Wednesday, April 15, 2026

ਬੀ.ਸੀ. ਸਰਕਾਰ ਵਲੋਂ ਪ੍ਰਸ਼ਾਸਕੀ ਖਰਚੇ ਘਟਾ ਕੇ ਫਰੰਟ ਲਾਈਨ ਸੇਵਾਵਾਂ ਨੂੰ ਮਜ਼ਬੂਤ ਕਰਨ ਦੀ ਯੋਜਨਾ

 

ਸਰੀ, (ਦਿਵਰੂਪ ਕੌਰ): ਬ੍ਰਿਟਿਸ਼ ਕੋਲੰਬੀਆ ਦੀਆਂ ਸਿਹਤ ਅਥਾਰਿਟੀਆਂ ਦੀ ਸਮੀਖਿਆ ਦੇ ਪਹਿਲੇ ਕਦਮ ਪੂਰੇ ਕਰ ਲਏ ਗਏ ਹਨ। ਜਿਸ ਦੌਰਾਨ ਪ੍ਰਸ਼ਾਸਕੀ ਖਰਚਿਆਂ ਵਿੱਚ ਕਟੌਤੀ ਕੀਤੀ ਗਈ ਹੈ ਅਤੇ ਹੁਣ ਸਿਸਟਮ ਦੀ ਕਾਰਗਰਤਾ ਵਧਾਉਣ ਅਤੇ ਬਚਤ ਨੂੰ ਸਿੱਧਾ ਫਰੰਟ ਲਾਈਨ ਸੇਵਾਵਾਂ ਨੂੰ ਦੇਣ ਲਈ ਕੰਮ ਜਾਰੀ ਹੈ।
ਬੁੱਧਵਾਰ ਨੂੰ ਬੀ ਸੀ ਦੀ ਸਿਹਤ ਮੰਤਰੀ ਜੋਸੀ ਓਜ਼ਬਰਨ ਨੇ ਕਿਹਾ ਕਿ ਬੀ. ਸੀ. ਦੇ ਹਰ ਕੋਨੇ ਵਿੱਚ ਰਹਿਣ ਵਾਲੇ ਲੋਕਾਂ ਨੂੰ ਅਜਿਹੀ ਸਿਹਤ ਪ੍ਰਣਾਲੀ ਦੀ ਲੋੜ ਹੈ ਜੋ ਉਨ੍ਹਾਂ ਦੀਆਂ ਵਧ ਰਹੀਆਂ ਅਤੇ ਜਟਿਲ ਜ਼ਰੂਰਤਾਂ ਦੇ ਨਾਲ ਕਦਮ ਮਿਲਾ ਕੇ ਚੱਲ ਸਕੇ।
ਉਨ੍ਹਾਂ ਕਿਹਾ ਕਿ ਇਸੇ ਕਾਰਨ ਸਰਕਾਰ ਨੇ ਮਾਰਚ 2025 ਵਿੱਚ ਇਹ ਸਮੀਖਿਆ ਸ਼ੁਰੂ ਕੀਤੀ ਸੀ ਤਾਂ ਜੋ ਸਿਸਟਮ ਵਿੱਚ ਕੰਮ ਕਰ ਰਹੇ ਲੋਕਾਂ ਤੋਂ ਸਿੱਧਾ ਫੀਡਬੈਕ ਮਿਲ ਸਕੇ ਅਤੇ ਇਹ ਪਤਾ ਲੱਗ ਸਕੇ ਕਿ ਕਿਸ ਤਰ੍ਹਾਂ ਪ੍ਰਣਾਲੀ ਹੋਰ ਕਾਰਗਰ ਬਣਾਈ ਜਾ ਸਕਦੀ ਹੈ।
ਜੋਸੀ ਓਜ਼ਬਰਨ ਨੇ ਕਿਹਾ ਕਿ ਜਦੋਂ ਤੱਕ ਸਮੀਖਿਆ ਪੂਰੀ ਹੁੰਦੀ ਹੈ ਸਰਕਾਰ ਤਦ ਤੱਕ ਵੀ ਪ੍ਰਸ਼ਾਸਕੀ ਖਰਚੇ ਘਟਾਉਣ ਲਈ ਕਦਮ ਚੁੱਕ ਰਹੀ ਹੈ ਤਾਂ ਜੋ ਸਿਹਤ ਅਥਾਰਿਟੀਆਂ ਦਾ ਧਿਆਨ ਮਰੀਜ਼ਾਂ ਨੂੰ ਉੱਚ ਦਰਜੇ ਦੀ ਸੇਵਾ ਦੇਣ ਉੱਤੇ ਕੇਂਦਰਿਤ ਰਹੇ।
ਇਸ ਸਮੀਖਿਆ ਦੇ ਦੌਰਾਨ ਲਗਭਗ 20,000 ਸਿਹਤ ਕਰਮਚਾਰੀਆਂ ਨੇ ਵੱਖ ਵੱਖ ਟਾਊਨ ਹਾਲ ਮੀਟਿੰਗਾਂ ਵਿੱਚ ਭਾਗ ਲਿਆ।
ਇਸ ਦੇ ਨਾਲ ਹੀ 15,000 ਤੋਂ ਵੱਧ ਕਰਮਚਾਰੀਆਂ ਨੇ ਸਰਵੇ ਭਰ ਕੇ ਆਪਣੀ ਰਾਇ ਅਤੇ ਤਜਰਬਾ ਸਾਂਝਾ ਕੀਤਾ।
ਇਨ੍ਹਾਂ ਸਾਰੇ ਇਨਪੁੱਟਾਂ ਦੇ ਆਧਾਰ ਉੱਤੇ ਸੂਬਾ ਸਰਕਾਰ ਹੁਣ ਸਮੀਖਿਆ ਦੇ ਸ਼ੁਰੂਆਤੀ ਨਤੀਜਿਆਂ ਉੱਤੇ ਅਮਲ ਕਰਨਾ ਸ਼ੁਰੂ ਕਰ ਚੁੱਕੀ ਹੈ। ਇਸ ਤਹਿਤ ਸੂਬੇ ਦੀਆਂ ਖੇਤਰੀ ਸਿਹਤ ਅਥਾਰਿਟੀਆਂ ਅਤੇ ਪ੍ਰੋਵਿੰਸ਼ੀਅਲ ਹੈਲਥ ਸਰਵਿਸਜ਼ ਅਥਾਰਿਟੀ ਵਿਚਕਾਰ ਪ੍ਰਸ਼ਾਸਕੀ ਅਤੇ ਕਾਰਪੋਰੇਟ ਸੇਵਾਵਾਂ ਨੂੰ ਇਕਠਾ ਕੀਤਾ ਜਾ ਰਿਹਾ ਹੈ। ਇਨ੍ਹਾਂ ਸੇਵਾਵਾਂ ਵਿੱਚ ਕਾਨੂੰਨੀ ਸੇਵਾ, ਸਪਲਾਈ ਚੇਨ, ਵਿੱਤ ਅਤੇ ਮਨੁੱਖੀ ਸਰੋਤ ਸ਼ਾਮਲ ਹਨ।
ਇਹ ਸਾਰੀਆਂ ਸੇਵਾਵਾਂ ਹੁਣ ਇਕ ਨਵੀਂ ਅਲੱਗ ਸਾਂਝੀ ਸੇਵਾਵਾਂ ਵਾਲੀ ਸੰਸਥਾ ਰਾਹੀਂ ਦਿੱਤੀਆਂ ਜਾਣਗੀਆਂ ਜੋ ਬੀ ਸੀ ਦੀਆਂ ਸਾਰੀਆਂ ਸਿਹਤ ਅਥਾਰਿਟੀਆਂ ਨੂੰ ਸਹਾਇਤਾ ਪ੍ਰਦਾਨ ਕਰੇਗੀ। ਇਸ ਨਾਲ ਸਿਹਤ ਅਥਾਰਿਟੀਆਂ ਨੂੰ ਮਰੀਜ਼ਾਂ ਲਈ ਬਿਹਤਰ ਇਲਾਜ ਮੁਹੱਈਆ ਕਰਵਾਉਣਾ ਆਸਾਨ ਹੋਵੇਗਾ।
ਸਰਕਾਰ ਨੇ ਦੱਸਿਆ ਹੈ ਕਿ ਇਹ ਨਵੀਂ ਸੰਸਥਾ ਬਸੰਤ 2026 ਤੱਕ ਸਥਾਪਤ ਕਰ ਦਿੱਤੀ ਜਾਵੇਗੀ। ਸੇਵਾਵਾਂ ਦੀ ਤਬਦੀਲੀ ਹੌਲੀ ਹੌਲੀ ਕੀਤੀ ਜਾਵੇਗੀ ਅਤੇ ਜਿਵੇਂ ਜਿਵੇਂ ਤਕਨੀਕੀ ਅਤੇ ਪ੍ਰਸ਼ਾਸਕੀ ਵੇਰਵੇ ਤੈਅ ਹੁੰਦੇ ਜਾਣਗੇ ਉਨ੍ਹਾਂ ਨੂੰ ਲਾਗੂ ਕੀਤਾ ਜਾਵੇਗਾ। This report was written by Divroop Kaur as part of the Local Journalism Initiative.

Popular