Thursday, December 4, 2025

ਮੈਕਸੀਕੋ ਦੀ ਰਾਸ਼ਟਰਪਤੀ ਕਲਾਊਡੀਆ ਸ਼ੇਨਬੌਮ ਨਾਲ ਸੜਕ ‘ਤੇ ਛੇੜਛਾੜ, ਦੋਸ਼ੀ ਖ਼ਿਲਾਫ਼ ਕੇਸ ਦਰਜ

ਸਰੀ, (ਦਿਵਰੂਪ ਕੌਰ): ਮੈਕਸੀਕੋ ਦੀ ਰਾਸ਼ਟਰਪਤੀ ਕਲਾਊਡੀਆ ਸ਼ੇਨਬੌਮ ਨੇ ਇੱਕ ਵਿਅਕਤੀ ਖ਼ਿਲਾਫ਼ ਛੇੜਛਾੜ ਦੇ ਦੋਸ਼ਾਂ ਤਹਿਤ ਕੇਸ ਦਰਜ ਕਰਵਾ ਦਿੱਤਾ ਹੈ। ਇਹ ਘਟਨਾ ਉਸ ਸਮੇਂ ਹੋਈ, ਜਦੋਂ ਸ਼ੇਨਬੌਮ ਮੰਗਲਵਾਰ ਨੂੰ ਸਿੱਖਿਆ ਮੰਤਰਾਲੇ ਦੇ ਇੱਕ ਸਮਾਗਮ ਤੋਂ ਵਾਪਸ ਨੈਸ਼ਨਲ ਪੈਲੇਸ ਵੱਲ ਪੈਦਲ ਜਾ ਰਹੀ ਸੀ।
ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਵੀਡੀਓ ਵਿੱਚ ਦਿਖਾਈ ਦਿੰਦਾ ਹੈ ਕਿ ਇੱਕ ਆਦਮੀ ਪਿੱਛੋਂ ਆ ਕੇ ਸ਼ੇਨਬੌਮ ਦੀ ਗਰਦਨ ਅਤੇ ਸਰੀਰ ਨੂੰ ਛੂਹਣ ਦੀ ਕੋਸ਼ਿਸ਼ ਕਰਦਾ ਹੈ, ਅਤੇ ਉਸਦੇ ਹੱਥ ਉੱਪਰ-ਹੇਠਾਂ ਕਰਨ ਦੀ ਕੋਸ਼ਿਸ਼ ਕਰਦਾ ਹੈ। ਸ਼ੇਨਬੌਮ ਤੁਰੰਤ ਉਸਦੇ ਹੱਥ ਫੜਕੇ ਰੋਕਦੀ ਹੈ, ਜਿਸ ਤੋਂ ਬਾਅਦ ਸੁਰੱਖਿਆ ਕਰਮੀ ਨੇ ਦਖਲ ਦੇ ਕੇ ਉਸ ਵਿਅਕਤੀ ਨੂੰ ਦੂਰ ਹਟਾਇਆ।
ਬੁੱਧਵਾਰ ਦੌਰਾਨ ਆਪਣੇ ਦਿਨ-ਪ੍ਰਤੀ ਦਿਨ ਦੇ ਸੰਬੋਧਨ ਵਿੱਚ ਸ਼ੇਨਬੌਮ ਨੇ ਕਿਹਾ ਕਿ ਉਨ੍ਹਾਂ ਨੇ ਇਹ ਸ਼ਿਕਾਇਤ ਇਸ ਲਈ ਕੀਤੀ ਕਿਉਂਕਿ ਉਹ ਇੱਕ ਮਹਿਲਾ ਹੋਣ ਦੇ ਨਾਤੇ ਇਸ ਦਰਦ ਨੂੰ ਸਮਝਦੀਆਂ ਹਨ।
ਸ਼ੇਨਬੌਮ ਨੇ ਮੈਕਸੀਕੋ ਦੇ ਸੂਬਾਈ ਸਰਕਾਰਾਂ ਨੂੰ ਵੀ ਅਪੀਲ ਕੀਤੀ ਕਿ ਮਹਿਲਾਵਾਂ ਨੂੰ ਛੇੜਛਾੜ ਜਾਂ ਹਿੰਸਾ ਦੀ ਸ਼ਿਕਾਇਤ ਦਰਜ ਕਰਵਾਉਣ ਲਈ ਕਾਨੂੰਨੀ ਪ੍ਰਕਿਰਿਆ ਹੋਰ ਸੌਖੀ ਅਤੇ ਸੁਰੱਖਿਅਤ ਬਣਾਈ ਜਾਵੇ।
ਸ਼ੇਨਬੌਮ ਦੇ ਅਨੁਸਾਰ, ਉਹੀ ਵਿਅਕਤੀ ਉਸੇ ਦਿਨ ਹੋਰ ਮਹਿਲਾਵਾਂ ਨਾਲ ਵੀ ਅਸ਼ਲੀਲ ਵਰਤਾਵ ਕਰਦਾ ਪਾਇਆ ਗਿਆ ਅਤੇ ਇਸ ਸਮੇਂ ਗਿਰਫਤਾਰ ਹੈ। ਅਧਿਕਾਰੀਆਂ ਦੇ ਮੁਤਾਬਕ, ਉਹ ਨਸ਼ੇ ਅਤੇ ਸ਼ਰਾਬ ਦੇ ਪ੍ਰਭਾਵ ਵਿੱਚ ਸੀ।
ਦੂਜੇ ਪਾਸੇ, ਇਸ ਘਟਨਾ ਨੇ ਮੈਕਸੀਕੋ ਵਿੱਚ ਮਹਿਲਾਵਾਂ ਦੀ ਸੁਰੱਖਿਆ ਅਤੇ ਸੜਕਾਂ ‘ਤੇ ਛੇੜਛਾੜ ਦੇ ਮੁੱਦੇ ਨੂੰ ਮੁੜ ਸੁਰਖੀਆਂ ਵਿੱਚ ਲਿਆ ਦਿਤਾ ਹੈ।

 

Share post:

Popular