Tuesday, April 14, 2026

ਬੀ.ਸੀ. ਵਿੱਚ 15 ਹਜ਼ਾਰ ਤੋਂ ਵੱਧ ਪਾਬੰਦੀਸ਼ੁਦਾ ਹਥਿਆਰ, ਕੈਨੇਡਾ ਭਰ ਵਿੱਚ ਦੂਜਾ ਸਭ ਤੋਂ ਵੱਡਾ ਅੰਕੜਾ

ਸਰੀ, (ਦਿਵਰੂਪ ਕੌਰ): ਕੈਨੇਡਾ ਦੀ ਫੈਡਰਲ ਸਰਕਾਰ ਵੱਲੋਂ ਚਲਾਇਆ ਗਿਆ ਪਾਬੰਦੀਸ਼ੁਦਾ ਹਥਿਆਰਾਂ ਨੂੰ ਵਾਪਸ ਲੈਣ (ਬਾਇਬੈਕ) ਦਾ ਪ੍ਰੋਗਰਾਮ ਮੰਗਲਵਾਰ ਨੂੰ ਖਤਮ ਹੋ ਗਿਆ ਹੈ। ਇਸ ਮੁਹਿੰਮ ਤਹਿਤ ਬ੍ਰਿਟਿਸ਼ ਕੋਲੰਬੀਆ ਵਿੱਚ ਲੋਕਾਂ ਵੱਲੋਂ 15,600 ਤੋਂ ਵੱਧ ਅਸਾਲਟ-ਸਟਾਈਲ ਹਥਿਆਰਾਂ ਦਾ ਐਲਾਨ ਕੀਤਾ ਗਿਆ ਹੈ ਜੋ ਕਿ ਪੂਰੇ ਕੈਨੇਡਾ ਵਿੱਚ ਦੂਜਾ ਸਭ ਤੋਂ ਵੱਡਾ ਅੰਕੜਾ ਹੈ। ਪਬਲਿਕ ਸੇਫਟੀ ਕੈਨੇਡਾ ਦੀ ਰਿਪੋਰਟ ਮੁਤਾਬਕ ਦੇਸ਼ ਭਰ ਵਿੱਚ ਲਗਭਗ 37,869 ਮਾਲਕਾਂ ਨੇ 67,000 ਤੋਂ ਵੱਧ ਹਥਿਆਰਾਂ ਦੀ ਜਾਣਕਾਰੀ ਸਰਕਾਰ ਨੂੰ ਦਿੱਤੀ ਹੈ। ਇਸ ਸੂਚੀ ਵਿੱਚ ਓਂਟਾਰੀਓ 27,487 ਹਥਿਆਰਾਂ ਨਾਲ ਪਹਿਲੇ ਸਥਾਨ ਉੱਤੇ ਰਿਹਾ।
ਸਰਕਾਰ ਨੇ ਸਪੱਸ਼ਟ ਕੀਤਾ ਹੈ ਕਿ ਹੁਣ ਨਵੀਆਂ ਅਰਜ਼ੀਆਂ ਸਵੀਕਾਰ ਨਹੀਂ ਕੀਤੀਆਂ ਜਾਣਗੀਆਂ ਪਰ ਜਿਨ੍ਹਾਂ ਲੋਕਾਂ ਨੇ ਸਮਾਂ ਰਹਿੰਦਿਆਂ ਆਪਣਾ ਕੇਸ ਦਰਜ ਕਰਵਾ ਦਿੱਤਾ ਸੀ, ਉਨ੍ਹਾਂ ਦੀ ਪ੍ਰਕਿਰਿਆ ਜਾਰੀ ਰਹੇਗੀ। ਅਪ੍ਰੈਲ ਮਹੀਨੇ ਤੋਂ ਸਰਕਾਰ ਇਨ੍ਹਾਂ ਹਥਿਆਰਾਂ ਦੀ ਜਾਂਚ ਸ਼ੁਰੂ ਕਰੇਗੀ ਅਤੇ ਮਾਲਕਾਂ ਨੂੰ ਮੁਆਵਜ਼ਾ ਦੇਣ ਲਈ ਸੰਪਰਕ ਕੀਤਾ ਜਾਵੇਗਾ। ਹਥਿਆਰ ਇਕੱਠੇ ਕਰਨ ਅਤੇ ਪੈਸੇ ਦੇਣ ਦੀ ਪ੍ਰਕਿਰਿਆ 2026 ਦੀਆਂ ਗਰਮੀਆਂ ਤੋਂ ਲੈ ਕੇ ਪਤਝੜ ਤੱਕ ਚੱਲਣ ਦੀ ਉਮੀਦ ਹੈ। ਮੁਆਵਜ਼ੇ ਦੀ ਰਕਮ 150 ਡਾਲਰ ਤੋਂ ਲੈ ਕੇ ਹਜ਼ਾਰਾਂ ਡਾਲਰ ਤੱਕ ਹੋ ਸਕਦੀ ਹੈ।
ਹਥਿਆਰਾਂ ਨੂੰ ਇਕੱਠਾ ਕਰਨ ਦਾ ਕੰਮ ਪੁਲਿਸ ਜਾਂ ਵਿਸ਼ੇਸ਼ ਮੋਬਾਈਲ ਟੀਮਾਂ ਵੱਲੋਂ ਕੀਤਾ ਜਾਵੇਗਾ। ਹਾਲਾਂਕਿ ਅਲਬਰਟਾ ਵਰਗੇ ਸੂਬਿਆਂ ਨੇ ਇਸ ਮੁਹਿੰਮ ਨੂੰ ਲਾਗੂ ਕਰਨ ਤੋਂ ਇਨਕਾਰ ਕਰ ਦਿੱਤਾ ਹੈ। ਬੀਸੀ ਵਿੱਚ ਮਿਊਂਸੀਪਲ ਪੁਲਿਸ ਵਿਭਾਗਾਂ ਨੂੰ ਖੁਦ ਫੈਸਲਾ ਲੈਣ ਦੀ ਛੋਟ ਦਿੱਤੀ ਗਈ ਹੈ। ਸਰਕਾਰ ਨੇ ਚਿਤਾਵਨੀ ਦਿੱਤੀ ਹੈ ਕਿ ਜਿਨ੍ਹਾਂ ਲੋਕਾਂ ਨੇ ਹਥਿਆਰ ਜਮ੍ਹਾਂ ਨਹੀਂ ਕਰਵਾਏ, ਉਨ੍ਹਾਂ ਨੂੰ 30 ਅਕਤੂਬਰ 2026 ਤੱਕ ਆਪਣੇ ਹਥਿਆਰ ਨਸ਼ਟ ਕਰਨੇ ਪੈਣਗੇ। This report was written by Divroop Kaur as part of the Local Journalism Initiative.

Popular