1 ਦਸੰਬਰ ਤੋਂ ਦੋਵੇਂ ਸਾਥੀਆਂ ਨੂੰ ਮਿਲੇਗਾ ਇਕੱਲੇ ਵਿਅਕਤੀ ਦੇ ਬਰਾਬਰ ਭੱਤਾ**
ਸਰੀ, (ਦਿਵਰੂਪ ਕੌਰ): ਬ੍ਰਿਟਿਸ਼ ਕੋਲੰਬੀਆ ਸਰਕਾਰ ਨੇ ਅਪਾਹਜਤਾ ਸਹਾਇਤਾ ਲੈ ਰਹੇ ਜੋੜਿਆਂ ਲਈ ਇੱਕ ਇਤਿਹਾਸਕ ਤਬਦੀਲੀ ਦਾ ਐਲਾਨ ਕੀਤਾ ਹੈ। 1 ਦਸੰਬਰ 2025 ਤੋਂ ਉਹ ਜੋੜੇ ਜਿਨ੍ਹਾਂ ਦੇ ਦੋਵੇਂ ਮੈਂਬਰ ਅਪਾਹਜਤਾ ਸਹਾਇਤਾ (PWD) ਲੈ ਰਹੇ ਹਨ, ਉਨ੍ਹਾਂ ਨੂੰ ਹੁਣ ਉਹੀ ਸਹਾਇਤਾ ਭੱਤਾ ਮਿਲੇਗਾ, ਜਿਵੇਂ ਉਹ ਇਕੱਲੇ ਵਿਅਕਤੀ ਹੋਣ ਦੀ ਸਥਿਤੀ ਵਿੱਚ ਪ੍ਰਾਪਤ ਕਰਦੇ। ਇਹ ਤਬਦੀਲੀ ਲੰਮੇ ਸਮੇਂ ਤੋਂ ਚੱਲ ਰਹੀ ਭਾਈਚਾਰਕ ਮੰਗ ਦਾ ਨਤੀਜਾ ਹੈ, ਜਿਸ ਨਾਲ ਹਜ਼ਾਰਾਂ ਪਰਿਵਾਰਾਂ ਨੂੰ ਵਿੱਤੀ ਰਾਹਤ ਮਿਲੇਗੀ।
ਸਰਕਾਰ ਨੇ ਇਹ ਵੀ ਐਲਾਨ ਕੀਤਾ ਕਿ 1 ਜਨਵਰੀ 2026 ਤੋਂ ਉਹ ਜੋੜੇ, ਜਿਨ੍ਹਾਂ ਵਿੱਚ ਇੱਕ ਸਾਥੀ ਨੂੰ ‘ਪ੍ਰਸਨਜ਼ ਵਿਦ ਡਿਸਏਬਿਲਿਟੀਜ਼’ ਦੀ ਪਛਾਣ ਮਿਲੀ ਹੋਈ ਹੈ, ਉਹ ਵੀ ਵਧਾਈਆਂ ਗਈਆਂ ਸਲਾਨਾ ਕਮਾਈ ਛੋਟਾਂ ਦਾ ਲਾਭ ਲੈ ਸਕਣਗੇ, ਜਿਸ ਨਾਲ ਉਹ ਆਪਣੀ ਕਮਾਈ ਦਾ ਵਧੇਰੇ ਹਿੱਸਾ ਆਪਣੇ ਕੋਲ ਰੱਖ ਸਕਣਗੇ। ਇਹ ਤਬਦੀਲੀ ਅਪਾਹਜ ਵਿਅਕਤੀਆਂ ਨੂੰ ਵਿੱਤੀ ਹੱਕ ਪ੍ਰਦਾਨ ਕਰਨ ਅਤੇ ਉਨ੍ਹਾਂ ਦੀ ਸਮਾਜਿਕ ਸੁਰੱਖਿਆ ਨੂੰ ਮਜ਼ਬੂਤ ਕਰਨ ਵੱਲ ਵੱਡਾ ਕਦਮ ਮੰਨਿਆ ਜਾ ਰਿਹਾ ਹੈ। ਸਮਾਜਕ ਵਿਕਾਸ ਅਤੇ ਗਰੀਬੀ ਨਿਵਾਰਣ ਮੰਤਰੀ ਸ਼ੀਲਾ ਮੈਲਕਮਸਨ ਨੇ ਕਿਹਾ ਕਿ ਇਹ ਫੈਸਲਾ ਅਪਾਹਜ ਵਿਅਕਤੀਆਂ ਨੂੰ ”ਸਨਮਾਨਜੋਗ ਅਤੇ ਖੁਦਮੁਖਤਿਆਰ ਜੀਵਨ” ਜਿਊਣ ਵਿੱਚ ਸਹਾਇਤਾ ਦੇਵੇਗਾ। ਉਨ੍ਹਾਂ ਕਿਹਾ ਕਿ ਜੋੜਿਆਂ ਲਈ ਬਣੀ ਪੁਰਾਣੀ ਨੀਤੀ ਅਨਿਆਇਕ ਸੀ, ਕਿਉਂਕਿ ਦੋਵੇਂ ਸਾਥੀਆਂ ਦੇ ਅਪਾਹਜ ਹੋਣ ਦੇ ਬਾਵਜੂਦ ਉਨ੍ਹਾਂ ਨੂੰ ਇਕੱਲੇ ਵਿਅਕਤੀ ਦੀ ਤੁਲਨਾ ਵਿੱਚ ਘੱਟ ਸਹਾਇਤਾ ਮਿਲਦੀ ਸੀ।
ਸੈਲਿਸ਼ ਨੌਰਥ ਐਂਡ ਆਇਲੈਂਡਜ਼ ਦੇ ਐਮ.ਐਲ.ਏ. ਰੌਬ ਬਟੌਰੇਲ ਨੇ ਕਿਹਾ ਕਿ ਇਹ ਤਬਦੀਲੀ ਭਛ NDP-BC Greens ਦੇ CARGA ਸਮਝੌਤੇ ਦੇ ਤਹਿਤ ਦਿੱਤੇ ਵਾਅਦਿਆਂ ਨੂੰ ਪੂਰਾ ਕਰਦੀ ਹੈ ਅਤੇ ਅਪੰਗਤਾਵਾਂ ਵਾਲੇ ਲੋਕਾਂ ਨੂੰ ਗਰੀਬੀ ਤੋਂ ਬਾਹਰ ਕੱਢਣ ਵਿੱਚ ਮਦਦ ਕਰੇਗੀ। ਗ੍ਰਹਾਮ ਮੌਰੀ, ਐਗਜ਼ੈਕਟਿਵ ਡਾਇਰੈਕਟਰ (Nanaimo Association for Community Living), ਨੇ ਇਸ ਤਬਦੀਲੀ ਨੂੰ ”ਸਹੀ ਦਿਸ਼ਾ ਵਿੱਚ ਇੱਕ ਮਜ਼ਬੂਤ ਕਦਮ” ਕਰਾਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਅਪਾਹਜਤਾ ਸਥਿਤੀ ਤੋਂ ਇਲਾਵਾ ਜੋੜਿਆਂ ਲਈ ਬਰਾਬਰ ਫੰਡਿੰਗ ਲਿਆਉਣਾ ਇੱਕ ਮਹੱਤਵਪੂਰਨ ਨੀਤੀ ਸੁਧਾਰ ਹੈ। ਸਰਕਾਰੀ ਅੰਕੜਿਆਂ ਅਨੁਸਾਰ, ਇਸ ਤਬਦੀਲੀ ਨਾਲ 6,500 ਤੋਂ ਵੱਧ ਪਰਿਵਾਰਾਂ ਨੂੰ ਸਿੱਧਾ ਲਾਭ ਹੋਵੇਗਾ, ਜਦਕਿ 4,300 ਤੋਂ ਵੱਧ ਪਰਿਵਾਰ ਵਧਾਈਆਂ ਕਮਾਈ ਛੋਟਾਂ ਦਾ ਫਾਇਦਾ ਲੈਣਗੇ। ਇਹ ਬਦਲਾਅ ਆਟੋਮੈਟਿਕ ਤੌਰ ਤੇ ਲਾਗੂ ਹੋਣਗੇ। ਕਿਸੇ ਵੀ ਵੱਖਰੀ ਅਰਜ਼ੀ ਦੀ ਜ਼ਰੂਰਤ ਨਹੀਂ ਪਵੇਗੀ। ਬੀ.ਸੀ. ਸਰਕਾਰ ਨੇ 2017 ਤੋਂ ਬਾਅਦ ਪੰਜ ਵਾਰ ਸਹਾਇਤਾ ਦਰਾਂ ਵਿੱਚ ਵਾਧਾ ਕੀਤਾ ਹੈ, ਅਤੇ ਇੱਕ ਵਿਅਕਤੀ ਲਈ ਭੱਤਾ $450 ਪ੍ਰਤੀ ਮਹੀਨਾ ਵਧਾਇਆ ਗਿਆ ਹੈਔਇਹ ਕਿਸੇ ਵੀ ਪਿਛਲੀ ਸਰਕਾਰ ਦੀ ਤੁਲਨਾ ਵਿੱਚ ਸਭ ਤੋਂ ਵੱਡਾ ਵਾਧਾ ਹੈ। ਬਜਟ 2025 ਵਿੱਚ ਵੀਅਕਤੀਆਂ ਅਤੇ ਪਰਿਵਾਰਾਂ ਲਈ ਤਿੰਨ ਸਾਲਾਂ ਵਿੱਚ $1.6 ਬਿਲੀਅਨ ਨਿਵੇਸ਼ ਕੀਤਾ ਗਿਆ ਹੈ। ਵਿਕਟੋਰੀਆ ਤੋਂ ਜਾਰੀ ਬਿਆਨ ਵਿੱਚ ਇਹ ਵੀ ਦੱਸਿਆ ਗਿਆ ਕਿ ਸਰਕਾਰ ਸਮਾਜਿਕ ਸਹਾਇਤਾ ਪ੍ਰਣਾਲੀ ਦੀ ਵਿਆਪਕ ਸਮੀਖਿਆ ਕਰ ਰਹੀ ਹੈ, ਅਤੇ ਭਵਿੱਖ ਵਿੱਚ ਹੋਰ ਸੁਧਾਰਾਂ ਦੀ ਉਮੀਦ ਕੀਤੀ ਜਾ ਸਕਦੀ ਹੈ। This report was written by Divroop Kaur as part of the Local Journalism Initiative.

