ਸਰੀ, (ਦਿਵਰੂਪ ਕੌਰ): ਬ੍ਰਿਟਿਸ਼ ਕੋਲੰਬੀਆ ਦੇ ਰਹਿਣ ਵਾਲੇ ਉੱਨੀ ਸਾਲਾ ਨੌਜਵਾਨ ਟਾਈ ਸਪਰਲੇ ਨੇ ਉਦੋਂ ਅਥਾਹ ਹੈਰਾਨੀ ਅਤੇ ਖੁਸ਼ੀ ਮਹਿਸੂਸ ਕੀਤੀ ਜਦੋਂ ਉਸ ਨੂੰ ਪਤਾ ਲੱਗਾ ਕਿ ਉਹ ਇੱਕ ਦੁਰਲੱਭ ਜੈਨੇਟਿਕ ਬਿਮਾਰੀ ਤੋਂ ਪੂਰੀ ਤਰ੍ਹਾਂ ਮੁਕਤ ਹੋ ਚੁੱਕਾ ਹੈ। ਸਪਰਲੇ ਦੁਨੀਆ ਦਾ ਪਹਿਲਾ ਅਜਿਹਾ ਵਿਅਕਤੀ ਬਣ ਗਿਆ ਹੈ ਜਿਸ ਦਾ ਇਲਾਜ ‘ਪ੍ਰਾਈਮ ਐਡੀਟਿੰਗ’ ਨਾਮਕ ਨਵੀਂ ਜੀਨ ਐਡੀਟਿੰਗ ਤਕਨੀਕ ਰਾਹੀਂ ਸਫਲਤਾਪੂਰਵਕ ਕੀਤਾ ਗਿਆ ਹੈ। ਇਹ ਇਤਿਹਾਸਕ ਪ੍ਰਾਪਤੀ ਅਮਰੀਕਾ ਸਥਿਤ ਪ੍ਰਾਈਮ ਮੈਡੀਸਨ ਕੰਪਨੀ ਦੁਆਰਾ ਕੀਤੇ ਗਏ ਕਲੀਨਿਕਲ ਟਰਾਇਲ ਦਾ ਨਤੀਜਾ ਹੈ ਜਿਸ ਦੀ ਰਿਪੋਰਟ ਪਿਛਲੇ ਦਸੰਬਰ ਵਿੱਚ ਵੱਕਾਰੀ ਨਿਊ ਇੰਗਲੈਂਡ ਜਰਨਲ ਆਫ਼ ਮੈਡੀਸਨ ਵਿੱਚ ਪ੍ਰਕਾਸ਼ਿਤ ਹੋਈ ਸੀ। ਸਪਰਲੇ ਜੋ ਕਿ ਕੈਲੋਨਾ ਦਾ ਵਸਨੀਕ ਹੈ ਉਸ ਨੂੰ ਲਗਭਗ ਪੰਜ ਸਾਲ ਦੀ ਉਮਰ ਵਿੱਚ ਕਰੋਨਿਕ ਗ੍ਰੈਨੂਲੋਮੈਟਸ ਨਾਮਕ ਬਿਮਾਰੀ ਹੋਣ ਦਾ ਪਤਾ ਲੱਗਾ ਸੀ। ਇਸ ਬਿਮਾਰੀ ਕਾਰਨ ਉਸ ਦੀ ਰੋਗ ਪ੍ਰਤੀਰੋਧਕ ਸ਼ਕਤੀ ਬਹੁਤ ਕਮਜ਼ੋਰ ਹੋ ਗਈ ਸੀ ਜਿਸ ਕਾਰਨ ਉਸ ਨੂੰ ਲਗਾਤਾਰ ਖਤਰਨਾਕ ਇਨਫੈਕਸ਼ਨਾਂ ਦਾ ਡਰ ਬਣਿਆ ਰਹਿੰਦਾ ਸੀ।
ਬੱਚਿਆਂ ਦੇ ਇਮਿਊਨੋਲੋਜਿਸਟ ਡਾਕਟਰ ਸਟੂਅਰਟ ਟਰਵੀ ਨੇ ਦੱਸਿਆ ਕਿ ਇਸ ਬਿਮਾਰੀ ਨਾਲ ਪੀੜਤ ਲੋਕ ਲੰਬਾ ਅਤੇ ਸਿਹਤਮੰਦ ਜੀਵਨ ਨਹੀਂ ਜੀਅ ਪਾਉਂਦੇ ਕਿਉਂਕਿ ਮਾਮੂਲੀ ਇਨਫੈਕਸ਼ਨ ਵੀ ਜਾਨਲੇਵਾ ਸਾਬਤ ਹੋ ਸਕਦੀ ਹੈ। ਉਨ੍ਹਾਂ ਦੱਸਿਆ ਕਿ ਮਨੁੱਖੀ ਜੀਨੋਮ ਦੀ ਸੀਕੁਐਂਸਿੰਗ ਨੇ ਖੋਜਕਰਤਾਵਾਂ ਨੂੰ ਡੀਐਨਏ ਵਿੱਚ ਮੌਜੂਦ ‘ਲਿਖਤ’ ਦੀਆਂ ਗਲਤੀਆਂ ਨੂੰ ਪਛਾਣਨ ਵਿੱਚ ਮਦਦ ਕੀਤੀ ਹੈ। ਹੁਣ ਵਿਗਿਆਨ ਇੱਕ ਅਜਿਹੇ ਦੌਰ ਵਿੱਚ ਪਹੁੰਚ ਗਿਆ ਹੈ ਜਿੱਥੇ ਇਹਨਾਂ ਬੁਨਿਆਦੀ ਖੋਜਾਂ ਦੀ ਵਰਤੋਂ ਮਰੀਜ਼ਾਂ ਦੀ ਜਾਨ ਬਚਾਉਣ ਲਈ ਕੀਤੀ ਜਾ ਰਹੀ ਹੈ। ਡਾਕਟਰ ਟਰਵੀ ਨੇ ਸਪਰਲੇ ਨੂੰ ਇਸ ਕਲੀਨਿਕਲ ਟਰਾਇਲ ਲਈ ਰਜਿਸਟਰ ਕਰਵਾਇਆ ਸੀ ਜਿਸ ਦੀ ਸੁਵਿਧਾ ਕੈਨੇਡਾ ਵਿੱਚ ਸਿਰਫ ਮਾਂਟਰੀਅਲ ਦੇ ਸੇਂਟ ਜਸਟਿਨ ਯੂਨੀਵਰਸਿਟੀ ਹਸਪਤਾਲ ਵਿੱਚ ਹੀ ਮੌਜੂਦ ਸੀ। ਇਸ ਨਵੀਂ ਤਕਨੀਕ ਦੇ ਆਉਣ ਤੋਂ ਪਹਿਲਾਂ ਸਪਰਲੇ ਨੂੰ ਰੋਜ਼ਾਨਾ ਐਂਟੀਬਾਇਓਟਿਕਸ ਅਤੇ ਹੋਰ ਦਵਾਈਆਂ ਲੈਣੀਆਂ ਪੈਂਦੀਆਂ ਸਨ ਪਰ ਫਿਰ ਵੀ ਜਾਨ ਦਾ ਖਤਰਾ ਹਮੇਸ਼ਾ ਬਣਿਆ ਰਹਿੰਦਾ ਸੀ। ਜੀਨ ਐਡੀਟਿੰਗ ਦੇ ਇਸ ਇਲਾਜ ਵਿੱਚ ਸਪਰਲੇ ਦੇ ਆਪਣੇ ਸੈੱਲਾਂ ਨੂੰ ਸਰੀਰ ਵਿੱਚੋਂ ਕੱਢ ਕੇ ਉਨ੍ਹਾਂ ਵਿੱਚ ਮੌਜੂਦ ਜੈਨੇਟਿਕ ਗਲਤੀ ਨੂੰ ਸੁਧਾਰਿਆ ਗਿਆ ਅਤੇ ਫਿਰ ਉਨ੍ਹਾਂ ਨੂੰ ਦੁਬਾਰਾ ਸਰੀਰ ਵਿੱਚ ਦਾਖਲ ਕਰ ਦਿੱਤਾ ਗਿਆ। ਇਹ ਸੋਧੇ ਹੋਏ ਸੈੱਲ ਸਰੀਰ ਵਿੱਚ ਗਏ ਅਤੇ ਤੇਜ਼ੀ ਨਾਲ ਵਧਣ ਲੱਗੇ ਜਿਸ ਨਾਲ ਪੁਰਾਣੇ ਖਰਾਬ ਸੈੱਲਾਂ ਦਾ ਪ੍ਰਭਾਵ ਖਤਮ ਹੋ ਗਿਆ। ਕਿਉਂਕਿ ਇਹ ਸੈੱਲ ਉਸ ਦੇ ਆਪਣੇ ਸਨ ਇਸ ਲਈ ਸਰੀਰ ਨੇ ਇਨ੍ਹਾਂ ਨੂੰ ਆਸਾਨੀ ਨਾਲ ਸਵੀਕਾਰ ਕਰ ਲਿਆ। ਇਸ ਤੋਂ ਪਹਿਲਾਂ ਅਜਿਹੇ ਮਰੀਜ਼ਾਂ ਲਈ ਹੱਡੀਆਂ ਦੀ ਮਿੱਝ ਦਾ ਟ੍ਰਾਂਸਪਲਾਂਟ ਇੱਕੋ ਇੱਕ ਵਿਕਲਪ ਸੀ ਪਰ ਉਸ ਲਈ ਇੱਕ ਸਹੀ ਡੋਨਰ ਦੀ ਲੋੜ ਹੁੰਦੀ ਹੈ ਜੋ ਸਪਰਲੇ ਦੇ ਮਾਮਲੇ ਵਿੱਚ ਉਪਲਬਧ ਨਹੀਂ ਸੀ। ਇਹ ਨਵੀਂ ਤਕਨੀਕ ਇੱਕ ਚਮਤਕਾਰ ਵਾਂਗ ਸਾਬਤ ਹੋਈ ਹੈ। ਯੂਨੀਵਰਸਿਟੀ ਆਫ਼ ਬੀਸੀ ਦੇ ਓਕਾਨਾਗਨ ਕੈਂਪਸ ਵਿੱਚ ਵਿਗਿਆਨ ਦੇ ਵਿਦਿਆਰਥੀ ਸਪਰਲੇ ਨੇ ਕਿਹਾ ਕਿ ਹੁਣ ਉਹ ਬਿਨਾਂ ਕਿਸੇ ਡਰ ਦੇ ਜੰਗਲਾਂ ਵਿੱਚ ਕੈਂਪਿੰਗ ਕਰਨ ਜਾ ਸਕਦਾ ਹੈ ਕਿਉਂਕਿ ਹੁਣ ਉਸ ਨੂੰ ਬੈਕਟੀਰੀਆ ਤੋਂ ਜਾਨਲੇਵਾ ਖਤਰਾ ਨਹੀਂ ਹੈ। ਉਸ ਨੇ ਦੱਸਿਆ ਕਿ ਹੁਣ ਉਸ ਨੂੰ ਰੋਜ਼ਾਨਾ ਦਵਾਈਆਂ ਲੈਣ ਦੀ ਵੀ ਲੋੜ ਨਹੀਂ ਰਹੀ ਜੋ ਕਿ ਇੱਕ ਬਹੁਤ ਵੱਡੀ ਰਾਹਤ ਹੈ। ਹਾਲਾਂਕਿ ਉਹ ਇਸ ਪ੍ਰਯੋਗ ਦਾ ਪਹਿਲਾ ਮਰੀਜ਼ ਹੋਣ ਕਾਰਨ ਕਾਫ਼ੀ ਘਬਰਾਇਆ ਹੋਇਆ ਸੀ ਪਰ ਉਸ ਨੂੰ ਆਪਣੇ ਡਾਕਟਰਾਂ ਉੱਤੇ ਪੂਰਾ ਭਰੋਸਾ ਸੀ। ਉਸ ਦੀ ਮਾਂ ਵੀ ਇਸ ਕਾਮਯਾਬੀ ਤੋਂ ਬਾਅਦ ਭਾਵੁਕ ਹੋ ਗਈ ਅਤੇ ਉਸ ਦੀਆਂ ਅੱਖਾਂ ਵਿੱਚ ਖੁਸ਼ੀ ਦੇ ਹੰਝੂ ਆ ਗਏ। ਬੀਸੀ ਦੀ ਸਿਹਤ ਮੰਤਰੀ ਜੋਸੀ ਓਸਬੋਰਨ ਨੇ ਇਸ ਸਫਲਤਾ ਨੂੰ ਸਿਹਤ ਖੇਤਰ ਵਿੱਚ ਇੱਕ ਵੱਡਾ ਮੀਲ ਪੱਥਰ ਕਰਾਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਇਹ ਜਨਤਕ ਸਿਹਤ ਸੰਭਾਲ, ਖੋਜ ਅਤੇ ਵਿਸ਼ਵਵਿਆਪੀ ਸਹਿਯੋਗ ਦੀ ਤਾਕਤ ਨੂੰ ਦਰਸਾਉਂਦਾ ਹੈ। ਹਾਲਾਂਕਿ ਇਹ ਤਕਨੀਕ ਅਜੇ ਤੱਕ ਆਮ ਮਰੀਜ਼ਾਂ ਲਈ ਰੁਟੀਨ ਵਿੱਚ ਉਪਲਬਧ ਨਹੀਂ ਹੈ ਪਰ ਮਾਹਿਰਾਂ ਅਨੁਸਾਰ ਇਹ ਆਉਣ ਵਾਲੇ ਸਮੇਂ ਵਿੱਚ ਕਈ ਦੁਰਲੱਭ ਜੈਨੇਟਿਕ ਬਿਮਾਰੀਆਂ ਲਈ ਇੱਕ ਪੱਕਾ ਇਲਾਜ ਬਣ ਕੇ ਉਭਰੇਗੀ। ਹੁਣ ਖੋਜਕਰਤਾਵਾਂ ਦਾ ਅਗਲਾ ਟੀਚਾ ਇਸ ਤਕਨੀਕ ਨੂੰ ਦੇਸ਼ ਦੇ ਵੱਖ ਵੱਖ ਸਿਹਤ ਪ੍ਰਣਾਲੀਆਂ ਰਾਹੀਂ ਆਮ ਲੋਕਾਂ ਤੱਕ ਪਹੁੰਚਾਉਣਾ ਹੈ। This report was written by Divroop Kaur as part of the Local Journalism Initiative.

