਸਬੰਧ ਬਣਾਉਣਾ, ਕਾਇਮ ਰੱਖਣਾ ਤੇ ਇਨ੍ਹਾਂ ਨੂੰ ਚਲਾਉਣਾ; ਸੁਹਜ ਦੀ ਸਿਰਜਣਾ ਕਰਨਾ ਜਿਵੇਂ ਸਾਹਿਤ ਵਿੱਚ ਅਤੇ ਬੋਲੀ ਰਾਹੀਂ ਬੋਲੀ ਬਾਰੇ ਈ ਗੱਲ ਕਰਨੀ। ਪਰ ਬੋਲੀ ਸੰਚਾਰ ਦਾ ਸੰਦ ਮਾਤਰ ਨਹੀਂ। ਇਹ ਸਮਾਜ ਦਾ ਤਾਣਾ-ਬਾਣਾ ਵੀ ਏ।
ਬੋਲੀ ਚੇਤਨਾ, ਸਮਾਜੀ ਤਾਣੇ-ਬਾਣੇ, ਪਛਾਣ ਤੇ ਸੱਤਾ ਦਾ ਆਧਾਰ
ਸਾਡੇ ਚੇਤੇ ਬੋਲੀ ’ਚ ਹੁੰਦੇ ਨੇ ਤੇ ਚੇਤੇ ਈ ਚੇਤਨਾ ਦੇ ਘਾੜੇ ਹੁੰਦੇ ਨੇ। ਬੋਲੀ ਸਾਡੇ ਅੰਦਰਲੇ ਤੇ ਬਾਹਰਲੇ ਦੁਹਾਂ ਜਗਤਾਂ ਨੂੰ ਮੁਹਾਂਦਰਾ ਦੇਂਦੀ ਏ। ਬੋਲੀ ਕਿਵੇਂ ਸਾਡੀਆਂ ਸੋਚਾਂ ਤੈਅ ਕਰਦੀ ਏ ਇਸ ਨੂੰ ਸਮਝਣ ਲਈ ਇੱਕ ਮਿਸਾਲ ਸਹਾਈ ਹੋਵੇਗੀ। ਪੰਜਾਬ ਦੀ ਵੰਡ ਵੇਲੇ ਪਾਕਿਸਤਾਨੋਂ ਉਜਾੜ ਕੇ ਭਾਰਤ ਲਿਆਂਦੇ ਲੋਕਾਂ ਨੂੰ ਰਾਜਸੀ ਕਥਨਾਂ ਵਿੱਚ ਸ਼ਰਨਾਰਥੀ ਆਖਿਆ ਗਿਆ, ਪ੍ਰਾਹੁਣੇ (ਅਤਿਥੀ) ਨਹੀਂ ਤੇ ਇਨ੍ਹਾਂ ਉਜਾੜਿਆਂ ਲਈ ਸ਼ਰਨਾਰਥੀ ਸੰਕਲਪ ਸੋਚਾਂ ਵਿੱਚ ਖੁਣ ਦਿੱਤਾ ਗਿਆ।
ਆਪਾਂ ਬੋਲਾਂ ਰਾਹੀਂ ਸੋਚਦੇ ਹਾਂ। ਬੋਲੀ ਸਾਡੇ ਅਨੁਭਵ ਨੂੰ ਰੂਪ ਦੇਂਦੀ ਏ ਤੇ ਸਾਡੇ ਤਰਕ-ਵਿਤਰਕ ਦੀ ਜੁਗਤ ਵੀ ਬੋਲੀ ਹੁੰਦੀ ਏ। ਸਾਡੀ ਬੋਲੀ, ਸਾਡਾ ਲਹਿਜਾ ਤੇ ਸਾਡੇ ਬੋਲ ਆਦਿ ਸਾਡੀ ਵਿਅਕਤੀ ਵਜੋਂ ਤੇ ਸਮਾਜੀ ਪਛਾਣ ਦਾ ਮੂਲ ਹਿੱਸਾ ਹੁੰਦੇ ਨੇ। ਇੰਜ ਬੋਲੀ ਸਾਡੇ ਗਿਆਨ ਤੇ ਮਨ ਦੇ ਜਗਤ ਘੜਨ ਵਿੱਚ ਤੈਅਕਾਰੀ ਹਿੱਸਾ ਪਾਉਂਦੀ ਏ। ਬੋਲੀ ਸਾਡੀਆਂ ਨਿੱਤਾਪ੍ਰਤੀ ਦੀਆਂ ਲੋੜਾਂ ਪੂਰੀਆਂ ਕਰਨ ਦਾ ਢੋਈਆ ਬਣਦੀ ਏ। ਵਿੱਦਿਆ, ਪ੍ਰਸ਼ਾਸਨ ਤੇ ਮਨੋਰੰਜਨ ਆਦਿ ਸਭ ਬੋਲੀ ’ਤੇ ਟਿਕੇ ਹੁੰਦੇ ਨੇ।
ਬੋਲੀ ਜੁੱਟ-ਅੰਦਰਲੇ ਤੇ ਜੁੱਟ-ਬਾਹਰਲੇ ਸਮੂਹਾਂ ਦੀਆਂ ਹੱਦਾਂ ਦੀਆਂ ਲਕੀਰਾਂ ਵਾਹੁੰਦੀ ਏ। ਬੋਲੀ ਦੇ ਕਿਸੇ ਖ਼ਾਸ ਵਰਗ ਦੇ ਰੂਪ (ਜਿਵੇਂ ਵੱਖ-ਵੱਖ ਪੇਸ਼ਿਆਂ ਤੇ ਪੀੜ੍ਹੀਆਂ ਦੇ ਬੋਲੀ ਰੂਪ) ਇੱਕਜੁੱਟਤਾ ਦਾ ਤੇ ਉਸ ਵਰਗ ਦਾ ਹਿੱਸਾ ਹੋਣ ਦਾ ਭਾਵ ਸਿਰਜਦੇ ਨੇ। ਇੰਜ ਬੋਲੀ ਸਮਾਜੀ ਸੁਮੇਲ ਤੇ ਪਛਾਣ ਦੇ ਕਾਰਜਾਂ ਦੀ ਢੋਈਆ ਬਣਦੀ ਏ। ਬੋਲੀ ਗਿਆਨ, ਇਤਿਹਾਸ, ਕਦਰਾਂ-ਕੀਮਤਾਂ, ਰਸਮਾਂ ਤੇ ਵਿਰਸੇ ਦੇ ਪੀੜ੍ਹੀਓ-ਪੀੜ੍ਹੀ ਪਰਵਾਹ ਦੀ ਮੂਲ ਢੋਈਆ ਏ।
ਜਿਵੇਂ ਪਿੱਛੇ ਦੱਸਿਆ ਗਿਆ ਏ ਬੋਲੀ ਗਿਆਨ, ਜਾਣਕਾਰੀ, ਸਰੋਤਾਂ ਤੇ ਲਾਭ ਤੇ ਸੱਤਾ ਦੀਆਂ ਥਾਵਾਂ ਆਦਿ ਤੋਂ ਕਿਸੇ ਧਿਰ ਨੂੰ ਵਾਂਝਿਆਂ ਰੱਖ ਸਕਦੀ ਏ ਤੇ ਇਨ੍ਹਾਂ ਤੱਕ ਪਹੁੰਚ ਬਣਾ ਵੀ ਸਕਦੀ ਏ। ਇੰਜ ਬੋਲੀ ਸਮਾਜ ਵਿੱਚ ਦਰਜਾਬੰਦੀਆਂ ਪੈਦਾ ਕਰ ਸਕਦੀ ਏ, ਵਿਦਮਾਨ ਦਰਜਾਬੰਦੀਆਂ ਨੂੰ ਹੋਰ ਡੂੰਘਾ ਕਰ ਸਕਦੀ ਏ ਤੇ ਦਰਜਾਬੰਦੀਆਂ ਨੂੰ ਘਟਾ ਤੇ ਮਿਟਾ ਵੀ ਸਕਦੀ ਏ।
ਬੋਲੀ ਛੋਟੇ-ਛੋਟੇ ਜੁੱਟਾਂ ਦੀ ਉਸਾਰੀ ਤੋਂ ਲੈ ਕੇ ਦੇਸ਼ਾਂ ਨੂੰ ਚਲਾਉਣ ਤੱਕ ਦੇ ਮੂਲ ਆਧਾਰਾਂ ’ਚ ਹੁੰਦੀ ਏ। ਕਾਨੂੰਨ, ਸਮਝੌਤੇ ਤੇ ਰਣਨੀਤਕ ਵਿਉਂਤਬੰਦੀਆਂ ਸਭ ਬੋਲੀ ’ਤੇ ਉੱਸਰਦੇ ਨੇ। ਬੋਲੀ ਮਨਾ ਸਕਦੀ ਏ, ਛਲ ਕਰ ਸਕਦੀ ਏ, ਪ੍ਰੇਰ ਸਕਦੀ ਏ, ਤਾੜ ਸਕਦੀ ਏ ਤੇ ਲਿਤਾੜ ਸਕਦੀ ਏ। ਵਿਚਾਰਾਂ ਤੇ ਵਿਹਾਰ ਨੂੰ ਆਪਣੇ ਹਿੱਤ ਵਿੱਚ ਘੜਨ ਲਈ ਰਾਜਸੀ ਵਾਕ-ਕਲਾ, ਪ੍ਰਚਾਰ ਘਾੜਤਾਂ, ਕਨੂੰਨੀ ਬਿਰਤਾਂਤ ਤੇ ਵਿਗਿਆਪਨਬਾਜ਼ੀ ਸਭ ਬੋਲੀ ਦੇ ਜੰਤਰ ਨੂੰ ਵਰਤਦੇ ਨੇ। ਇੰਜ ਅਸੀਂ ਵੇਖਦੇ ਹਾਂ ਕਿ ਬੋਲੀ ਨਿਰਾ ਗੱਲਬਾਤ ਦਾ ਸਾਧਨ ਨਹੀਂ, ਪੂਰੇ ਮਨੁੱਖਾ ਜੀਵਨ ਦਾ ਆਧਾਰ ਏ ਤੇ ਦਰਜਾਬੰਦੀਆਂ ਵਾਲੇ ਸਮਾਜ ’ਚ ਇਹ ਸੱਤਾ ਤੇ ਸਰੋਤਾਂ ਦੀ ਵੰਡ ਵਿੱਚ ਵੱਡੀ ਭੂਮਿਕਾ ਨਿਭਾਉਂਦੀ ਏ।
ਪੰਜਾਬੀ ਬੋਲੀ ਦਾ ਭਵਿੱਖ ਤੇ ਮੌਤ ਦੀ ਅਵਸਥਾ
ਜਿਵੇਂ ਪਿੱਛੇ ਆਖਿਆ ਗਿਆ ਏ, ਪੰਜਾਬੀ ਤੇ ਭਾਰਤ ਦੀਆਂ ਸਾਰੀਆਂ ਮਾਂ ਬੋਲੀਆਂ ਸੱਤਾ, ਲਾਭ ਵਾਲੇ ਥਾਵਾਂ ਤੇ ਹੋਰ ਰਸਮੀ ਵਰਤੋਂ ਤੇ ਵਕਾਰ ਵਾਲੇ ਥਾਵਾਂ ਤੋਂ ਬਾਹਰ ਕੱਢੀਆਂ ਹੋਈਆਂ ਨੇ, ਬਹੁਤੀਆਂ ਪੂਰੀ ਤਰ੍ਹਾਂ ਤੇ ਕੁਝ ਕੁ ਥੋੜ੍ਹੀਆਂ ਘੱਟ, ਜਿਵੇਂ ਸੰਵਿਧਾਨ ਦੀ 8ਵੀਂ ਸੂਚੀ ਵਿਚਲੀਆਂ 22 ਬੋਲੀਆਂ। ਜਦੋਂ ਕੋਈ ਬੋਲੀ ਇੰਜ ਬਾਹਰ ਹੋ ਜਾਂਦੀ ਏ ਤਾਂ ਉਹ ਪਰਿਵਾਰੀ ਤੇ ਸੱਭਿਆਚਾਰ ਆਦਿ ਖੇਤਰਾਂ ’ਚੋਂ ਵੀ ਹੌਲੀ-ਹੌਲੀ ਬਾਹਰ ਹੋਣ ਲੱਗਦੀ ਏ। ਉਸ ਬੋਲੀ ਦੇ ਬੋਲਣ ਵਾਲਿਆਂ ਅੰਦਰ ਹੀਣਤਾ ਦਾ ਭਾਵ ਏਨਾ ਆ ਜਾਂਦਾ ਏ ਕਿ ਉਹ ਆਪਣੀ ਬੋਲੀ ਵਰਤਦਿਆਂ ਆਪਣੇ-ਆਪ ਨੂੰ ਆਪ ਈ ਮਾੜੇ ਤੇ ਘੱਟ ਸਿਆਣੇ ਸਮਝਣ ਲੱਗ ਜਾਂਦੇ ਨੇ ਤੇ ਹੋਰ ਬੋਲੀ ਵਰਤ ਕੇ ਆਪਣੇ-ਆਪ ਨੂੰ ਤਗੜੇ ਤੇ ਵੱਧ ਸਿਆਣੇ ਸਮਝਣ ਲੱਗਦੇ ਨੇ। ਬਹੁਤੇ ਪੰਜਾਬੀਆਂ ਤੇ ਭਾਰਤੀਆਂ ਦੇ ਬੂਹਿਆਂ ’ਤੇ ਰੋਮਨ (ਅੰਗਰੇਜ਼ੀ) ’ਚ ਲਿਖੇ ਨਾਂ, ਗਲੀਆਂ-ਬਾਜ਼ਾਰਾਂ ਦੇ ਅੰਗਰੇਜ਼ੀ ਨਾਂ-ਫੱਟੇ, ਮੱਧਵਰਗੀ ਵਿਆਹ ਮੇਲਿਆਂ ਦਾ ਅੰਗਰੇਜ਼ੀ ਗੀਤ-ਸੰਗੀਤ ਨਾਲ ਆਰੰਭ ਜਿਹੀਆਂ ਸਚਾਈਆਂ ਇਸ ਅਵਸਥਾ ਦਾ ਤਗੜਾ ਸਬੂਤ ਨੇ। ਹੁਣ ਤੇ ਗੱਲ ਇਸ ਤੋਂ ਵੀ ਅੱਗੇ ਲੰਘ ਗਈ ਏ। ਹੁਣ ਤੇ ਪੰਜਾਬੀ ਅਤੇ ਭਾਰਤੀ ਮਾਪੇ ਆਪਣੇ ਬਾਲਾਂ ਨਾਲ ਮਾਂ ਬੋਲੀ ’ਚ ਗੱਲ ਉਦੋਂ ਈ ਕਰਦੇ ਨੇ ਜੇ ਅੰਗਰੇਜ਼ੀ ਤੇ ਹਿੰਦੀ ’ਚ ਗੱਲ ਨਾ ਕਰ ਸਕਦੇ ਹੋਣ। ਮਾਹਿਰਾਂ ਦੀਆਂ ਪੜਤਾਲਾਂ ਅਨੁਸਾਰ ਇਹ ਕਿਸੇ ਬੋਲੀ ਦੇ ਮੌਤ ਦੇ ਉੱਕਾ ਈ ਨੇੜੇ ਹੋ ਜਾਣ ਦੀ ਅਵਸਥਾ ਹੁੰਦੀ ਏ।
ਜਦੋਂ ਇਹ ਅਵਸਥਾ ਹੁੰਦੀ ਏ ਤਾਂ ਮੁੜ ਬੋਲੀ ਰਾਹੀਂ ਨਿਭਾਇਆ ਜਾਣ ਵਾਲਾ ਕੋਈ ਵੀ ਕਾਰਜ ਸੁਚਾਰੂ ਰੂਪ ਵਿੱਚ ਨਹੀਂ ਹੋ ਸਕਦਾ। ਭਾਵੇਂ ਉਹ ਪੜ੍ਹਾਈ ਹੋਵੇ ਤੇ ਭਾਵੇਂ ਪ੍ਰਸ਼ਾਸਨ; ਭਾਵੇਂ ਗਿਆਨ-ਵਿਗਿਆਨ ਤੇ ਤਕਨੀਕ ਦਾ ਵਿਕਾਸ ਹੋਵੇ ਤੇ ਭਾਵੇਂ ਦਰਜਾਬੰਦੀ ਤੋਂ ਖਾਲੀ ਜਾਂ ਘੱਟ ਦਰਜਾਬੰਦੀ ਵਾਲੇ ਸਮਾਜ ਦੀ ਸਿਰਜਣਾ; ਭਾਵੇਂ ਵਿਰਸੇ ਨਾਲ ਜੁੜਨਾ ਹੋਵੇ ਤੇ ਭਾਵੇਂ ਇਤਿਹਾਸ ਨਾਲ; ਭਾਵੇਂ ਨਵਾਂ ਨਰੋਆ ਸੱਭਿਆਚਾਰ ਸਿਰਜਣਾ ਹੋਵੇ ਤੇ ਭਾਵੇਂ ਹਾਂ-ਪੱਖੀ ਪੁਰਾਣੇ ਦੀ ਸੰਭਾਲ; ਭਾਵੇਂ ਸੱਤਾ ਦੀਆਂ ਵੱਖ-ਵੱਖ ਧਿਰਾਂ ਵਿਚਕਾਰ ਸਾਵੀਂ ਵੰਡ ਹੋਵੇ ਤੇ ਭਾਵੇਂ ਵਿਅਕਤੀਆਂ ਦੇ ਆਪਸ ਵਿੱਚ ਜੁੜਨ ਤੇ ਇਕਸੁਰਤਾ ਦਾ ਸੁਆਲ; ਭਾਵੇਂ ਸਮਾਜਿਕ ਜੁੱਟਾਂ ਦਾ ਆਪਸ ਵਿੱਚ ਇਕਰਸਤਾ ਦਾ ਸੁਆਲ ਹੋਵੇ ਤੇ ਭਾਵੇਂ ਸਰਕਾਰੀ ਧਿਰ ਤੇ ਆਮ ਜਨਤਾ ਵਿਚਕਾਰ ਤੰਦ ਦੀ ਗੱਲ; ਭਾਵੇਂ ਘਰਾਂ ਵਿਚਲੀਆਂ ਅਗਲੀਆਂ-ਪਿਛਲੀਆਂ ਪੀੜ੍ਹੀਆਂ ਵਿਚਕਾਰ ਰਾਬਤੇ ਦੀ ਗੱਲ ਹੋਵੇ ਤੇ ਭਾਵੇਂ ਲੋਕਾਂ ਦੀ ਆਪਣੇ ਅਫ਼ਸਰਾਂ ਨਾਲ; ਇਨ੍ਹਾਂ ’ਚੋਂ ਕੁਝ ਵੀ ਰਵਾਨੀ ਦੀ ਅਵਸਥਾ ’ਚ ਨਹੀਂ ਰਹਿੰਦਾ। ਬੱਸ ਰਵਾਨਗੀ ਦੀ ਅਵਸਥਾ ’ਚ ਹੁੰਦਾ ਏ। ਮਾਂ ਬੋਲੀ ਦੀ ਥਾਂ ਹੋਰ ਭਾਸ਼ਾਵਾਂ ਵਿੱਚ ਗੱਲ ਕਰ ਕੇ ਆਪਣੇ-ਆਪ ਨੂੰ ਸਿਆਣੇ ਸਮਝਣ ਤੇ ਵਿਖਾਉਣ ਦਾ ਵਿਹਾਰ ਇਸ ਰਵਾਨਗੀ ਦਾ ਅਕੱਟ ਸਬੂਤ ਏ।
ਪੰਜਾਬੀ ਤੇ ਭਾਰਤ ਦੀਆਂ ਮਾਂ ਬੋਲੀਆਂ ਦੀ ਹਾਲਤ ਅਤੇ ਬੋਲੀ ਰਾਹੀਂ ਨਜਿੱਠੇ ਜਾਣ ਵਾਲੇ ਕਾਰਜਾਂ ਵਿੱਚ ਮਾਂ ਬੋਲੀਆਂ ਦੀ ਥਾਂ ’ਤੇ ਸਰਸਰੀ ਜਿਹੀ ਝਾਤ ਈ ਇਹ ਪੱਕਿਆਂ ਕਰ ਦੇਂਦੀ ਏ ਕਿ ਮਾਂ ਬੋਲੀਆਂ ਤੇ ਭਾਰਤ ਇਸ ਰਵਾਨਗੀ ਦੀ ਸਥਿਤੀ ’ਚੋਂ ਲੰਘ ਹੀ ਨਹੀਂ ਰਹੇ, ਇਸ ਦਲਦਲ ਵਿੱਚ ਹੋਰ ਵੀ ਡੂੰਘੇ ਖੁੱਭੀ ਜਾਂਦੇ ਨੇ। ਉਂਜ ਭਾਵੇਂ ਚੰਡੀਗੜ੍ਹ, ਦਿੱਲੀ ਤੇ ਹੋਰ ਰਾਜਧਾਨੀਆਂ ’ਚ ਨਿੱਤ ਮਾਂ ਬੋਲੀਆਂ ਦੇ ਕਿੰਨੇ ਵੀ ਸੋਹਲੇ ਗਾਏ ਜਾਂਦੇ ਪਏ ਹੋਣ। ਹੁਣ ਤੇ ਸ੍ਰੀ ਮੋਹਨ ਭਾਗਵਤ ਜੀ ਨੇ ਆਰ ਐੱਸ ਐੱਸ ਦੇ ਕਰਿੰਦਿਆਂ ਨੂੰ ਵੀ ਅੰਗਰੇਜ਼ੀ ਵੱਲ ਧਿਆਨ ਦੇਣ ਦੀ ਹਿਦਾਇਤ ਦੇ ਦਿੱਤੀ ਏ।
ਗੱਲਾਂ ਤੋਂ ਅੱਗੇ ਕੰਮ ਦਾ ਵੇਲਾ
ਇਹ ਸਾਰੀ ਤਸਵੀਰ ਵੇਖ ਕੇ ਸੁਭਾਵੀ ਸੁਆਲ ਇਹ ਪੈਦਾ ਹੁੰਦਾ ਏ ਕਿ ਕੀਤਾ ਕੀ ਜਾਵੇ। ਸਾਰ ਰੂਪ ’ਚ ਆਖਿਆ ਜਾ ਸਕਦਾ ਏ ਕਿ ਇਹ ਕੰਮ ਦਾ ਵੇਲਾ ਏ ਗੱਲਾਂ ਦਾ ਨਹੀਂ। ਪੰਜਾਬੀ ਦੀ ਸਰਦਾਰੀ ਬੱਸ ਚਾਹੁਣ ਨਾਲ ਨਹੀਂ ਹੋਣੀ। ਇਸ ਲਈ ਹਰੇਕ ਦੇ ਹਿੱਸਾ ਪਾਉਣ ਦੀ ਲੋੜ ਏ। ਹਰ ਜੀਅ ਇਨ੍ਹਾਂ ’ਚੋਂ ਤੇ ਕਈ ਹੋਰ ਤਰੀਕਿਆਂ ਨਾਲ ਹਿੱਸਾ ਪਾ ਸਕਦਾ ਏ- ਹਰ ਥਾਂ ਪੰਜਾਬੀ ਦੀ ਵਰਤੋਂ ਕਰੀਏ; ਪੰਜਾਬੀ ਦੋਖੀਆਂ ਦਾ ਵਿਰੋਧ ਹੋਵੇ ਪਰ ਬਾਕੀ ਕੰਮ ਵੀ ਵੱਡੇ ਪੱਧਰ ’ਤੇ ਕਰੀਏ; ਪੰਜਾਬੀ ਪੱਖੀ ਨੀਤੀਆਂ ਲਈ ਜਿੱਥੇ ਵੀ ਜਿਸ ਤਰ੍ਹਾਂ ਦਾ ਦਬਾਅ ਪਾਉਣ ਦੀ ਲੋੜ ਏ ਉਹ ਦਬਾਅ ਪਾਈਏ; ਸਮਾਜ ਦੇ ਹਰ ਪੱਖ ਦੇ ਵਿਕਾਸ ਵਿੱਚ ਮਾਂ ਬੋਲੀ ਦੀ ਅਕੱਟ ਮਹੱਤਤਾ ਬਾਰੇ ਚੇਤਨਾ ਦਾ ਵੱਧ ਤੋਂ ਵੱਧ ਪ੍ਰਸਾਰ ਕਰੀਏ; ਲੋੜੀਂਦੀ ਪੰਜਾਬੀ ਸਮੱਗਰੀ ਪੈਦਾ ਕਰਨ ’ਚ ਹਿੱਸਾ ਪਾਈਏ ਤੇ ਤਿਆਰ ਸਮੱਗਰੀ ਨੂੰ ਇੰਟਰਨੈੱਟ ’ਤੇ ਮੁਹੱਈਆ ਕਰਵਾਈਏ; ਪੰਜਾਬੀ ਸੁਭਾਅ ਵਾਲੀ ਪੰਜਾਬੀ ਦੀ ਵਰਤੋਂ ਕਰੀਏ ਤੇ ਸੰਸਕ੍ਰਿਤਨੁਮਾ, ਫ਼ਾਰਸੀਨੁਮਾ ਤੇ ਅੰਗਰੇਜ਼ੀਨੁਮਾ ਪੰਜਾਬੀ ਤੋਂ ਖਹਿੜਾ ਛੁਡਾਈਏ। ਗਿਆਨ-ਵਿਗਿਆਨ, ਸੱਤਾ ਦੀਆਂ ਥਾਵਾਂ, ਰਸਮੀ ਸੰਚਾਰ ਆਦਿ ਲਈ ਲੋਕ ਬੋਲੀ ਦੀ ਵਰਤੋਂ ਨਾਲ ਲੋਕਾਂ ਦਾ ਆਪਣੀ ਬੋਲੀ ਵਿੱਚ ਭਰੋਸਾ ਬੱਝਦਾ ਏ ਤੇ ਇਹ ਅਮਲ ਲੋਕਾਂ ਦਾ ਸ਼ਕਤੀਕਰਣ ਕਰਦਾ ਏ। ਗੁਰੂਆਂ-ਪੀਰਾਂ ਦੇ ਵਰੋਸਾਏ ਪੰਜਾਬੀ ਇਤਿਹਾਸ ਵਿੱਚ ਵੱਡੇ-ਵੱਡੇ ਘਾਣ ਝੱਲ ਕੇ ਵੀ ਮੁੜ-ਮੁੜ ਉੱਠ ਖਲੋਂਦੇ ਰਹੇ ਨੇ। ਉੱਠ ਈ ਨਹੀਂ ਖਲੋਂਦੇ ਰਹੇ, ਮਨੁੱਖਾ ਬਰਾਦਰੀ ’ਚ ਹਰ ਵਾਰ ਮੁੜ ਆਪਣੀ ਸ਼ਾਨਾਮੱਤੀ ਥਾਂ ਬਣਾਉਂਦੇ ਆਏ ਨੇ। ਮੈਨੂੰ ਆਸ ਏ ਕਿ ਪੰਜਾਬੀ ਕੌਮ ਪੰਜਾਬੀ ਨੂੰ ਬਚਾਉਣ ਤੇ ਇਸ ਦਾ ਬੋਲਬਾਲਾ ਕਰਾਉਣ ਦੀ ਵੱਡੀ ਚੁਣੌਤੀ ਨੂੰ ਵੀ ਸਰ ਕਰ ਲਵੇਗੀ।
- ਪ੍ਰੋਫੈਸਰ ਭਾਸ਼ਾ ਵਿਗਿਆਨ (ਸੇਵਾਮੁਕਤ) ਤੇ ਸਾਬਕਾ ਮੁਖੀ, ਭਾਸ਼ਾ ਵਿਗਿਆਨ ਤੇ ਪੰਜਾਬੀ ਕੋਸ਼ਕਾਰੀ ਵਿਭਾਗ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਸੰਪਰਕ: 99885-31582

