ਲੀਡਰਸ਼ਿਪ ਰਿਵਿਊ ਵੋਟਿੰਗ ਵਿੱਚ ਹੋਈ ਗੜਬੜ, ਪਾਰਟੀ ਨੇ ਫਰਜ਼ੀ ਮੈਂਬਰ ਰੱਦ ਕੀਤੇ, ਪ੍ਰੀਮੀਅਰ ਏਬੀ ਨੇ ਕੰਜ਼ਰਵੇਟਿਵ ਲੀਡਰ ‘ਤੇ ਵੱਡੇ ਪੱਧਰ ਦੇ ਧੋਖਾਧੜੀ ਦਾ ਲਾਇਆ ਦੋਸ਼
ਸਰੀ, (ਪਰਮਜੀਤ ਸਿੰਘ): ਬ੍ਰਿਟਿਸ਼ ਕੋਲੰਬੀਆ ਕੰਜ਼ਰਵੇਟਿਵ ਪਾਰਟੀ ਨੇ ਅਧਿਕਾਰਕ ਤੌਰ ‘ਤੇ ਮੰਨਿਆ ਹੈ ਕਿ ਉਸਨੇ ਆਪਣੇ ਲੀਡਰ ਜੌਨ ਰਸਟਾਡ ਦੇ ਲੀਡਰਸ਼ਿਪ ਰਿਵਿਊ ਵੋਟਿੰਗ ਪ੍ਰਕਿਰਿਆ ਦੌਰਾਨ ਫਰਜ਼ੀ ਮੈਂਬਰਸ਼ਿਪਾਂ ਸਬੰਧੀ ਸਬੂਤ ਪ੍ਰਾਪਤ ਕੀਤੇ ਹਨ। ਪਾਰਟੀ ਨੇ ਕਿਹਾ ਹੈ ਕਿ ਜਿਨ੍ਹਾਂ ਮੈਂਬਰਸ਼ਿਪਾਂ ਨੂੰ ਅੰਦਰੂਨੀ ਜਾਂਚ ਦੌਰਾਨ ”ਨਕਲੀ” ਜਾਂ ”ਬਣਾਵਟੀ” ਪਾਇਆ ਗਿਆ, ਉਹਨਾਂ ਨੂੰ ਰੱਦ ਕਰ ਦਿੱਤਾ ਗਿਆ ਹੈ।
ਪਾਰਟੀ ਦੇ ਬੁਲਾਰੇ ਨੇ ਬਲੈਕ ਪ੍ਰੈਸ ਮੀਡੀਆ ਨਾਲ ਸਾਂਝੇ ਕੀਤੇ ਲਿਖਤੀ ਬਿਆਨ ਵਿੱਚ ਕਿਹਾ, ”ਨਵੀਆਂ ਮੈਂਬਰਸ਼ਿਪਾਂ ਦੀ ਅੰਦਰੂਨੀ ਜਾਂਚ ਦੌਰਾਨ ਅਸੀਂ ਬਣਾਵਟੀ ਮੈਂਬਰਸ਼ਿਪਾਂ ਦੀ ਪਛਾਣ ਕੀਤੀ ਅਤੇ ਤੁਰੰਤ ਉਹਨਾਂ ਨੂੰ ਰੱਦ ਕਰ ਦਿੱਤਾ।”
ਇਹ ਲੀਡਰਸ਼ਿਪ ਰਿਵਿਊ ਰਾਇਡਿੰਗ-ਬਾਈ-ਰਾਇਡਿੰਗ ਵੋਟਿੰਗ ਪ੍ਰਕਿਰਿਆ ਰਾਹੀਂ ਕੀਤਾ ਜਾ ਰਿਹਾ ਹੈ, ਜਿਸ ਵਿੱਚ ਮੈਂਬਰਾਂ ਤੋਂ ਪੁੱਛਿਆ ਜਾ ਰਿਹਾ ਹੈ ਕਿ ਉਹ ਜੌਨ ਰਸਟਾਡ ਨੂੰ ਲੀਡਰ ਵਜੋਂ ਭਰੋਸੇਯੋਗ ਮੰਨਦੇ ਹਨ ਜਾਂ ਨਹੀਂ। ਜੇ ਅੱਧ ਤੋਂ ਘੱਟ ਮੈਂਬਰ ਉਸਦਾ ਸਮਰਥਨ ਕਰਦੇ ਹਨ ਤਾਂ ਨਵਾਂ ਲੀਡਰ ਚੁਣਨ ਲਈ ਚੋਣ ਕਰਵਾਈ ਜਾਵੇਗੀ। ਇਹ ਵੋਟਾਂ ਗਰਮੀ ਦੇ ਮੌਸਮ ਤੋਂ ਸ਼ੁਰੂ ਹੋਈਆਂ ਸਨ ਅਤੇ 20 ਸਤੰਬਰ (ਸ਼ਨੀਵਾਰ) ਨੂੰ ਓਸੋਯੂਸ ਵਿੱਚ ਖ਼ਤਮ ਹੋਣਗੀਆਂ।
ਨਤੀਜੇ ਸੋਮਵਾਰ ਤੱਕ ਆ ਸਕਦੇ ਹਨ, ਹਾਲਾਂਕਿ ਪਾਰਟੀ ਨੇ ਕਿਹਾ ਹੈ ਕਿ ਵੋਟਾਂ ਨੂੰ ਵੈਨਕੂਵਰ ਦੀ ਇਕ ਕਾਨੂੰਨੀ ਫ਼ਰਮ ਵੱਲ ਭੇਜਿਆ ਜਾਵੇਗਾ, ਜਿੱਥੇ ਗਿਣਤੀ ਕੀਤੀ ਜਾਵੇਗੀ। ਇਸ ਲਈ ਅੰਤਿਮ ਸਮਾਂ ਅਜੇ ਪੱਕਾ ਨਹੀਂ ਹੈ।
ਪਾਰਟੀ ਦੇ ਅਨੁਸਾਰ, 90 ਫ਼ੀਸਦੀ ਫਰਜ਼ੀ ਮੈਂਬਰ ਕੇਲੋਨਾ ਦੀਆਂ ਚਾਰ ਰਾਇਡਿੰਗਜ਼ ਵਿੱਚ ਦਰਜ ਕੀਤੇ ਗਏ ਹਨ, ਜਿੱਥੇ ਵੋਟਿੰਗ 18 ਸਤੰਬਰ ਨੂੰ ਹੋਣੀ ਹੈ। ਪਾਰਟੀ ਨੇ ਜਾਂਚ ਬਾਰੇ ਹੋਰ ਵੇਰਵੇ ਸਾਂਝੇ ਕਰਨ ਤੋਂ ਇਨਕਾਰ ਕੀਤਾ ਹੈ।
ਬੁਲਾਰੇ ਨੇ ਕਿਹਾ, ”ਜ਼ਿੰਮੇਵਾਰੀ ਅਤੇ ਨਿੱਜਤਾ ਦੇ ਕਾਰਨਾਂ ਕਰਕੇ ਪਾਰਟੀ ਕਿਸੇ ਵੀ ਵਿਅਕਤੀ ਬਾਰੇ ਜਾਣਕਾਰੀ ਜਾਰੀ ਨਹੀਂ ਕਰ ਸਕਦੀ।”
ਬੀ.ਸੀ. ਕੰਜ਼ਰਵੇਟਿਵ ਐਮ.ਐਲ.ਏ. ਏਲੇਨੋਰ ਸਟੁਰਕੋ ਨੇ ਕਿਹਾ ਕਿ ਉਨ੍ਹਾਂ ਨੂੰ ਮੰਗਲਵਾਰ ਨੂੰ ਪਾਰਟੀ ਐਗਜ਼ਿਕਿਊਟਿਵ ਵੱਲੋਂ ਇਸ ਮਾਮਲੇ ਸਬੰਧੀ ਸੰਚਾਰ ਪ੍ਰਾਪਤ ਹੋਇਆ ਹੈ। ”ਇਸ ਨੂੰ ਪੜ੍ਹ ਕੇ ਮੈਂ ਚਿੰਤਤ ਹਾਂ,” ਸਟੁਰਕੋ ਨੇ ਕਿਹਾ। ”ਪਰ ਆਪਣੇ ਸਾਥੀ ਐਮ.ਐਲ.ਏ. ਦੇ ਆਦਰ ਸਵਰੂਪ ਅਤੇ ਵੱਡੇ ਵਿਚਾਰ-ਵਟਾਂਦਰੇ ਤੋਂ ਪਹਿਲਾਂ, ਮੈਂ ਇਸ ਬਾਰੇ ਹੋਰ ਟਿੱਪਣੀ ਕਰਨ ਤੋਂ ਰੋਕ ਰਹੀ ਹਾਂ।”
ਕੰਜ਼ਰਵੇਟਿਵ ਐਮ.ਐਲ.ਏ. ਪੀਟਰ ਮਿਲੋਬਾਰ ਨੇ ਸੋਮਵਾਰ ਨੂੰ ਕਿਹਾ ਸੀ ਕਿ ਲੀਡਰਸ਼ਿਪ ਰਿਵਿਊ ਦੀ ਪ੍ਰਕਿਰਿਆ ”ਔਖੀ” ਹੈ। ਉਸਨੇ ਇਹ ਵੀ ਕਿਹਾ ਕਿ ਇਹ ਦਾਅਵੇ ਚਿੰਤਾਜਨਕ ਹਨ। ”ਨਿਸ਼ਚਤ ਤੌਰ ‘ਤੇ ਸਾਨੂੰ ਯਕੀਨੀ ਬਣਾਉਣਾ ਚਾਹੀਦਾ ਹੈ ਕਿ ਬੀ.ਸੀ. ਕੰਜ਼ਰਵੇਟਿਵ ਕਾਕਸ ਹਮੇਸ਼ਾਂ ਸਭ ਤੋਂ ਉੱਚੇ ਪੱਧਰ ਦੀ ਇਮਾਨਦਾਰੀ ਨਾਲ ਕੰਮ ਕਰਦਾ ਹੈ ਅਤੇ ਲੋਕਾਂ ਦਾ ਭਰੋਸਾ ਬਣਿਆ ਰਹੇ।”
ਬਲੈਕ ਪ੍ਰੈਸ ਮੀਡੀਆ ਨੇ ਜੌਨ ਰਸਟਾਡ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ, ਪਰ ਕੋਈ ਜਵਾਬ ਪ੍ਰਾਪਤ ਨਹੀਂ ਹੋਇਆ। ਬੀ.ਸੀ. ਕੰਜ਼ਰਵੇਟਿਵ ਪਾਰਟੀ ਦਾ ਇਹ ਖੁਲਾਸਾ ਸੂਬਾਈ ਰਾਜਨੀਤੀ ਵਿੱਚ ਵੱਡਾ ਝਟਕਾ ਹੈ। ਆਉਣ ਵਾਲੇ ਦਿਨਾਂ ਵਿੱਚ ਇਹ ਪਤਾ ਲੱਗੇਗਾ ਕਿ ਇਹ ਦੋਸ਼ਾਂ ਅਤੇ ਅੰਦਰੂਨੀ ਵਿਵਾਦਾਂ ਦਾ ਲੀਡਰਸ਼ਿਪ ਰਿਵਿਊ ਦੇ ਨਤੀਜਿਆਂ ‘ਤੇ ਕਿਹੋ ਜਿਹਾ ਅਸਰ ਪੈਂਦਾ ਹੈ।
ਪ੍ਰੀਮੀਅਰ ਡੇਵਿਡ ਏਬੀ ਦੀ ਤਿੱਖੀ ਪ੍ਰਤੀਕਿਰਿਆ
ਪ੍ਰੀਮੀਅਰ ਡੇਵਿਡ ਏਬੀ ਨੇ ਮੰਗਲਵਾਰ ਸਵੇਰੇ ਇਸ ਵਿਵਾਦ ‘ਤੇ ਟਿੱਪਣੀ ਕਰਦਿਆਂ ਕਿਹਾ ਕਿ ਉਹਨਾਂ ਕੋਲ ਕੁਝ ਵਾਧੂ ਜਾਣਕਾਰੀ ਹੈ। ਏਬੀ ਨੇ ਕਿਹਾ, ”ਜੋ ਕੁਝ ਕੰਜ਼ਰਵੇਟਿਵ ਪਾਰਟੀ ਵਿੱਚ ਹੋ ਰਿਹਾ ਹੈ, ਉਸ ਅਨੁਸਾਰ ਉਨ੍ਹਾਂ ਦੇ ਲੀਡਰ ‘ਤੇ ਵੱਡੇ ਪੱਧਰ ਦੇ ਧੋਖਾਧੜੀ ਦੇ ਦੋਸ਼ ਹਨ ਕਈ ਮੈਂਬਰਸ਼ਿਪਾਂ ਖਰੀਦਣਾ, ਵਰਚੁਅਲ ਪ੍ਰਾਇਵੇਟ ਨੈੱਟਵਰਕ (VPN) ਸਾਫਟਵੇਅਰ ਵਰਤ ਕੇ ਇਹ ਦਿਖਾਉਣਾ ਕਿ ਉਹ ਇਰਾਨ ਵਿੱਚ ਸਥਿਤ ਹਨ। ਇਹ ਬਿਲਕੁਲ ਹੈਰਾਨ ਕਰਨ ਵਾਲੇ ਦੋਸ਼ ਹਨ।”

