Wednesday, April 15, 2026

ਬੀ.ਸੀ. ਕੰਜ਼ਰਵੇਟਿਵ ਪਾਰਟੀ ਵਿੱਚ ਵੱਡਾ ਭੂਚਾਲ ਬੀ.ਸੀ. ਕੰਜ਼ਰਵੇਟਿਵ ਆਗੂ ਜੌਹਨ ਰਸਟਡ ਨੇ ਦਿੱਤਾ ਅਸਤੀਫ਼ਾ

ਟ੍ਰੇਵਰ ਹਾਲਫੋਰਡ ਬਣੇ ਅੰਤਰਿਮ ਵਿਰੋਧੀ ਨੇਤਾ
ਸਰੀ, (ਦਿਵਰੂਪ ਕੌਰ): ਬੀ.ਸੀ. ਕੰਜ਼ਰਵੇਟਿਵ ਪਾਰਟੀ ਨੇ ਐਲਾਨ ਕੀਤਾ ਹੈ ਕਿ ਵਿਰੋਧੀ ਧਿਰ ਦੇ ਨੇਤਾ ਜੌਹਨ ਰਸਟਡ ਨੂੰ ਉਸ ਦੇ ਅਹੁਦੇ ਤੋਂ ਹਟਾ ਦਿੱਤਾ ਗਿਆ ਹੈ ਅਤੇ ਕਾਕਸ ਦੀ ਵੋਟ ਤੋਂ ਬਾਅਦ ਐਮ ਐਲ ਏ ਟ੍ਰੇਵਰ ਹਾਲਫੋਰਡ ਨੂੰ ਅੰਤਰਿਮ ਨੇਤਾ ਨਿਯੁਕਤ ਕੀਤਾ ਗਿਆ ਹੈ।
ਪੱਤਰਕਾਰਾਂ ਨਾਲ ਗੱਲ ਕਰਦਿਆਂ ਟ੍ਰੇਵਰ ਹਾਲਫੋਰਡ ਨੇ ਇਸ ਸਥਿਤੀ ਨੂੰ ਬਹੁਤ ਤੇਜ਼ੀ ਨਾਲ ਬਦਲ ਰਹੀ ਦੱਸਿਆ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਅੰਤਰਿਮ ਨੇਤਾ ਦੀ ਜ਼ਿੰਮੇਵਾਰੀ ਸੰਭਾਲਣ ਲਈ ਕਿਹਾ ਗਿਆ ਹੈ ਅਤੇ ਉਨ੍ਹਾਂ ਇਹ ਜ਼ਿੰਮੇਵਾਰੀ ਕਬੂਲ ਕਰ ਲਈ ਹੈ।
ਜੌਹਨ ਰਸਟਡ ਵਲੋਂ ਅਸਤੀਫੇ ਦਾ ਐਲਾਨ ਉਸ ਸਮੇਂ ਹੋਇਆ ਜਦੋਂ ਪਾਰਟੀ ਦੇ 39 ਵਿਧਾਇਕਾਂ ‘ਚੋਂ 20
ਵਿਧਾਇਕ ਉਨ੍ਹਾਂ ਦੇ ਵਿਰੋਧ ‘ਚ ਆ ਗਏ। ਜਿਹੜੇ ਕਿ ਉਸ ਦੀ ਕਾਕਸ ਦੀ ਬਹੁਮਤ ਸੰਖਿਆ ਨੂੰ ਦਰਸਾਉਂਦੇ ਹਨ, ਨੇ ਕਿਹਾ ਕਿ ਉਨ੍ਹਾਂ ਦਾ ਉਸ ਉੱਤੇ ਭਰੋਸਾ ਖਤਮ ਹੋ ਚੁੱਕਾ ਹੈ ਅਤੇ ਉਹ ਉਸ ਨੂੰ ਨੇਤਾ ਦੇ ਅਹੁਦੇ ਤੋਂ ਹਟਾਉਣਾ ਚਾਹੁੰਦੇ ਹਨ।
ਹਾਲਾਂਕਿ ਪਹਿਲਾਂ ਜੌਹਨ ਰਸਟਡ ਨੇ ਅਸਤੀਫਾ ਦੇਣ ਤੋਂ ਇਨਕਾਰ ਕਰ ਦਿੱਤਾ ਸੀ ਅਤੇ ਕਿਹਾ ਸੀ ਕਿ ਉਸ ਨੂੰ ਕੋਈ ਹਟਾ ਨਹੀਂ ਸਕਦਾ। ਰਸਟਡ ਨੇ ਪਾਰਟੀ ਦੇ ਸੰਵਿਧਾਨ ਦਾ ਹਵਾਲਾ ਦਿੰਦਿਆਂ ਕਿਹਾ ਕਿ ਨੇਤਾ ਸਿਰਫ ਅਸਤੀਫੇ, ਮੌਤ, ਅਯੋਗਤਾ ਜਾਂ ਲੀਡਰਸ਼ਿਪ ਸਮੀਖਿਆ ਰਾਹੀਂ ਹੀ ਹਟਾਇਆ ਜਾ ਸਕਦਾ ਹੈ।
ਬੁੱਧਵਾਰ ਨੂੰ ਰਸਟਡ ਦੇ ਸਮਰਥਕ ਵਿਧਾਨ ਸਭਾ ਦੇ ਅੰਦਰ ਘੁੰਮਦੇ ਨਜ਼ਰ ਆਏ ਅਤੇ ਇਹ ਦਾਅਵਾ ਕਰਦੇ ਰਹੇ ਕਿ ਉਹ ਅਜੇ ਵੀ ਵਿਰੋਧੀ ਧਿਰ ਦੇ ਨੇਤਾ ਹਨ। ਇਹ ਸਭ ਉਸ ਸਮੇਂ ਹੋਇਆ ਜਦੋਂ ਪਾਰਟੀ ਦੇ ਲੈਟਰਹੈਡ ਉੱਤੇ ਜਾਰੀ ਨਿਊਜ਼ ਰਿਲੀਜ਼ ਵਿੱਚ ਕਿਹਾ ਗਿਆ ਕਿ ਰਸਟਡ ਨੂੰ ਪੇਸ਼ੇਵਰ ਤੌਰ ਉੱਤੇ ਅਯੋਗ ਮੰਨਦਿਆਂ ਹਟਾ ਦਿੱਤਾ ਗਿਆ ਹੈ। ਬੁੱਧਵਾਰ ਦੁਪਹਿਰ ਨੂੰ ਸੋਸ਼ਲ ਮੀਡੀਆ ਉੱਤੇ ਕੀਤੀ ਇਕ ਪੋਸਟ ਵਿੱਚ ਜੌਹਨ ਰਸਟਡ ਨੇ ਕਿਹਾ ਕਿ ਉਸ ਨੇ ਨਾ ਤਾਂ ਅਸਤੀਫਾ ਦਿੱਤਾ ਹੈ, ਨਾ ਹੀ ਉਸ ਨੂੰ ਹਟਾਇਆ ਗਿਆ ਹੈ ਅਤੇ ਨਾ ਹੀ ਉਹ ਕਿਤੇ ਜਾ ਰਿਹਾ ਹੈ।
ਉਨ੍ਹਾਂ ਕਿਹਾ ਕਿ ਕੋਈ ਪਾਰਟੀ ਬੋਰਡ ਜਿੰਨੀ ਮਰਜ਼ੀ ਰਚਨਾਤਮਕ ਸ਼ਬਦਾਵਲੀ ਵਰਤ ਲਵੇ ਪਰ ਪੇਸ਼ੇਵਰ ਅਯੋਗਤਾ ਕੋਈ ਸੰਵਿਧਾਨਿਕ ਤਰੀਕਾ ਨਹੀਂ ਹੈ।
ਰਸਟਡ ਨੇ ਸਾਫ ਕਿਹਾ ਕਿ ਇਹ ਸੰਵਿਧਾਨ ਅਧੀਨ ਕੋਈ ਮਾਨਯੋਗ ਪ੍ਰਕਿਰਿਆ ਨਹੀਂ ਹੈ।
ਦੂਜੇ ਪਾਸੇ ਕੰਜ਼ਰਵੇਟਿਵ ਪਾਰਟੀ ਨੇ ਕਿਹਾ ਹੈ ਕਿ ਉਹ ਕਾਕਸ ਦੀ ਬਹੁਮਤ ਰਾਏ ਦਾ ਆਦਰ ਕਰਦੀ ਹੈ।ਇਸ ਦੇ ਬਾਵਜੂਦ ਕੁਝ ਕੰਜ਼ਰਵੇਟਿਵ ਐਮ. ਐਲ. ਏ. ਅਜੇ ਵੀ ਜੌਹਨ ਰਸਟਡ ਨੂੰ ਆਪਣਾ ਨੇਤਾ ਮੰਨ ਰਹੇ ਹਨ।ਐਬਟਸਫੋਰਡ ਵੈਸਟ ਤੋਂ ਐਮ ਐਲ ਏ ਕੋਰਕੀ ਨਿਊਫੈਲਡ ਨੇ ਜਦੋਂ ਪੱਤਰਕਾਰਾਂ ਵੱਲੋਂ ਅਗਵਾਈ ਬਾਰੇ ਸਵਾਲ ਪੁੱਛਿਆ ਗਿਆ ਤਾਂ ਉਸ ਦਾ ਜਵਾਬ ਸਵਾਲੀ ਅੰਦੇਸ਼ੇ ਨਾਲ ਦਿੱਤਾ। ਉਨ੍ਹਾਂ ਪੱਤਰਕਾਰਾਂ ਨੂੰ ਕਿਹਾ ਕਿ ਤੁਸੀਂ ਕੀ ਸੁਣਿਆ ਹੈ। ਨਿਊਫੈਲਡ ਨੇ ਕਿਹਾ ਕਿ ਇਸ ਬਾਰੇ ਹੁਣੇ ਹੀ ਪਤਾ ਲੱਗੇਗਾ ਅਤੇ ਉਹ ਸ਼ੁਰੂ ਤੋਂ ਅਖੀਰ ਤੱਕ ਹਮੇਸ਼ਾ ਜੌਹਨ ਰਸਟਡ ਦੇ ਨਾਲ ਖੜ੍ਹੇ ਰਹੇ ਹਨ। ਜਦੋਂ ਉਨ੍ਹਾਂ ਨੂੰ ਪੁੱਛਿਆ ਗਿਆ ਕਿ ਫਿਲਹਾਲ ਪਾਰਟੀ ਦਾ ਨੇਤਾ ਕੌਣ ਹੈ ਤਾਂ ਉਨ੍ਹਾਂ ਖੁੱਲ੍ਹੇ ਤੌਰ ਉੱਤੇ ਕਿਹਾ ਕਿ ਇਸ ਸਮੇਂ ਵੀ ਜੌਹਨ ਰਸਟਡ ਹੀ ਨੇਤਾ ਹਨ। ਐਬਟਸਫੋਰਡ ਮਿਸ਼ਨ ਤੋਂ ਐਮ ਐਲ ਏ ਰੀਐਨ ਗੈਸਪਰ ਨੇ ਕਿਹਾ ਕਿ ਇਸ ਸਾਰੀ ਪ੍ਰਕਿਰਿਆ ਵਿੱਚ ਅਨੁਸ਼ਾਸਨ ਅਤੇ ਕਾਇਦਾ ਹੋਣਾ ਚਾਹੀਦਾ ਸੀ ਪਰ ਇਹ ਸਭ ਕੁਝ ਬੇਤਰਤੀਬੀ ਨਾਲ ਹੋਇਆ ਹੈ।
ਉਨ੍ਹਾਂ ਕਿਹਾ ਕਿ ਉਹ ਆਪਣੇ ਸਹਿਯੋਗੀਆਂ ਤੋਂ ਨਿਰਾਸ਼ ਹਨ ਅਤੇ ਜਿਸ ਤਰੀਕੇ ਨਾਲ ਇਹ ਸਾਰੀ ਸਥਿਤੀ ਵਿਕਸਿਤ ਹੋਈ ਹੈ ਉਸ ਤੋਂ ਵੀ ਉਹ ਖੁਸ਼ ਨਹੀਂ ਹਨ। ਰੀਐਨ ਗੈਸਪਰ ਨੇ ਵੀ ਜੌਹਨ ਰਸਟਡ ਨੂੰ ਹੀ ਵਿਰੋਧੀ ਧਿਰ ਦਾ ਨੇਤਾ ਮੰਨਿਆ। ਕੰਜ਼ਰਵੇਟਿਵ ਪਾਰਟੀ ਦੀ ਹਾਊਸ ਲੀਡਰ ਏ ਲਿਆ ਵਾਰਬਸ ਨੇ ਕਿਹਾ ਕਿ ਹੋਰ ਇਕ ਪ੍ਰੈੱਸ ਰਿਲੀਜ਼ ਜਾਰੀ ਕਰਕੇ ਇਹ ਸਪਸ਼ਟ ਕੀਤਾ ਜਾਵੇਗਾ ਕਿ ਫਿਲਹਾਲ ਵਿਰੋਧੀ ਧਿਰ ਦੀ ਅਗਵਾਈ ਕੌਣ ਕਰ ਰਿਹਾ ਹੈ। ਬੁੱਧਵਾਰ ਦਾ ਇਹ ਐਲਾਨ ਉਸ ਤੋਂ ਬਾਅਦ ਸਾਹਮਣੇ ਆਇਆ ਜਦੋਂ ਵਕੀਲ ਬ੍ਰੂਸ ਹਾਲਸੋਰ ਨੇ ਪਾਰਟੀ ਦੀ ਪ੍ਰਧਾਨ ਆਈਸ਼ਾ ਐਸਟੇ ਨੂੰ ਇਕ ਪੱਤਰ ਲਿਖ ਕੇ ਕਿਹਾ ਕਿ ਉਨ੍ਹਾਂ ਕੋਲ 20 ਐਮ ਐਲ ਏ ਦੇ ਦਸਤਖ਼ਤਾਂ ਵਾਲੇ ਪੱਤਰ ਮੌਜੂਦ ਹਨ ਜਿਨ੍ਹਾਂ ਵਿੱਚ ਰਸਟਡ ਨੂੰ ਹਟਾਉਣ ਦੀ ਮੰਗ ਕੀਤੀ ਗਈ ਹੈ।
ਬੀ ਸੀ ਕੰਜ਼ਰਵੇਟਿਵ ਪਾਰਟੀ ਦੇ ਅੰਦਰ ਬਣੀ ਇਹ ਸਥਿਤੀ ਹੁਣ ਸੂਬੇ ਦੀ ਰਾਜਨੀਤੀ ਦਾ ਸਭ ਤੋਂ ਵੱਡਾ ਕੇਂਦਰੀ ਮਸਲਾ ਬਣ ਚੁੱਕੀ ਹੈ। ਸਿਆਸੀ ਮਾਹਿਰਾਂ ਦਾ ਕਹਿਣਾ ਹੈ ਕਿ ਇਹ ਅੰਦਰੂਨੀ ਟਕਰਾਅ ਆਉਣ ਵਾਲੇ ਸਮੇਂ ਵਿੱਚ ਪਾਰਟੀ ਦੀ ਸਾਖ ਅਤੇ ਵੋਟਰ ਭਰੋਸੇ ਦੋਹਾਂ ਨੂੰ ਪ੍ਰਭਾਵਿਤ ਕਰ ਸਕਦਾ ਹੈ। ਇਸ ਘਟਨਾਕ੍ਰਮ ਨੇ ਇਹ ਵੀ ਸਪਸ਼ਟ ਕਰ ਦਿੱਤਾ ਹੈ ਕਿ ਕੰਜ਼ਰਵੇਟਿਵ ਪਾਰਟੀ ਦੇ ਅੰਦਰ ਨੇਤ੍ਰਿਤਵ ਨੂੰ ਲੈ ਕੇ ਡੂੰਘੀ ਖਿਚੋਤਾਣ ਮੌਜੂਦ ਹੈ। ਹੁਣ ਸਾਰੀਆਂ ਨਜ਼ਰਾਂ ਇਸ ਗੱਲ ਉੱਤੇ ਟਿਕੀਆਂ ਹੋਈਆਂ ਹਨ ਕਿ ਇਹ ਸੰਵਿਧਾਨਿਕ ਟਕਰਾਅ ਕਾਨੂੰਨੀ ਰੂਪ ਧਾਰਦਾ ਹੈ ਜਾਂ ਉਸ ਦਾ ਕੋਈ ਸਿਆਸੀ ਹੱਲ ਕੱਢਿਆ ਜਾਂਦਾ ਹੈ। This report was written by Divroop Kaur a part of the Local Journalism Initiative.

Popular