ਲੇਖਕ : ਗੁਰਤੇਜ ਸਿੰਘ ਖੁਡਾਲ, -ਸੰਪਰਕ : 94641-29118
ਮਿਲਾਵਟਖੋਰੀ ਪੂਰੇ ਦੇਸ਼ ਲਈ ਬਹੁਤ ਗੰਭੀਰ ਸਮੱਸਿਆ ਹੈ। ਪੰਜਾਬ ਦੀ ਗੱਲ ਕਰੀਏ ਤਾਂ ਇੱਥੇ ਮਿਲਾਵਟਖੋਰੀ ਘਟਣ ਦੀ ਬਜਾਏ ਦਿਨ-ਬ-ਦਿਨ ਵਧਦੀ ਹੀ ਰਹੀ ਹੈ। ਸਾਡੇ ਘਰਾਂ ਵਿਚ ਆਉਂਦੀਆਂ ਨਿੱਤ ਵਰਤੋਂ ਦੀਆਂ ਜਅਿਾਦਾਤਰ ਚੀਜ਼ਾਂ ਬਾਜ਼ਾਰ ਵਿੱਚੋਂ ਮਿਲਾਵਟ ਵਾਲੀਆਂ ਹੀ ਮਿਲ ਰਹੀਆਂ ਹਨ। ਮਿਲਾਵਟਖੋਰੀ ਨੂੰ ਰੋਕਣ ਲਈ ਪੰਜਾਬ ਸਰਕਾਰ ਵੱਲੋਂ ਢਾਂਚਾ ਵੀ ਬਣਾਇਆ ਹੋਇਆ ਹੈ ਪਰ ਇਸ ਢਾਂਚੇ ਵੱਲੋਂ ਮਿਲਾਵਟਖੋਰਾਂ ਖਲਿਾਫ਼ ਕੋਈ ਜ਼ਿਆਦਾ ਅਸਰਦਾਰ ਕਾਰਵਾਈ ਨਹੀਂ ਕੀਤੀ ਜਾ ਰਹੀ। ਮਿਲਾਵਟਖੋਰੀ ਨੂੰ ਰੋਕਣ ਲਈ ਕਾਨੂੰਨ ਵੀ ਬਣੇ ਹੋਏ ਹਨ ਜਿਨ੍ਹਾਂ ਤਹਿਤ ਮਿਲਾਵਟਖੋਰਾਂ ਨੂੰ ਕੈਦ ਅਤੇ ਜੁਰਮਾਨਾ ਹੋ ਸਕਦਾ ਹੈ। ਪਨੀਰ, ਖੋਆ, ਦੁੱਧ, ਦਹੀਂ ਅਤੇ ਖੋਏ ਤੋਂ ਤਿਆਰ ਹੋਣ ਵਾਲੀਆਂ ਚੀਜ਼ਾਂ ਵਿਚ ਬਹੁਤ ਜ਼ਿਆਦਾ ਮਿਲਾਵਟ ਕੀਤੀ ਜਾਂਦੀ ਹੈ। ਮਿਲਾਵਟ ਦੇ ਇਸ ਵਧੇ ਚਲਨ ਲਈ ਅਸੀਂ ਵੀ ਜੰਿਮੇਵਾਰ ਹਾਂ ਕਿਉਂਕਿ ਪਿੰਡਾਂ ‘ਚ ਲੋਕਾਂ ਨੇ ਆਪਣੇ ਘਰੇ ਦੁਧਾਰੂ ਪਸ਼ੂ ਰੱਖਣੇ ਛੱਡ ਦਿੱਤੇ ਹਨ। ਬਹੁਤ ਘੱਟ ਲੋਕਾਂ ਹਨ ਜਿਨ੍ਹਾਂ ਨੇ ਆਪਣੇ ਘਰਾਂ ਵਿਚ ਦੁਧਾਰੂ ਪਸ਼ੂ ਰੱਖੇ ਹੋਏ ਹਨਢ। ਪਹਿਲਾਂ ਸ਼ਹਿਰਾਂ ‘ਚ ਵੀ ਕਾਫ਼ੀ ਲੋਕ ਅਜਿਹੇ ਮਿਲਦੇ ਸਨ ਜਿਨ੍ਹਾਂ ਨੇ ਆਪਣੇ ਘਰੇ ਵੀ ਦੁੱਧ ਦੇਣ ਵਾਲੇ ਇਕ-ਦੋ ਪਸ਼ੂ ਜ਼ਰੂਰ ਰੱਖੇ ਹੁੰਦੇ ਸਨ ਪਰ ਅੱਜ-ਕੱਲ੍ਹ ਤਾਂ ਪਿੰਡਾਂ ਦੇ ਲੋਕ ਵੀ ਦੋਧੀਆਂ ਤੋਂ ਮੁੱਲ ਦਾ ਦੁੱਧ ਲੈਂਦੇ ਹਨ।
ਜੇ ਅਸੀਂ ਅਸਲ ਤੇ ਸਹੀ ਦੁੱਧ ਦੀ ਗੱਲ ਕਰੀਏ ਤਾਂ ਇਹ ਬਹੁਤ ਘੱਟ ਮਿਲਦਾ ਹੈ। ਦੁੱਧ ਦੀ ਖਪਤ ਬਹੁਤ ਜ਼ਿਆਦਾ ਹੈ ਤੇ ਉਤਪਾਦਨ ਘੱਟ। ਅਜਿਹੇ ਹਾਲਾਤ ਵਿਚ ਲੋਕਾਂ ਨੂੰ ਨਕਲੀ ਅਤੇ ਕੈਮੀਕਲ ਵਾਲਾ ਦੁੱਧ ਮਿਲ ਰਿਹਾ ਹੈ। ਕੁਝ ਲੋਕ ਦੁੱਧ ਦੀ ਇਹ ਘਾਟ ਪੂਰੀ ਕਰਨ ਲਈ ਰਿਫਾਇੰਡ ਅਤੇ ਸ਼ੈਂਪੂ ਅਤੇ ਹੋਰ ਪਤਾ ਨਹੀਂ ਕਿੰਨੇ ਗ਼ਲਤ ਤਰੀਕਿਆਂ ਨਾਲ ਨਕਲੀ ਤੇ ਕੈਮੀਕਲ ਵਾਲਾ ਦੁੱਧ ਤਿਆਰ ਕਰ ਕੇ ਲੋਕਾਂ ਨੂੰ ਸਪਲਾਈ ਕਰ ਕੇ ਉਨ੍ਹਾਂ ਦੀ ਸਿਹਤ ਨਾਲ ਖਿਲਵਾੜ ਕਰ ਰਹੇ ਹਨ। ਨਕਲੀ ਤੇ ਕੈਮੀਕਲ ਵਾਲਾ ਦੁੱਧ ਲੋਕਾਂ ਨੂੰ ਕੈਂਸਰ ਵਰਗੀਆਂ ਮਾਰੂ ਬਿਮਾਰੀਆਂ ਵੰਡ ਰਿਹਾ ਹੈ।
ਜਿਹੜੇ ਵੀ ਲੋਕ ਇਹ ਗ਼ਲਤ ਕੰਮ ਕਰਦੇ ਹਨ, ਉਨ੍ਹਾਂ ਨੂੰ ਇਹ ਕੰਮ ਬੰਦ ਕਰ ਦੇਣਾ ਚਾਹੀਦਾ ਹੈ। ਬੜੀ ਹੈਰਾਨੀ ਵਾਲੀ ਗੱਲ ਹੈ ਕਿ ਜੇ ਤੁਸੀਂ ਕਿਸੇ ਵੀ ਹਲਵਾਈ ਜਾ ਦੋਧੀ ਨੂੰ ਕਹਿ ਦਿਉ ਕਿ ਮੈਨੂੰ ਕੱਲ੍ਹ ਨੂੰ ਦੋ ਕੁਇੰਟਲ ਖੋਆ-ਪਨੀਰ ਚਾਹੀਦਾ ਹੈ ਤਾਂ ਉਹ ਨਾਂਹ ਨਹੀਂ ਕਰਦੇ। ਜਿੰਨਾ ਵੀ ਕਹੋਗੇ, ਓਨਾ ਹੀ ਨਕਲੀ ਅਤੇ ਮਿਲਾਵਟੀ ਖੋਆ ਤੇ ਪਨੀਰ ਤਿਆਰ ਕਰ ਦੇਣਗੇ। ਇਸ ਨਕਲੀ ਪਨੀਰ ਅਤੇ ਖੋਏ ਦਾ ਰੇਟ ਵੀ ਬਹੁਤ ਘੱਟ ਹੁੰਦਾ ਹੈ। ਇਸ ਤੋਂ ਇਲਾਵਾ ਸਾਰੇ ਮਸਾਲੇ, ਹਲਦੀ, ਮਿਰਚਾਂ ਤੋਂ ਇਲਾਵਾ ਬਹੁਤ ਸਾਰੇ ਤੇਲ ਅਤੇ ਹੋਰ ਨਿੱਤ ਵਰਤੋਂ ਦੀਆਂ ਚੀਜ਼ਾਂ ਮਿਲਾਵਟੀ ਹੀ ਮਿਲ ਰਹੀਆਂ ਹਨ।
ਇਸ ਤੋਂ ਇਲਾਵਾ ਸਬਜ਼ੀਆਂ ਵੀ ਟੀਕੇ ਵਾਲੀਆਂ ਤੇ ਬਹੁਤ ਜ਼ਿਆਦਾ ਖਾਦਾਂ, ਸਪਰੇਆਂ ਤੇ ਹੋਰ ਬਹੁਤ ਸਾਰੇ ਕੈਮੀਕਲ ਵਾਲੀਆਂ ਹੀ ਮਿਲ ਰਹੀਆਂ ਹਨ। ਵੈਸੇ ਤਾਂ ਮਿਲਾਵਟੀ, ਕੈਮੀਕਲ-ਯੁਕਤ ਅਤੇ ਨਕਲੀ ਚੀਜ਼ਾਂ ਨੂੰ ਰੋਕਣ ਲਈ ਪੰਜਾਬ ਤੇ ਕੇਂਦਰ ਸਰਕਾਰਾਂ ਨੇ ਆਪਣੇ ਅਲੱਗ-ਅਲੱਗ ਮਹਿਕਮੇ ਬਣਾਏ ਹੋਏ ਹਨ ਪਰ ਇਹ ਮਹਿਕਮੇ ਮਿਲਾਵਟਖੋਰੀ ਨੂੰ ਰੋਕਣ ਲਈ ਸੰਜੀਦਗੀ ਨਹੀਂ ਦਿਖਾ ਰਹੇ। ਇਸੇ ਕਾਰਨ ਲੋਕ ਮਿਲਾਵਟ ਵਾਲੀਆਂ ਚੀਜ਼ਾਂ ਖਾਣ-ਪੀਣ ਲਈ ਮਜਬੂਰ ਹਨ। ਇਸ ਕਾਰਨ ਕਾਫ਼ੀ ਲੋਕ ਕੈਂਸਰ, ਲਿਵਰ ਅਤੇ ਕਿਡਨੀ ਰੋਗਾਂ ਅਤੇ ਹੋਰ ਅਨੇਕਾਂ ਖ਼ਤਰਨਾਕ ਬਿਮਾਰੀਆਂ ਦੇ ਸ਼ਿਕਾਰ ਹੋ ਰਹੇ ਹਨ। ਸਰਕਾਰ ਦਾ ਫ਼ਰਜ਼ ਬਣਦਾ ਹੈ ਕਿ ਇਸ ਗੰਭੀਰ ਸਮੱਸਿਆ ਵੱਲ ਧਿਆਨ ਦੇ ਕੇ ਮਿਲਾਵਟਖੋਰਾਂ ਨੂੰ ਨੱਥ ਪਾਵੇ।

