Tuesday, April 14, 2026

ਯੁੱਧ ਲਮਕਣਾ ਅਤੇ ਤੇਲ ਮੰਡੀ ਵਿਚ ਅਫਰਾ-ਤਫ਼ਰੀ ਟਰੰਪ ਲਈ ਬਣੇ ਮੁਸੀਬਤ

ਬੂਟਾ ਸਿੰਘ ਮਹਿਮੂਦਪੁਰ
ਟਰੰਪ ਅਤੇ ਉਸਦੇ ਜੋਟੀਦਾਰਾਂ ਨੂੰ ਉਮੀਦ ਨਹੀਂ ਸੀ ਕਿ ਅਮਰੀਕੀ ਸਾਮਰਾਜ ਤੋਂ ਆਕੀ ਇਰਾਨ ਦੀ ਹਕੂਮਤ ਦਾ ਤਖ਼ਤ ਪਲਟਣ ਲਈ ‘ਓਪਰੇਸ਼ਨ ਐਪਿਕ ਫਿਊਰੀ’ ਦੀ ਧਾੜਵੀ ਕਾਰਵਾਈ ਪੁੱਠੀ ਪੈ ਜਾਵੇਗੀ।
ਉਨ੍ਹਾਂ ਨੇ ਸੋਚਿਆ ਵੀ ਨਹੀਂ ਹੋਵੇਗਾ ਕਿ ਝੁਕਣ ਦੀ ਬਜਾਏ ਇਰਾਨ ਪੱਛਮੀ ਏਸ਼ੀਆ ਵਿਚਲੇ ਅਮਰੀਕੀ ਫ਼ੌਜੀ ਅੱਡਿਆਂ ਨੂੰ ਨਿਸ਼ਾਨਾ ਬਣਾ ਕੇ ਅਮਰੀਕਾ ਦੇ ਸੰਗੀ ਖਾੜੀ ਮੁਲਕਾਂ ਵਿਚ ਖਲਬਲੀ ਮਚਾ ਦੇਵੇਗਾ ਅਤੇ ਹੌਰਮੁਜ਼ ਸਮੁੰਦਰੀ-ਮਾਰਗ ਵਿਚ ਖ਼ਲਲ ਪਾ ਕੇ ਕੱਚੇ ਤੇਲ ਦਾ ਸੰਕਟ ਖੜ੍ਹਾ ਕਰ ਦੇਵੇਗਾ।
ਖਾੜੀ ’ਚੋਂ ਨਿਕਲਣ ਵਾਲੇ ਜ਼ਿਆਦਾਤਰ ਤੇਲ ਦੀ ਸਪਲਾਈ ਇਰਾਨ ਅਤੇ ਓਮਾਨ ਦਰਮਿਆਨ ਇਸ 33 ਕਿਲੋਮੀਟਰ ਚੌੜੇ ਸਮੁੰਦਰੀ ਮਾਰਗ ਵਿੱਚੋਂ ਦੀ ਹੁੰਦੀ ਹੈ। ਓਮਾਨ ਦੀਆਂ ਬੰਦਰਗਾਹਾਂ ਵਿਚ ਸੈਂਕੜੇ ਤੇਲ ਟੈਂਕਰ (ਕੁਝ ਰਿਪੋਰਟਾਂ ਅਨੁਸਾਰ ਤਾਂ 1000 ਦੇ ਕਰੀਬ ਟੈਂਕਰ) ਰੁਕੇ ਹੋਏ ਹਨ। ਇਰਾਨ ਦੇ ਜਵਾਬੀ ਹਮਲੇ ਨਾਲ ਦੁਨੀਆ ਦੀ ਕੱਚੇ ਤੇਲ ਅਤੇ ਕੁਦਰਤੀ ਗੈਸ ਦੀ 20% ਦੇ ਕਰੀਬ ਸਪਲਾਈ ਪ੍ਰਭਾਵਿਤ ਹੋਈ ਹੈ, ਸੰਭਾਵੀ ਊਰਜਾ ਸੰਕਟ ਨੂੰ ਦੇਖਦਿਆਂ ਕਈ ਮੁਲਕਾਂ ਵਿਚ ਹਾਹਾਕਾਰ ਮਚ ਗਈ ਹੈ। ਟਰੰਪ ਇਰਾਨ ਨੂੰ ਧਮਕੀਆਂ ਦੇ ਰਿਹਾ ਹੈ ਕਿ ਜੇਕਰ ਉਸਨੇ ਹੌਰਮੁਜ਼ ਸਮੁੰਦਰੀ ਮਾਰਗ ‘ਚੋਂ ਗੁਜ਼ਰਨ ਵਾਲੀ ਤੇਲ ਸਪਲਾਈ ਵਿਚ ਅੜਿੱਕਾ ਪਾਉਣਾ ਬੰਦ ਨਾ ਕੀਤਾ ਤਾਂ ਅਮਰੀਕਾ ਉਨ੍ਹਾਂ ਦੇ ਤੇਲ ਢਾਂਚੇ ਨੂੰ ਤਬਾਹ ਕਰ ਦੇਵੇਗਾ। ਇਸ ਮਨੋਰਥ ਨਾਲ ਉਸਨੇ ਇਰਾਨ ਦੇ ਖਾਰਗ ਟਾਪੂ ਉੱਪਰ, ਜਿੱਥੇ ਇਰਾਨ ਦਾ ਮੁੱਖ ਤੇਲ ਨਿਰਯਾਤ ਟਰਮੀਨਲ ਹੈ, ਹਮਲਾ ਵੀ ਕਰਵਾਇਆ ਅਤੇ ਉੱਥੇ ਮੁੜ ਹਮਲੇ ਕਰਨ ਦੀਆਂ ਧਮਕੀਆਂ ਦੇ ਰਿਹਾ ਹੈ। ਇਰਾਨ ਨੇ ਇਨ੍ਹਾਂ ਧਮਕੀਆਂ ਦੀ ਪ੍ਰਵਾਹ ਨਾ ਕਰਕੇ ਆਪਣੀ ਨੀਤੀ ਸਪਸ਼ਟ ਕਰ ਦਿੱਤੀ ਹੈ ਕਿ ਉਹ ਇਰਾਨ ਉੱਪਰ ਹਮਲਾ ਕਰਨ ਵਾਲੇ ਅਤੇ ਉਨ੍ਹਾਂ ਦੀ ਮਦਦ ਕਰਨ ਵਾਲੇ ‘ਦੁਸ਼ਮਣ’ ਮੁਲਕਾਂ ਦੇ ਟੈਂਕਰਾਂ ਨੂੰ ਨਿਸ਼ਾਨਾ ਬਣਾਉਣਾ ਜਾਰੀ ਰੱਖਣਗੇ। ਬਾਕੀ ਮੁਲਕ ਆਪਣੇ ਤੇਲ ਜਹਾਜ਼ਾਂ ਦੀ ਸੁਰੱਖਿਆ ਬਾਰੇ ਬੇਫ਼ਿਕਰ ਰਹਿਣ।
ਮੋਦੀ ਵੱਲੋਂ ਇਜ਼ਰਾਇਲ ਦੇ ਵਿਸ਼ੇਸ਼ ਦੌਰੇ ’ਤੇ ਜਾ ਕੇ ਦਹਿਸ਼ਤਗਰਦ ਨੇਤਨਯਾਹੂ ਨੂੰ ਜੱਫੀਆਂ ਪਾਉਣ ਦੀ ਫੋਟੋ ਸ਼ੂਟ ਤੋਂ ਦੋ ਦਿਨ ਬਾਅਦ ਹੀ ਅਮਰੀਕਾ-ਇਜ਼ਰਾਇਲ ਨੇ ਇਰਾਨ ਉੱਪਰ ਹਮਲਾ ਕਰ ਦਿੱਤਾ ਤਾਂ ਭਾਰਤ ਦੀ ਭਗਵਾ ਹਕੂਮਤ ਲਈ ਆਪਣੇ ‘ਪਿਆਰੇ ਮਿੱਤਰ’ ਦੇ ਧਾੜਵੀ ਹਮਲੇ `ਚੋਂ ਉੱਠਣ ਵਾਲੇ ਸਵਾਲਾਂ ਦਾ ਜਵਾਬ ਦੇਣਾ ਮੁਸ਼ਕਲ ਹੋ ਗਿਆ। ਉੱਪਰੋਂ ਹੌਰਮੁਜ਼ ਵਿਚ ਟੈਂਕਰ ਫਸਣ ਨਾਲ ਕੱਚੇ ਤੇਲ ਦਾ ਸੰਕਟ ਗ਼ਲ ਆ ਪਿਆ। ਮੋਦੀ ਵਜ਼ਾਰਤ ਦੀਆਂ ਝੂਠੀਆਂ ਯਕੀਨ-ਦਹਾਨੀਆਂ ਦੇ ਬਾਵਜੂਦ ਐੱਲਪੀਜੀ ਗੈਸ ਦੀ ਘਾਟ ਨਾਲ ਭਾਰਤ ਦੇ ਘਰੇਲੂ ਖ਼ਪਤਕਾਰਾਂ, ਹੋਟਲਾਂ-ਰੈਸਤਰਾਂ ਕਾਰੋਬਾਰ ਅਤੇ ਹੋਰ ਬਹੁਤ ਸਾਰੇ ਉਦਯੋਗਾਂ ਦੇ ਬੁਰੀ ਤਰ੍ਹਾਂ ਪ੍ਰਭਾਵਿਤ ਹੋਣ ਦੀਆਂ ਲਗਾਤਾਰ ਰਿਪੋਰਟਾਂ ਆ ਰਹੀਆਂ ਹਨ।
ਭਾਵੇਂ ਟਰੰਪ ਇਰਾਨ ਦੀ ‘ਫ਼ੌਜੀ ਸਮਰੱਥਾ ਨੂੰ 100%’ ਨਸ਼ਟ ਕਰ ਦਿੱਤੇ ਜਾਣ, ਇਰਾਨ ਦਾ ਪੂਰੀ ਤਰ੍ਹਾਂ ਸਿਰ ਕਲਮ ਕਰ ਦਿੱਤੇ ਜਾਣ ਅਤੇ ਛੇਤੀ ਹੀ ਹੌਰਮੁਜ਼ ਸਮੁੰਦਰੀ ਮਾਰਗ ਨੂੰ ਖੋਲ੍ਹ ਕੇ ਸੁਰੱਖਿਅਤ ਤੇ ਮੁਕਤ ਬਣਾ ਦੇਣ ਦੇ ਦਾਅਵੇ ਕਰ ਰਿਹਾ ਹੈ, ਪਰ ਜਿਨ੍ਹਾਂ ਮੁਲਕਾਂ ਦਾ ਤੇਲ ਇਸ ਸਮੁੰਦਰੀ ਰਸਤਿਓਂ ਹੋ ਕੇ ਆਉਂਦਾ ਹੈ, ਉਨ੍ਹਾਂ ਸਾਰੀਆਂ ਸਰਕਾਰਾਂ ਨੂੰ ਮਦਦ ਲਈ ਫ਼ੌਜੀ ਸਹਾਇਤਾ ਭੇਜ ਕੇ ਹੌਰਮੁਜ਼ ਸਮੁੰਦਰੀ ਮਾਰਗ ਦੀ ਸੁਰੱਖਿਆ ਵਿਚ ਮਦਦ ਕਰਨ ਦੇ ਟਰੰਪ ਦੇ ਮਾਯੂਸੀ ਭਰੇ ਸੱਦੇ ਦੱਸਦੇ ਹਨ ਕਿ ਉਸ ਉੱਪਰ ਭਾਰੀ ਦਬਾਅ ਬਣਿਆ ਹੋਇਆ ਹੈ। ਇਹ ਪ੍ਰਤੱਖ ਹੈ ਕਿ ਹੌਰਮੁਜ਼ ਸੰਕਟ ਬਾਰੇ ਟਰੰਪ ਪ੍ਰਸ਼ਾਸਨ ਨੇ ਸੁਪਨੇ ਵਿਚ ਵੀ ਨਹੀਂ ਸੋਚਿਆ ਹੋਵੇਗਾ, ਹੁਣ ਉਹ ਇਸ ਵਿਚੋਂ ਕਿਸੇ ਤਰ੍ਹਾਂ ਨਿਕਲਣ ਲਈ ਹੱਥ-ਪੈਰ ਮਾਰ ਰਹੇ ਹਨ। ਟਰੰਪ ਤਾਂ ਦਾਅਵੇ ਕਰ ਰਿਹਾ ਹੈ ਕਿ ਇਰਾਨ ਦੇ 7000 ਟਿਕਾਣਿਆਂ ਉੱਪਰ ਕੀਤੇ ਅਮਰੀਕੀ-ਇਜ਼ਰਾਇਲੀ ਹਮਲਿਆਂ ਨਾਲ ਉਸਦੀ ਬਾਲਿਸਟਿਕ ਮਿਜ਼ਾਇਲ ਅਤੇ ਡਰੋਨ ਨਿਰਮਾਣ ਸਮਰੱਥਾ ‘ਤਬਾਹ’ ਕਰ ਦਿੱਤੇ ਜਾਣ ਕਾਰਨ ਅਮਰੀਕਾ-ਇਰਾਨ ਦਾ ਉੱਥੇ ਮੁਕੰਮਲ ਹਵਾਈ ਪ੍ਰਭੂਤਵ ਸਥਾਪਤ ਹੋ ਗਿਆ ਹੈ ਅਤੇ ਉਸਦੀ ਸਮੁੰਦਰੀ ਫ਼ੌਜ ਯੁੱਧ ਲੜਨ ਦੀ ਹਾਲਤ ਨਹੀਂ ਹੈ। ਪਰ ਇਰਾਨ ਵੱਲੋਂ ਮੱਧ ਪੂਰਬ ਵਿਚ ਅਮਰੀਕੀ ਅੱਡਿਆਂ ਉੱਪਰ ਲਗਾਤਾਰ ਮਿਜ਼ਾਇਲ ਅਤੇ ਡਰੋਨ ਹਮਲੇ ਟਰੰਪ ਦੇ ਇਨ੍ਹਾਂ ਦਾਅਵਿਆਂ ਦੀ ਖਿੱਲੀ ਉਡਾ ਰਹੇ ਹਨ। ਅਮਰੀਕੀ ਖ਼ੁਫ਼ੀਆ ਰਿਪੋਰਟਾਂ ਅਨੁਸਾਰ ਇਰਾਨ ਕੋਲ ਇਸ ਖੇਤਰ ਵਿਚ ਸਭ ਤੋਂ ਵੱਡੀ ਬਾਲਿਸਟਿਕ ਮਿਜ਼ਾਇਲ ਇਨਵੈਂਟਰੀ ਹੈ। ਇਰਾਨ ਦੀ ਮਿਜ਼ਾਇਲ ਕਮਾਨ ਵਿਕੇਂਦਰੀਕ੍ਰਿਤ ਹੋਣ ਅਤੇ ਇਰਾਨੀ ਫ਼ੌਜ ਮੋਬਾਈਲ ਲਾਂਚਰਾਂ ਰਾਹੀਂ ਹਮਲੇ ਕਰ ਰਹੀ ਹੋਣ ਕਾਰਨ ਉਸ ਦੀ ਮਿਜ਼ਾਇਲ ਸਮਰੱਥਾ ਨੂੰ ਨਿਸ਼ਾਨਾ ਬਣਾ ਕੇ ਖ਼ਤਮ ਕਰ ਦੇਣਾ ਸੰਭਵ ਨਹੀਂ ਹੈ। ਇਰਾਨੀ ਫ਼ੌਜੀ ਤਿਆਰੀ ਨੇ ਲਗਾਤਾਰ ਤਾਬੜਤੋੜ ਹਮਲਿਆਂ ਦੀ ਬਜਾਏ ਅਮਰੀਕੀ ਸੰਗੀਆਂ ਦੀ ਚੌਕਸੀ ਪ੍ਰਣਾਲੀ ਨੂੰ ਥਕਾਉਣ ਦੀ ਯੁੱਧਨੀਤੀ ’ਤੇ ਚੱਲਦਿਆਂ ਦੁਸ਼ਮਣ ਤਾਕਤਾਂ ਨੂੰ ਲੰਮੀ ਜੰਗ ਵਿਚ ਉਲਝਾ ਲਿਆ ਹੈ। ਇਰਾਨ ਵਿਚ ਜ਼ਮੀਨੀ ਲੜਾਈ ਲੜਨ ਲਈ ਟਰੰਪ ਫ਼ੌਜ ਭੇਜਣ ਤੋਂ ਵੀ ਝਿਜਕ ਰਿਹਾ ਹੈ। ਇਰਾਨ ਦੇ ਮੋੜਵੇਂ ਟਾਕਰੇ ਨਾਲ ਦੁਨੀਆ ਦਾ ਆਪੇ ਬਣਿਆ ਥਾਣੇਦਾਰ ਘੱਟੋ-ਘੱਟ ਇਸ ਸਮੇਂ ਤਾਂ ਬੁਰੀ ਤਰ੍ਹਾਂ ਕੜਿੱਕੀ ਵਿਚ ਫਸਿਆ ਹੋਇਆ ਹੈ।
ਟਰੰਪ ਨੇ ਪਹਿਲਾਂ ਅਮਰੀਕਾ ਦੇ ਪ੍ਰਮੁੱਖ ਸਹਿਯੋਗੀਆਂ ਇਟਲੀ, ਆਸਟ੍ਰੇਲੀਆ, ਜਪਾਨ ਨੂੰ ਹੌਰਮੁਜ਼ ਸੰਕਟ ਵਿਚ ਮਦਦ ਦੀ ਅਪੀਲ ਕੀਤੀ। ਉਨ੍ਹਾਂ ਨੇ ਸਾਫ਼ ਕਹਿ ਦਿੱਤਾ ਕਿ ਉਹ ਜੰਗੀ ਜਹਾਜ਼ ਨਹੀਂ ਭੇਜਣਗੇ। ਇਟਲੀ ਨੇ ਤਾਂ ਪਹਿਲਾਂ ਹੀ ‘ਇਜ਼ਰਾਇਲ-ਇਰਾਨ ਯੁੱਧ’ ਤੋਂ ਦੂਰ ਰਹਿਣ ਦਾ ਆਪਣਾ ਇਰਾਦਾ ਜ਼ਾਹਰ ਕਰ ਦਿੱਤਾ ਸੀ। ਫਿਰ ਟਰੰਪ ਨੇ ਨਾਟੋ ਮੈਂਬਰਾਂ ਨੂੰ ਧਮਕਾਉਣਾ ਸ਼ੁਰੂ ਕਰ ਦਿੱਤਾ। ਟਰੰਪ ਨੇ ਤਾਂ ਇੱਥੋਂ ਤੱਕ ਦਬਾਅ ਪਾਉਣ ਦੀ ਕੋਸ਼ਿਸ਼ ਕੀਤੀ ਕਿ ਨਾਟੋ ਦੀ ਇਕਤਰਫ਼ਾ ਵਿਵਸਥਾ (‘ਵੰਨ-ਵੇ ਸਟਰੀਟ’) ਨਹੀਂ ਚੱਲੇਗੀ, ਜੇਕਰ ਨਾਟੋ ਗੱਠਜੋੜ ਮਦਦ ਨਹੀਂ ਕਰਦਾ ਤਾਂ ਨਾਟੋ ਦਾ ਭਵਿੱਖ ‘ਬਹੁਤ ਭੈੜਾ’ ਹੋ ਸਕਦਾ ਹੈ। ਟਰੰਪ ਨੇ ਯੂਰਪੀ ਮੁਲਕਾਂ ਉੱਪਰ ਸਿੱਧਾ ਦੋਸ਼ ਲਾਇਆ ਕਿ ਉਹ ਖਾੜੀ ਦੇ ਤੇਲ ਉੱਪਰ ਨਿਰਭਰ ਹਨ ਪਰ ਸੁਰੱਖਿਆ ਲਈ ‘ਲੋੜੀਂਦਾ ਯੋਗਦਾਨ’ ਨਹੀਂ ਦੇ ਰਹੇ। ਇਸਦੇ ਬਾਵਜੂਦ, ਬਰਤਾਨੀਆ, ਕੈਨੇਡਾ, ਦੱਖਣੀ ਕੋਰੀਆ, ਫਰਾਂਸ, ਕਿਸੇ ਵੀ ਨਾਟੋ ਮੈਂਬਰ ਨੇ ਮਦਦ ਲਈ ਜੰਗੀ ਜਹਾਜ਼ ਭੇਜਣ ਲਈ ਟਰੰਪ ਨੂੰ ਹੁੰਗਾਰਾ ਨਹੀਂ ਭਰਿਆ। ਉਲਟਾ ਵੱਡੀਆਂ ਤਾਕਤਾਂ ਦਰਮਿਆਨ ਮੱਤਭੇਦ ਜੱਗ ਜ਼ਾਹਰ ਹੋ ਗਏ ਹਨ। ਕੁਲ-ਮਿਲਾ ਕੇ ਉਹ ਸਾਰੇ ਇਰਾਨ ਵਿਰੁੱਧ ਜੰਗ ਦਾ ਹਿੱਸਾ ਬਣਨ ਤੋਂ ਗੁਰੇਜ਼ ਕਰ ਰਹੇ ਹਨ। ਸਪੇਨ ਨੇ ਅਮਰੀਕਾ-ਇਜ਼ਰਾਇਲੀ ਹਮਲੇ ਦੀ ਸਭ ਤੋਂ ਪਹਿਲਾਂ ਨਿਖੇਧੀ ਕੀਤੀ ਸੀ ਅਤੇ ਹੁਣ ਇਜ਼ਰਾਇਲ ਦੇ ਰਾਜਦੂਤ ਨੂੰ ਵੀ ਚਲੇ ਜਾਣ ਲਈ ਕਹਿ ਦਿੱਤਾ ਹੈ। ਜਰਮਨੀ ਨੇ ਵੀ ਸਪਸ਼ਟ ਕਹਿ ਦਿੱਤਾ ਕਿ ਹੌਰਮੁਜ਼ ਦੀ ਸੁਰੱਖਿਆ ਵਿਚ ਨਾਟੋ ਦੀ ਕੋਈ ਭੂਮਿਕਾ ਨਹੀਂ ਹੈ, ਉੱਥੇ ਨਾਟੋ ਦਾ ਕੀ ਕੰਮ। ਜਰਮਨੀ ਦੇ ਬਦੇਸ਼ ਮੰਤਰੀ ਨੇ ਸਿਰਫ਼ ਇਹ ਕਹਿ ਕੇ ਪਾਸਾ ਵੱਟ ਲਿਆ ਕਿ ਹੌਰਮੁਜ਼ ਵਿਚ ਅੜਿੱਕਾ ਪਾਉਣ ਵਾਲਿਆਂ ਵਿਰੁੱਧ ਪਾਬੰਦੀਆਂ ਲਾਈਆਂ ਜਾ ਸਕਦੀਆਂ ਹਨ।
ਟਰੰਪ ਨੇ ਚੀਨ ਉੱਪਰ ਵੀ ਦਬਾਅ ਪਾਇਆ ਕਿ ਜੇਕਰ ਚੀਨ ਮਦਦ ਦਾ ਯਕੀਨ ਨਹੀਂ ਦਿਵਾਉਂਦਾ ਤਾਂ ਉਹ ਅਗਲੇ ਦਿਨਾਂ ਵਿਚ ਚੀਨੀ ਰਾਸ਼ਟਰਪਤੀ ਨਾਲ ਹੋਣ ਵਾਲੀ ਪ੍ਰਸਤਾਵਿਤ ਸਿਖ਼ਰ ਮੀਟਿੰਗ ਨੂੰ ਟਾਲ਼ ਸਕਦਾ ਹੈ। ਚੀਨ ਦੀ ਸਰਕਾਰ ਉੱਪਰ ਟਰੰਪ ਦੀ ਧਮਕੀ ਦਾ ਕੋਈ ਅਸਰ ਨਹੀਂ ਹੋਇਆ ਅਤੇ ਉਨ੍ਹਾਂ ਨੇ ਇਸ ਸਵਾਲ ਨੂੰ ਹੀ ਟਾਲ਼ ਦਿੱਤਾ।
ਉੱਧਰ ਇਰਾਨ ਦੇ ਬਦੇਸ਼ ਮੰਤਰੀ ਅਬਾਸ ਅਰਾਗ਼ਚੀ ਨੇ ਇਹ ਕਹਿ ਕੇ ਨਵੀਂ ਉਲਝਣ ਪੈਦਾ ਕਰ ਦਿੱਤੀ ਹੈ ਕਿ ਹੌਰਮੁਜ਼ ਸਮੁੰਦਰੀ ਮਾਰਗ ਸਿਰਫ਼ ਸਾਡੇ ਦੁਸ਼ਮਣਾਂ ਅਮਰੀਕਾ ਅਤੇ ਇਜ਼ਰਾਇਲ ਦੇ ਟੈਂਕਰਾਂ ਅਤੇ ਜਹਾਜ਼ਾਂ ਲਈ ਬੰਦ ਹੈ, ਬਾਕੀ ਸਾਰਿਆਂ ਨੂੰ ਲੰਘਣ ਦੀ ਆਜ਼ਾਦੀ ਹੈ। ਬਦੇਸ਼ ਮੰਤਰੀ ਦਾ ਕਹਿਣਾ ਹੈ ਕਿ ਸੁਰੱਖਿਆ ਚਿੰਤਾਵਾਂ ਕਾਰਨ ਕਈ ਜਹਾਜ਼ ਖੁਦ ਹੀ ਉੱਥੋਂ ਨਹੀਂ ਲੰਘਣਾ ਚਾਹੁੰਦੇ। ਦਰਅਸਲ, ਭਾਰਤ ਸਮੇਤ ਕਈ ਮੁਲਕਾਂ ਦੇ ਸਮੁੰਦਰੀ ਜਹਾਜ਼ ਉੱਥੇ ਫਸੇ ਹੋਏ ਹਨ ਅਤੇ ਕੱਚੇ ਤੇਲ ਦਾ ਸੰਕਟ ਮੰਡਰਾ ਰਿਹਾ ਹੈ। ਇਰਾਨ ਨੇ ਇਹ ਵੀ ਕਿਹਾ ਕਿ ਤੇਲ ਦੇ ਉਨ੍ਹਾਂ ਟੈਂਕਰਾਂ ਨੂੰ ਲੰਘਣ ਦੀ ਇਜਾਜ਼ਤ ਦਿੱਤੀ ਜਾਵੇਗੀ ਜੇਕਰ ਉਹ ਤੇਲ ਦੇ ਵਪਾਰ ਦਾ ਭੁਗਤਾਨ ਚੀਨੀ ਕਰੰਸੀ ਯੁਆਨ ਵਿਚ ਕਰਦੇ ਹਨ। ਹੁਣ ਦੇਖਣਾ ਇਹ ਹੈ ਕਿ ਅਮਰੀਕਾ ਦੀਆਂ ਜੋਟੀਦਾਰ ਹਕੂਮਤਾਂ ਇਸਦਾ ਸਾਹਮਣਾ ਕਿਵੇਂ ਕਰਦੀਆਂ ਹਨ।
ਤੇਲ ਦੀ ਸਪਲਾਈ ਵਿਚ ਵਿਘਨ ਪੈਣ ਨਾਲ ਤੇਲ ਦੇ ਭਾਅ 100 ਡਾਲਰ ਪ੍ਰਤੀ ਬੈਰਲ ਤੋਂ ਵੀ ਵਧ ਗਏ ਹਨ। ਤੇਲ ਦੇ ਜੋ ਭਾਅ ਫਰਵਰੀ ਵਿਚ 60-65 ਡਾਲਰ ਪ੍ਰਤੀ ਬੈਰਲ ਸਨ, ਉਹ 100 ਡਾਲਰ ਨੂੰ ਪਾਰ ਕਰ ਗਏ। ਜਦੋਂ ਟਰੰਪ ਨੇ ਇਹ ਯਕੀਨ ਦਿਵਾਇਆ ਕਿ ਇਰਾਨ ਜੰਗ ਛੇਤੀ ਹੀ ਮੁੱਕ ਜਾਵੇਗੀ ਤਾਂ ਵਕਤੀ ਤੌਰ ’ਤੇ ਭਾਅ 90 ਡਾਲਰ ’ਤੇ ਜ਼ਰੂਰ ਆਏ ਪਰ ਭਾਅ ਵਧਣੇ ਜਾਰੀ ਹਨ। ਕੁਝ ਮਾਹਰਾਂ ਦਾ ਅੰਦਾਜ਼ਾ ਹੈ ਕਿ ਜੇਕਰ ਸੰਕਟ ਹੱਲ ਨਹੀਂ ਹੁੰਦਾ ਤਾਂ ਭਾਅ 200 ਡਾਲਰ ਪ੍ਰਤੀ ਬੈਰਲ ਤੱਕ ਵੀ ਪਹੁੰਚ ਸਕਦੇ ਹਨ।
16 ਮਾਰਚ ਨੂੰ ਕੱਚੇ ਤੇਲ ਦੀ ਅੰਤਰਰਾਸ਼ਟਰੀ ਮੰਡੀ ਵਿਚ ਭਾਰੀ ਤਣਾਅ ਸਪਸ਼ਟ ਸੀ। ਬ੍ਰੈਂਟ ਕੱਚੇ ਤੇਲ ਦੇ ਫਿਊਚਰਜ਼ 102–106 ਡਾਲਰ ਪ੍ਰਤੀ ਬੈਰਲ ਦੇ ਦਰਮਿਆਨ ਹੇਠਾਂ-ਉੱਪਰ ਹੁੰਦੇ ਰਹੇ, ਜਦਕਿ ਤਾਜ਼ਾ ਭਾਅ ਲਗਭਗ 103 ਡਾਲਰ ਪ੍ਰਤੀ ਬੈਰਲ ਦਰਜ ਕੀਤਾ ਗਿਆ (ਮਾਮੂਲੀ ਗਿਰਾਵਟ ਦੇ ਬਾਵਜੂਦ ਇਹ ਅਜੇ ਵੀ 100 ਡਾਲਰ ਪ੍ਰਤੀ ਬੈਰਲ ਤੋਂ ਉੱਪਰ ਹੈ)। ਡਬਲਯੂਟੀਆਈ ਕੱਚੇ ਤੇਲ ਦੇ ਫਿਊਚਰਜ਼ 97–100 ਡਾਲਰ ਪ੍ਰਤੀ ਬੈਰਲ ਦੇ ਦਰਮਿਆਨ ਹੇਠਾਂ-ਉੱਪਰ ਹੁੰਦੇ ਰਹੇ ਪਰ 97 ਡਾਲਰ ਪ੍ਰਤੀ ਬੈਰਲ ਤੋਂ ਨਹੀਂ ਘਟੇ। ਇਹ ਜੁਲਾਈ 2022 ਤੋਂ ਬਾਅਦ ਦਾ ਸਭ ਤੋਂ ਉੱਚਾ ਪੱਧਰ ਮੰਨਿਆ ਜਾ ਰਿਹਾ ਹੈ, ਜੋ ਮੁੱਖ ਤੌਰ ’ਤੇ ਮੱਧ ਪੂਰਬ ਵਿਚ ਵਧ ਰਹੇ ਭੂ-ਰਾਜਨੀਤਕ ਟਕਰਾਅ ਕਾਰਨ ਹੈ। ਹੌਰਮੁਜ਼ ਸਮੁੰਦਰੀ ਮਾਰਗ ਦੇ ਆਲੇ- ਦੁਆਲੇ ਹੋ ਰਹੀਆਂ ਫ਼ੌਜੀ ਕਾਰਵਾਈਆਂ ਕਾਰਨ ਜਹਾਜ਼ੀ ਆਵਾਜਾਈ ਵਿਚ ਤੇਜ਼ੀ ਨਾਲ ਘਾਟ ਆਈ ਹੈ ਅਤੇ ਕੁਝ ਬੰਦਰਗਾਹਾਂ ‘ਤੇ ਤੇਲ ਦੀ ਸਪਲਾਈ ਅਸਥਾਈ ਤੌਰ ‘ਤੇ ਰੋਕ ਦਿੱਤੀ ਗਈ ਹੈ।
ਇਸ ਦੌਰਾਨ ਅੰਤਰਰਾਸ਼ਟਰੀ ਊਰਜਾ ਏਜੰਸੀ (ਆਈਏਈ) ਦਾ ਓਹੜ-ਪੋਹੜ ਤੇਲ ਦੀ ਸਪਲਾਈ ਦੇ ਸੰਕਟ ਦੇ ਸਪਸ਼ਟ ਸੰਕੇਤ ਦੇ ਰਿਹਾ ਹੈ। ਏਜੰਸੀ ਨੇ ਸਪਲਾਈ ਦੇ ਦਬਾਅ ਨੂੰ ਘਟਾਉਣ ਲਈ ਮੈਂਬਰ ਮੁਲਕਾਂ ਨਾਲ ਤਾਲਮੇਲ ਕਰਕੇ ਰਿਕਾਰਡ 40 ਕਰੋੜ ਬੈਰਲ ਐਮਰਜੈਂਸੀ ਭੰਡਾਰ ਜਾਰੀ ਕਰਨ ਦਾ ਫ਼ੈਸਲਾ ਕੀਤਾ ਹੈ। ਫਿਰ ਵੀ, ਅਸਲੀ ਸਪਲਾਈ ਦੀ ਘਾਟ ਦੇ ਸੰਭਾਵਿਤ ਖਤਰੇ ਨੂੰ ਲੈ ਕੇ ਮੰਡੀ ਦੀ ਫ਼ਿਕਰਮੰਦੀ ਉਸੇ ਤਰ੍ਹਾਂ ਬਣੀ ਹੋਈ ਹੈ, ਇਸਦਾ ਪ੍ਰਗਟਾਵਾ ਟਰੰਪ ਦੀ ਬੁਖਲਾਹਟ ਅਤੇ ਆਪਣੀਆਂ ਜੋਟੀਦਾਰ ਹਕੂਮਤਾਂ ਨੂੰ ਹੌਰਮੁਜ਼ ਦੀ ਸੁਰੱਖਿਆ ਵਿਚ ਹਿੱਸਾ ਪਾਉਣ ਲਈ ਪਾਏ ਜਾ ਰਹੇ ਦਬਾਅ ਦੇ ਰੂਪ ’ਚ ਪ੍ਰਤੱਖ ਨਜ਼ਰ ਆ ਰਿਹਾ ਹੈ।
ਯੁੱਧ ਲੰਮਾ ਖਿੱਚੇ ਜਾਣ ਨਾਲ ਟਰੰਪ ਨੂੰ ਅਮਰੀਕਾ ਦੇ ਅੰਦਰ ਵੀ ਮਹਿੰਗਾਈ ਕਾਰਨ ਰਾਜਨੀਤਕ ਵਿਰੋਧ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਮਿਨਾਬ ਵਿਚ ਗਰਲਜ਼ ਸਕੂਲ ਉੱਪਰ ਹਮਲਾ ਕਰਕੇ 170 ਦੇ ਕਰੀਬ ਬੱਚੀਆਂ ਅਤੇ ਅਧਿਆਪਕਾਂ ਨੂੰ ਕਤਲ ਕਰਨ ਦੀ ਘਿਣਾਉਣੀ ਕਾਰਵਾਈ ਨੇ ਇਰਾਨ ਦੀ ਹਕੂਮਤ ਤੋਂ ਅਸੰਤੁਸ਼ਟ ਘਰੇਲੂ ਵਿਰੋਧੀਆਂ ਨੂੰ ਵੀ ਅਮਰੀਕਾ-ਇਜ਼ਰਾਇਲ ਦੇ ਖ਼ਿਲਾਫ਼ ਖੜ੍ਹੇ ਕਰ ਦਿੱਤਾ ਅਤੇ ਟਰੰਪ-ਨੇਤਨਯਾਹੂ ਦਹਿਸ਼ਤਗਰਦ ਗੈਂਗ ਦਾ ਇਸ ਘਿਣਾਉਣੇ ਕਤਲੇਆਮ ਨੂੰ ਇਰਾਨ ਦੀ ਮਿਜ਼ਾਇਲ ਤਕਨੀਕ ਦੀ ਨਾਕਾਮੀ ਬਣਾ ਕੇ ਪੇਸ਼ ਕਰਨ ਦਾ ਝੂਠ ਵੀ ਕਿਸੇ ਕੰਮ ਨਹੀਂ ਆ ਰਿਹਾ। ਇਸ ਤੋਂ ਬਿਨਾਂ, ਅਮਰੀਕੀ ਸੁਪਰੀਮ ਕੋਰਟ ਦੇ ਹਾਲੀਆ ਫ਼ੈਸਲੇ ’ਚ ਉਸਦੇ ਇਕਪਾਸੜ ਟੈਰਿਫ ਲਾਉਣ ਦੇ ਅਧਿਕਾਰ ਨੂੰ ਸੀਮਤ ਕੀਤੇ ਜਾਣ ਨਾਲ ਚੀਨ ਨਾਲ ਵਪਾਰ ਗੱਲਬਾਤ ਵਿਚ ਵੀ ਉਸਦੀ ਹਾਲਤ ਪਤਲੀ ਹੋਈ ਹੈ। ਵੈਨਜ਼ੁਏਲਾ ਅਤੇ ਇਰਾਨ ਵਿਰੁੱਧ ਹਮਲਿਆਂ ਦੀ ਅਮਰੀਕੀ ਸੰਵਿਧਾਨ ਅਨੁਸਾਰ ਆਪਣੀ ਕਾਂਗਰਸ (ਸੰਸਦ) ਤੋਂ ਮਨਜ਼ੂਰੀ ਨਾ ਲੈਣ ਨੇ ਇਹ ਵੀ ਦਰਸਾ ਦਿੱਤਾ ਹੈ ਕਿ ਲੋਕਤੰਤਰ ਦੀ ਰਾਖੀ ਦੇ ਦਮਗੱਜੇ ਮਾਰਨ ਵਾਲੀ ਟਰੰਪ ਜੁੰਡਲੀ ਤਾਂ ਆਪਣੇ ਮੁਲਕ ‘ਚ ਸੰਵਿਧਾਨ ਨੂੰ ਲਾਗੂ ਨਹੀਂ ਕਰ ਰਹੀ। ਦੂਜੇ ਮੁਲਕਾਂ ਪ੍ਰਤੀ ਅੰਤਰਰਾਸ਼ਟਰੀ ਕਾਨੂੰਨਾਂ ਦੀ ਪਾਲਣਾ ਦੀ ਤਾਂ ਗੱਲ ਛੱਡੋ, ਟਰੰਪ ਜੁੰਡਲੀ ਤਾਂ ਆਪਣੇ ਸੰਵਿਧਾਨ ਦੀ ਰਸਮੀ ਪਾਲਣਾ ਤੋਂ ਵੀ ਇਨਕਾਰੀ ਹੈ।
ਅਮਰੀਕਾ ਦਾ ਅਗਾਊਂ ਚੇਤਾਵਨੀ ਥਾਡ ਰਾਡਾਰ ਸਿਸਟਮ ਅਤੇ ਮਿਜ਼ਾਇਲ ਬੈਟਰੀ ਸਿਸਟਮ, ਇਜ਼ਰਾਇਲ ਦਾ ਆਇਰਨ ਡੋਮ, ਡੇਵਿਡ ਸਲਿੰਗ ਅਤੇ ਅਮਰੀਕੀ ਐਂਟੀ ਮਿਜ਼ਾਇਲ ਸਿਸਟਮ ਇਰਾਨ ਦੇ ਹਮਲਿਆਂ ਅੱਗੇ ਖ਼ਾਸ ਅਸਰਦਾਰ ਸਾਬਤ ਨਹੀਂ ਹੋ ਰਹੇ।
ਥਾਡ ਸਿਸਟਮ ਬੇਹੱਦ ਖ਼ਰਚੀਲਾ ਹੀ ਨਹੀਂ, ਇਸਦੇ ਨਿਰਮਾਣ ’ਚ ਵੀ ਅੱਠ ਸਾਲ ਲੱਗਦੇ ਹਨ। ਅਮਰੀਕਾ ਨੂੰ ਹੁਣ ਦੱਖਣੀ ਕੋਰੀਆ ’ਚੋਂ ਥਾਡ ਸਿਸਟਮ ਪੱਛਮੀ ਏਸ਼ੀਆ ਵਿਚ ਲਿਆਉਣਾ ਪਿਆ ਹੈ। ਯੁੱਧ ਲਮਕਣ ਨਾਲ ਇਜ਼ਰਾਇਲ ਲਈ ਮਿਜ਼ਾਇਲ ਇੰਟਰਸੈਪਟਰ ਘਟਣ ਦੀ ਸਮੱਸਿਆ ਵੀ ਬਣ ਰਹੀ ਹੈ ਅਤੇ ਤੇਲ ਅਵੀਵ ਸਮੇਤ ਕੇਂਦਰੀ ਇਜ਼ਰਾਇਲ ਦੀ ਇਰਾਨੀ ਹਮਲਿਆਂ ਤੋਂ ਅਸੁਰੱਖਿਆ ਵਧ ਰਹੀ ਹੈ। ਬੰਕਰਾਂ ਵਿਚ ਲੁਕੇ ਰਹਿਣ ਅਤੇ ਇਰਾਨੀ ਹਮਲਿਆਂ ਦੇ ਡਰ ਕਾਰਨ ਇਜ਼ਰਾਇਲ ਦੇ ਲੋਕਾਂ ਵੱਲੋਂ ਵੀ ਜੰਗ ਵਿਰੁੱਧ ਰੋਸ-ਵਿਖਾਵਿਆਂ ਦਾ ਸਿਲਸਿਲਾ ਵਧ ਰਿਹਾ ਹੈ। ਇਜ਼ਰਾਇਲੀ ਪੁਲਿਸ ‘ਜਨਤਕ ਸੁਰੱਖਿਆ’ ਦੇ ਬਹਾਨੇ ਪ੍ਰਦਰਸ਼ਨਾਂ ਨੂੰ ਰੋਕਣ ਲਈ ਜਬਰ ਅਤੇ ਗ੍ਰਿਫ਼ਤਾਰੀਆਂ ਦਾ ਸਹਾਰਾ ਲੈ ਰਹੀ ਹੈ। ਕਾਰਪੋਰੇਟ ਕੰਟਰੋਲ ਵਾਲਾ ਮੀਡੀਆ ਇਹ ਰਿਪੋਰਟਾਂ ਨਹੀਂ ਦੇ ਰਿਹਾ। ‘ਨੋ ਵਾਰ’ ਪ੍ਰਦਰਸ਼ਨ ਵਧ ਰਹੇ ਹਨ।
ਦੁਨੀਆ ਦੇ ਲੋਕਾਂ ਨੂੰ ਹੋਰ ਵੀ ਜ਼ੋਰਦਾਰ ਰੂਪ ’ਚ ਸੜਕਾਂ ਉੱਪਰ ਆ ਕੇ ਇਰਾਨ ਵਿਰੁੱਧ ਜੰਗ ਬੰਦ ਕਰਨ ਲਈ ਦਬਾਅ ਵਧਾਉਣਾ ਚਾਹੀਦਾ ਹੈ।

Popular