Tuesday, November 11, 2025

ਬੀ.ਸੀ. ਸਰਕਾਰ ਨੇ ਫੈਡਰਲ ਸਰਕਾਰ ਤੋਂ ਲੱਕੜ ਉਦਯੋਗ ਲਈ ਸਹਾਇਤਾ ਦੀ ਕੀਤੀ ਮੰਗ

ਸਰੀ, (ਦਿਵਰੂਪ ਕੌਰ): ਬ੍ਰਿਟਿਸ਼ ਕੋਲੰਬੀਆ (ਬੀ.ਸੀ.) ਸਰਕਾਰ ਨੇ ਕੇਂਦਰੀ ਸਰਕਾਰ ਨੂੰ ਸੌਫਟਵੁੱਡ ਲੱਕੜ ਉਦਯੋਗ ਲਈ ਤੁਰੰਤ ਹਿੱਸੇਦਾਰੀ ਅਤੇ ਸਹਾਇਤਾ ਦੀ ਮੰਗ ਕੀਤੀ ਹੈ, ਕਿਉਂਕਿ ਅਮਰੀਕੀ ਡਿਊਟੀਆਂ ਅਤੇ ਟੈਰਿਫਾਂ ਨੇ ਇਸ ਖੇਤਰ ਨੂੰ ਗੰਭੀਰ ਨੁਕਸਾਨ ਪਹੁੰਚਾਇਆ ਹੈ।
ਬੀ.ਸੀ. ਦੇ ਜੰਗਲਾਤ ਮੰਤਰੀ ਰਵੀ ਪਰਮਾਰ ਨੇ ਮੰਗਲਵਾਰ ਨੂੰ ਕਿਹਾ ਕਿ ਪ੍ਰਾਂਤ ਦੇ ਹਜ਼ਾਰਾਂ ਮਜ਼ਦੂਰਾਂ ਦੀਆਂ ਨੌਕਰੀਆਂ ਖ਼ਤਰੇ ਵਿੱਚ ਹਨ ਅਤੇ ਕਈ ਮਿਲਾਂ ਨੂੰ ਉਤਪਾਦਨ ਘਟਾਉਣ ਜਾਂ ਬੰਦ ਕਰਨ ਦੀ ਨੋਬਤ ਆ ਰਹੀ ਹੈ। ਉਨ੍ਹਾਂ ਨੇ ਕਿਹਾ, ”ਅਸੀਂ ਔਟਵਾ ਵਿੱਚ ਕੁਝ ਹਫ਼ਤੇ ਪਹਿਲਾਂ ਹੀ ਗਏ ਸਨ ਅਤੇ ਜੰਗਲਾਤ ਖੇਤਰ ਦੇ ਮੁੱਦੇ ਉੱਥੇ ਉਠਾਏ ਸਨ। ਡੋਨਾਲਡ ਟਰੰਪ ਵੱਲੋਂ ਲਗਾਈਆਂ ਡਿਊਟੀਆਂ ਅਤੇ ਟੈਰਿਫਾਂ ਕਾਰਨ ਲੱਕੜ ਉਦਯੋਗ ਸੰਕਟ ਵਿੱਚ ਹੈ, ਜਿਸ ਨਾਲ ਕਰਮਚਾਰੀਆਂ ਦੀਆਂ ਤਨਖਾਹਾਂ ਤੇ ਘਰਾਂ ਦਾ ਗੁਜ਼ਾਰਾ ਖ਼ਤਰੇ ਵਿੱਚ ਆ ਗਿਆ ਹੈ।”

ਬੀ.ਸੀ. ਸਰਕਾਰ ਨੇ ਕੇਂਦਰੀ ਮੰਤਰੀ ਡੋਮਿਨਿਕ ਲੇਬਲਾਂਕ ਅਤੇ ਮੇਲਾਨੀ ਜੋਲੀ ਨੂੰ ਪ੍ਰਾਂਤ ਆਉਣ ਅਤੇ ਜੰਗਲਾਤ ਖੇਤਰ ਸੰਬੰਧੀ ਇੱਕ ਫੋਰੈਸਟਰੀ ਸਮਿੱਟ ਕਰਨ ਦੀ ਅਪੀਲ ਕੀਤੀ ਹੈ। ਪਰਮਾਰ ਨੇ ਕਿਹਾ ਕਿ ਇਸ ਗੱਲਬਾਤ ਵਿੱਚ ਉਦਯੋਗ ਦੇ ਪ੍ਰਤੀਨਿਧੀਆਂ ਨੂੰ ਵੀ ਸ਼ਾਮਲ ਕੀਤਾ ਜਾਵੇਗਾ ਤਾਂ ਜੋ ਸੈਕਟਰ ਵਿੱਚ ਵਿਸ਼ਵਾਸ ਦੁਬਾਰਾ ਬਹਾਲ ਕੀਤਾ ਜਾ ਸਕੇ। ਔਟਵਾ ਨੇ ਹਾਲਾਂਕਿ ਪਹਿਲਾਂ ਹੀ ਜੰਗਲਾਤ ਖੇਤਰ ਲਈ ਇੱਕ ਅਰਬ ਡਾਲਰ ਦੀ ਮਦਦ ਦਾ ਐਲਾਨ ਕੀਤਾ ਸੀ, ਪਰ ਉਦਯੋਗਿਕ ਸੰਗਠਨਾਂ ਦਾ ਕਹਿਣਾ ਹੈ ਕਿ ਇਹ ਰਕਮ ਅਜੇ ਤੱਕ ਪ੍ਰਾਂਤਾਂ ਤੱਕ ਨਹੀਂ ਪਹੁੰਚੀ।
ਪਰਮਾਰ ਨੇ ਇਹ ਵੀ ਦੱਸਿਆ ਕਿ ਬੀ.ਸੀ. ਸਰਕਾਰ ਇੱਕ ਐਡ ਮੁਹਿੰਮ ਸ਼ੁਰੂ ਕਰਨ ਜਾ ਰਹੀ ਹੈ ਜੋ ਸਿੱਧਾ ਅਮਰੀਕੀ ਲੋਕਾਂ ਅਤੇ ਕਾਨੂੰਨਸਾਜ਼ਾਂ ਨੂੰ ਨਿਸ਼ਾਨਾ ਬਣਾਏਗੀ। ਉਨ੍ਹਾਂ ਨੇ ਕਿਹਾ, ”ਕੈਨਫ਼ੋਰ ਅਤੇ ਵੈਸਟ ਫਰੇਜ਼ਰ ਵਰਗੀਆਂ ਕੰਪਨੀਆਂ ਤੋਂ ਅਸੀਂ ਸੁਣ ਰਹੇ ਹਾਂ ਕਿ ਟੈਕਸਾਸ ਅਤੇ ਕੈਲੀਫ਼ੋਰਨੀਆ ਵਰਗੇ ਬਾਜ਼ਾਰਾਂ ਵਿੱਚ ਵਿਕਰੀ ਘੱਟ ਰਹੀ ਹੈ। ਇਸ ਦਾ ਕਾਰਨ ਸਿਰਫ਼ ਟੈਰਿਫ ਨਹੀਂ, ਸਗੋਂ ਅਮਰੀਕੀ ਸਰਕਾਰ ਵੱਲੋਂ ਕੀਤੇ ਕਦਮਾਂ ਨਾਲ ਘਟ ਰਹੀ ਮੰਗ ਵੀ ਹੈ।” ਦੂਜੇ ਪਾਸੇ, ਬੀ.ਸੀ. ਕਨਜ਼ਰਵੇਟਿਵ ਪਾਰਟੀ ਦੇ ਨੇਤਾ ਜੌਨ ਰਸਟੈਡ ਨੇ ਪ੍ਰਾਂਤੀ ਸਰਕਾਰ ਤੇ ਇਲਜ਼ਾਮ ਲਾਇਆ ਹੈ ਕਿ ਉਹ ਹਰ ਵਾਰ ਓਟਵਾ ਤੋਂ ਮਦਦ ਦੀ ਉਮੀਦ ਕਰਦੀ ਹੈ, ਜਦਕਿ ਪ੍ਰਾਂਤ ਦੇ ਅੰਦਰੂਨੀ ਮੁੱਦੇ ਹੱਲ ਨਹੀਂ ਕੀਤੇ ਜਾਂਦੇ। ਰਸਟੈਡ ਨੇ ਕਿਹਾ, ”ਉਨ੍ਹਾਂ ਨੇ ਲੱਕੜ ਉਪਲਬਧ ਨਹੀਂ ਕਰਵਾਈ, ਇਕ ਪਰਮਿਟ ਲਈ ਤਿੰਨ ਸਾਲ ਲੱਗਦੇ ਹਨ ਅਤੇ ਜੰਗਲਾਂ ਵਿੱਚ ਅੱਗ ਲੱਗਣ ਤੋਂ ਬਾਅਦ ਵੀ ਲੱਕੜ ਸੜਦਾ ਰਹਿੰਦਾ ਹੈ।”

ਬੀ.ਸੀ. ਸਰਕਾਰ ਅਗਲੇ ਕੁਝ ਹਫ਼ਤਿਆਂ ਵਿੱਚ ਫੋਰੈਸਟਰੀ ਸਮਿੱਟ ਕਰਨ ਦੀ ਉਮੀਦ ਕਰ ਰਹੀ ਹੈ, ਪਰ ਅਜੇ ਤਾਰੀਖ਼ ਤੈਅ ਨਹੀਂ ਕੀਤੀ ਗਈ।ઠ This report was written by Divroop Kaur as part of the Local Journalism Initiative.

Share post:

Popular