Tuesday, April 14, 2026

ਫ੍ਰੇਜ਼ਰ ਵੈਲੀ ਦੀਆਂ ਲਾਇਬ੍ਰੇਰੀਆਂ ਨੂੰ ਲੱਗਣਗੇ ਜਿੰਦਰੇ, 72 ਘੰਟੇ ਦਾ ਲਾਕਆਊਟ ਨੋਟਿਸ ਜਾਰੀ

ਲਾਇਬ੍ਰੇਰੀ ਕਰਮਚਾਰੀਆਂ ਅਤੇ ਪ੍ਰਬੰਧਕਾਂ ਵਿਚਾਲੇ ਤਕਰਾਰ ਵਧੀ, ਕੰਟਰੈਕਟ ਗੱਲਬਾਤ ਫੇਲ੍ਹ ਹੋਣ ਮਗਰੋਂ ਐਫ.ਵੀ.ਆਰ.ਐਲ. ਵੱਲੋਂ ਤਾਲਾਬੰਦੀ ਦਾ ਐਲਾਨ
ਸਰੀ, (ਿਦਵਰੂਪ ਕੌਰ): ਬੀ.ਸੀ. ਦੇ ਲੋਅਰ ਮੇਨਲੈਂਡ ਖੇਤਰ ਵਿੱਚ ਇਸ ਵੀਕਐਂਡ ਦੌਰਾਨ ਲਾਇਬ੍ਰੇਰੀਆਂ ਦੀਆਂ ਰੌਣਕਾਂ ਗਾਇਬ ਰਹਿਣਗੀਆਂ। ਫ੍ਰੇਜ਼ਰ ਵੈਲੀ ਰੀਜਨਲ ਲਾਇਬ੍ਰੇਰੀ (ਐਫ.ਵੀ.ਆਰ.ਐਲ.) ਪ੍ਰਸ਼ਾਸਨ ਨੇ ਮੰਗਲਵਾਰ, 3 ਮਾਰਚ ਨੂੰ ਇੱਕ ਅਹਿਮ ਐਲਾਨ ਕਰਦਿਆਂ 72 ਘੰਟੇ ਦਾ ਲਾਕਆਊਟ (ਤਾਲਾਬੰਦੀ) ਨੋਟਿਸ ਜਾਰੀ ਕਰ ਦਿੱਤਾ ਹੈ। ਇਹ ਫੈਸਲਾ ਲਾਇਬ੍ਰੇਰੀ ਪ੍ਰਬੰਧਕਾਂ ਅਤੇ ਯੂਨੀਅਨ ‘ਸੀਯੂਪੀਈ 1698’ ਵਿਚਾਲੇ ਲੰਬੇ ਸਮੇਂ ਤੋਂ ਚੱਲ ਰਹੀ ਕੰਟਰੈਕਟ ਗੱਲਬਾਤ ਦੇ ਬੇਸਿੱਟਾ ਰਹਿਣ ਤੋਂ ਬਾਅਦ ਲਿਆ ਗਿਆ ਹੈ। ਇਸ ਯੂਨੀਅਨ ਦੇ ਘੇਰੇ ਵਿੱਚ ਫ੍ਰੇਜ਼ਰ ਵੈਲੀ ਦੇ ਲਗਭਗ 300 ਤੋਂ ਵੱਧ ਲਾਇਬ੍ਰੇਰੀ ਕਰਮਚਾਰੀ ਆਉਂਦੇ ਹਨ, ਜਿਨ੍ਹਾਂ ਦਾ ਭਵਿੱਖ ਹੁਣ ਇਸ ਵਿਵਾਦ ਕਾਰਨ ਅਧਰ ਵਿੱਚ ਲਟਕ ਗਿਆ ਹੈ।
ਦੋਵਾਂ ਧਿਰਾਂ ਵਿਚਾਲੇ ਨਵੇਂ ਕੰਟਰੈਕਟ ਨੂੰ ਲੈ ਕੇ ਗੱਲਬਾਤ ਦਾ ਸਿਲਸਿਲਾ ਜੂਨ 2025 ਤੋਂ ਸ਼ੁਰੂ ਹੋਇਆ ਸੀ, ਪਰ ਨਵੰਬਰ ਤੋਂ ਬਾਅਦ ਕਿਸੇ ਵੀ ਤਰ੍ਹਾਂ ਦੀ ਅਸਲ ਸੌਦੇਬਾਜ਼ੀ ਨਹੀਂ ਹੋ ਸਕੀ। ਲੇਬਰ ਰਿਲੇਸ਼ਨਜ਼ ਬੋਰਡ ਵੱਲੋਂ ਨਿਯੁਕਤ ਕੀਤੇ ਗਏ ਇੱਕ ਵਿਚੋਲੇ ਦੀ ਮਦਦ ਨਾਲ ਤਿੰਨ ਸਾਲਾਂ ਦੇ ਸਮਝੌਤੇ ਦੀ ਪੇਸ਼ਕਸ਼ ਕੀਤੀ ਗਈ ਸੀ। ਇਸ ਪ੍ਰਸਤਾਵ ਵਿੱਚ ਸਾਲ 2025 ਲਈ ਉਜਰਤਾਂ ਵਿੱਚ 4 ਫੀਸਦੀ, 2026 ਲਈ 3 ਫੀਸਦੀ ਅਤੇ 2027 ਲਈ 2.25 ਫੀਸਦੀ ਵਾਧੇ ਦੀ ਗੱਲ ਕਹੀ ਗਈ ਸੀ। ਹਾਲਾਂਕਿ ਯੂਨੀਅਨ ਇਨ੍ਹਾਂ ਵਿੱਤੀ ਸੁਧਾਰਾਂ ‘ਤੇ ਸਹਿਮਤ ਸੀ, ਪਰ ਵਿਵਾਦ ਦੀ ਮੁੱਖ ਜੜ੍ਹ ਸਮਝੌਤੇ ਦੀ ਮਿਆਦ ਬਣੀ ਹੋਈ ਹੈ। ਯੂਨੀਅਨ ਚਾਹੁੰਦੀ ਹੈ ਕਿ ਇਹ ਸਮਝੌਤਾ ਤਿੰਨ ਸਾਲ ਦੀ ਬਜਾਏ ਥੋੜ੍ਹੇ ਸਮੇਂ ਲਈ ਹੋਵੇ।
ਐਫ.ਵੀ.ਆਰ.ਐਲ. ਦੇ ਮੁੱਖ ਕਾਰਜਕਾਰੀ ਅਧਿਕਾਰੀ (ਸੀ.ਈ.ਓ.) ਸਕੌਟ ਹਾਰਗ੍ਰੋਵ ਅਨੁਸਾਰ ਪ੍ਰਬੰਧਕੀ ਪੱਖ ਤਿੰਨ ਸਾਲਾਂ ਦੇ ਸਮਝੌਤੇ ‘ਤੇ ਅੜਿਆ ਹੋਇਆ ਹੈ। ਉਨ੍ਹਾਂ ਦਾ ਤਰਕ ਹੈ ਕਿ ਦੋ ਸਾਲਾਂ ਦਾ ਸਮਝੌਤਾ ਸੰਭਵ ਨਹੀਂ ਹੈ ਕਿਉਂਕਿ ਸੰਸਥਾ ਨੂੰ ਜਲਦੀ ਹੀ ਇੱਕ ਨਵੇਂ ਬੋਰਡ ਨਾਲ ਦੁਬਾਰਾ ਗੱਲਬਾਤ ਕਰਨੀ ਪਵੇਗੀ ਜੋ ਸ਼ਾਇਦ ਪੁਰਾਣੇ ਸੌਦੇਬਾਜ਼ੀ ਦੇ ਇਤਿਹਾਸ ਤੋਂ ਜਾਣੂ ਨਾ ਹੋਵੇ। ਗੱਲਬਾਤ ਵਿੱਚ ਆਈ ਇਸ ਖੜੋਤ ਕਾਰਨ ਹੁਣ ਸ਼ੁੱਕਰਵਾਰ, 6 ਮਾਰਚ ਨੂੰ ਸਵੇਰੇ 8:43 ਵਜੇ ਤੋਂ ਲਾਕਆਊਟ ਪ੍ਰਭਾਵੀ ਹੋ ਜਾਵੇਗਾ। ਇਸ ਕਾਰਵਾਈ ਨਾਲ ਲੋਅਰ ਮੇਨਲੈਂਡ ਦੀਆਂ ਸਾਰੀਆਂ 25 ਲਾਇਬ੍ਰੇਰੀਆਂ ਦੇ ਦਰਵਾਜ਼ੇ ਆਮ ਜਨਤਾ ਲਈ ਬੰਦ ਹੋ ਜਾਣਗੇ।
ਦੂਜੇ ਪਾਸੇ ਯੂਨੀਅਨ ਦੀ ਪ੍ਰਧਾਨ ਲੌਰੀ ਡਾਇਕ ਨੇ ਇਸ ਫੈਸਲੇ ਦੀ ਸਖ਼ਤ ਨਿਖੇਧੀ ਕਰਦਿਆਂ ਇਸ ਨੂੰ ਅਣਕਿਆਸਾ ਕਦਮ ਦੱਸਿਆ ਹੈ। ਉਨ੍ਹਾਂ ਕਿਹਾ ਕਿ ਲਾਇਬ੍ਰੇਰੀ ਪ੍ਰਬੰਧਕਾਂ ਨੇ ਸਾਰਥਕ ਗੱਲਬਾਤ ਰਾਹੀਂ ਮਸਲੇ ਨੂੰ ਹੱਲ ਕਰਨ ਦੀ ਬਜਾਏ ਵਿਵਾਦ ਨੂੰ ਵਧਾਉਣ ਦਾ ਰਾਹ ਚੁਣਿਆ ਹੈ।
ਉਨ੍ਹਾਂ ਅਨੁਸਾਰ ਇਹ ਫੈਸਲਾ ਨਾ ਸਿਰਫ਼ ਕਰਮਚਾਰੀਆਂ ਅਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਪ੍ਰਭਾਵਿਤ ਕਰੇਗਾ, ਸਗੋਂ ਸਮਾਜ ਦੇ ਉਨ੍ਹਾਂ ਕਮਜ਼ੋਰ ਵਰਗਾਂ ਨੂੰ ਵੀ ਨੁਕਸਾਨ ਪਹੁੰਚਾਏਗਾ ਜੋ ਲਾਇਬ੍ਰੇਰੀ ਸੇਵਾਵਾਂ ‘ਤੇ ਨਿਰਭਰ ਹਨ। ਯੂਨੀਅਨ ਨੇ ਪ੍ਰਬੰਧਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਆਪਣੇ ਫੈਸਲੇ ‘ਤੇ ਮੁੜ ਵਿਚਾਰ ਕਰਨ ਅਤੇ ਤਾਲਾਬੰਦੀ ਦੀ ਬਜਾਏ ਸੰਵਾਦ ਦਾ ਰਸਤਾ ਅਪਣਾਉਣ।
ਤਾਲਾਬੰਦੀ ਦੌਰਾਨ ਲਾਇਬ੍ਰੇਰੀ ਦੀਆਂ ਇਮਾਰਤਾਂ ਬੰਦ ਰਹਿਣਗੀਆਂ ਅਤੇ ‘ਬੁੱਕ ਡ੍ਰੌਪ’ ਸੇਵਾਵਾਂ ਵੀ ਉਪਲਬਧ ਨਹੀਂ ਹੋਣਗੀਆਂ। ਪਾਠਕਾਂ ਨੂੰ ਅਪੀਲ ਕੀਤੀ ਗਈ ਹੈ ਕਿ ਉਹ ਉਧਾਰ ਲਈਆਂ ਹੋਈਆਂ ਕਿਤਾਬਾਂ ਜਾਂ ਹੋਰ ਸਮਾਨ ਆਪਣੇ ਕੋਲ ਹੀ ਰੱਖਣ ਜਦੋਂ ਤੱਕ ਲਾਇਬ੍ਰੇਰੀਆਂ ਦੁਬਾਰਾ ਨਹੀਂ ਖੁੱਲ੍ਹਦੀਆਂ। ਹਾਲਾਂਕਿ, ਡਿਜੀਟਲ ਸੇਵਾਵਾਂ ਜਿਵੇਂ ਕਿ ਈ-ਬੁੱਕਸ ਅਤੇ ਆਨਲਾਈਨ ਸਰੋਤ ਚਾਲੂ ਰਹਿਣਗੇ। ਪਿਛਲੇ ਸਾਲ ਲਗਭਗ 3,80,000 ਲੋਕਾਂ ਨੇ ਲਾਇਬ੍ਰੇਰੀ ਦੇ ਵੱਖ-ਵੱਖ ਪ੍ਰੋਗਰਾਮਾਂ ਵਿੱਚ ਹਿੱਸਾ ਲਿਆ ਸੀ, ਜਿਸ ਤੋਂ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਇਸ ਬੰਦੀ ਨਾਲ ਕਿੰਨਾ ਵੱਡਾ ਜਨਤਕ ਨੁਕਸਾਨ ਹੋਵੇਗਾ। This report was written by Divroop Kaur as part of the Local Journalism Initiative.

Popular