ਐਡਵੋਕੇਟ ਗੁਰਤੇਜ ਸਿੰਘ ਖੁਡਾਲ
ਸੰਪਰਕ: 94641-29118
ਕਾਲਾ ਝਿਊਰ ਦਾ ਲੜਕਾ ਬਹੁਤ ਬਿਮਾਰ ਸੀ। ਹਾਲਤ ਵਿੱਚ ਸੁਧਾਰ ਨਾ ਹੁੰਦਾ ਵੇਖ ਕਿਸਾਨ ਜੰਟਾ ਸਿੰਘ ਨੇ ਉਸ ਨੂੰ ਸਲਾਹ ਦਿੱਤੀ, ‘‘ਚੰਡੀਗੜ੍ਹ ਦਿਖਾ ਆਉਨੇ ਆਂ।’’ ਝਿਊਰ ਦਾ ਹੱਥ ਤੰਗ ਹੋਣ ਕਰਕੇ ਉਸ ਲਈ ਇਹ ਸਫ਼ਰ ਕਰਨਾ ਸੁਖਾਲਾ ਨਹੀਂ ਸੀ। ਪਰ ਉਹ ਜੰਟਾ ਸਿੰਘ ਦੇ ਸਮਝਾਉਣ ’ਤੇ ਲੜਕੇ ਨੂੰ ਚੰਡੀਗੜ੍ਹ ਲਿਜਾਣ ਲਈ ਰਾਜ਼ੀ ਹੋ ਗਿਆ। ਸਵੇਰੇ ਜਦੋਂ ਜੰਟਾ ਸਿੰਘ, ਕਾਲਾ ਤੇ ਉਸ ਦਾ ਲੜਕਾ ਸਰਕਾਰੀ ਬੱਸ ਚੜ੍ਹੇ ਤੇ ਜੰਟਾ ਸਿੰਘ ਨੇ ਤਿੰਨਾਂ ਦੀ ਟਿਕਟ ਕਟਾਈ। ਸਫ਼ਰ ਲੰਬਾ ਹੋਣ ਕਰ ਕੇ ਟਿਕਟ ਮਹਿੰਗੀ ਸੀ ਪਰ ਜੰਟਾ ਸਿੰਘ ਨੂੰ ਕਾਲੇ ਤੋਂ ਪੈਸੇ ਲੈਣੇ ਸਹੀ ਨਾ ਲੱਗੇ।
ਅਗਲੇ ਸਟੌਪ ਤੋਂ ਪਿੰਡ ਦੇ ਜ਼ੈਲਦਾਰਾਂ ਦੀ ਨੂੰਹ, ਜੋ ਚੰਡੀਗੜ੍ਹ ਡਾਕਟਰ ਲੱਗੀ ਹੈ, ਚੜ੍ਹੀ ਤੇ ਬਿਨਾ ਟਿਕਟ ਲਿਆਂ ਬੈਠ ਗਈ। ਅਗਲੇ ਪਿੰਡੋਂ ਪਟਿਆਲੇ ਪ੍ਰੋਫੈਸਰ ਲੱਗੀ ਬੰਤ ਸਿੰਘ ਦੀ ਧੀ ਤੇ ਪਵਨ ਕੁਮਾਰ ਮਾਸਟਰ ਦੀ ਘਰਵਾਲੀ, ਜੋ ਬੈਂਕ ਵਿੱਚ ਕੰਮ ਕਰਦੀ ਹੈ, ਇਕੱਠੀਆਂ ਚੜ੍ਹੀਆਂ। ਜੰਟਾ ਸਿੰਘ ਸੋਚਦਾ ਹੋਇਆ ਕਾਲੇ ਨੂੰ ਕਹਿਣ ਲੱਗਾ, ‘‘ਇਹ ਤਿੰਨੇ ਸਰਕਾਰੀ ਨੌਕਰੀ ਕਰਦੀਆਂ ਹਨ, ਤਨਖ਼ਾਹਾਂ ਵੀ ਲੱਖ ਸਵਾ ਲੱਖ ਤੋਂ ਹੇਠਾਂ ਨਹੀਂ ਹੋਣਗੀਆਂ, ਘਰ ਬਾਰ ਵੀ ਵਧੀਆ ਹੈ ਪਰ ਸਰਕਾਰ ਇਨ੍ਹਾਂ ਤੋਂ ਟਿਕਟ ਦੇ ਪੈਸੇ ਨਹੀਂ ਲੈਂਦੀ। ਦੂਜੇ ਪਾਸੇ ਤੇਰੇ-ਮੇਰੇ ਵਰਗੇ ਲੋਕ ਹਨ, ਜਿਨ੍ਹਾਂ ਕੋਲ ਕਈ ਵਾਰ ਦੂਜੇ ਡੰਗ ਦੀ ਰੋਟੀ ਦਾ ਰਾਸ਼ਨ ਵੀ ਨਹੀਂ ਹੁੰਦਾ। ਇਹ ਬਿਮਾਰੀ ਲਈ ਦਵਾ ਦਾਰੂ ਲੈਣ ਜਾਣ ਤੋਂ ਵੀ ਸੰਕੋਚ ਕਰਦੇ ਹਨ।’’
ਕਾਲੇ ਝਿਊਰ ਨੇ ਸਿਰ ਤੋਂ ਲੱਥਦਾ ਜਾ ਰਿਹਾ ਪਰਨਾ ਮੁੜ ਸਵਾਰ ਕੇ ਬੰਨ੍ਹਦਿਆਂ ਕਿਹਾ, ‘ਛੱਡ ਸਰਦਾਰਾ, ਇਹ ਸਰਕਾਰਾਂ ਲੋੜ ਦੇਖ ਕੇ ਨ੍ਹੀਂ ਸਗੋਂ ਵੋਟ ਦੇਖ ਦੇ ਸਹੂਲਤਾਂ ਦਿੰਦੀਆਂ ਨੇ।’’

