ਸਰੀ, (ਦਿਵਰੂਪ ਕੌਰ): ਬ੍ਰਿਟਿਸ਼ ਕੋਲੰਬੀਆ ਸਰਕਾਰ ਨੇ ਸੂਬੇ ਦੇ ਸਭ ਤੋਂ ਘੱਟ ਭੁਗਤਾਨ ਲੈਣ ਵਾਲੇ ਕਾਮਿਆਂ ਲਈ ਇੱਕ ਬਹੁਤ ਹੀ ਅਹਿਮ ਅਤੇ ਰਾਹਤ ਭਰਿਆ ਐਲਾਨ ਕੀਤਾ ਹੈ। ਆਉਣ ਵਾਲੀ 1 ਜੂਨ 2026 ਤੋਂ ਸੂਬੇ ਵਿੱਚ ਆਮ ਮਿਨੀਮਮ ਵੇਜ ਯਾਨੀ ਪ੍ਰਤੀ ਘੰਟਾ ਘੱਟੋ ਘੱਟ ਮਜ਼ਦੂਰੀ 17.85 ਡਾਲਰ ਤੋਂ ਵਧ ਕੇ 18.25 ਡਾਲਰ ਪ੍ਰਤੀ ਘੰਟਾ ਹੋ ਜਾਵੇਗੀ। ਸਰਕਾਰ ਦਾ ਇਹ ਫੈਸਲਾ ਸਿੱਧੇ ਤੌਰ ਉੱਤੇ ਮਹਿੰਗਾਈ ਦਰ ਨਾਲ ਜੁੜਿਆ ਹੋਇਆ ਹੈ। ਸਲਾਨਾ ਮਿਨੀਮਮ ਵੇਜ ਵਿੱਚ ਹੋਣ ਵਾਲਾ ਇਹ ਵਾਧਾ ਪਿਛਲੇ ਸਾਲ ਦੀ ਸੂਬੇ ਦੀ ਔਸਤ ਮਹਿੰਗਾਈ ਦਰ ਦੇ ਆਧਾਰ ਉੱਤੇ ਤੈਅ ਕੀਤਾ ਗਿਆ ਹੈ। ਅੰਕੜਿਆਂ ਅਨੁਸਾਰ ਸਾਲ 2025 ਵਿੱਚ ਬ੍ਰਿਟਿਸ਼ ਕੋਲੰਬੀਆ ਦੀ ਔਸਤ ਮਹੀਨਾਵਾਰ ਮਹਿੰਗਾਈ ਦਰ 2.1% ਤੋਂ ਥੋੜ੍ਹੀ ਜ਼ਿਆਦਾ ਦਰਜ ਕੀਤੀ ਗਈ ਸੀ ਜਿਸ ਨੂੰ ਧਿਆਨ ਵਿੱਚ ਰੱਖਦਿਆਂ ਕਾਮਿਆਂ ਦੀ ਆਮਦਨ ਵਿੱਚ ਇਹ ਆਟੋਮੈਟਿਕ ਵਾਧਾ ਕਰਨਾ ਲਾਜ਼ਮੀ ਹੋ ਗਿਆ ਸੀ। ਬ੍ਰਿਟਿਸ਼ ਕੋਲੰਬੀਆ ਦੀ ਕਿਰਤ ਮੰਤਰੀ ਜੈਨਿਫਰ ਵ੍ਹਾਈਟਸਾਈਡ ਨੇ ਇਸ ਵਾਧੇ ਬਾਰੇ ਵਿਸਥਾਰ ਵਿੱਚ ਜਾਣਕਾਰੀ ਦਿੰਦਿਆਂ ਕਿਹਾ ਕਿ ਸੂਬੇ ਵਿੱਚ ਕੰਮ ਕਰਨ ਵਾਲੇ ਆਮ ਲੋਕ ਮਹਿੰਗਾਈ ਦਾ ਭਾਰੀ ਦਬਾਅ ਮਹਿਸੂਸ ਕਰ ਰਹੇ ਹਨ। ਉਨ੍ਹਾਂ ਦੱਸਿਆ ਕਿ ਸਰਕਾਰ ਨੇ ਸਲਾਨਾ ਮਿਨੀਮਮ ਵੇਜ ਵਿੱਚ ਇਹ ਵਾਧਾ ਇਸ ਲਈ ਲਾਗੂ ਕੀਤਾ ਹੈ ਤਾਂ ਜੋ ਮਜ਼ਦੂਰਾਂ ਦੀਆਂ ਤਨਖ਼ਾਹਾਂ ਨੂੰ ਖਾਣ ਪੀਣ ਅਤੇ ਆਵਾਜਾਈ ਵਰਗੀਆਂ ਰੋਜ਼ਾਨਾ ਦੀਆਂ ਜ਼ਰੂਰੀ ਚੀਜ਼ਾਂ ਦੀ ਵਧਦੀ ਕੀਮਤ ਦੇ ਨਾਲ ਤਾਲਮੇਲ ਬਣਾਈ ਰੱਖਣ ਵਿੱਚ ਮਦਦ ਮਿਲ ਸਕੇ। ਮੰਤਰੀ ਅਨੁਸਾਰ ਇਹ ਕਦਮ ਹਰ ਕਿਸੇ ਲਈ ਬਹੁਤ ਮਹੱਤਵਪੂਰਨ ਹੈ ਪਰ ਖ਼ਾਸਕਰ ਉਨ੍ਹਾਂ ਕਾਮਿਆਂ ਲਈ ਇਹ ਇੱਕ ਵੱਡੀ ਰਾਹਤ ਹੈ ਜੋ ਸਿਰਫ਼ ਮਿਨੀਮਮ ਵੇਜ ਉੱਤੇ ਗੁਜ਼ਾਰਾ ਕਰਦੇ ਹਨ ਅਤੇ ਉਹ ਬੁਨਿਆਦੀ ਕੰਮ ਕਰਦੇ ਹਨ ਜਿਨ੍ਹਾਂ ਉੱਤੇ ਸਮਾਜ ਦੀ ਰੋਜ਼ਾਨਾ ਜ਼ਿੰਦਗੀ ਨਿਰਭਰ ਕਰਦੀ ਹੈ।
ਇਹ ਨਵਾਂ ਵਾਧਾ ਸਿਰਫ਼ ਆਮ ਮਿਨੀਮਮ ਵੇਜ ਉੱਤੇ ਹੀ ਲਾਗੂ ਨਹੀਂ ਹੋਵੇਗਾ ਸਗੋਂ ਕਈ ਹੋਰ ਵਿਸ਼ੇਸ਼ ਸ਼੍ਰੇਣੀਆਂ ਦੇ ਕਾਮੇ ਵੀ ਇਸ ਦਾ ਲਾਭ ਪ੍ਰਾਪਤ ਕਰਨਗੇ। 1 ਜੂਨ ਤੋਂ ਲਾਗੂ ਹੋਣ ਵਾਲਾ ਇਹ ਨਿਯਮ ਵਿਸ਼ੇਸ਼ ਮਿਨੀਮਮ ਵੇਜ ਦਰਾਂ ਉੱਤੇ ਵੀ ਅਸਰਦਾਰ ਹੋਵੇਗਾ। ਇਹਨਾਂ ਵਿਸ਼ੇਸ਼ ਕਾਮਿਆਂ ਵਿੱਚ ਰਿਹਾਇਸ਼ੀ ਇਮਾਰਤਾਂ ਦੀ ਸਾਂਭ ਸੰਭਾਲ ਕਰਨ ਵਾਲੇ ਕੇਅਰਟੇਕਰ, ਬਜ਼ੁਰਗਾਂ ਅਤੇ ਅਪੰਗਤਾ ਵਾਲੇ ਵਿਅਕਤੀਆਂ ਨੂੰ ਨਿੱਜੀ ਸੰਭਾਲ ਦੇਣ ਵਾਲੇ ਲਿਵ ਇਨ ਹੋਮ ਸੁਪੋਰਟ ਕਰਮਚਾਰੀ ਅਤੇ ਕਿਸੇ ਕੈਂਪ ਵਿੱਚ ਚੈਰਿਟੀ ਦੁਆਰਾ ਨਿਯੁਕਤ ਕੀਤੇ ਗਏ ਲਿਵ ਇਨ ਕੈਂਪ ਲੀਡਰ ਸ਼ਾਮਲ ਹਨ। ਇਸ ਤੋਂ ਇਲਾਵਾ ਇਹ ਵਾਧਾ ਐਪ ਅਧਾਰਤ ਰਾਈਡ ਹੇਲਿੰਗ ਅਤੇ ਡਿਲਿਵਰੀ ਸੇਵਾ ਕਾਮਿਆਂ ਲਈ ਵੀ ਲਾਗੂ ਹੋਵੇਗਾ ਜਿਨ੍ਹਾਂ ਲਈ ਸਤੰਬਰ 2024 ਵਿੱਚ ਵਿਸ਼ੇਸ਼ ਮਿਨੀਮਮ ਵੇਜ ਨਿਰਧਾਰਤ ਕੀਤੀ ਗਈ ਸੀ। 1 ਜੂਨ 2026 ਤੋਂ ਇਹਨਾਂ ਐਪ ਅਧਾਰਤ ਡਰਾਈਵਰਾਂ ਅਤੇ ਡਿਲਿਵਰੀ ਕਰਮਚਾਰੀਆਂ ਲਈ ਉਹਨਾਂ ਦੇ ਇੰਗੇਜਡ ਟਾਈਮ ਲਈ ਮਿਨੀਮਮ ਵੇਜ 21.89 ਡਾਲਰ ਪ੍ਰਤੀ ਘੰਟਾ ਹੋ ਜਾਵੇਗੀ। ਇੱਥੇ ਇੰਗੇਜਡ ਟਾਈਮ ਦਾ ਮਤਲਬ ਉਸ ਸਮੇਂ ਤੋਂ ਹੈ ਜਦੋਂ ਕੋਈ ਵਰਕਰ ਕੰਮ ਕਬੂਲ ਕਰਦਾ ਹੈ ਅਤੇ ਉਸ ਕੰਮ ਨੂੰ ਪੂਰਾ ਕਰਨ ਤੱਕ ਦੀ ਮਿਆਦ ਹੁੰਦੀ ਹੈ, ਯਾਨੀ ਉਡੀਕ ਕਰਨ ਵਾਲੇ ਸਮੇਂ ਦੇ ਪੈਸੇ ਨਹੀਂ ਮਿਲਦੇ। ਹੱਥ ਨਾਲ ਵਾਢੀ ਕਰਨ ਵਾਲੇ ਖੇਤੀਬਾੜੀ ਕਰਮਚਾਰੀਆਂ ਲਈ ਪ੍ਰਤੀ ਪੀਸ ਘੱਟੋ ਘੱਟ ਭੁਗਤਾਨ ਵਾਲਾ ਰੇਟ ਵੀ 31 ਦਸੰਬਰ 2026 ਨੂੰ ਇਸੇ ਪ੍ਰਤੀਸ਼ਤ ਦੇ ਹਿਸਾਬ ਨਾਲ ਵਧਾ ਦਿੱਤਾ ਜਾਵੇਗਾ। ਬ੍ਰਿਟਿਸ਼ ਕੋਲੰਬੀਆ ਦਾ ਮਿਨੀਮਮ ਵੇਜ ਦੇ ਮਾਮਲੇ ਵਿੱਚ ਇਤਿਹਾਸ ਕਾਫ਼ੀ ਉਤਰਾਅ ਚੜ੍ਹਾਅ ਵਾਲਾ ਰਿਹਾ ਹੈ। ਸਾਲ 2002 ਤੋਂ ਲੈ ਕੇ 2010 ਤੱਕ ਲਗਾਤਾਰ ਨੌਂ ਸਾਲਾਂ ਲਈ ਅਤੇ ਫਿਰ ਸਾਲ 2013 ਅਤੇ 2014 ਵਿੱਚ ਸੂਬੇ ਅੰਦਰ ਮਿਨੀਮਮ ਵੇਜ ਵਿੱਚ ਕੋਈ ਵੀ ਵਾਧਾ ਨਹੀਂ ਕੀਤਾ ਗਿਆ ਸੀ। ਸਾਲ 2011 ਵਿੱਚ ਬੀਸੀ ਦੀ ਮਿਨੀਮਮ ਵੇਜ ਸਿਰਫ਼ 8 ਡਾਲਰ ਪ੍ਰਤੀ ਘੰਟਾ ਸੀ ਜੋ ਉਸ ਸਮੇਂ ਪੂਰੇ ਕੈਨੇਡਾ ਵਿੱਚ ਸਭ ਤੋਂ ਘੱਟ ਸੀ। ਉਸ ਦੌਰ ਵਿੱਚ ਤਨਖ਼ਾਹਾਂ ਵਧਾਉਣ ਲਈ ਕੋਈ ਭਰੋਸੇਯੋਗ ਜਾਂ ਪੱਕੀ ਸਮਾਂ ਸਾਰਣੀ ਮੌਜੂਦ ਨਹੀਂ ਸੀ ਜਿਸ ਕਾਰਨ ਕਾਮਿਆਂ ਨੂੰ ਕਈ ਵਾਰ ਸਾਲਾਂ ਤੱਕ ਕੋਈ ਆਰਥਿਕ ਵਾਧਾ ਨਹੀਂ ਮਿਲਦਾ ਸੀ। ਪਰ ਸਾਲ 2017 ਤੋਂ ਸਰਕਾਰ ਨੇ ਇਸ ਨੀਤੀ ਵਿੱਚ ਵੱਡਾ ਬਦਲਾਅ ਕੀਤਾ ਅਤੇ ਮਿਨੀਮਮ ਵੇਜ ਵਿੱਚ ਨਿਯਮਿਤ ਅਤੇ ਹੌਲੀ ਹੌਲੀ ਵਾਧੇ ਕਰਨੇ ਸ਼ੁਰੂ ਕੀਤੇ। ਇਸ ਦਾ ਮੁੱਖ ਮਕਸਦ ਕਾਮਿਆਂ ਨੂੰ ਆਰਥਿਕ ਸੁਰੱਖਿਆ ਦਾ ਭਰੋਸਾ ਦੇਣਾ ਅਤੇ ਕਾਰੋਬਾਰਾਂ ਲਈ ਭਵਿੱਖ ਦੀ ਵਿੱਤੀ ਯੋਜਨਾ ਬਣਾਉਣਾ ਆਸਾਨ ਕਰਨਾ ਸੀ। This report was written by Divroop Kaur as part of the Local Journalism Initiative.
ਸਾਲ 2024 ਵਿੱਚ ਸਰਕਾਰ ਨੇ ਇੱਕ ਬਹੁਤ ਹੀ ਅਹਿਮ ਕਦਮ ਚੁੱਕਦਿਆਂ ਮਿਨੀਮਮ ਵੇਜ ਵਾਧਿਆਂ ਨੂੰ ਕਾਨੂੰਨੀ ਸੁਰੱਖਿਆ ਪ੍ਰਦਾਨ ਕਰ ਦਿੱਤੀ ਸੀ। ਇਸ ਕਾਨੂੰਨ ਤਹਿਤ ਇਹਨਾਂ ਵਾਧਿਆਂ ਨੂੰ ਪਿਛਲੇ ਸਾਲ ਦੀ ਮਹਿੰਗਾਈ ਦਰ ਨਾਲ ਆਟੋਮੈਟਿਕ ਢੰਗ ਨਾਲ ਜੋੜ ਦਿੱਤਾ ਗਿਆ। ਸਮੇਂ ਦੇ ਨਾਲ ਆਈਆਂ ਇਹਨਾਂ ਤਬਦੀਲੀਆਂ ਨੇ ਬ੍ਰਿਟਿਸ਼ ਕੋਲੰਬੀਆ ਦੀ ਤਸਵੀਰ ਪੂਰੀ ਤਰ੍ਹਾਂ ਬਦਲ ਕੇ ਰੱਖ ਦਿੱਤੀ ਹੈ। ਅੱਜ ਕੈਨੇਡਾ ਦੇ ਸਾਰੇ ਸੂਬਿਆਂ ਵਿੱਚੋਂ ਸਭ ਤੋਂ ਉੱਚੀ ਮਿਨੀਮਮ ਵੇਜ ਬੀਸੀ ਵਿੱਚ ਹੀ ਦਿੱਤੀ ਜਾ ਰਹੀ ਹੈ। ਜੇਕਰ ਪੂਰੇ ਕੈਨੇਡਾ ਦੀ ਗੱਲ ਕਰੀਏ ਤਾਂ ਸਭ ਤੋਂ ਉੱਚੀ ਮਿਨੀਮਮ ਵੇਜ ਨੂਨਾਵੁਟ ਟੈਰੀਟਰੀ ਵਿੱਚ 19.75 ਡਾਲਰ ਪ੍ਰਤੀ ਘੰਟਾ ਹੈ ਜਦੋਂ ਕਿ ਫ਼ਰਵਰੀ 2026 ਦੇ ਅੰਕੜਿਆਂ ਮੁਤਾਬਕ ਐਲਬਰਟਾ ਸੂਬੇ ਵਿੱਚ ਇਹ ਸਭ ਤੋਂ ਘੱਟ 15 ਡਾਲਰ ਪ੍ਰਤੀ ਘੰਟਾ ਉੱਤੇ ਖੜ੍ਹੀ ਹੈ। ਸਰਕਾਰ ਨੇ ਪੁਰਾਣੀ ਪਹੁੰਚ ਦੀ ਥਾਂ ਨਵੀਂ ਵਿਧਾਨਕ ਪਹੁੰਚ ਅਪਣਾਈ ਹੈ ਤਾਂ ਜੋ ਕੋਈ ਵੀ ਕਾਮਾ ਵਾਧੇ ਤੋਂ ਵਾਂਝਾ ਨਾ ਰਹੇ।

