Tuesday, April 14, 2026

ਬੀ.ਸੀ. ਦੇ ਵੱਖ ਵੱਖ ਹਸਪਤਾਲ ਦਾ ਐਮਰਜੈਂਸੀ ਵਿਭਾਗਾਂ ਦਾ ਬੰਦ ਹੋਣਾ ਜਾਰੀ

ਸਰੀ, (ਿਦਵਰੂਪ ਕੌਰ): ਬੀ.ਸੀ. ਦੇ ਵੱਖ ਵੱਖ ਹਸਪਤਾਲ ਦਾ ਐਮਰਜੈਂਸੀ ਵਿਭਾਗਾਂ ਦਾ ਬੰਦ ਹੋਣਾ ਜਾਰੀ ਹੈ। 100-ਮੀਲ ਹਾਊਸ ਦੇ ਵਸਨੀਕਾਂ ਲਈ ਸਿਹਤ ਸੇਵਾਵਾਂ ਦੇ ਮਾਮਲੇ ਵਿੱਚ ਿਫਰ ਚੁਣੌਤੀਪੂਰਨ ਹੁੰਦਾ ਜਾ ਰਿਹਾ ਹੈ। ਇਸ ਇਲਾਵਾ ਪਹਿਲਾ ਡੌਸਨ ਕ੍ਰੀਕ (Danwson) ਸ਼ਹਿਰ ਦੇ ਹਸਪਤਾਲ ਦਾ ਅੈਮਰਜੈਂਸੀ ਿਵਭਾਵ ਵੀ ਬੰਦ ਕਰਨਾ ਪਿਆ ਸੀ। ਜਿਸ ਕਾਰਨ ਲੋਕਾਂ ਨੂੰ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਇੰਟੀਰੀਅਰ ਹੈਲਥ ਵੱਲੋਂ ਜਾਰੀ ਕੀਤੇ ਗਏ ਇੱਕ ਤਾਜ਼ਾ ਨੋਟਿਸ ਅਨੁਸਾਰ, 100 ਮੀਲ ਡਿਸਟ੍ਰਿਕਟ ਜਨਰਲ ਹਸਪਤਾਲ ਦਾ ਐਮਰਜੈਂਸੀ ਰੂਮ ਸੋਮਵਾਰ 23 ਮਾਰਚ ਨੂੰ ਅਸਥਾਈ ਤੌਰ ‘ਤੇ ਬੰਦ ਰਿਹਾ। ਇਹ ਫੈਸਲਾ ਪ੍ਰਸ਼ਾਸਨਿਕ ਕਾਰਨਾਂ ਅਤੇ ਸਟਾਫ ਦੀ ਉਪਲਬਧਤਾ ਨਾ ਹੋਣ ਕਰਕੇ ਲਿਆ ਗਿਆ ਹੈ, ਜਿਸ ਕਾਰਨ ਸਵੇਰੇ 7 ਵਜੇ ਤੋਂ ਲੈ ਕੇ ਰਾਤ 8 ਵਜੇ ਤੱਕ ਐਮਰਜੈਂਸੀ ਸੇਵਾਵਾਂ ਮੁਹੱਈਆ ਨਹੀਂ ਹੋ ਸਕੀਆ। ਇਸ ਘੋਸ਼ਣਾ ਨੇ ਸਥਾਨਕ ਭਾਈਚਾਰੇ ਵਿੱਚ ਚਿੰਤਾ ਦੀ ਲਹਿਰ ਪੈਦਾ ਕਰ ਦਿੱਤੀ ਹੈ ਕਿਉਂਕਿ ਇਹ ਸਿਹਤ ਸੇਵਾਵਾਂ ਵਿੱਚ ਆ ਰਹੀ ਲਗਾਤਾਰ ਰੁਕਾਵਟ ਦਾ ਇੱਕ ਹੋਰ ਅਹਿਮ ਹਿੱਸਾ ਹੈ ।
ਹੈਰਾਨੀ ਦੀ ਗੱਲ ਇਹ ਹੈ ਕਿ ਇਹ ਮਾਰਚ ਮਹੀਨੇ ਦੌਰਾਨ ਪੰਜਵੀਂ ਵਾਰ ਹੈ ਜਦੋਂ ਇਸ ਹਸਪਤਾਲ ਦੇ ਐਮਰਜੈਂਸੀ ਵਿਭਾਗ ਨੂੰ ਜਿੰਦਰਾ ਲਗਾਉਣਾ ਪਿਆ ਹੈ । ਜੇਕਰ ਇਸ ਸਾਲ ਯਾਨੀ 2026 ਦੇ ਪੂਰੇ ਅੰਕੜਿਆਂ ‘ਤੇ ਨਜ਼ਰ ਮਾਰੀ ਜਾਵੇ, ਤਾਂ ਇਹ ਦਸਵੀਂ ਵਾਰ ਹੈ ਜਦੋਂ 100 ਮੀਲ ਡਿਸਟ੍ਰਿਕਟ ਜਨਰਲ ਹਸਪਤਾਲ ਦੇ ਐਮਰਜੈਂਸੀ ਰੂਮ ਨੂੰ ਬੰਦ ਕਰਨਾ ਪਿਆ ਹੈ । ਇੰਨੀ ਵੱਡੀ ਗਿਣਤੀ ਵਿੱਚ ਸੇਵਾਵਾਂ ਦਾ ਬੰਦ ਹੋਣਾ ਇਲਾਕੇ ਦੇ ਸਿਹਤ ਢਾਂਚੇ ‘ਤੇ ਵੱਡੇ ਸਵਾਲ ਖੜ੍ਹੇ ਕਰਦਾ ਹੈ । ਵਾਰ-ਵਾਰ ਹੋ ਰਹੀਆਂ ਇਹ ਬੰਦੀਆਂ ਦਰਸਾਉਂਦੀਆਂ ਹਨ ਕਿ ਪੇਂਡੂ ਖੇਤਰਾਂ ਵਿੱਚ ਸਿਹਤ ਕਰਮਚਾਰੀਆਂ ਦੀ ਘਾਟ ਇੱਕ ਗੰਭੀਰ ਸਮੱਸਿਆ ਬਣ ਚੁੱਕੀ ਹੈ, ਜਿਸ ਦਾ ਸਿੱਧਾ ਖ਼ਮਿਆਜ਼ਾ ਆਮ ਜਨਤਾ ਨੂੰ ਭੁਗਤਣਾ ਪੈ ਰਿਹਾ ਹੈ ।
ਐਮਰਜੈਂਸੀ ਸੇਵਾਵਾਂ ਬੰਦ ਹੋਣ ਦੌਰਾਨ ਮਰੀਜ਼ਾਂ ਨੂੰ ਆ ਰਹੀਆਂ ਦਿੱਕਤਾਂ ਦੇ ਮੱਦੇਨਜ਼ਰ, ਇੰਟੀਰੀਅਰ ਹੈਲਥ ਨੇ ਵਿਕਲਪਿਕ ਪ੍ਰਬੰਧਾਂ ਬਾਰੇ ਜਾਣਕਾਰੀ ਸਾਂਝੀ ਕੀਤੀ ਹੈ । ਜਿਨ੍ਹਾਂ ਲੋਕਾਂ ਨੂੰ ਅੱਜ ਦੇ ਦਿਨ ਤੁਰੰਤ ਐਮਰਜੈਂਸੀ ਦੇਖਭਾਲ ਦੀ ਲੋੜ ਹੈ, ਉਨ੍ਹਾਂ ਨੂੰ ਵਿਲੀਅਮਜ਼ ਲੇਕ ਸਥਿਤ ਕੈਰੀਬੂ ਮੈਮੋਰੀਅਲ ਹਸਪਤਾਲ ਜਾਣ ਦੀ ਸਲਾਹ ਦਿੱਤੀ ਗਈ ਹੈ । ਹਾਲਾਂਕਿ, ਇੱਕ ਸ਼ਹਿਰ ਤੋਂ ਦੂਜੇ ਸ਼ਹਿਰ ਦਾ ਲੰਬਾ ਸਫ਼ਰ ਮਰੀਜ਼ਾਂ ਲਈ ਪਰੇਸ਼ਾਨੀ ਦਾ ਸਬੱਬ ਬਣ ਸਕਦਾ ਹੈ, ਖ਼ਾਸ ਕਰਕੇ ਉਨ੍ਹਾਂ ਹਾਲਤਾਂ ਵਿੱਚ ਜਦੋਂ ਮਰੀਜ਼ ਦੀ ਜਾਨ ਨੂੰ ਖ਼ਤਰਾ ਹੋਵੇ । ਪ੍ਰਸ਼ਾਸਨ ਨੇ ਭਰੋਸਾ ਦਿਵਾਇਆ ਹੈ ਕਿ ਐਮਰਜੈਂਸੀ ਰੂਮ ਨੂੰ ਛੱਡ ਕੇ ਹਸਪਤਾਲ ਦੀਆਂ ਬਾਕੀ ਸਾਰੀਆਂ ਇਨ-ਪੇਸ਼ੈਂਟ (inpatient) ਸੇਵਾਵਾਂ ਆਮ ਵਾਂਗ ਜਾਰੀ ਰਹਿਣਗੀਆਂ, ਜਿਸ ਨਾਲ ਪਹਿਲਾਂ ਤੋਂ ਦਾਖ਼ਲ ਮਰੀਜ਼ਾਂ ਦੇ ਇਲਾਜ ਵਿੱਚ ਕੋਈ ਰੁਕਾਵਟ ਨਹੀਂ ਆਵੇਗੀ ।
ਇੰਟੀਰੀਅਰ ਹੈਲਥ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਜਾਨਲੇਵਾ ਹਾਲਤਾਂ ਜਿਵੇਂ ਕਿ ਛਾਤੀ ਵਿੱਚ ਦਰਦ, ਸਾਹ ਲੈਣ ਵਿੱਚ ਤਕਲੀਫ਼ ਜਾਂ ਜ਼ਿਆਦਾ ਖੂਨ ਵਗਣ ਵਰਗੀਆਂ ਸਥਿਤੀਆਂ ਵਿੱਚ ਬਿਨਾਂ ਕਿਸੇ ਦੇਰੀ ਦੇ 911 ‘ਤੇ ਕਾਲ ਕੀਤੀ ਜਾਵੇ । ਅਜਿਹੀ ਹਾਲਤ ਵਿੱਚ ਪੈਰਾਮੈਡੀਕਲ ਸਟਾਫ ਮਰੀਜ਼ ਨੂੰ ਤੁਰੰਤ ਸਭ ਤੋਂ ਨੇੜਲੀ ਅਤੇ ਢੁਕਵੀਂ ਸਿਹਤ ਸਹੂਲਤ ਤੱਕ ਪਹੁੰਚਾਉਣ ਦੀ ਜ਼ਿੰਮੇਵਾਰੀ ਨਿਭਾਏਗਾ । ਜੇਕਰ ਕਿਸੇ ਵਿਅਕਤੀ ਨੂੰ ਇਹ ਸਮਝ ਨਹੀਂ ਆ ਰਹੀ ਕਿ ਉਸ ਦੀ ਸਿਹਤ ਸਥਿਤੀ ਐਮਰਜੈਂਸੀ ਰੂਮ ਜਾਣ ਦੇ ਯੋਗ ਹੈ ਜਾਂ ਨਹੀਂ, ਤਾਂ ਉਹ ਹੈਲਥ-ਲਿੰਕ ਬੀ.ਸੀ. (HealthLink BC) ਦੀ ਹੈਲਪਲਾਈਨ 811 ‘ਤੇ ਫ਼ੋਨ ਕਰਕੇ ਮਾਹਰ ਨਰਸਾਂ ਜਾਂ ਫਾਰਮਾਸਿਸਟਾਂ ਤੋਂ ਮੁਫ਼ਤ ਸਲਾਹ ਲੈ ਸਕਦਾ ਹੈ ।
ਸਥਾਨਕ ਪੱਧਰ ‘ਤੇ ਲੋਕਾਂ ਵਿੱਚ ਵਾਰ-ਵਾਰ ਹੋ ਰਹੀਆਂ ਇਨ੍ਹਾਂ ਬੰਦੀਆਂ ਨੂੰ ਲੈ ਕੇ ਭਾਰੀ ਰੋਸ ਪਾਇਆ ਜਾ ਰਿਹਾ ਹੈ । ਭਾਈਚਾਰੇ ਦੇ ਮੈਂਬਰਾਂ ਦਾ ਕਹਿਣਾ ਹੈ ਕਿ ਐਮਰਜੈਂਸੀ ਸੇਵਾਵਾਂ ਦੀ ਅਣਹੋਂਦ ਕਾਰਨ ਕਿਸੇ ਵੀ ਸਮੇਂ ਕੋਈ ਵੱਡੀ ਦੁਰਘਟਨਾ ਵਾਪਰ ਸਕਦੀ ਹੈ । ਭਾਵੇਂ ਪ੍ਰਸ਼ਾਸਨ ਵੱਲੋਂ ਹਰ ਵਾਰ ਅਸਥਾਈ ਬੰਦੀ ਦਾ ਹਵਾਲਾ ਦਿੱਤਾ ਜਾਂਦਾ ਹੈ, ਪਰ ਸਾਲ ਦੇ ਪਹਿਲੇ ਤਿੰਨ ਮਹੀਨਿਆਂ ਵਿੱਚ ਹੀ ਦਸ ਵਾਰ ਅਜਿਹੀ ਸਥਿਤੀ ਪੈਦਾ ਹੋਣੀ ਸਰਕਾਰ ਦੀ ਕਾਰਜਪ੍ਰਣਾਲੀ ‘ਤੇ ਸਵਾਲ ਖੜ੍ਹੇ ਕਰਦੀ ਹੈ । ਲੋਕਾਂ ਨੇ ਮੰਗ ਕੀਤੀ ਹੈ ਕਿ ਸੂਬਾ ਸਰਕਾਰ ਅਤੇ ਸਿਹਤ ਵਿਭਾਗ ਮਿਲ ਕੇ ਇਸ ਸਮੱਸਿਆ ਦਾ ਸਥਾਈ ਹੱਲ ਲੱਭਣ ਤਾਂ ਜੋ ਆਮ ਲੋਕਾਂ ਨੂੰ ਬਿਨਾਂ ਕਿਸੇ ਡਰ ਅਤੇ ਰੁਕਾਵਟ ਦੇ ਆਪਣੇ ਹੀ ਸ਼ਹਿਰ ਵਿੱਚ ਸਿਹਤ ਸਹੂਲਤਾਂ ਮਿਲਦੀਆਂ ਰਹਿਣ । This report was written by Divroop Kaur as part of the Local Journalism Initiative.

Popular