Tuesday, April 14, 2026

ਬ੍ਰਿਟਿਸ਼ ਕੋਲੰਬੀਆ ਦੇ ਫੋਰਟ ਸੇਂਟ ਜੌਹਨ ’ਚ 25 ਸਾਲਾ ਗੁਰਕੀਰਤ ਮਨੋਚਾ ਦਾ ਬੇਰਹਿਮੀ ਨਾਲ ਕਤਲ

ਸਰੀ, (ਿਦਵਰੂਪ ਕੌਰ): ਬ੍ਰਿਟਿਸ਼ ਕੋਲੰਬੀਆ ਸੂਬੇ ਤੋਂ ਇੱਕ ਬੇਹੱਦ ਮੰਦਭਾਗੀ ਅਤੇ ਦੁਖਦਾਈ ਖ਼ਬਰ ਸਾਹਮਣੇ ਆਈ ਹੈ, ਜਿੱਥੇ ਭਾਰਤ ਤੋਂ ਪੜ੍ਹਾਈ ਕਰਨ ਆਏ ਇੱਕ 25 ਸਾਲਾ ਅੰਤਰਰਾਸ਼ਟਰੀ ਵਿਦਿਆਰਥੀ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ ਹੈ । ਪੁਲਿਸ ਨੇ ਮ੍ਰਿਤਕ ਦੀ ਪਛਾਣ ਗੁਰਕੀਰਤ ਸਿੰਘ ਮਨੋਚਾ ਵਜੋਂ ਕੀਤੀ ਹੈ, ਜੋ ਕਿ ਫੋਰਟ ਸੇਂਟ ਜੌਹਨ ਦੇ ਨਜ਼ਦੀਕ ਇੱਕ ਹਿੰਸਕ ਝੜਪ ਦੌਰਾਨ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਿਆ ਸੀ ।
ਆਰ.ਸੀ.ਐਮ.ਪੀ. (RCMP) ਅਨੁਸਾਰ ਇਹ ਘਟਨਾ ਸ਼ੁੱਕਰਵਾਰ, 13 ਮਾਰਚ ਦੀ ਰਾਤ ਨੂੰ ਲਗਭਗ 11:10 ਵਜੇ ਵਾਪਰੀ । ਗੁਰਕੀਰਤ ਸਿੰਘ ਕੈਨੇਡਾ ਵਿੱਚ ਆਪਣਾ ਸੁਨਹਿਰੀ ਭਵਿੱਖ ਬਣਾਉਣ ਅਤੇ ਉੱਚ ਸਿੱਖਿਆ ਹਾਸਲ ਕਰਨ ਲਈ ਆਇਆ ਸੀ, ਪਰ ਅਚਾਨਕ ਵਾਪਰੀ ਇਸ ਅਣਸੁਖਾਵੀਂ ਘਟਨਾ ਨੇ ਉਸ ਦੇ ਸਾਰੇ ਸੁਪਨੇ ਚਕਨਾਚੂਰ ਕਰ ਦਿੱਤੇ ਹਨ । ਇਸ ਖ਼ਬਰ ਦੇ ਸਾਹਮਣੇ ਆਉਣ ਤੋਂ ਬਾਅਦ ਕੈਨੇਡਾ ਵਿੱਚ ਰਹਿੰਦੇ ਭਾਰਤੀ ਭਾਈਚਾਰੇ ਅਤੇ ਉਸ ਦੇ ਪਿੱਛੇ ਭਾਰਤ ਵਿੱਚ ਰਹਿ ਰਹੇ ਪਰਿਵਾਰ ਵਿੱਚ ਗ਼ਮ ਦੀ ਲਹਿਰ ਦੌੜ ਗਈ ਹੈ ।
ਘਟਨਾ ਦੇ ਵੇਰਵਿਆਂ ਬਾਰੇ ਜਾਣਕਾਰੀ ਦਿੰਦਿਆਂ ਪੁਲਿਸ ਨੇ ਦੱਸਿਆ ਕਿ ਇਹ ਵਾਕਿਆ ਫੋਰਟ ਸੇਂਟ ਜੌਹਨ ਦੇ ਬਿਲਕੁਲ ਬਾਹਰ ਸਥਿਤ ਚਾਰਲੀ ਲੇਕ ਦੇ ਬੋਟ ਰੈਂਪ ‘ਤੇ ਵਾਪਰਿਆ । ਮੁੱਢਲੀ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਉੱਥੇ ਕਈ ਲੋਕਾਂ ਵਿਚਕਾਰ ਕਿਸੇ ਗੱਲ ਨੂੰ ਲੈ ਕੇ ਤਕਰਾਰ ਹੋ ਗਈ ਸੀ, ਜਿਸ ਨੇ ਬਾਅਦ ਵਿੱਚ ਇੱਕ ਖੂਨੀ ਝੜਪ ਦਾ ਰੂਪ ਧਾਰ ਲਿਆ । ਇਸ ਝਗੜੇ ਦੌਰਾਨ ਗੁਰਕੀਰਤ ਨੂੰ ਗੰਭੀਰ ਸੱਟਾਂ ਲੱਗੀਆਂ ।
ਮੌਕੇ ‘ਤੇ ਮੌਜੂਦ ਲੋਕਾਂ ਅਤੇ ਬਚਾਅ ਕਰਮਚਾਰੀਆਂ ਵੱਲੋਂ ਉਸ ਨੂੰ ਬਚਾਉਣ ਲਈ ਜੀਵਨ-ਰੱਖਿਅਕ ਉਪਾਅ ਕੀਤੇ ਗਏ, ਪਰ ਸੱਟਾਂ ਇੰਨੀਆਂ ਗੰਭੀਰ ਸਨ ਕਿ ਉਹ ਦਮ ਤੋੜ ਗਿਆ । ਨੌਰਥ ਡਿਸਟ੍ਰਿਕਟ ਮੇਜਰ ਕ੍ਰਾਈਮ ਯੂਨਿਟ ਨੇ ਇਸ ਮਾਮਲੇ ਦੀ ਜਾਂਚ ਪੂਰੀ ਸਰਗਰਮੀ ਨਾਲ ਸ਼ੁਰੂ ਕਰ ਦਿੱਤੀ ਹੈ । ਪੁਲਿਸ ਦਾ ਕਹਿਣਾ ਹੈ ਕਿ ਇਸ ਘਟਨਾ ਵਿੱਚ ਕਈ ਵਿਅਕਤੀ ਸ਼ਾਮਲ ਹਨ, ਜਿਸ ਕਾਰਨ ਜਾਂਚ ਦਾ ਦਾਇਰਾ ਕਾਫ਼ੀ ਵਿਸ਼ਾਲ ਹੈ । ਫਿਲਹਾਲ ਪੁਲਿਸ ਵੱਲੋਂ ਮਾਮਲੇ ਦੀ ਸੰਵੇਦਨਸ਼ੀਲਤਾ ਨੂੰ ਦੇਖਦੇ ਹੋਏ ਅਪਰਾਧੀਆਂ ਦੀ ਪਛਾਣ ਬਾਰੇ ਵਧੇਰੇ ਜਾਣਕਾਰੀ ਸਾਂਝੀ ਨਹੀਂ ਕੀਤੀ ਜਾ ਰਹੀ ਹੈ ।
ਗੁਰਕੀਰਤ ਸਿੰਘ ਮਨੋਚਾ ਮੂਲ ਰੂਪ ਵਿੱਚ ਭਾਰਤ ਦੇ ਮੱਧ ਪ੍ਰਦੇਸ਼ ਰਾਜ ਦੇ ਉਜੈਨ ਸ਼ਹਿਰ ਦਾ ਰਹਿਣ ਵਾਲਾ ਸੀ । ਉਹ ਫੋਰਟ ਸੇਂਟ ਜੌਹਨ ਵਿੱਚ ਸਥਿਤ ਨਾਰਦਰਨ ਲਾਈਟਸ ਕਾਲਜ ਵਿੱਚ ਬਿਜ਼ਨਸ ਮੈਨੇਜਮੈਂਟ ਦੀ ਡਿਗਰੀ ਹਾਸਲ ਕਰਨ ਲਈ ਆਇਆ ਸੀ । ਉਸ ਦੇ ਪੁਰਾਣੇ ਸਕੂਲ, ਉਜੈਨ ਦੇ ਅਕਸ਼ਤ ਇੰਟਰਨੈਸ਼ਨਲ ਸਕੂਲ ਨੇ ਇੱਕ ਭਾਵੁਕ ਬਿਆਨ ਜਾਰੀ ਕਰਦਿਆਂ ਗੁਰਕੀਰਤ ਨੂੰ ਆਪਣਾ ਇੱਕ ਬਹੁਤ ਹੀ ਹੋਣਹਾਰ ਅਤੇ ਮਿਹਨਤੀ ਸਾਬਕਾ ਵਿਦਿਆਰਥੀ ਦੱਸਿਆ ਹੈ । ਸਕੂਲ ਪ੍ਰਬੰਧਕਾਂ ਨੇ ਕਿਹਾ ਕਿ ਇਸ ਅਸਹਿ ਦੁੱਖ ਦੀ ਘੜੀ ਵਿੱਚ ਉਹ ਪੀੜਤ ਪਰਿਵਾਰ ਦੇ ਨਾਲ ਚੱਟਾਨ ਵਾਂਗ ਖੜ੍ਹੇ ਹਨ ਅਤੇ ਪਰਮਾਤਮਾ ਅੱਗੇ ਵਿਛੜੀ ਰੂਹ ਦੀ ਆਤਮਿਕ ਸ਼ਾਂਤੀ ਲਈ ਅਰਦਾਸ ਕਰਦੇ ਹਨ । ਉਨ੍ਹਾਂ ਕਿਹਾ ਕਿ ਗੁਰਕੀਰਤ ਵਰਗੇ ਨੌਜਵਾਨ ਦਾ ਇਸ ਤਰ੍ਹਾਂ ਦੁਨੀਆ ਤੋਂ ਚਲੇ ਜਾਣਾ ਪਰਿਵਾਰ ਅਤੇ ਪੂਰੇ ਸਮਾਜ ਲਈ ਇੱਕ ਕਦੇ ਨਾ ਪੂਰਾ ਹੋਣ ਵਾਲਾ ਘਾਟਾ ਹੈ । ਉਜੈਨ ਵਿੱਚ ਉਸ ਦੇ ਦੋਸਤਾਂ ਅਤੇ ਰਿਸ਼ਤੇਦਾਰਾਂ ਲਈ ਇਸ ਖ਼ਬਰ ‘ਤੇ ਵਿਸ਼ਵਾਸ ਕਰਨਾ ਬੇਹੱਦ ਮੁਸ਼ਕਲ ਹੋ ਰਿਹਾ ਹੈ ।
ਇਸ ਦੁਖਦਾਈ ਘਟਨਾ ‘ਤੇ ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਮੋਹਨ ਯਾਦਵ ਨੇ ਵੀ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ । ਮੁੱਖ ਮੰਤਰੀ ਨੇ ਦੱਸਿਆ ਕਿ ਉਨ੍ਹਾਂ ਨੇ ਗੁਰਕੀਰਤ ਦੇ ਪੀੜਤ ਪਰਿਵਾਰ ਨਾਲ ਨਿੱਜੀ ਤੌਰ ‘ਤੇ ਗੱਲਬਾਤ ਕੀਤੀ ਹੈ ਅਤੇ ਉਨ੍ਹਾਂ ਨੂੰ ਹਰ ਸੰਭਵ ਸਰਕਾਰੀ ਸਹਾਇਤਾ ਦਾ ਭਰੋਸਾ ਦਿੱਤਾ ਹੈ ।
ਉਨ੍ਹਾਂ ਕਿਹਾ ਕਿ ਭਾਰਤ ਸਰਕਾਰ ਕੈਨੇਡਾ ਵਿੱਚ ਸਥਿਤ ਭਾਰਤੀ ਦੂਤਾਵਾਸ ਰਾਹੀਂ ਇਸ ਮਾਮਲੇ ‘ਤੇ ਲਗਾਤਾਰ ਨਜ਼ਰ ਰੱਖ ਰਹੀ ਹੈ ਤਾਂ ਜੋ ਮ੍ਰਿਤਕ ਦੀ ਦੇਹ ਨੂੰ ਜਲਦੀ ਤੋਂ ਜਲਦੀ ਭਾਰਤ ਲਿਆਂਦਾ ਜਾ ਸਕੇ । ਮੁੱਖ ਮੰਤਰੀ ਨੇ ਭਰੋਸਾ ਦਿੱਤਾ ਕਿ ਗੁਰਕੀਰਤ ਦੀਆਂ ਅੰਤਿਮ ਰਸਮਾਂ ਸਨਮਾਨ ਪੂਰਵਕ ਨਿਭਾਉਣ ਲਈ ਭਾਰਤ ਸਰਕਾਰ ਹਰ ਲੋੜੀਂਦਾ ਕਦਮ ਚੁੱਕੇਗੀ । ਦੂਜੇ ਪਾਸੇ ਬ੍ਰਿਟਿਸ਼ ਕੋਲੰਬੀਆ ਦੇ ਜਨਤਕ ਸੁਰੱਖਿਆ ਮੰਤਰੀ ਨੀਨਾ ਕ੍ਰੀਗਰ ਨੇ ਵੀ ਇਸ ਮੌਤ ਨੂੰ ਇੱਕ ਬੇਹੱਦ ਤਰਸਯੋਗ ਸਥਿਤੀ ਦੱਸਦਿਆਂ ਮ੍ਰਿਤਕ ਦੇ ਪਰਿਵਾਰ ਨਾਲ ਹਮਦਰਦੀ ਪ੍ਰਗਟਾਈ ਹੈ ।
ਨਾਰਦਰਨ ਲਾਈਟਸ ਕਾਲਜ ਨੇ ਵੀ ਇਸ ਮੰਦਭਾਗੀ ਘਟਨਾ ‘ਤੇ ਆਪਣੀ ਪ੍ਰਤੀਕਿਰਿਆ ਦਿੱਤੀ ਹੈ । ਕਾਲਜ ਪ੍ਰਸ਼ਾਸਨ ਨੇ ਕਿਹਾ ਕਿ ਉਹ ਇਸ ਦੁਖਾਂਤ ਬਾਰੇ ਪੂਰੀ ਤਰ੍ਹਾਂ ਜਾਣੂ ਹਨ ਅਤੇ ਇਸ ਸਮੇਂ ਉਨ੍ਹਾਂ ਦੀ ਸਭ ਤੋਂ ਵੱਡੀ ਤਰਜੀਹ ਆਪਣੇ ਕੈਂਪਸ ਦੇ ਵਿਦਿਆਰਥੀਆਂ ਅਤੇ ਸਟਾਫ਼ ਨੂੰ ਸਦਮੇ ਵਿੱਚੋਂ ਕੱਢਣ ਲਈ ਸਹਾਇਤਾ ਪ੍ਰਦਾਨ ਕਰਨਾ ਹੈ । ਕਾਲਜ ਵੱਲੋਂ ਆਰ.ਸੀ.ਐਮ.ਪੀ. ਨਾਲ ਮਿਲ ਕੇ ਕੰਮ ਕੀਤਾ ਜਾ ਰਿਹਾ ਹੈ ਤਾਂ ਜੋ ਜਾਂਚ ਵਿੱਚ ਸਹਾਇਤਾ ਕੀਤੀ ਜਾ ਸਕੇ ।
ਕੈਨੇਡਾ ਵਿੱਚ ਪਿਛਲੇ ਕੁਝ ਸਮੇਂ ਤੋਂ ਅੰਤਰਰਾਸ਼ਟਰੀ ਵਿਦਿਆਰਥੀਆਂ ਦੀ ਸੁਰੱਖਿਆ ਨੂੰ ਲੈ ਕੇ ਕਈ ਗੰਭੀਰ ਸਵਾਲ ਉੱਠ ਰਹੇ ਹਨ । ਗੁਰਕੀਰਤ ਦਾ ਕਤਲ ਉਨ੍ਹਾਂ ਹਜ਼ਾਰਾਂ ਮਾਪਿਆਂ ਦੀ ਚਿੰਤਾ ਵਧਾਉਣ ਵਾਲਾ ਹੈ ਜਿਨ੍ਹਾਂ ਦੇ ਬੱਚੇ ਵਿਦੇਸ਼ਾਂ ਵਿੱਚ ਪੜ੍ਹਾਈ ਕਰਨ ਲਈ ਗਏ ਹੋਏ ਹਨ । ਪੁਲਿਸ ਹੁਣ ਇਸ ਝਗੜੇ ਦੇ ਅਸਲ ਕਾਰਨਾਂ ਅਤੇ ਇਸ ਵਿੱਚ ਸ਼ਾਮਲ ਹੋਰ ਦੋਸ਼ੀਆਂ ਦੀ ਪਛਾਣ ਕਰਨ ਵਿੱਚ ਜੁਟੀ ਹੋਈ ਹੈ ਤਾਂ ਜੋ ਪੀੜਤ ਪਰਿਵਾਰ ਨੂੰ ਇਨਸਾਫ਼ ਮਿਲ ਸਕੇ ।
This report was written by Divroop Kaur as part of the Local Journalism Initiative.

Popular