Wednesday, April 15, 2026

ਬੀ. ਸੀ. ਵਿਚ ਫੈਮਿਸਾਈਡ ਖਿਲਾਫ ਉੱਠੀ ਆਵਾਜ਼, ਵਿਕਟੋਰੀਆ ਵਿਚ ਖਾਮੋਸ਼ ਪ੍ਰਦਰਸ਼ਨ

 

ਬੀ.ਸੀ. ਵਿਚ ਘਰੇਲੂ ਹਿੰਸਾ ਦੌਰਾਨ ਮਾਰੀਆਂ ਗਈਆਂ 15 ਔਰਤਾਂ ਨੂੰ ਸ਼ਰਧਾਂਜਲੀ
ਸਰੀ, (ਦਿਵਰੂਪ ਕੌਰ): ਬ੍ਰਿਟਿਸ਼ ਕੋਲੰਬੀਆ ਵਿਚ ਇਸ ਸਾਲ ਮਰਦਾਂ ਵੱਲੋਂ ਮਾਰੀ ਗਈਆਂ 15 ਔਰਤਾਂ ਦੀ ਯਾਦ ਵਿਚ ਮੰਗਲਵਾਰ 25 ਨਵੰਬਰ ਨੂੰ ਵਿਕਟੋਰੀਆ ਸ਼ਹਿਰ ਵਿਚ ਇੱਕ ਖਾਮੋਸ਼ ਰੈਲੀ ਕੱਢੀ ਗਈ। ਇਹ ਰੈਲੀ ਵੈਨਕੂਵਰ ਅਧਾਰਿਤ Vancouver Rape Relief ਵੱਲੋਂ ਆਯੋਜਿਤ ਕੀਤੀ ਗਈ, ਜਿਸਦਾ ਮਕਸਦ ਮਰਨ ਵਾਲੀਆਂ ਔਰਤਾਂ ਨੂੰ ਸ਼ਰਧਾਂਜਲੀ ਦੇਣਾ ਅਤੇ ਸਮਾਜ ਨੂੰ ਔਰਤਾਂ ਖਿਲਾਫ ਵਧ ਰਹੀ ਹਿੰਸਾ ਬਾਰੇ ਜਗਰੂਕ ਕਰਨਾ ਸੀ। ਇਸ ਰੈਲੀ ਵਿਚ ਸਰੀ ਦੀਆਂ ਦੋ ਔਰਤਾਂ ਵੀ ਸ਼ਾਮਲ ਸਨ, ਜਿਨ੍ਹਾਂ ਦੀ ਮੌਤ ਨੇ ਭਾਈਚਾਰੇ ਨੂੰ ਹਿਲਾ ਕੇ ਰੱਖ ਦਿੱਤਾ ਸੀ।
ਰੈਲੀ ਵਿਚ ਸ਼ਾਮਲ ਹਰ ਵਿਅਕਤੀ ਨੇ ਆਪਣੇ ਹੱਥਾਂ ਵਿਚ ਇੱਕ ਤਖ਼ਤੀ ਫੜੀ ਹੋਈ ਸੀ, ਜਿਸ ਉੱਤੇ ਮਰਨ ਵਾਲੀ ਔਰਤ ਦਾ ਨਾਮ, ਉਮਰ ਅਤੇ ਮੌਤ ਦੀ ਤਾਰੀਖ ਦਰਜ ਸੀ। ਇਹ ਨਜ਼ਾਰਾ ਬੇਹੱਦ ਦਰਦਨਾਕ ਅਤੇ ਦਿਲ ਨੂੰ ਛੂਹਣ ਵਾਲਾ ਸੀ। ਇਹ ਸਮਾਗਮ ਔਰਤਾਂ ਖਿਲਾਫ ਹਿੰਸਾ ਦੇ ਖਾਤਮੇ ਲਈ ਮਨਾਏ ਜਾਂਦੇ ਅੰਤਰਰਾਸ਼ਟਰੀ ਦਿਨ ਮੌਕੇ ਕਰਵਾਇਆ ਗਿਆ।
ਸਰੀ ਵਾਸਣ ਆਈਵੀ ਮਿਸ਼ੈਲ ਬੈਲ ਚਾਲੀ ਸਾਲ ਅਤੇ ਇੱਕ ਹੋਰ ਅਣਪਛਾਤੀ ਔਰਤ ਜੋ ਆਪਣੇ ਸੱਠੇ ਸਾਲਾਂ ਵਿਚ ਸੀ, ਉਹ ਦੋਨੋਂ ਔਰਤਾਂ ਸਨ ਜਿਨ੍ਹਾਂ ਦੀ ਯਾਦ ਵਿਚ ਸਰੀ ਦੇ ਨਾਮ ਵੀ ਰੈਲੀ ਦੌਰਾਨ ਗੂੰਜੇ। ਵੈਂਕੂਵਰ ਰੇਪ ਰਿਲੀਫ ਦੀ ਬੁਲਾਰਣ ਹਿਲਾ ਕਰਨਰ ਨੇ ਕਿਹਾ ਕਿ ਦੂਜੀ ਔਰਤ ਦਾ ਨਾਮ ਉਨ੍ਹਾਂ ਨੂੰ ਨਹੀਂ ਮਿਲ ਸਕਿਆ, ਪਰ ਇਸ ਦੇ ਬਾਵਜੂਦ ਉਹ ਉਸ ਦੀ ਮੌਤ ਦਾ ਸੋਗ ਮਨਾਉਂਦੇ ਹਨ ਅਤੇ ਉਸਦੀ ਜੰਿਦਗੀ ਨੂੰ ਇਜ਼ਜ਼ਤ ਨਾਲ ਯਾਦ ਕਰਦੇ ਹਨ।
ਸੱਤ ਜੁਲਾਈ ਦੀ ਸ਼ਾਮ ਕਰੀਬ ਅੱਠ ਵਜੇ ਤੀਹ ਮਿੰਟ ਦੇ ਆਸਪਾਸ ਸਰੀ ਦੇ ਇਕ ਘਰ ਵਿਚ ਹਮਲੇ ਦੀ ਸੂਚਨਾ ਮਿਲਣ ਉੱਤੇ RCMP Surrey Provincial Operations Support Unit ਦੇ ਅਧਿਕਾਰੀ ਮੌਕੇ ਉੱਤੇ ਪਹੁੰਚੇ। ਇਹ ਘਟਨਾ 194 ਸਟਰੀਟ ਅਤੇ 86 ਐਵੇਨਿਊ ਦੇ ਨੇੜੇ ਦਰਜ ਕੀਤੀ ਗਈ ਸੀ, ਜਿਸ ਦੀ ਪੁਸ਼ਟੀ Independent Investigations Office of BC ਵੱਲੋਂ ਕੀਤੀ ਗਈ।
ਉਸ ਸਮੇਂ ਨੌ ਇਕ ਇਕ ਕਾਲ ਕਰਨ ਵਾਲੇ ਨੇ ਇਹ ਵੀ ਦੱਸਿਆ ਸੀ ਕਿ ਇੱਕ ਵਿਅਕਤੀ ਜ਼ਖ਼ਮੀ ਹੋਇਆ ਹੈ। ਜਦੋਂ ਪੁਲਿਸ ਅਧਿਕਾਰੀ ਘਰ ਅੰਦਰ ਦਾਖਲ ਹੋਏ ਤਾਂ ਉਨ੍ਹਾਂ ਦਾ ਸਾਹਮਣਾ ਇੱਕ ਹਥਿਆਰ ਨਾਲ ਲੈਸ ਵਿਅਕਤੀ ਨਾਲ ਹੋਇਆ। ਹਾਲਾਤ ਬੇਕਾਬੂ ਹੋ ਗਏ ਅਤੇ ਪੁਲਿਸ ਵੱਲੋਂ ਗੋਲੀਆਂ ਚਲਾਈਆਂ ਗਈਆਂ। ਨੇੜੇ ਹੀ ਤਾਇਨਾਤ ਬੀ ਸੀ ਐਮਰਜੈਂਸੀ ਹੈਲਥ ਸਰਵਿਸਿਜ਼ ਦੇ ਕਰਮਚਾਰੀਆਂ ਨੂੰ ਤੁਰੰਤ ਸੱਦਾ ਦਿੱਤਾ ਗਿਆ, ਪਰ ਉਸ ਮਰਦ ਦੀ ਮੌਤ ਹੋ ਗਈ। ਘਰ ਦੇ ਅੰਦਰੋਂ ਬਾਅਦ ਵਿਚ ਇੱਕ ਔਰਤ ਦੀ ਲਾਸ਼ ਵੀ ਬਰਾਮਦ ਕੀਤੀ ਗਈ। ਪੁਲਿਸ ਨੇ ਅੰਦਾਜ਼ਾ ਲਗਾਇਆ ਕਿ ਇਹ ਘਟਨਾ ਨਜ਼ਦੀਕੀ ਸਾਥੀ ਵੱਲੋਂ ਕੀਤੀ ਹਿੰਸਾ ਦਾ ਮਾਮਲਾ ਸੀ।
ਇੱਕ ਹੋਰ ਦਰਦਨਾਕ ਘਟਨਾ ਤੇਰਾਂ ਜੁਲਾਈ ਨੂੰ ਵਾਪਰੀ, ਜਦੋਂ ਸਵੇਰੇ ਚਾਰ ਵਜੇ ਤੀਹ ਮਿੰਟ ਦੇ ਆਸਪਾਸ ਵੈਂਕੂਵਰ ਦੇ ਗੈਸਟਾਊਨ ਇਲਾਕੇ ਵਿਚ ਕੈਰਲ ਸਟਰੀਟ ਅਤੇ ਵਾਟਰ ਸਟਰੀਟ ਨੇੜੇ ਛੁਰੀ ਮਾਰਨ ਦੀ ਸੂਚਨਾ ਮਿਲੀ। Vancouver Police Department ਨੇ ਤੁਰੰਤ ਮੌਕੇ ਉੱਤੇ ਪਹੁੰਚ ਕੇ ਰਾਹਤ ਬਚਾਅ ਕਾਰਵਾਈ ਸ਼ੁਰੂ ਕੀਤੀ, ਪਰ ਹਰੇਕ ਯਤਨ ਦੇ ਬਾਵਜੂਦ ਆਈਵੀ ਮਿਸ਼ੈਲ ਬੈਲ ਦੀ ਮੌਤ ਹਸਪਤਾਲ ਵਿਚ ਹੋ ਗਈ।
ਇਸ ਘਟਨਾ ਤੋਂ ਕੁਝ ਸਮੇਂ ਬਾਅਦ ਇੱਕ ਇਕੱਤੀ ਸਾਲਾ ਮਰਦ ਨੂੰ ਗ੍ਰਿਫ਼ਤਾਰ ਕੀਤਾ ਗਿਆ, ਪਰ ਜਾਂਚ ਲੰਬਿਤ ਹੋਣ ਕਾਰਨ ਉਸਨੂੰ ਰਿਹਾਅ ਕਰ ਦਿੱਤਾ ਗਿਆ। ਪੁਲਿਸ ਨੇ ਇਹ ਵੀ ਕਿਹਾ ਕਿ ਮਰਨ ਵਾਲੀ ਆਈਵੀ ਬੈਲ ਅਤੇ ਸੰਦੇਹੀ ਇਕ ਦੂਜੇ ਨੂੰ ਜਾਣਦੇ ਸਨ।
ਵੈਂਕੂਵਰ ਰੇਪ ਰਿਲੀਫ ਵੱਲੋਂ ਹੁਣ BC Coroners Service ਨੂੰ ਇਹ ਅਪੀਲ ਵੀ ਕੀਤੀ ਗਈ ਹੈ ਕਿ ਸੂਬੇ ਵਿਚ ਹੋਣ ਵਾਲੇ ਹਰ ਫੈਮਿਸਾਈਡ ਮਾਮਲੇ ਦੀ ਕੋਰੋਨਰ ਜਾਂਚ ਕਰਵਾਈ ਜਾਵੇ। ਹਿਲਾ ਕਰਨਰ ਨੇ ਕਿਹਾ ਕਿ ਅਜਿਹੀਆਂ ਜਾਂਚਾਂ ਨਾਲ ਸਿਸਟਮ ਦੀਆਂ ਖਾਮੀਆਂ ਅਤੇ ਨਾਕਾਮੀਆਂ ਸਾਹਮਣੇ ਆਉਣਗੀਆਂ ਅਤੇ ਭਵਿੱਖ ਵਿਚ ਹੋਰ ਪੀੜਤਾਂ ਨੂੰ ਬਚਾਉਣ ਲਈ ਢੁਕਵੇਂ ਕਦਮ ਚੁੱਕੇ ਜਾ ਸਕਣਗੇ।
ਇਹ ਖਾਮੋਸ਼ ਰੈਲੀ ਸਿਰਫ਼ ਸ਼ਰਧਾਂਜਲੀ ਨਹੀਂ ਸੀ, ਸਗੋਂ ਇਹ ਸਮਾਜ ਲਈ ਇੱਕ ਕੜਾ ਸੰਦੇਸ਼ ਵੀ ਸੀ ਕਿ ਔਰਤਾਂ ਖਿਲਾਫ ਹਿੰਸਾ ਨੂੰ ਹੁਣ ਹੋਰ ਅਣਡਿੱਠਾ ਨਹੀਂ ਕੀਤਾ ਜਾ ਸਕਦਾ। ਇਹ ਮੋਮਬੱਤੀਆਂ ਬੀ ਸੀ ਦੀ ਧਰਤੀ ਉੱਤੇ ਮਾਰੀ ਗਈਆਂ ਧੀਆਂ ਦੀ ਚੀਖ ਬਣ ਕੇ ਹਰ ਦਿਲ ਤੱਕ ਪਹੁੰਚ ਰਹੀਆਂ ਸਨ। This report was written by Divroop Kaur as part of the Local Journalism Initiative.

Popular