ਵਪਾਰੀਆਂ ਅਤੇ ਪੁਲਿਸ ਵਿਚਕਾਰ ਤਾਲਮੇਲ ਸੁਧਾਰਨ ਲਈ ਪੀਟਰ ਜਰਮਨ ਨੂੰ ਮਿਲੀ ਜ਼ਿੰਮੇਵਾਰੀ
ਸਰੀ, (ਦਿਵਰੂਪ ਕੌਰ): ਬ੍ਰਿਟਿਸ਼ ਕੋਲੰਬੀਆ ਸਰਕਾਰ ਨੇ ਸੂਬੇ ਵਿੱਚ ਦੱਖਣੀ ਏਸ਼ੀਆਈ ਵਪਾਰੀਆਂ ਨੂੰ ਮਿਲ ਰਹੀਆਂ ਜਬਰਨ ਵਸੂਲੀ (extortion) ਦੀਆਂ ਧਮਕੀਆਂ ਦੇ ਗੰਭੀਰ ਮਾਮਲੇ ਨਾਲ ਨਜਿੱਠਣ ਲਈ ਇੱਕ ਅਹਿਮ ਕਦਮ ਚੁੱਕਦਿਆਂ ਸਾਬਕਾ ਸੀਨੀਅਰ ਪੁਲਿਸ ਅਧਿਕਾਰੀ ਪੀਟਰ ਜਰਮਨ (Peter German) ਨੂੰ ਵਿਸ਼ੇਸ਼ ਜ਼ਿੰਮੇਵਾਰੀ ਸੌਂਪੀ ਹੈ। ਜਾਣਕਾਰੀ ਅਨੁਸਾਰ ਆਰ.ਸੀ.ਐਮ.ਪੀ. ਦੇ ਸਾਬਕਾ ਡਿਪਟੀ ਕਮਿਸ਼ਨਰ ਪੀਟਰ ਜਰਮਨ ਹੁਣ ਪੁਲਿਸ ਏਜੰਸੀਆਂ ਅਤੇ ਪ੍ਰਭਾਵਿਤ ਭਾਈਚਾਰੇ ਵਿਚਕਾਰ ਇੱਕ ਪੁਲ ਦਾ ਕੰਮ ਕਰਨਗੇ। ਉਨ੍ਹਾਂ ਦੀ ਨਿਯੁਕਤੀ ਦਾ ਮੁੱਖ ਮਕਸਦ ਸੰਚਾਰ ਪ੍ਰਣਾਲੀ ਨੂੰ ਸੁਧਾਰਨਾ ਹੈ ਕਿਉਂਕਿ ਪਿਛਲੇ ਕੁਝ ਸਮੇਂ ਤੋਂ ਵਪਾਰੀ ਵਰਗ ਲਗਾਤਾਰ ਇਹ ਸ਼ਿਕਾਇਤ ਕਰ ਰਿਹਾ ਸੀ ਕਿ ਪੁਲਿਸ ਕੋਲ ਸ਼ਿਕਾਇਤਾਂ ਦਰਜ ਕਰਵਾਉਣ ਦੇ ਬਾਵਜੂਦ ਉਨ੍ਹਾਂ ਨੂੰ ਕਾਰਵਾਈ ਬਾਰੇ ਕੋਈ ਠੋਸ ਜਾਣਕਾਰੀ ਨਹੀਂ ਮਿਲ ਰਹੀ ਅਤੇ ਉਹ ਅਸੁਰੱਖਿਅਤ ਮਹਿਸੂਸ ਕਰ ਰਹੇ ਹਨ। ਸੂਬੇ ਦੇ ਪਬਲਿਕ ਸੇਫਟੀ ਮੰਤਰੀ ਮਾਈਕ ਫਾਰਨਵਰਥ ਨੇ ਇਸ ਨਿਯੁਕਤੀ ਦਾ ਐਲਾਨ ਕਰਦਿਆਂ ਕਿਹਾ ਕਿ ਜਬਰਨ ਵਸੂਲੀ ਦੀਆਂ ਇਨ੍ਹਾਂ ਘਟਨਾਵਾਂ ਨੇ ਲੋਅਰ ਮੇਨਲੈਂਡ ਦੇ ਕਾਰੋਬਾਰੀਆਂ ਵਿੱਚ ਦਹਿਸ਼ਤ ਦਾ ਮਾਹੌਲ ਪੈਦਾ ਕਰ ਦਿੱਤਾ ਹੈ। ਜ਼ਿਕਰਯੋਗ ਹੈ ਕਿ ਪਿਛਲੇ ਮਹੀਨਿਆਂ ਦੌਰਾਨ ਕਈ ਦੱਖਣੀ ਏਸ਼ੀਆਈ ਕਾਰੋਬਾਰਾਂ ‘ਤੇ ਗੋਲੀਬਾਰੀ ਕਰਨ ਅਤੇ ਅੱਗ ਲਗਾਉਣ ਦੀਆਂ ਘਟਨਾਵਾਂ ਵਾਪਰੀਆਂ ਹਨ, ਜਿਨ੍ਹਾਂ ਪਿੱਛੇ ਪੈਸਿਆਂ ਦੀ ਮੰਗ ਕਰਨ ਵਾਲੇ ਗਰੋਹਾਂ ਦਾ ਹੱਥ ਦੱਸਿਆ ਜਾ ਰਿਹਾ ਹੈ। ਪੀਟਰ ਜਰਮਨ, ਜੋ ਪਹਿਲਾਂ ਕੈਸੀਨੋ ਅਤੇ ਹਾਊਸਿੰਗ ਖੇਤਰ ਵਿੱਚ ‘ਡਰਟੀ ਮਨੀ’ (ਕਾਲੇ ਧਨ) ਦੀ ਜਾਂਚ ਲਈ ਮਸ਼ਹੂਰ ਰਿਪੋਰਟਾਂ ਤਿਆਰ ਕਰ ਚੁੱਕੇ ਹਨ, ਹੁਣ ਇਹ ਯਕੀਨੀ ਬਣਾਉਣਗੇ ਕਿ ਪੁਲਿਸ ਦੀਆਂ ਵੱਖ-ਵੱਖ ਇਕਾਈਆਂ ਅਤੇ ਪੀੜਤਾਂ ਵਿਚਕਾਰ ਸਹੀ ਤਾਲਮੇਲ ਬਣਿਆ ਰਹੇ। ਹਾਲਾਂਕਿ ਉਹ ਖੁਦ ਪੁਲਿਸ ਜਾਂਚ ਦੀ ਅਗਵਾਈ ਨਹੀਂ ਕਰਨਗੇ, ਪਰ ਉਹ ਵਪਾਰੀਆਂ ਦੀਆਂ ਚਿੰਤਾਵਾਂ ਨੂੰ ਉੱਚ ਅਧਿਕਾਰੀਆਂ ਤੱਕ ਪਹੁੰਚਾਉਣ ਅਤੇ ਪੁਲਿਸ ਦੀ ਰਣਨੀਤੀ ਬਾਰੇ ਭਾਈਚਾਰੇ ਨੂੰ ਜਾਣੂ ਕਰਵਾਉਣ ਵਿੱਚ ਮਦਦਗਾਰ ਸਾਬਤ ਹੋਣਗੇ। This report was written by Divroop Kaur as part of the Local Journalism Initiative.

