Sunday, February 15, 2026

ਬ੍ਰੌਡਵੇ ਕਾਰੀਡੋਰ ‘ਚ ਚਾਰ ਮਹੀਨੇ ਦੀ ਤਾਲਾਬੰਦੀ ਨੇ ਤੋੜਿਆ ਕਾਰੋਬਾਰੀਆਂ ਦਾ ਲੱਕ, 45 ਫੀਸਦੀ ਤੱਕ ਘਟੀ ਆਮਦਨ

ਵੈਨਕੂਵਰ (ਦਿਵਰੂਪ ਕੌਰ): ਵੈਨਕੂਵਰ ਦੇ ਮਸ਼ਹੂਰ ਬ੍ਰੌਡਵੇ ਕਾਰੀਡੋਰ ਅਤੇ ਮਾਊਂਟ ਪਲੈਜ਼ੈਂਟ ਖੇਤਰ ਵਿੱਚ ਚੱਲ ਰਹੇ ਬ੍ਰੌਡਵੇ ਸਬਵੇਅ ਪ੍ਰੋਜੈਕਟ ਦੇ ਨਿਰਮਾਣ ਕਾਰਜਾਂ ਨੇ ਸਥਾਨਕ ਕਾਰੋਬਾਰਾਂ ਨੂੰ ਬਰਬਾਦੀ ਦੇ ਕੰਢੇ ਲਿਆ ਖੜ੍ਹਾ ਕੀਤਾ ਹੈ। ਰਿਪੋਰਟ ਮੁਤਾਬਕ, ਇਲਾਕੇ ਵਿੱਚ ਸੜਕਾਂ ਨੂੰ ਚਾਰ ਮਹੀਨਿਆਂ ਲਈ ਬੰਦ ਕਰਨ ਦੇ ਫੈਸਲੇ ਨੇ ਦੁਕਾਨਦਾਰਾਂ ਅਤੇ ਰੈਸਟੋਰੈਂਟ ਮਾਲਕਾਂ ਦੀਆਂ ਮੁਸ਼ਕਲਾਂ ਵਧਾ ਦਿੱਤੀਆਂ ਹਨ। ਕਾਰੋਬਾਰੀਆਂ ਦਾ ਕਹਿਣਾ ਹੈ ਕਿ ਗਾਹਕਾਂ ਦੀ ਆਮਦ ਘਟਣ ਕਾਰਨ ਉਨ੍ਹਾਂ ਦੀ ਕਮਾਈ ਵਿੱਚ ਭਾਰੀ ਗਿਰਾਵਟ ਆਈ ਹੈ ਅਤੇ ਸਰਕਾਰ ਵੱਲੋਂ ਕੋਈ ਠੋਸ ਮਦਦ ਨਹੀਂ ਮਿਲ ਰਹੀ।
ਇਸ ਸੰਕਟ ਦੀ ਗੰਭੀਰਤਾ ਨੂੰ ਬਿਆਨ ਕਰਦਿਆਂ ‘ਫੇਬਲ ਡਾਈਨਰ’ (Fable Diner) ਦੇ ਮਾਲਕ ਰੌਨ ਮੈਕਗਿਲਵਰੇ (Ron MacGillivray) ਨੇ ਆਪਣੀ ਹੱਡ-ਬੀਤੀ ਸੁਣਾਈ। ਉਨ੍ਹਾਂ ਦੱਸਿਆ ਕਿ ਕਾਰੋਬਾਰ ਨੂੰ ਚਲਦਾ ਰੱਖਣ ਲਈ ਉਨ੍ਹਾਂ ਨੂੰ ਨਿੱਜੀ ਕੁਰਬਾਨੀਆਂ ਦੇਣੀਆਂ ਪੈ ਰਹੀਆਂ ਹਨ। ਮੈਕਗਿਲਵਰੇ ਨੇ ਕਿਹਾ, “ਮੈਂ ਤਿੰਨ ਸਾਲ ਪਹਿਲਾਂ ਆਪਣਾ ਘਰ ਵੇਚ ਦਿੱਤਾ ਸੀ। ਉਸ ਪੈਸੇ ਦਾ ਸਾਰਾ ਹਿੱਸਾ ਇਸ ਕਾਰੋਬਾਰ ਨੂੰ ਬਚਾਉਣ ਅਤੇ ਚਲਦਾ ਰੱਖਣ ਲਈ ਵਰਤਿਆ ਜਾ ਰਿਹਾ ਹੈ। ਸਾਨੂੰ ਲੱਗਦਾ ਸੀ ਕਿ ਸ਼ਾਇਦ ਅਸੀਂ ਇੱਕ ਸਾਲ ਹੋਰ ਕੱਢ ਲਵਾਂਗੇ, ਪਰ ਹੁਣ ਅਸੀਂ ਅਜਿਹੇ ਮੋੜ ‘ਤੇ ਹਾਂ ਜਿੱਥੇ ਕੁਝ ਵੀ ਸਮਝ ਨਹੀਂ ਆ ਰਿਹਾ।”
ਉਨ੍ਹਾਂ ਦੱਸਿਆ ਕਿ ਸੜਕਾਂ ਬੰਦ ਹੋਣ ਕਾਰਨ ਗਾਹਕਾਂ ਲਈ ਉੱਥੇ ਪਹੁੰਚਣਾ ਮੁਸ਼ਕਲ ਹੋ ਗਿਆ ਹੈ, ਜਿਸ ਕਾਰਨ ਉਨ੍ਹਾਂ ਦੀ ਆਮਦਨ ਵਿੱਚ 45 ਫੀਸਦੀ ਦੀ ਗਿਰਾਵਟ ਆਈ ਹੈ। ਇਹ ਅੰਕੜਾ ਕਿਸੇ ਵੀ ਚੱਲਦੇ ਕਾਰੋਬਾਰ ਨੂੰ ਬੰਦ ਕਰਨ ਲਈ ਕਾਫੀ ਹੈ।
ਸਥਾਨਕ ਵਪਾਰੀਆਂ ਲਈ ਇਹ ਦੋਹਰੀ ਮਾਰ ਹੈ। ਪਹਿਲਾਂ ਕੋਵਿਡ-19 ਮਹਾਂਮਾਰੀ ਦੌਰਾਨ ਲੱਗੀਆਂ ਪਾਬੰਦੀਆਂ ਕਾਰਨ ਕਾਰੋਬਾਰ ਠੱਪ ਰਹੇ। ਬਹੁਤ ਮੁਸ਼ਕਲ ਨਾਲ ਕਾਰੋਬਾਰੀਆਂ ਨੇ ਉਸ ਦੌਰ ਨੂੰ ਪਾਰ ਕੀਤਾ ਸੀ, ਪਰ ਹੁਣ ਜਦੋਂ ਰੌਣਕਾਂ ਪਰਤ ਰਹੀਆਂ ਸਨ, ਤਾਂ ਇਸ ਉਸਾਰੀ ਪ੍ਰੋਜੈਕਟ ਨੇ ਦੁਬਾਰਾ ਮੰਦੀ ਲਿਆ ਦਿੱਤੀ ਹੈ।
ਪ੍ਰਭਾਵਿਤ ਕਾਰੋਬਾਰੀਆਂ ਨੇ ਬ੍ਰਿਟਿਸ਼ ਕੋਲੰਬੀਆ (B.C.) ਦੀ ਸੂਬਾ ਸਰਕਾਰ ‘ਤੇ ਨਾਰਾਜ਼ਗੀ ਜ਼ਾਹਰ ਕੀਤੀ ਹੈ। ਉਨ੍ਹਾਂ ਦਾ ਦੋਸ਼ ਹੈ ਕਿ ਵਿਕਾਸ ਕਾਰਜ ਜ਼ਰੂਰੀ ਹਨ, ਪਰ ਇਸ ਦੀ ਕੀਮਤ ਛੋਟੇ ਵਪਾਰੀਆਂ ਨੂੰ ਆਪਣੀ ਰੋਜ਼ੀ-ਰੋਟੀ ਦੇ ਕੇ ਚੁਕਾਉਣੀ ਪੈ ਰਹੀ ਹੈ। ਵਪਾਰੀਆਂ ਮੁਤਾਬਕ, ਸਰਕਾਰ ਨੇ ਨੁਕਸਾਨ ਦੀ ਭਰਪਾਈ ਲਈ ਕੋਈ ਢੁਕਵਾਂ ਮੁਆਵਜ਼ਾ ਜਾਂ ਸਹਾਇਤਾ ਪੈਕੇਜ ਨਹੀਂ ਦਿੱਤਾ ਹੈ। ਜਦੋਂ ਸੜਕਾਂ ਬੰਦ ਕੀਤੀਆਂ ਜਾਂਦੀਆਂ ਹਨ, ਤਾਂ ਉਸਦਾ ਸਿੱਧਾ ਅਸਰ ਗਾਹਕਾਂ ਦੀ ਗਿਣਤੀ ‘ਤੇ ਪੈਂਦਾ ਹੈ, ਪਰ ਟੈਕਸਾਂ ਅਤੇ ਕਿਰਾਇਆਂ ਵਿੱਚ ਕੋਈ ਘਾਟ ਨਹੀਂ ਹੁੰਦੀ।
ਸਭ ਤੋਂ ਵੱਡੀ ਚਿੰਤਾ ਇਹ ਹੈ ਕਿ ਇਹ ਮੁਸ਼ਕਲ ਸਿਰਫ਼ ਚਾਰ ਮਹੀਨਿਆਂ ਦੀ ਨਹੀਂ ਹੈ। ਮੈਕਗਿਲਵਰੇ ਨੇ ਦੱਸਿਆ ਕਿ ਮੌਜੂਦਾ ਸੜਕ ਬੰਦੀ ਅਗਲੇ ਪੰਜ ਮਹੀਨਿਆਂ ਤੱਕ ਜਾਰੀ ਰਹਿ ਸਕਦੀ ਹੈ। ਇਸ ਤੋਂ ਬਾਅਦ ਵੀ ਰਾਹਤ ਦੀ ਉਮੀਦ ਘੱਟ ਹੈ, ਕਿਉਂਕਿ ਪ੍ਰੋਜੈਕਟ ਪੂਰਾ ਹੋਣ ਵਿੱਚ ਅਜੇ ਇੱਕ ਤੋਂ ਦੋ ਸਾਲ ਹੋਰ ਲੱਗਣਗੇ।
ਬ੍ਰੌਡਵੇ ਸਬਵੇਅ ਪ੍ਰੋਜੈਕਟ ਬੇਸ਼ੱਕ ਵੈਨਕੂਵਰ ਦੇ ਆਵਾਜਾਈ ਢਾਂਚੇ ਨੂੰ ਬਿਹਤਰ ਬਣਾਉਣ ਲਈ ਅਹਿਮ ਹੈ, ਪਰ ਇਸ ਸਮੇਂ ਇਹ ਸਥਾਨਕ ਆਰਥਿਕਤਾ ਲਈ ਵੱਡੀ ਚੁਣੌਤੀ ਬਣਿਆ ਹੋਇਆ ਹੈ। ਮਾਊਂਟ ਪਲੈਜ਼ੈਂਟ ਦੇ ਵਪਾਰੀ ਸਰਕਾਰ ਤੋਂ ਸਿਰਫ਼ ਹਮਦਰਦੀ ਨਹੀਂ, ਸਗੋਂ ਠੋਸ ਵਿੱਤੀ ਮਦਦ ਦੀ ਮੰਗ ਕਰ ਰਹੇ ਹਨ ਤਾਂ ਜੋ ਉਹ ਵਿਕਾਸ ਦੇ ਇਸ ਦੌਰ ਵਿੱਚ ਆਪਣੇ ਕਾਰੋਬਾਰਾਂ ਨੂੰ ਜ਼ਿੰਦਾ ਰੱਖ ਸਕਣ। This report was written by Divroop Kaur as part of the Local Journalism Initiative.

Share post:

Popular