Thursday, December 4, 2025

ਬੀ.ਸੀ. ਵਿੱਚ ਨਸ਼ਿਆਂ ਦੀ ਓਵਰਡੋਜ਼ ਨਾਲ ਸਤੰਬਰ ਮਹੀਨੇ ਹੋਈਆਂ 158 ਮੌਤਾਂ

 

ਸਰੀ, (ਦਿਵਰੂਪ ਕੌਰ): ਬ੍ਰਿਟਿਸ਼ ਕੋਲੰਬੀਆ ਵਿਚ ਨਸ਼ਿਆਂ ਦੀ ਓਵਰਡੋਜ ਨਾਲ ਸਤੰਬਰ ਮਹੀਨੇ 158 ਲੋਕਾਂ ਦੀ ਮੌਤ ਹੋਣ ਦੀ ਰਿਪੋਰਟ ਜਾਰੀ ਕੀਤੀ ਗਈ ਹੈ। ਰਾਹਤ ਦੀ ਗੱਲ ਇਹ ਹੈ ਕਿ ਇਗ ਗਿਣਤੀ ਪਿਛਲੇ ਸਾਲ ਦੇ ਸਤੰਬਰ ਨਾਲੋਂ ਲਗਭਗ 20 ਪ੍ਰਤੀਸ਼ਤ ਘੱਟ ਹੈ, ਜਿਸਨੂੰ ਮਾਹਿਰਾਂ ਨੇ ਸੰਕਟ ਵਿੱਚ ਇੱਕ ਸਾਵਧਾਨੀ ਭਰਿਆ ਸਕਾਰਾਤਮਕ ਸੰਕੇਤ ਦੱਸਿਆ ਹੈ। ਰਿਪੋਰਟ ਵਿੱਚ ਇਹ ਵੀ ਦਰਸਾਇਆ ਗਿਆ ਹੈ ਕਿ ਮੌਤਾਂ ਦੇ ਜ਼ਿਆਦਾਤਰ ਕੇਸਾਂ ਵਿੱਚ ਫੈਂਟਨਾਈਲ ਜਾਂ ਇਸ ਨਾਲ ਜੁੜੇ ਰਸਾਇਣਕ ਤੱਤ ਪਾਏ ਗਏ। ਟੈਸਟਿੰਗ ਕੀਤੀਆਂ ਮੌਤਾਂ ਵਿੱਚੋਂ 84 ਪ੍ਰਤੀਸ਼ਤ ਵਿੱਚ ਫੈਂਟਨਾਈਲ ਮੌਜੂਦ ਸੀ, ਜੋ ਇਹ ਸਪਸ਼ਟ ਕਰਦਾ ਹੈ ਕਿ ਇਹ ਮਾਦਾ ਅਜੇ ਵੀ ਮੁੱਖ ਅਤੇ ਸਭ ਤੋਂ ਖ਼ਤਰਨਾਕ ਕਾਰਨ ਬਣਿਆ ਹੋਇਆ ਹੈ।
ਕੋਰੋਨਰ ਸੇਵਾ ਅਨੁਸਾਰ, ਗੈਰ ਨਿਯੰਤਰਿਤ ਨਸ਼ੀਲੇ ਪਦਾਰਥਾਂ ਨਾਲ ਸੰਬੰਧਤ ਮੌਤਾਂ ਦੀ ਦਰ ਵਿੱਚ 2023 ਦੇ ਮੁਕਾਬਲੇ ਇਸ ਸਾਲ 31 ਪ੍ਰਤੀਸ਼ਤ ਦੀ ਗਿਰਾਵਟ ਦਰਜ ਕੀਤੀ ਗਈ ਹੈ। 2023 ਵਿੱਚ ਜਿੱਥੇ 2,589 ਲੋਕ ਆਪਣੀ ਜਾਨ ਗੁਆ ਬੈਠੇ ਸਨ, ਉਥੇ ਇਸ ਸਾਲ ਦੀ ਮੌਜੂਦਾ ਗਿਣਤੀ ਕਾਫ਼ੀ ਘੱਟ ਹੈ। ਮੌਤਾਂ ਦੀ ਦਰ ਹੁਣ 32.3 ਮੌਤਾਂ ਪ੍ਰਤੀ 100,000 ਜਨਸੰਖਿਆ ਰਹਿ ਗਈ ਹੈ, ਜੋ ਕਿ 2019 ਤੋਂ ਬਾਅਦ ਦਾ ਸਭ ਤੋਂ ਘੱਟ ਅੰਕ ਹੈ। ਹਾਲਾਂਕਿ ਮਾਹਿਰਾਂ ਦਾ ਕਹਿਣਾ ਹੈ ਕਿ ਇਹ ਗਿਰਾਵਟ ਸੰਕਟ ਦੇ ਖ਼ਤਮ ਹੋ ਜਾਣ ਦਾ ਸੰਕੇਤ ਨਹੀਂ, ਬਲਕਿ ਮੌਜੂਦਾ ਸਹਾਇਤਾ ਪ੍ਰਣਾਲੀਆਂ ਅਤੇ ਸੁਰੱਖਿਅਤ ਉਪਲਬਧਤਾ ਯੋਜਨਾਵਾਂ ਦੇ ਕਾਰਨ ਤਤਕਾਲੀ ਸੁਧਾਰ ਹੈ।
ਵੈਨਕੂਵਰ, ਸਰੀ ਅਤੇ ਗ੍ਰੇਟਰ ਵਿਕਟੋਰੀਆ ਉਹ ਸ਼ਹਿਰ ਹਨ ਜਿੱਥੇ ਇਸ ਸਾਲ ਸਭ ਤੋਂ ਵੱਧ ਮੌਤਾਂ ਦਰਜ ਕੀਤੀਆਂ ਗਈਆਂ ਹਨ। ਵੈਨਕੂਵਰ ਵਿੱਚ 314, ਸਰੀ ਵਿੱਚ 137, ਅਤੇ ਗ੍ਰੇਟਰ ਵਿਕਟੋਰੀਆ ਵਿੱਚ 93 ਲੋਕਾਂ ਦੀ ਮੌਤ ਹੋਈ। ਇਹ ਦਿਖਾਉਂਦਾ ਹੈ ਕਿ ਸ਼ਹਿਰੀ ਇਲਾਕਿਆਂ ਵਿੱਚ ਨਸ਼ੇ ਨਾਲ ਸੰਬੰਧਤ ਮੁੱਦੇ ਜਅਿਾਦਾ ਗੰਭੀਰ ਹਨ। ਰਿਪੋਰਟ ਵਿੱਚ ਇਹ ਵੀ ਦਰਸਾਇਆ ਗਿਆ ਕਿ ਮਰਨ ਵਾਲੇ ਲੋਕਾਂ ਵਿੱਚੋਂ ਲਗਭਗ 48 ਪ੍ਰਤੀਸ਼ਤ ਨੇ ਘਰਾਂ ਦੇ ਅੰਦਰ ਨਸ਼ਾ ਕੀਤਾ ਹੋਇਆ ਸੀ, ਜਦਕਿ 21 ਪ੍ਰਤੀਸ਼ਤ ਮੌਤਾਂ ਬਾਹਰ ਜਾਂ ਸਰਕਾਰੀ ਥਾਵਾਂ ‘ਤੇ ਹੋਈਆਂ। ਇਹ ਅੰਕ ਇਹ ਦਰਸਾਉਂਦਾ ਹੈ ਕਿ ਘਰ ਵਿੱਚ ਇਕੱਲੇ ਨਸ਼ਾ ਕਰਨਾ ਮੌਤ ਦੇ ਖ਼ਤਰੇ ਨੂੰ ਵਧਾ ਦਿੰਦਾ ਹੈ, ਕਿਉਂਕਿ ਉਹਥੇ ਤੁਰੰਤ ਸਹਾਇਤਾ ਉਪਲਬਧ ਨਹੀਂ ਹੁੰਦੀ।
ਉਮਰ ਦੇ ਹਿਸਾਬ ਨਾਲ ਦੇਖਿਆ ਜਾਵੇ ਤਾਂ ਮੌਤਾਂ ਵਿੱਚ 30 ਤੋਂ 59 ਸਾਲ ਦੀ ਉਮਰ ਵਾਲੇ ਲੋਕ ਸਭ ਤੋਂ ਵੱਧ ਸ਼ਾਮਲ ਹਨ। ਪੂਰੀ ਰਿਪੋਰਟ ਵਿਚ ਦਰਸਾਇਆ ਗਿਆ ਹੈ ਕਿ ਮਰਨ ਵਾਲੇ 78 ਪ੍ਰਤੀਸ਼ਤ ਮਰਦ ਸਨ। ਇਸ ਤੋਂ ਇਲਾਵਾ, ਇਸ ਸਾਲ 18 ਸਾਲ ਜਾਂ ਇਸ ਤੋਂ ਘੱਟ ਉਮਰ ਵਾਲੇ 20 ਨੌਜਵਾਨ ਵੀ ਮਰ ਗਏ, ਜੋ ਕਿ ਪਿਛਲੇ ਸਾਲ ਦੇ 17 ਦੇ ਅੰਕ ਨਾਲੋਂ ਵੱਧ ਹੈ। ਮਾਹਿਰਾਂ ਨੇ ਇਸਨੂੰ ਚਿੰਤਾਜਨਕ ਵਾਧਾ ਕਰਾਰ ਦਿੱਤਾ ਹੈ।
ਨਸ਼ਾ ਨੀਤੀ ਅਤੇ ਜਨਤਕ ਸਿਹਤ ਨਾਲ ਜੁੜੇ ਮਾਹਿਰਾਂ ਦਾ ਕਹਿਣਾ ਹੈ ਕਿ ਭਾਵੇਂ ਮੌਤਾਂ ਵਿੱਚ ਕਮੀ ਆਈ ਹੈ, ਪਰ ਸੰਕਟ ਅਜੇ ਵੀ ਜਾਰੀ ਹੈ। ਉਹ ਕਹਿੰਦੇ ਹਨ ਕਿ ਜੇ ਸੇਫ਼ ਸਪਲਾਈ ਪ੍ਰੋਗਰਾਮਾਂ, ਮਾਨਸਿਕ ਸਿਹਤ ਸਹਾਇਤਾ, ਅਤੇ ਨਸ਼ਾ ਛੁਡਾਉ ਕੇਂਦਰਾਂ ਦੀ ਪਹੁੰਚ ਵਧਾਈ ਨਾ ਗਈ ਤਾਂ ਇਹ ਸਿਹਤ ਸੰਕਟ ਮੁੜ ਬਦ ਤੋਂ ਬਦਤਰ ਹੋ ਸਕਦਾ ਹੈ। ਉਨ੍ਹਾਂ ਦਾ ਸਨੇਹਾ ਸਪਸ਼ਟ ਹੈ ਮੌਤਾਂ ਘੱਟੀਆਂ ਹਨ, ਪਰ ਖ਼ਤਰਾ ਅਜੇ ਵੀ ਉਤਨਾ ਹੀ ਵੱਡਾ ਹੈ।

Share post:

Popular