ਸਰੀ, (ਦਿਵਰੂਪ ਕੌਰ): ਬ੍ਰਿਟਿਸ਼ ਕੋਲੰਬੀਆ ਵਿੱਚ ਰਾਜਨੀਤਿਕ ਮਾਹੌਲ ਇੱਕ ਨਵੇਂ ਵਿਵਾਦ ਨਾਲ ਗਰਮਾਇਆ ਹੋਇਆ ਹੈ। ਬੀ.ਸੀ. ਕੰਜ਼ਰਵੇਟਿਵ ਪਾਰਟੀ ਨੇ ਐਨ.ਡੀ.ਪੀ. ਸਰਕਾਰ ਨੂੰ ਕੜੇ ਸ਼ਬਦਾਂ ਵਿੱਚ ਘੇਰਿਆ ਹੈ ਕਿਉਂਕਿ ਪ੍ਰੀਮੀਅਰ ਡੇਵਿਡ ਏਬੀ ਵੱਲੋਂ ਆਪਣੇ ਦੋਸਤ ਅਤੇ ਕੌਮੀਡੀਅਨ ਚਾਰਲੀ ਡਿਮੇਰਜ਼ ਨੂੰ ਇੱਕ ਲਾਭਕਾਰੀ ਕੌਨਟਰੈਕਟ ‘ਤੇ ਸਪੀਚਰਾਈਟਰ ਵਜੋਂ ਭਰਤੀ ਕੀਤਾ ਗਿਆ ਹੈ।
ਡਿਮੇਰਜ਼ ਨੂੰ ਇਸ ਸੌਦੇ ਦੇ ਤਹਿਤ ਪ੍ਰਤੀ ਘੰਟਾ $165 ਮਿਲ ਰਹੇ ਹਨ। ਪਹਿਲੇ ਦੋ ਸਾਲਾਂ ਵਿੱਚ ਉਹ $150,000 ਤੱਕ ਕਮਾ ਸਕਦੇ ਹਨ। ਕੌਨਟਰੈਕਟ ਵਿੱਚ ਇੱਕ ਵਾਧੇ ਦਾ ਵਿਕਲਪ ਵੀ ਸ਼ਾਮਲ ਹੈ, ਜਿਸ ਨਾਲ ਉਹਨਾਂ ਦੀ ਕੁੱਲ ਕਮਾਈ $450,000 ਤੱਕ ਪਹੁੰਚ ਸਕਦੀ ਹੈ। ਕੰਜ਼ਰਵੇਟਿਵ ਫਾਇਨੈਂਸ ਆਲੋਚਕ ਪੀਟਰ ਮਿਲੋਬਾਰ ਨੇ ਕਿਹਾ ਕਿ ਇਹ ਫੈਸਲਾ ਰਾਜ ਦੇ ਵੱਡੇ ਘਾਟੇ ਅਤੇ ਲੋਕਾਂ ਦੀਆਂ ਮੁਸ਼ਕਲਾਂ ਦੇ ਸਮੇਂ ਗਲਤ ਤਰਜੀਹਾਂ ਨੂੰ ਦਰਸਾਉਂਦਾ ਹੈ। ਉਨ੍ਹਾਂ ਨੇ ਕਿਹਾ:
”ਸਰਕਾਰ ਵਿੱਚ ਖਰਚਾ ਕਾਬੂ ਤੋਂ ਬਾਹਰ ਹੈ। ਇਕ ਪਾਸੇ ਰਿਕਾਰਡ ਘਾਟਾ ਹੈ, ਦੂਜੇ ਪਾਸੇ ਪ੍ਰੀਮੀਅਰ ਇਕ ਦੋਸਤ ਨੂੰ, ਜੋਕ ਲਿਖਣ ਲਈ, ਮਹਿੰਗੀ ਤਨਖਾਹ ‘ਤੇ ਭਰਤੀ ਕਰ ਰਹੇ ਹਨ। ਇਹ ਲੋਕਾਂ ਨਾਲ ਇਨਸਾਫ਼ ਨਹੀਂ ਹੈ।”
ਮਿਲੋਬਾਰ ਦਾ ਇਹ ਵੀ ਕਹਿਣਾ ਸੀ ਕਿ ਸਰਕਾਰ ਵੱਲੋਂ ਹਾਲ ਹੀ ਵਿੱਚ ਭਰਤੀ ‘ਤੇ ਲਗਾਈ ਗਈ ਰੋਕ ਦੇ ਬਾਵਜੂਦ ਪ੍ਰੀਮੀਅਰ ਵੱਲੋਂ ਇਸ ਤਰ੍ਹਾਂ ਦੀ ਭਰਤੀ ”ਲੋਕਾਂ ਦੀਆਂ ਭਾਵਨਾਵਾਂ ਨਾਲ ਖੇਡਣ ਵਰਗੀ” ਹੈ।
ਪਰ ਪ੍ਰੀਮੀਅਰ ਡੇਵਿਡ ਏਬੀ ਨੇ ਇਸ ਫ਼ੈਸਲੇ ਦਾ ਬਚਾਅ ਕੀਤਾ। ਉਨ੍ਹਾਂ ਨੇ ਕਿਹਾ ਕਿ ਚਾਰਲੀ ਡਿਮੇਰਜ਼ ਕੇਵਲ ਇਕੱਲੇ ਹੀ ਨਹੀਂ, ਸਗੋਂ ਸਪੀਚਰਾਈਟਰਾਂ ਦੀ ਟੀਮ ਦਾ ਹਿੱਸਾ ਹਨ।
ਏਬੀ ਨੇ ਕਿਹਾ: ”ਅੱਜ ਮੈਨੂੰ ਪੰਜ ਵੱਖ-ਵੱਖ ਭਾਸ਼ਣ ਦੇਣੇ ਹਨ। ਮੈਂ ਚਾਹੁੰਦਾ ਹਾਂ ਕਿ ਆਪਣੇ ਭਾਸ਼ਣ ਆਪ ਲਿਖਾਂ ਜਿਵੇਂ ਪਹਿਲਾਂ ਕਰਦਾ ਸੀ, ਪਰ ਮੇਰੇ ਕੋਲ ਸਮਾਂ ਨਹੀਂ। ਸਪੀਚਰਾਈਟਰ ਮੇਰੇ ਕੰਮ ਦਾ ਅਟੁੱਟ ਹਿੱਸਾ ਹਨ।”
ਡਿਮੇਰਜ਼ ਨਾਲ ਕੌਨਟਰੈਕਟ ਫਰਵਰੀ ਵਿੱਚ ਸਾਇਨ ਕੀਤਾ ਗਿਆ ਸੀ। ਹੁਣ ਤੱਕ ਉਹਨਾਂ ਨੂੰ $14,000 ਦੀ ਭੁਗਤਾਨੀ ਕੀਤੀ ਜਾ ਚੁੱਕੀ ਹੈ।
ਕੰਜ਼ਰਵੇਟਿਵ ਪਾਰਟੀ ਦਾ ਕਹਿਣਾ ਹੈ ਕਿ ਇਸ ਭਰਤੀ ਨਾਲ ਲੋਕਾਂ ਵਿੱਚ ਸਰਕਾਰ ਦੀ ਨੀਤੀਆਂ ਪ੍ਰਤੀ ਅਸੰਤੋਸ਼ ਵਧੇਗਾ, ਖਾਸ ਕਰਕੇ ਜਦੋਂ ਸੂਬਾ ਆਰਥਿਕ ਮੁਸ਼ਕਲਾਂ ਨਾਲ ਜੂਝ ਰਿਹਾ ਹੈ। ਉਹਨਾਂ ਦਾ ਦਲੀਲ ਹੈ ਕਿ ਸਰਕਾਰ ਨੂੰ ਲੋਕਾਂ ਦੀਆਂ ਜ਼ਰੂਰਤਾਂ ‘ਤੇ ਧਿਆਨ ਦੇਣਾ ਚਾਹੀਦਾ ਸੀ ਨਾ ਕਿ ਦੋਸਤੀ ਦੇ ਨਾਤੇ ਮਹਿੰਗੇ ਕੌਨਟਰੈਕਟ ਵੰਡਣ।
ਰਾਜਨੀਤਿਕ ਨਿਗਰਾਨਾਂ ਦਾ ਮੰਨਣਾ ਹੈ ਕਿ ਇਹ ਮਾਮਲਾ ਆਉਣ ਵਾਲੀਆਂ ਰਾਜਨੀਤਿਕ ਚਰਚਾਵਾਂ ਵਿੱਚ ਮੁੱਖ ਮਸਲਾ ਬਣ ਸਕਦਾ ਹੈ। ਸਰਕਾਰ ਦੇ ਸਮਰਥਕ ਕਹਿੰਦੇ ਹਨ ਕਿ ਹਰ ਪ੍ਰੀਮੀਅਰ ਨੂੰ ਭਾਸ਼ਣ ਲਿਖਣ ਵਿੱਚ ਮਦਦ ਲਈ ਪੇਸ਼ਾਵਰ ਲੋਕਾਂ ਦੀ ਲੋੜ ਹੁੰਦੀ ਹੈ, ਜਦਕਿ ਵਿਰੋਧੀ ਧਿਰ ਮੰਨਦੀ ਹੈ ਕਿ ਇਹ ”ਟੈਕਸ ਪੇਅਰਜ਼ ਦੇ ਪੈਸੇ ਦੀ ਗਲਤ ਵਰਤੋਂ” ਹੈ।
ਚਾਰਲੀ ਡਿਮੇਰਜ਼, ਜੋ ਇੱਕ ਮਸ਼ਹੂਰ ਕੌਮੀਡੀਅਨ ਅਤੇ ਲੇਖਕ ਹਨ, ਆਪਣੀ ਲਿਖਤ ਅਤੇ ਰਚਨਾਤਮਕਤਾ ਲਈ ਜਾਣੇ ਜਾਂਦੇ ਹਨ। ਪਰ ਉਨ੍ਹਾਂ ਦੀ ਭਰਤੀ ਨਾਲ ਜੁੜਿਆ ਵਿਵਾਦ ਹੁਣ ਰਾਜਨੀਤਿਕ ਤੂਫ਼ਾਨ ਦਾ ਰੂਪ ਲੈ ਚੁੱਕਾ ਹੈ। ਅਜੇ ਵੇਖਣਾ ਇਹ ਹੈ ਕਿ ਲੋਕਾਂ ਦੀਆਂ ਭਾਵਨਾਵਾਂ ‘ਤੇ ਇਸ ਮਾਮਲੇ ਦਾ ਕੀ ਪ੍ਰਭਾਵ ਪੈਂਦਾ ਹੈ ਅਤੇ ਸਰਕਾਰ ਕਿਵੇਂ ਆਪਣੇ ਫੈਸਲੇ ਦਾ ਬਚਾਅ ਜਾਰੀ ਰੱਖਦੀ ਹੈ। This report was written by Divroop Kaur as part of the Local Journalism Initiative.

