Wednesday, April 15, 2026

ਮੁਗਲੈਲ ਫੂਨ

 

ਲੇਖਕ : ਸੁਖਮੰਦਰ ਸਿੰਘ ਬਰਾੜ
ਸੰਪਰਕ : 1-604-751-1113
ਜਿਉਂ ਹੀ ਜੰਗੀਰਾ ਭਾਊ ਤਿੰਨ ਚਾਰ ਵਾਰ ਸੱਥ ਕੋਲ ਦੀ ਲੰਘਿਆ ਤਾਂ ਵੇਹੜੇ ਵੱਲੋਂ ਫੇਰ ਦੋਬਾਰਾ ਘਰ ਨੂੰ ਮੁੜੇ ਜਾਂਦੇ ਨੂੰ ਬਾਬੇ ਬਚਿੱਤਰ ਸਿਉਂ ਨੇ ਵਾਰ-ਵਾਰ ਗੇੜੇ ਮਾਰਨ ਬਾਰੇ ਪੁੱਛਣ ਲਈ ਭਾਊ ਨੂੰ ਬਜ਼ੁਰਗ ਅਵਸਥਾ ‘ਚੋਂ ਆਵਾਜ਼ ਮਾਰੀ,
”ਜੰਗੀਰ ਸਿਆਂ! ਓਏ ਆ ਜਾ ਭਾਊ ਦਮ ਲੈ ਲਿਆ ਕਰ ਕਦੇ। ਕਦੇ ਸੱਥ ‘ਚ ਵੀ ਬਹਿ ਜਿਆ ਕਰ ਸਾਡੇ ਕੋਲੇ। ਸਾਰਾ ਦਿਨ ਕੰਮ ਈਂ ਕੰਮ ਕਰੀਂ ਜਾਨੈਂ। ਕਿੱਧਰ ਗੇੜੇ ਮਾਰਦਾ ਫਿਰਦੈਂ ਆ ਜਾ ਬਹਿ ਜਾ ਘੜੀ?”
ਬਾਬੇ ਬਚਿੱਤਰ ਸਿਉਂ ਦੀ ਆਵਾਜ਼ ਸੁਣਕੇ ਜਿਉਂ ਹੀ ਜੰਗੀਰਾ ਭਾਊ ਸੱਥ ਵਾਲੇ ਥੜ੍ਹੇ ‘ਤੇ ਬਾਬੇ ਕੋਲ ਆ ਕੇ ਬੈਠਾ ਤਾਂ ਮਾਹਲਾ ਨੰਬਰਦਾਰ ਕਹਿੰਦਾ, ”ਕਿਸੇ ਖਾਸ਼ ਕੰਮ ‘ਚ ਲੱਗਦੈ ਭਾਊ ਜਿਹੜੇ ਅੱਧੀ ਦਿਹਾੜੀ ‘ਚ ਪੰਜ ਸੱਤ ਗੇੜੇ ਵੱਜ ਗੇ। ਤੂੰ ਤਾਂ ਪਤੰਦਰ ਇਉਂ ਚਕਰੀ ਗੇੜੇ ਪਿਆ ਫਿਰਦੈਂ ਜਿਮੇਂ ਹਲਟ ਦੀ ਗਾਂਧੀ ਨੂੰ ਬੋਤਾ ਜੁੜਿਆ ਗੇੜੇ ਕੱਢੀ ਜਾਂਦਾ ਹੁੰਦਾ।”
ਨਾਥਾ ਅਮਲੀ ਗਾਣੇ ‘ਚ ਗੱਲ ਕਰ ਕੇ ਹੱਸ ਕੇ ਬੋਲਿਆ, ”ਮਾਣਕ ਦੇ ਰਕਾਟ ਆਂਗੂੰ ‘ਯਾਰ ਦਾ ਚੌਥਾ ਗੇੜਾ’। ਬਾਕੀ ਭਾਊ ਨੂੰ ਪਤਾ ਹੋਣੈ ਚੌਥਾ ਕੁ ਪੰਜਮਾਂ।”
ਸੀਤਾ ਮਰਾਸੀ ਕਹਿੰਦਾ, ”ਭਾਊ ਕਿਹੜਾ ਪਟਵਾਰੀ ਲੱਗਿਆ ਵਿਆ ਬਈ ਗੇੜੇ ਗਿਣਨ ‘ਤੇ ਰੱਖਿਆ। ਮੈਂ ਦੱਸ ਦਿੰਨਾਂ। ਨੌਮਾਂ ਗੇੜਾ।”
ਬੁੱਘਰ ਦਖਾਣ ਨੇ ਮਰਾਸੀ ਨੂੰ ਪੁੱਛਿਆ, ”ਤੈਨੂੰ ਕੀ ਪਤਾ ਮੀਰ ਨੌਮਾਂ ਕੇ ਪੰਦਰਮਾਂ?”
ਨਾਥਾ ਅਮਲੀ ਟਿੱਚਰ ‘ਚ ਗੱਲ ਕਰਕੇ ਕਹਿੰਦਾ, ”ਇਹ ਵੇਖ ਖਾਂ ਜਿੰਨੇ ਵਾਰੀ ਭਾਊ ਸੱਥ ਕੋਲ ਦੀ ਨੰਘਿਆ ਓਨੀਆਂ ਈ ਇਹੇ ਲਖੀਤਰਾਂ ਮਾਰੀ ਬੈਠੈ। ਹੋਰ ਇਹਨੇ ਕਿਹੜਾ ਇਹੇ ਬਾਰਾਂ ਡੀਟ੍ਹੀ ਬਗਲੀ ਐ।”
ਬੁੜ੍ਹਾ ਚੰਨਣ ਸਿਉਂ ਕਹਿੰਦਾ, ”ਜਿਹੜੀ ਗੱਲ ਕਰਨ ਆਲੀ ਐ ਉਹ ਕਰੋ ਯਾਰ। ਹੋਰ ਈ ਸੁੰਨੀਆਂ ਖੱਡਾਂ ‘ਚ ਹੱਥ ਪਾਈ ਜਾਨੇਂ ਐਂ।”
ਚੁੱਪ ਕਰੀ ਬੈਠੇ ਗੱਲਾਂ ਸੁਣੀ ਜਾਂਦੇ ਜੰਗੀਰੇ ਭਾਊ ਨੂੰ ਬਾਬਾ ਬਚਿੱਤਰ ਸਿਉਂ ਕਹਿੰਦਾ, ”ਭਾਊ! ਤੂੰ ਜਾਹ ਹੁਣ। ਜਿਹੜੇ ਕਿਸੇ ਕੰਮ ਧੰਦੇ ‘ਚੈਂ, ਉਹ ਕਰ ਲੈ ਜਾ ਕੇ। ਇਹ ਤਾਂ ਵਿਹਲੜ ਐ। ਤੂੰ ਐਂ ਕਾਮਾਂ ਬੰਦਾ, ਇਨ੍ਹਾਂ ਨੇ ਘੜੀ ਟੈਮ ਟਪਾਉਣੈ। ਜਾਹ ਮੇਰਾ ਸ਼ੇਰ। ਜਾਂਦਾ ਰਹਿ।”
ਜਿਉਂ ਹੀ ਜੰਗੀਰਾ ਭਾਊ ਸੱਥ ‘ਚੋਂ ਉੱਠ ਕੇ ਚਲਾ ਗਿਆ ਤਾਂ ਬਾਬੇ ਬਚਿੱਤਰ ਸਿਉਂ ਨੇ ਅਮਲੀ ਦੇ ਕੰਨ ਕੋਲ ਮੂੰਹ ਕਰਕੇ ਮੱਧਮ ਜਿਹੀ ਆਵਾਜ਼ ‘ਚ ਪੁੱਛਿਆ, ”ਨਾਥਾ ਸਿਆਂ! ਯਾਰ ਤੈਨੂੰ ਤਾਂ ਪਤਾ ਈ ਹੋਣਾ ਬਈ ਕੱਲ੍ਹ ਪਰਸੋਂ ਦਾ ਆਂਏਂ ਕਿਮੇਂ ਜੇ ਭੱਜਿਆ ਫਿਰਦਾ ਇਹੇ ਜਿਮੇਂ ਸੀਰੀ ਸਾਂਝੀ ਹਟ ਗਿਆ ਹੁੰਦਾ?”
ਸੀਰੀ ਸਾਂਝੀ ਹਟ ਜਾਣ ਵਾਲੀ ਗੱਲ ਦਾ ਬਾਬੇ ਨੂੰ ਪਤਾ ਸੀ ਕਿਉਂਕਿ ਭਾਊ ਨੇ ਚੜ੍ਹਦੇ ਪਾਸੇ ਦੇ ਵੇਹੜੇ ਵਾਲੇ ਹੁਸਨੇ ਹਰੀਜਨ ਦਾ ਮੁੰਡਾ ਗੋਗੀ ਸਾਲ ਭਰ ਵਾਸਤੇ ਸਾਂਝੀ ਰੱਖਿਆ ਹੋਇਆ ਸੀ ਤੇ ਉਹ ਦਸ ਕੁ ਦਿਨਾਂ ਤੋਂ ਕੰਮ ‘ਤੇ ਨਹੀਂ ਸੀ ਆਇਆ ਤੇ ਨਾ ਹੀ ਗੋਗੀ ਕੰਮ ‘ਤੇ ਆਉਣਾ ਚਾਹੁੰਦਾ ਸੀ ਜਿਸ ਕਰਕੇ ਭਾਊ ਵਾਰ ਵਾਰ ਹੁਸਨੇ ਦੇ ਘਰੇ ਗੇੜੇ ਮਾਰਦਾ ਸੀ।
ਬਾਬੇ ਬਚਿੱਤਰ ਸਿਉਂ ਦੀ ਗੱਲ ਸੁਣ ਕੇ ਨਾਥਾ ਅਮਲੀ ਬਾਬੇ ਨੂੰ ਕਹਿੰਦਾ, ”ਭੱਜਣਾ ਈਂ ਐ ਭਾਊ ਨੇ ਹੋਰ ਕੀ ਕਰੇ। ਸਾਂਝੀ ਨੌਂ ਦਸ ਦਿਨ ਲਾ ਕੇ ਹਟ ਗਿਆ। ਸਾਲ ਦੇ ਅੱਧੇ ਪੈਸੇ ਪਹਿਲਾਂ ਲੈ ਗਿਆ। ਭਾਈਚਾਰੇ ਪੈਸੇ ਖਾ ਗੇ। ਹੁਣ ਮੋੜਣ ਕਰਨ ਨੂੰ ਪੱਲੇ ਕੁਸ ਹੈਨ੍ਹੀ, ਨਾ ਹੀ ਕੰਮ ‘ਤੇ ਆਉਂਦਾ। ਭਾਊ ਕੇ ਸਤਾਰਾਂ ਤਾਂ ਡੰਗਰ ਰੱਖੀ ਬੈਠੇ ਐ। ਡੰਗਰ ਤਾਂ ਦੋ ਸਾਂਭਣੇ ਔਖੇ ਹੋ ਜਾਂਦੇ ਐ। ਇਹ ਪਰਸੋਂ ਚੌਥੇ ਦਾ ਪਿੰਡ ‘ਚ ਤਾਹੀਂ ਤਾਂ ਇਉਂ ਭੱਜਿਆ ਫਿਰਦਾ ਜਿਮੇਂ ਵਿਆਹ ਨੈਣ ਬਿਨਾਂ ਬਰੇਕੋਂ ਭੱਜੀ ਫਿਰਦੀ ਹੁੰਦੀ ਐ। ਹੁਣ ਭਾਊ ਕਿਆਂ ਨੂੰ ਡੰਗਰਾਂ ਨੂੰ ਆਪ ਨੂੰ ਪੱਠਾ ਦੱਥਾ ਪਾਉਣਾ ਪੈ ਗਿਆ, ਤਾਂ ਕਰਕੇ ਭੱਜਿਆ ਫਿਰਦਾ ਬਈ ਹੁਣ ਕੀ ਕੀਤਾ ਜਾਵੇ। ਨਾਂ ਤਾਂ ਸਾਂਝੀ ਕੰਮ ‘ਤੇ ਆਉਣ ਨੂੰ ਤਿਆਰ ਐ, ਨਾ ਹੀ ਹੁਸਨੇ ਕਿਆ ਕੋਲੇ ਪੈਸੇ ਐ ਬਈ ਜਿਹੜੇ ਮੋੜ ਦੇਣ। ਆਹ ਗੱਲ ਐ ਬਾਬਾ।”
ਬਾਬਾ ਕਹਿੰਦਾ, ”ਇਹ ਤਾਂ ਗੱਲ ਦਾ ਅਮਲੀਆ ਸਾਰੇ ਪਿੰਡ ਨੂੰ ਈਂ ਪਤੈ ਬਈ ਹੁਸਨੇ ਦਾ ਮੁੰਡਾ ਭਾਊ ਕਿਆਂ ਨਾਲੋਂ ਹਟ ਗਿਆ, ਪਰ ਗੱਲ ਤਾਂ ਇਉਂ ਐਂ ਬਈ ਹਟਿਆ ਕਿਉਂ। ਦਿਨ ਤਾਂ ਦਸ ਵੀ ਪੂਰੇ ਨ੍ਹੀ ਕੀਤੇ।”
ਸੀਤਾ ਮਰਾਸੀ ਟਿੱਚਰ ‘ਚ ਕਹਿੰਦਾ, ”ਹੁਸਨੇ ਕਿਆਂ ਨੂੰ ਪੈਂਸਿਆਂ ਦੀ ਲੋੜ ਹੋਣੀ ਐ, ਭਾਊ ਕਿਆਂ ਤੋਂ ਪੈਂਸੇ ਲੈ ਕੇ ਆਵਦੀ ਕੋਈ ਗਰਜ ਸਾਰ ਲੀ, ਨਾਲੇ ਮੁੰਡਾ ਹਟਾ ਲਿਆ। ਹੁਣ ਤੁਰਿਆ ਫਿਰੇ ਭਾਊ।”
ਨਾਥਾ ਅਮਲੀ ਕਹਿੰਦਾ, ”ਇਹ ਗੱਲ ਨ੍ਹੀ ਮਰਾਸੀਆ। ਗੱਲ ਤਾਂ ਹੋਰ ਐ ਕੋਈ।”
ਸੁਰਜਨ ਬੁੜ੍ਹਾ ਅਮਲੀ ਦੇ ਖੂੰਡੀ ਦੀ ਹੁੱਜ ਮਾਰ ਕੇ ਕਹਿੰਦਾ, ”ਉਹੀ ਤਾਂ ਬਿੰਗੜਾ ਜਿਆ ਤੈਥੋਂ ਗੱਲ ਪੁੱਛਦੇ ਆਂ ਬਈ ਹੋਰ ਕੀ ਗੱਲ ਐ।”
ਅਮਲੀ ਕਹਿੰਦਾ, ”ਮੈਂ ਤਾਂ ਬਾਬਾ ਇਉਂ ਸੁਣਦਾਂ ਗੱਲ ਬਈ ਜਿਹੜੀ ਆਹ ਮੁੰਡੇ ਕਾਟ੍ਹੋ ਜੀ ਲਈ ਫਿਰਦੇ ਐ, ਇਹਤੋਂ ਸਿਆਪਾ ਪਿਆ ਸਾਰਾ।”
ਬਾਬੇ ਬਚਿੱਤਰ ਸਿਉਂ ਨੇ ਪੁੱਛਿਆ, ”ਕਿਹੜੀ ਕਾਟ੍ਹੋ ਜੀ?”
ਸੀਤਾ ਮਰਾਸੀ ਕਹਿੰਦਾ, ”ਮੁਗਲੈਲ ਫੂਨ ਨੂੰ ਕਹਿੰਦਾ ਅਮਲੀ। ਓਸੇ ਦੀ ਗੱਲ ਕਰਦੈਂ ਅਮਲੀਆ ਕੁ ਕੋਈ ਹੋਰ ਚੀਜ ਐ?”
ਨਾਥਾ ਅਮਲੀ ਕਹਿੰਦਾ, ”ਹਾਂ-ਹਾਂ ਓਹੀ ਕਾਟ੍ਹੋ ਜੀ।” ਮਾਹਲੇ ਨੰਬਰਦਾਰ ਨੇ ਅਮਲੀ ਨੂੰ ਪੁੱਛਿਆ, ”ਕਾਟ੍ਹੋ ਜੀ ਦਾ ਗੋਗੀ ਦੇ ਹਟਣ ਨਾਲ ਕੀ ਸਬੰਧ ਐ ਬਈ?”
ਅਮਲੀ ਕਹਿੰਦਾ, ”ਕੰਮ ਤਾਂ ਹੁਸਨੇ ਦਾ ਮੁੰਡਾ ਕਰਦਾ ਨ੍ਹੀ ਸੀ, ਵੱਸ ਓਸੇ ਚੀ ਮੂਰਤਾਂ ਮਾਰਤਾਂ ਵੇਖੀ ਜਾਂਦਾ ਰਹਿੰਦਾ ਸੀ। ਇੱਕ ਦਿਨ ਕਿਤੇ ਜੰਗੀਰੇ ਭਾਊ ਨੇ ਘੂਰ ਘੱਪ ਦਿੱਤਾ ਹੋਣਾ ਬਈ ਤੂੰ ਏਸੇ ‘ਤੇ ਈ ਕੁਸ ਨਾ ਕੁਸ ਕਰੀ ਜਾਂਦਾ ਰਹਿਨੈਂ, ਕੰਮ ਨ੍ਹੀ ਕਰਦਾ ਟਕੇ ਦਾ। ਵੱਸ ਐਨੀ ਗੱਲ ‘ਤੇ ਚੱਕ ਕੇ ਕੱਪ ਗੋਗੀ ਘਰੇ ਉਠ ਗਿਆ। ਆਹ ਗੱਲ ਐ ਬਾਬਾ ਆਹ ਬਾਤ ਐ।”
ਮਾਹਲਾ ਨੰਬਰਦਾਰ ਕਹਿੰਦਾ, ”ਘੂਰਿਆ ਦੱਸ ਅਮਲੀਆ ਕਿਹੜੀ ਗੱਲ ਤੋਂ ਜਿੱਥੋਂ ਕਲੇਸ ਪਿਆ?”
ਅਮਲੀ ਕਹਿੰਦਾ, ”ਭਾਊ ਦੇ ਘਰ ਆਲੀ ਗੋਗੀ ਨੂੰ ਕਹਿੰਦੀ ‘ਜਾਹ ਵੇ ਮੁੰਡਿਆ ਬਾਹਰਲੇ ਘਰੋਂ ਮੱਝਾ ਚੋ ਲਿਆ ਜਾ ਕੇ। ਇਹਨੇ ਹੁਸਨੇ ਦੇ ਮੁੰਡੇ ਨੇ ਬਾਲਟੀ ਚੱਕੀ ਤੇ ਮੁਗਲੈਲ ਫੂਨ ‘ਤੇ ਖੇਡਦਾ ਖੇਡਦਾ ਮੱਝ ਚੋਣ ਜਾਂਦਾ-ਜਾਂਦਾ ਝੋਟੇ ਥੱਲੇ ਜਾ ਬੈਠਾ। ਡਮਾਕ ਤਾਂ ਬਾਬਾ ਮੁਗਲੈਲ ਫੂਨ ‘ਚ ਸੀ। ਝੋਟੇ ਕੋਲੇ ਜਾ ਕੇ ਬਾਲਟੀ ਰੱਖੀ ਤੇ ਜਦੋਂ ਝੋਟੇ ਥੱਲੇ ਬੈਠਾ ਤਾਂ ਭਾਊ ਕਿਤੇ ਵੇਖੀ ਜਾਂਦਾ ਸੀ। ਜਦੋਂ ਉਹ ਝੋਟੇ ਥੱਲੇ ਬੈਠਾ ਤਾਂ ਭਾਂਊ ਨੇ ਲਾਹ ਕੇ ਛਿੱਤਰ ਆਵਦੇ ਸਾਂਝੀ ਗੋਗੀ ਦੇ ਧਲੀੜ ਕੇ ਠੋਕਿਆ। ਕਹਿੰਦਾ ‘ਓਏ ਕੰਜਰ ਦਿਆ ਪੁੱਤਾ, ਇਹਦਾ ਕਾਟ੍ਹੋ ਜੀ ਦਾ ਖਹਿੜਾ ਛੱਡ ਦਿਆ ਕਰ ਕਿਸੇ ਵੇਲੇ। ਇਹਦੇ ਧਿਆਨ ‘ਚ ਸਾਰੇ ਕੰਮ ਖਰਾਬ ਕਰੀ ਜਾਨੈਂ ਤੂੰ। ਆਖਿਆ ਤਾਂ ਤੈਨੂੰ ਮੱਝ ਚੋਣ ਨੂੰ ਐ, ਬੈਠੀ ਜਾਨੈਂ ਤੂੰ ਝੋਟੇ ਥੱਲੇ’। ਜਦੋਂ ਮੁੰਡੇ ਦੀ ਧੌਣ ‘ਤੇ ਛਿੱਤਰ ਵੱਜਿਆ ਤਾਂ ਹੁਸਨੇ ਦਾ ਮੁੰਡਾ ਭਾਈ ਭੱਜ ਗਿਆ ਘਰ ਨੂੰ। ਕਹਿੰਦਾ ‘ਮੈਂ ਨ੍ਹੀ ਕੰਮ ਕਰਨਾ ਇਹ ਤਾਂ ਕੁੱਟਦੇ ਐ। ਉਹ ਹਟ ਗਿਆ। ਆਹ ਗੱਲ ਹੋਈ ਐ ਬਾਬਾ ਅਸਲੀ ਤਾਂ। ਬਾਕੀ ਹੁਣ ਲੋਕੀਂ ਜੋ ਮਰਜੀ ਬਣਾਈ ਜਾਣ।”
ਸੁਰਜਨ ਬੁੜ੍ਹਾ ਕਹਿੰਦਾ, ”ਊਂ ਤਾਂ ਯਾਰ ਭਾਊ ਕਾ ਟੱਬਰ ਪਿੰਡ ‘ਚ ਸਿਆਣੇ ਟੱਬਰਾਂ ‘ਚੋਂ ਗਿਣਿਆਂ ਜਾਂਦਾ, ਇਹ ਕੀ ਕੰਜਰ ਦਿਆਂ ਨੇ ਕਮਲ ਮਾਰਿਆ। ਨਾਲੇ ਅੱਜ ਕੱਲ੍ਹ ਕਿਹੜਾ ਸੀਰੀ ਸਾਂਝੀ ਘੂਰ ਮੰਨਦਾ।”
ਸੁਰਜਨ ਬੁੜ੍ਹੇ ਦੇ ਮੂੰਹੋਂ ਭਾਊ ਕੇ ਟੱਬਰ ਦੀ ਸਿਆਣਪ ਵਾਲੀ ਗੱਲ ਸੁਣ ਕੇ ਅਮਲੀ ਬੁੜ੍ਹੇ ਨੂੰ ਭੂਸਰੀ ਢਾਂਡੀ ਆਂਗੂੰ ਪੈ ਗਿਆ, ”ਕਿਹੜੇ ਪਾਸਿਉਂ ਸਿਆਣੇ ਐਂ ਭਾਊ ਕੇ ਬੁੜ੍ਹਿਆ? ਆਏ ਗਏ ਨੂੰ ਕਦੇ ਰੋਟੀ ਨ੍ਹੀ ਖੁਆਈ ਸ਼ਰਾਬ ਭਾਮੇਂ ਡੂਢ ਸੈ ਦੀ ਪਿਆ ਦੇਣ, ਪਰ ਰੋਟੀ ਦੀ ਕਦੇ ਬੁੱਰਕੀ ਨ੍ਹੀ ਕਿਸੇ ਨੂੰ ਖੁਆ ਸਕੇ। ਮਾਰਦੈਂ ਗੱਲਾਂ।”
ਜੱਗਾ ਕਾਮਰੇਡ ਕਹਿੰਦਾ, ”ਹੋਰ ਕੀ ਆਇਆ ਗਿਆ ਭੁੱਖਾ ਰਹਿੰਦਾ ਇਨ੍ਹਾਂ ਦੇ ਘਰੇ?”
ਅਮਲੀ ਜੱਗੇ ਕਾਮਰੇਡ ਨੂੰ ਵੀ ਕਤੀੜ ਕੇ ਪੈ ਨਿੱਕਲਿਆ, ”ਰੱਜ ਕੇ ਕਿਹੜਾ ਸਕੀਰੀ ਆਲਾ ਜਾਂਦਾ ਕਾਮਰੇਟਾ ਇਨ੍ਹਾਂ ਦੇ ਘਰੋਂ? ਜਿਹੋ ਜਾ ਗੋਗੀ ਆਪ ਐ, ਓਹਦੀ ਬਹੂ ਓਦੂੰ ਵੀ ਚੰਦ ਐ। ‘ਕੱਠੀਆਂ ਹੋਈਆਂ ਬੁੜ੍ਹੀਆਂ ‘ਚ ਬੈਠੀ ਆਖੂ ‘ਸ਼ਰਾਬ ਪੀਣ ਆਲਿਆਂ ‘ਤੇ ਰਾਤ ਨੂੰ ਰੋਟੀ ਦਾ ਬਹੁਤਾ ਖਰਚਾ ਕਰਨ ਦੀ ਲੋੜ ਨ੍ਹੀ ਹੁੰਦੀ। ਭੋਰਾ ਵੱਧ ਸ਼ਰਾਬ ਪਿਆ ਕੇ ਸ਼ਰਾਬੀ ਕਰਕੇ ਸਿੱਟਦੇ, ਵੱਸ! ਰੋਟੀ ਦਾ ਖਰਚਾ ਬਚ ਜਾਂਦੈ। ਕਹੂ ‘ਜਦੋਂ ਬੰਦਾ ਸ਼ਰਾਬੀ ਹੋ ਗਿਆ, ਵੱਸ ਫੇਰ ਰੋਟੀ ਦੀ ਕੀ ਲੋੜ ਐ ਉਹਨੂੰ’।”
ਸੀਤਾ ਮਰਾਸੀ ਕਹਿੰਦਾ, ”ਆਮਲੀਆ ਆਵਦੇ ਘਰ ਨੂੰ ਤਾਂ ਭਾਊ ਕੇ ਸਿਆਣੇ ਈਂ ਹੋਏ। ਰੋਟੀ ਰਾਟੀ ਦੀ ਕਿਹੜੀ ਗੱਲ ਐ। ਦਾਰੂ ਤਾਂ ਭਾਊ ਕੇ ਰੱਜ ਕੇ ਪਿਆਉਂਦੇ ਐ ਨਾਂਹ ਆਏ ਗਏ ਨੂੰ।”
ਬੁੱਘਰ ਦਖਾਣ ਕਹਿੰਦਾ, ”ਸ਼ਰਾਬ ਪਿਆਉਂਦੇ ਨ੍ਹੀ ‘ਕੱਲੀ, ਘਰੇ ਕੱਢ ਕੇ ਵੇਚਦੇ ਵੀ ਐ। ਐਮੇਂ ਨ੍ਹੀ ਦਿਨ ਤਿਹਾਰ ਆਲੇ ਦਿਨ ਵਸਾਖੀ ਲੱਗੀ ਰਹਿੰਦੀ ਭਾਊ ਕੇ ਘਰੇ। ਦਰਜੀਆਂ ਦਾ ਰਾਜਾ ਕਿਉਂ ਲੜਿਆ ਸੀ ਭਾਊ ਨਾਲ, ਰਾਜਾ ਕਹੇ ਜਦੋਂ ਤੂੰ ਪੈਂਸੇ ਪੂਰੇ ਲੈਣੇ ਐ, ਬੋਤਲ ਵੀ ਪੂਰੀ ਭਰ ਕੇ ਦੇ। ਭਾਊ ਤੇ ਰਾਜਾ ਏਨੀ ਗੱਲ ‘ਤੇ ਲੜ ਪੇ। ਅਜੇ ਪਿੰਡ ‘ਚ ਭਾਊ ਕਾ ਟੱਬਰ ਸਿਆਣਾ ਵੱਜਦਾ।”
ਸ਼ਰਾਬ ਦੀਆਂ ਗੱਲਾਂ ਸੁਣ ਕੇ ਬਾਬਾ ਬਚਿੱਤਰ ਸਿਉਂ ਵੀ ਅਮਲੀ ਨੂੰ ਟਿੱਚਰ ‘ਚ ਬੋਲਿਆ, ”ਨਾਥਾ ਸਿਆਂ, ”ਤੂੰ ਇਉਂ ਦੱਸ, ਬਈ ਜੇ ਬੰਦਾ ਸ਼ਰਾਬ ‘ਤੇ ਵਿਰ ਜੇ ਫੇਰ ਰੋਟੀ ਦੀ ਕੀ ਲੋੜ ਐ।”
ਗੱਲਾਂ ਕਰੀ ਜਾਂਦਿਆਂ ਤੋਂ ਏਨੇ ਚਿਰ ਨੂੰ ਭਾਊ ਫੇਰ ਸੱਥ ‘ਚ ਆ ਗਿਆ। ਭਾਊ ਨੂੰ ਸੱਥ ‘ਚ ਆਇਆ ਵੇਖ ਕੇ ਸਾਰੀ ਸੱਥ ਇਉਂ ਚੁੱਪ ਕਰ ਗਈ ਜਿਮੇਂ ਕੋਈ ਸੱਪ ਸੁੰਘ ਗਿਆ ਹੋਵੇ। ਮਿੰਟ ਕੁ ਦੀ ਚੁੱਪ ਪਿੱਛੋਂ ਬਾਬਾ ਬਚਿੱਤਰ ਸਿਉਂ ਬੋਲਿਆ ਫਿਰ, ”ਓਏ ਸਣਾਉ ਕੋਈ ਹੋਰ ਗੱਲਬਾਤ, ਨਹੀਂ ਤਾਂ ਫਿਰ ਉੱਠੋ ਘਰਾਂ ਨੂੰ ਚੱਲੀਏ।” ਬਾਬੇ ਦੀ ਗੱਲ ਸੁਣ ਕੇ ਨਾਥਾ ਅਮਲੀ ਕਹਿੰਦਾ, ”ਚੱਲੋ ਯਾਰ ਟੈਮ ਹੋ ਗਿਆ, ਘਰੇ ਚੱਲ ਕੇ ਦੇਖੀਏ ਜੇ ਭੋਰਾ ਕਿਸੇ ਬੋਤਲ ‘ਚ ਤੁਪਕਾ ਪਈ ਹੋਈ ਤਾਂ।” ਜਿਉਂ ਹੀ ਨਾਥਾ ਅਮਲੀ ਤੇ ਬਾਬਾ ਬਚਿੱਤਰ ਸਿਉਂ ਉੱਠ ਕੇ ਘਰ ਨੂੰ ਤੁਰ ਪਏ ਤਾਂ ਬਾਕੀ ਦੀ ਸੱਥ ਵਾਲੇ ਵੀ ਸੱਥ ‘ਚੋਂ ਉੱਠ ਖੜੋਤੇ।

Popular