ਬ੍ਰਿਟਿਸ਼ ਐਮਪੀਜ਼ ਵੱਲੋਂ ਸਿੱਖ ਕੁੜੀ ਨਾਲ ਬਲਾਤਕਾਰ ‘ਤੇ ਨਿੰਦਾ, ਕੜੀ ਕਾਰਵਾਈ ਦੀ ਮੰਗ
ਲੰਡਨ : ਬ੍ਰਿਟੇਨ ਦੇ ਓਲਡਬਰੀ (ਬਿਰਮਿੰਘਮ ਨੇੜੇ) ਵਿੱਚ ਇੱਕ 20 ਸਾਲਾ ਸਿੱਖ ਕੁੜੀ ਨਾਲ ਦਿਨ ਦੇ ਵੇਲੇ ਕਥਿਤ ਤੌਰ ‘ਤੇ ਨਸਲੀ ਰੰਗਤ ਵਾਲਾ ਬਲਾਤਕਾਰ ਹੋਣ ਦੀ ਘਟਨਾ ਸਾਹਮਣੇ ਆਈ ਹੈ। ਪੁਲਿਸ ਦੇ ਮੁਤਾਬਕ, ਦੋ ਗੋਰੇ ਮਰਦਾਂ ਨੇ ਉਸ ‘ਤੇ ਹਮਲਾ ਕੀਤਾ, ਜਿਨ੍ਹਾਂ ਵਿੱਚੋਂ ਇੱਕ ਦਾ ਸਿਰ ਮੁੰਡਿਆ ਹੋਇਆ ਸੀ ਅਤੇ ਉਸ ਨੇ ਦਸਤਾਨੇ ਪਹਿਨੇ ਹੋਏ ਸਨ। ਹਮਲਾਵਰਾਂ ਵੱਲੋਂ ਪੀੜਤ ਨੂੰ ਕਿਹਾ ਗਿਆ ਕਿ ”ਤੂੰ ਇਸ ਦੇਸ਼ ਵਿੱਚ ਨਹੀਂ ਰਹਿ ਸਕਦੀ, ਇਥੋਂ ਨਿਕਲ ਜਾ।”
ਵੈਸਟ ਮਿਡਲੈਂਡਜ਼ ਪੁਲਿਸ ਨੇ ਇਸ ਮਾਮਲੇ ਨੂੰ ਨਸਲੀ ਘ੍ਰਿਣਾ ਨਾਲ ਪ੍ਰੇਰਿਤ ਅਪਰਾਧ ਕਰਾਰ ਦਿੰਦੇ ਹੋਏ ਜਾਂਚ ਸ਼ੁਰੂ ਕਰ ਦਿੱਤੀ ਹੈ। ਚੀਫ਼ ਸੁਪਰਿੰਟੈਂਡੈਂਟ ਕਿਮ ਮੈਡਿਲ ਨੇ ਕਿਹਾ ਕਿ ਸੀਸੀਟੀਵੀ, ਫ਼ੋਰੇਨਸਿਕ ਅਤੇ ਹੋਰ ਜਾਂਚਾਂ ਤੇਜ਼ੀ ਨਾਲ ਚੱਲ ਰਹੀਆਂ ਹਨ ਅਤੇ ਹਮਲਾਵਰਾਂ ਨੂੰ ਪਕੜਣ ਲਈ ਵਾਧੂ ਗਸ਼ਤਾਂ ਵੀ ਲਗਾਈ ਗਈਆਂ ਹਨ।
ਇਹ ਹਮਲਾ ਟੇਮ ਰੋਡ ‘ਤੇ ਹੋਇਆ ਜੋ ਕਿ ਸਮੈਥਵਿਕ ਦੇ ਐਮਪੀ ਗੁਰਿੰਦਰ ਸਿੰਘ ਜੋਸਨ ਦੇ ਦਫ਼ਤਰ ਦੇ ਨੇੜੇ ਹੈ। ਉਨ੍ਹਾਂ ਕਿਹਾ ਕਿ ਸਮਾਜ ਦੀ ਭਾਵਨਾਵਾਂ ਬਹੁਤ ਮਜ਼ਬੂਤ ਹਨ ਪਰ ਪੁਲਿਸ ਨੂੰ ਆਪਣਾ ਕੰਮ ਕਰਨ ਦੇਣਾ ਚਾਹੀਦਾ ਹੈ। ਵੈਸਟ ਬ੍ਰੌਮਵਿਚ ਦੀ ਐਮਪੀ ਸੈਰਾਹ ਕੁੰਬਸ ਨੇ ਕਿਹਾ ਕਿ ਇਸ ਤਰ੍ਹਾਂ ਦੀ ਨਫ਼ਰਤ ਅਤੇ ਹਿੰਸਾ ਲਈ ਬ੍ਰਿਟੇਨ ਵਿੱਚ ਕੋਈ ਥਾਂ ਨਹੀਂ।
ਬਿਰਮਿੰਘਮ ਐਡਗਬਾਸਟਨ ਦੀ ਐਮਪੀ ਪ੍ਰੀਤ ਕੌਰ ਗਿੱਲ ਨੇ ਇਸ ਘਟਨਾ ‘ਤੇ ਗਹਿਰਾ ਦੁੱਖ ਜਤਾਇਆ ਅਤੇ ਕਿਹਾ ਕਿ ਸਿੱਖ ਭਾਈਚਾਰਾ ਸਮੇਤ ਹਰ ਕਿਸੇ ਨੂੰ ਸੁਰੱਖਿਅਤ ਅਤੇ ਆਦਰਯੋਗ ਮਹਿਸੂਸ ਕਰਨ ਦਾ ਅਧਿਕਾਰ ਹੈ। ਉਨ੍ਹਾਂ ਨੇ ਨਸਲਵਾਦ ਦੇ ਵੱਧ ਰਹੇ ਮਾਮਲਿਆਂ ‘ਤੇ ਚਿੰਤਾ ਜਤਾਈ। ਇਲਫੋਰਡ ਸਾਊਥ ਦੇ ਐਮਪੀ ਜਸ ਅਥਵਾਲ ਨੇ ਕਿਹਾ ਕਿ ਵੱਧ ਰਹੀ ਨਸਲੀ ਰਾਜਨੀਤੀ ਦੇ ਕਾਰਨ ਲੋਕਾਂ ਦੀ ਜ਼ਿੰਦਗੀ ਖ਼ਤਰੇ ਵਿੱਚ ਪੈ ਰਹੀ ਹੈ ਅਤੇ ਇਸ ਕੁੜੀ ਦੀ ਜੰਿਦਗੀ ਹਮੇਸ਼ਾ ਲਈ ਪ੍ਰਭਾਵਿਤ ਹੋ ਗਈ ਹੈ।
ਲੇਬਰ ਪਾਰਟੀ ਦੇ ਹੋਰ ਐਮਪੀ ਜਿਵੇਂ ਕਿ ਤਨਮਨਜੀਤ ਸਿੰਘ ਧੇਸੀ ਅਤੇ ਐਂਟੋਨੀਆ ਬੈਂਸ ਨੇ ਵੀ ਪੁਲਿਸ ਨੂੰ ਕੜੀ ਕਾਰਵਾਈ ਕਰਨ ਦੀ ਅਪੀਲ ਕੀਤੀ ਹੈ।

